ਭਾਈ ਮਰਦਾਨਾ ਨੇ ਉਮਰ ਭਰ ਬਾਬੇ ਨਾਨਕ ਨਾਲ ਪ੍ਰੀਤ ਨਿਭਾਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕੀ ਸਿੱਖਾਂ ਦਾ ਕੋਈ ਫ਼ਰਜ਼ ਨਹੀਂ ਬਣਦਾ ਉਸ ਦੇ ਕੀਰਤਨ ਕਰਦੇ ਵੰਸ਼ਜਾਂ ਵਲ?.....

Bhai Mardana Ji

ਇਕ ਸੁਣੀ ਸੁਣਾਈ ਕੱਚੀ ਸ਼ਿਕਾਇਤ ਨੂੰ ਲੈ ਕੇ, ਭਾਈ ਮਰਦਾਨਾ ਦੇ ਰਬਾਬੀ ਪ੍ਰਵਾਰ ਦਾ ਕੀਰਤਨ, ਦਰਬਾਰ ਸਾਹਿਬ ਵਿਚ ਬੰਦ ਕਰ ਦਿਤਾ ਗਿਆ। ਇਹ ਅਪਣੀਆਂ ਨਾਨਕੀ ਪ੍ਰੰਪਰਾਵਾਂ ਨੂੰ ਤਬਾਹ ਕਰਨ ਵਾਲੀ ਗੱਲ ਸੀ, ਜਿਵੇਂ 'ਕਾਰ-ਸੇਵਾ' ਦੇ ਨਾਂ ਤੇ, ਇਤਿਹਾਸ ਤਬਾਹ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਕੱਟੜ ਮੁਸਲਮਾਨ ਇਨ੍ਹਾਂ ਨਾਲ ਇਸ ਗੱਲੋਂ ਨਫ਼ਰਤ ਕਰਦੇ ਹਨ ਕਿ ਇਹ ਸਿੱਖਾਂ ਦਾ ਕਲਾਮ ਪੜ੍ਹਦੇ ਹਨ ਜਦਕਿ ਸਿੱਖ ਕੱਟੜਵਾਦੀ ਉਨ੍ਹਾਂ ਨੂੰ ਇਸ ਗੱਲੋਂ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਆਗਿਆ ਨਹੀਂ ਦੇਂਦੇ ਕਿ ਉਹ ਮੁਸਲਮਾਨ ਹਨ।

ਪਾਕਿਸਤਾਨ ਵਿਚ ਉਹ ਸਾਰੇ ਕੂਚੀ ਨਾਲ ਦੀਵਾਰਾਂ ਤੇ ਸਫ਼ੈਦੀ ਕਰ ਕੇ ਰੋਟੀ ਕਮਾਉਂਦੇ ਹਨ ਤੇ ਅਤਿ ਗ਼ਰੀਬੀ ਵਿਚ ਰਹਿ ਰਹੇ ਹਨ ਪਰ ਕੀਰਤਨ ਕਰਨ ਦੀ ਸਿਕ ਨਹੀਂ ਮਰੀ ਉਨ੍ਹਾਂ ਦੀ। ਅੱਜ ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਦੇ ਸਮਾਗਮਾਂ ਦੀ ਆਰੰਭਤਾ ਸਮੇਂ, ਸਿੱਖ ਜ਼ਰਾ ਇਹ ਵੀ ਸੋਚਣ, ਕੀ ਭਾਈ ਮਰਦਾਨੇ ਦੇ ਵੰਸ਼ਜਾਂ ਪ੍ਰਤੀ ਉਨ੍ਹਾਂ ਦਾ ਵਤੀਰਾ ਭਲੇ ਲੋਕਾਂ ਵਾਲਾ, ਗੁਰਮੁਖਾਂ ਵਾਲਾ ਤੇ ਅਹਿਸਾਨਮੰਦਾਂ ਵਾਲਾ ਹੈ ਜਾਂ...?

ਇਕ ਸੱਜਣ ਨੇ ਸ਼ਿਕਾਇਤ ਕਰ ਦਿਤੀ ਕਿ ਜਦ ਭਾਈ ਲਾਲ ਨੂੰ ਬਾਣੀ ਦਾ ਕੀਰਤਨ ਕਰਨ ਬਦਲੇ, ਤਾਹਨੇ ਮਾਰੇ ਗਏ ਤੇ ਹੋਰ ਬੜਾ ਕੁੱਝ ਕਿਹਾ ਗਿਆ ਤਾਂ ਉਸ ਨੇ ਇਹ ਜਵਾਬ ਦੇ ਕੇ ਜਾਨ ਬਚਾਈ ਕਿ, ''ਕੀਰਤਨ ਤਾਂ ਮੈਂ ਪੈਸਿਆਂ ਲਈ ਤੇ ਘਰ ਦਾ ਖ਼ਰਚਾ ਚਲਾਉਣ ਲਈ ਕਰਦਾ ਹਾਂ ਪਰ ਸਿੱਖਾਂ ਦੀ ਬਾਣੀ ਨਾਲ ਜੂਠਾ ਹੋ ਚੁੱਕਾ ਮੂੰਹ, ਘਰ ਪਰਤ ਕੇ, ਕੁਰਾਨ ਸ਼ਰੀਫ਼ ਦੀਆਂ ਆਇਤਾਂ ਪੜ੍ਹ ਕੇ ਸੁੱਚਾ ਕਰਦਾ ਹਾਂ।'' ਬਸ ਸ਼੍ਰੋਮਣੀ ਕਮੇਟੀ ਨੂੰ ਚੜ੍ਹ ਗਿਆ ਗੁੱਸਾ ਤੇ ਉਸ ਨੇ 'ਧਾਰਮਕ ਕੁਹਾੜਾ' ਚਲਾ ਕੇ, ਭਾਈ ਮਰਦਾਨਾ ਦੇ ਵੰਸ਼ਜਾਂ ਉਤੇ ਪਾਬੰਦੀ ਲਾ ਦਿਤੀ ਕਿ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਨਹੀਂ ਕਰ ਸਕਦੇ। 

ਭਾਈ ਲਾਲ ਦੀ ਸਿਹਤ ਬੜੀ ਕਮਜ਼ੋਰ ਸੀ! ਅੰਤਮ ਵਾਰ ਮਿਲਣ ਵੇਲੇ ਵੀ ਉਨ੍ਹਾਂ ਦਾ ਕਹਿਣਾ ਸੀ, ''ਦਰਬਾਰ ਸਾਹਿਬ ਜਾ ਕੇ ਕੀਰਤਨ ਕਰਨ ਦੀ ਚਾਹਤ ਮਰਦੀ ਨਹੀਂ ਪਈ ਪਰ 'ਉੱਚਾ ਦਰ ਬਾਬੇ ਨਾਨਕ ਦਾ' ਆ ਕੇ ਕਸਰ ਪੂਰੀ ਕਰ ਲਿਆ ਕਰਾਂਗਾ। ਤੁਸੀ ਮੈਨੂੰ ਬੁਲਾਣਾ ਨਾ ਛਡਿਉ।'' ਪਰ ਉਨ੍ਹਾਂ ਦੀ ਜ਼ਿੰਦਗੀ ਦੀ ਡੋਰ ਟੁਟਦੀ ਹੋਈ ਮੈਨੂੰ ਵੀ ਨਜ਼ਰ ਆ ਰਹੀ ਸੀ ਤੇ ਉਨ੍ਹਾਂ ਦੀਆਂ ਅੱਖਾਂ ਅੰਦਰ ਪੈਦਾ ਹੁੰਦੀ ਉਹ ਚਮਕ ਵੀ ਮੈਨੂੰ ਵਿਖਾਈ ਦੇ ਰਹੀ ਸੀ ਜੋ 'ਦਰਬਾਰ ਸਾਹਿਬ' ਜਾ ਕੇ ਇਕ ਵਾਰ ਕੀਰਤਨ ਕਰਨ ਦੀ ਇੱਛਾ ਦਾ ਬਿਆਨ ਕਰਨ ਲਗਿਆਂ ਜਗਦੀ ਬੁਝਦੀ ਪ੍ਰਤੀਤ ਹੁੰਦੀ ਸੀ।

ਮੈਂ ਵੀ ਉਨ੍ਹਾਂ ਨੂੰ ਵਾਰ ਵਾਰ ਯਕੀਨ ਦਿਵਾਉਂਦਾ ਰਿਹਾ ਕਿ ਮੈਂ ਜ਼ਰੂਰ ਕੁੱਝ ਕਰਾਂਗਾ ਪਰ ਦਿਲੋਂ ਮੈਂ ਵੀ ਜਾਣਦਾ ਸੀ ਕਿ ਧਰਮ ਹਾਰ ਰਿਹਾ ਹੈ, ਬਾਬਾ ਨਾਨਕ ਤੇ ਉਸ ਦੇ ਲਾਡਲੇ ਪਿੱਛੇ ਸੁੱਟੇ ਜਾ ਰਹੇ ਹਨ ਤੇ ਕੱਟੜਪੰਥੀ, ਬੁਰਛਾਗਰਦ ਅੱਗੇ ਆ ਰਹੇ ਹਨ। ਇਹ ਤਾਂ ਮੈਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਮੇਰੀ ਸਿਫ਼ਾਰਸ਼ ਕਦੋਂ ਮੰਨਣਗੇ? ਪਰ ਕੋਈ ਨਾ, 'ਉੱਚਾ ਦਰ ਬਾਬੇ ਨਾਨਕ ਦਾ' ਜ਼ਰੂਰ ਕੋਈ ਵੱਡੀ ਤਬਦੀਲੀ ਲਿਆ ਵਿਖਾਏਗਾ, ਇਸ ਦਾ ਵੀ ਮੈਨੂੰ ਪੂਰਾ ਵਿਸ਼ਵਾਸ ਹੈ। 

ਬਾਬੇ ਨਾਨਕ ਦੀ ਛੋਹ-ਪ੍ਰਾਪਤ ਕੋਈ ਪੱਥਰ ਸਾਨੂੰ ਮਿਲ ਜਾਏ ਤਾਂ ਅਸੀ ਉਸ ਨੂੰ ਸੰਭਾਲਣਾ ਜ਼ਰੂਰ ਚਾਹੁੰਦੇ ਹਾਂ ਭਾਵੇਂ ਸਾਡੇ 'ਚੋਂ ਕਈ ਉਸ ਦੀ ਪੂਜਾ ਵੀ ਕਰਨ ਲੱਗ ਪੈਂਦੇ ਹਨ ਤੇ ਮੱਥੇ ਵੀ ਟੇਕਣ ਲੱਗ ਪੈਂਦੇ ਹਨ। ਕੋਈ ਸਾਨੂੰ ਕਹਿ ਦੇਵੇ ਕਿ ਇਹ ਚੋਲਾ ਕਦੇ ਬਾਬਾ ਨਾਨਕ ਪਹਿਨਿਆ ਕਰਦੇ ਸਨ ਤਾਂ ਅਸੀ ਉਸ ਚੋਲੇ ਨੂੰ ਵੀ ਮੱਥੇ ਟੇਕਣ ਲੱਗ ਪੈਂਦੇ ਹਾਂ---ਭਾਵੇਂ ਉਹ ਚੋਲਾ ਨਕਲੀ ਚੋਲਾ ਹੀ ਕਿਉਂ ਨਾ ਹੋਵੇ ਜਿਸ ਦਾ ਬਾਬੇ ਨਾਨਕ ਨਾਲ ਸਬੰਧ ਹੀ ਕੋਈ ਨਾ ਰਿਹਾ ਹੋਵੇ। ਕਿਸੇ ਘੋੜੇ ਨੂੰ ਅੱਗੇ ਕਰ ਕੇ ਕੋਈ ਝੂਠਾ ਸੱਚਾ ਇਹ ਬਿਆਨ ਹੀ ਦੇ ਦੇਵੇ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਪਿਆਰ ਤੇ ਦੁਲਾਰ ਨਾਲ ਪਾਲੇ ਘੋੜੇ ਦੇ ਬੰਸ ਵਿਚੋਂ ਹੈ

ਤਾਂ ਅਸੀ ਉਸ ਘੋੜੇ ਨੂੰ ਵੀ ਮੱਥੇ ਟੇਕਣ ਲੱਗ ਪੈਂਦੇ ਹਾਂ ਤੇ ਥੋੜ੍ਹੇ ਸਾਲ ਪਹਿਲਾਂ, ਅਜਿਹੇ ਇਕ ਘੋੜੇ ਦੀ ਲਿੱਦ ਨੂੰ ਅਸੀ 'ਪ੍ਰਸ਼ਾਦ' ਕਹਿ ਕੇ ਵੀ ਦੁਨੀਆਂ ਦੇ ਸਾਹਮਣੇ ਲਿਆ ਸੀ---ਸੜਕਾਂ ਉਤੇ ਜਲੂਸ ਵਿਚ ਸ਼ਾਮਲ ਹੋ ਕੇ। ਇਹੋ ਜਹੇ ਲੋਕ ਹੀ ਹਾਂ ਅਸੀ। ਪਰ ਬਾਬੇ ਨਾਨਕ ਦਾ ਸਾਰੀ ਉਮਰ ਸਾਥ ਦੇਣ ਵਾਲੇ ਰਬਾਬੀ, ਮੁਸਲਮਾਨ ਭਾਈ ਮਰਦਾਨਾ ਦੀ ਅੰਸ਼ ਵੰਸ਼ ਨੂੰ ਅਸੀ ਅਪਣੇ ਨਾਲ ਰੱਖਣ ਤੋਂ ਕਿਉਂ ਇਨਕਾਰ ਕਰ ਦਿਤਾ? ਭਾਈ ਮਰਦਾਨਾ ਵੀ ਇਕੋ ਕੰਮ ਕਰਦਾ ਸੀ ਕਿ ਬਾਬੇ ਨਾਨਕ ਦੀ ਉਚਾਰੀ ਬਾਣੀ ਨਾਲ, ਰਬਾਬ ਦੀਆਂ ਤਰਬਾਂ ਛੇੜ ਕੇ, ਉੱਚੀ ਹੇਕ ਵਿਚ ਗਾਇਆ ਕਰਦਾ ਸੀ (ਬਾਬੇ ਨਾਨਕ ਨਾਲ ਰਲ ਕੇ)

ਤੇ ਉਸ ਦੀ ਆਲ ਔਲਾਦ ਵੀ ਹੁਣ ਤਕ ਇਹੀ ਕੰਮ ਕਰਦੀ ਆ ਰਹੀ ਹੈ। ਨਾ ਮਰਦਾਨੇ ਨੇ ਮੁਸਲਮਾਨ ਧਰਮ ਤਿਆਗਿਆ ਸੀ, ਨਾ ਉਸ ਦੀ ਅੰਸ਼ ਨੇ ਇਸਲਾਮ ਨੂੰ ਤਿਆਗਿਆ ਹੈ ਪਰ ਜਿਹੜੀ ਸਾਂਝ ਭਾਈ ਮਰਦਾਨੇ ਨੇ ਗੁਰਬਾਣੀ ਨਾਲ ਤੇ ਬਾਬੇ ਨਾਨਕ ਨਾਲ ਪਾਈ ਸੀ, ਉਹ ਅੱਜ ਤਕ ਉਸ ਦੀ ਅੰਸ਼ ਵੀ ਪਾਈ ਚਲੀ ਆ ਰਹੀ ਹੈ।
ਸ਼ਾਇਦ ਕੱਟੜਵਾਦੀਆਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਬਾਣੀ ਨਾਲ ਸਾਂਝ ਕਾਇਮ ਰੱਖਣ ਕਰ ਕੇ, ਇਸ ਪ੍ਰਵਾਰ ਨੂੰ ਕੱਟੜ ਮੁਸਲਮਾਨਾਂ ਕੋਲੋਂ ਕਿੰਨੀਆਂ ਕੌੜੀਆਂ ਕੁਸੈਲੀਆਂ ਸੁਣਨੀਆਂ ਪੈਂਦੀਆਂ ਸਨ।

ਜਦ ਭਾਈ ਲਾਲ ਦਾ ਬੇਟਾ ਨਈਮ, ਇਸਲਾਮਾਬਾਦ ਵਿਖੇ ਭਾਰਤੀ ਐਮਬੈਸੀ ਵਿਚ ਜਾ ਕੇ ਵੀਜ਼ਾ ਮੰਗਦਾ ਹੈ ਤੇ ਪਠਾਣ ਅਫ਼ਸਰ ਨੂੰ ਦਸਦਾ ਹੈ ਕਿ ਉਹ ਭਾਰਤ ਵਿਚ ਕੀਰਤਨ ਕਰਨ ਲਈ ਜਾਣਾ ਚਾਹੁੰਦਾ ਹੈ ਤਾਂ ਪਠਾਣ ਉਸ ਨੂੰ ਕੜਕ ਕੇ ਪੁਛਦਾ ਹੈ, ''ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਮੁਸਲਮਾਨ ਹੋ ਕੇ, ਸਿੱਖਾਂ ਦੀ ਗੁਰਬਾਣੀ ਦਾ ਕੀਰਤਨ ਕਰਦਾ ਹੈਂ?'' ਜੋ ਕੁੱਝ ਅੱਜ ਵੀਜ਼ਾ ਮੰਗਣ ਤੇ, ਭਾਈ ਲਾਲ ਦੇ ਪੁੱਤਰ ਨੂੰ ਸੁਣਨਾਂ ਪਿਆ ਹੈ, ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਜਿਹੀਆਂ ਕੌੜੀਆਂ ਗੱਲਾਂ ਉਨ੍ਹਾਂ ਨੂੰ ਹਰ ਰੋਜ਼ ਹੀ ਕੱਟੜ ਮੁਸਲਮਾਨ ਭਰਾਵਾਂ ਕੋਲੋਂ ਸੁਣਨੀਆਂ ਪੈਂਦੀਆਂ ਹੋਣਗੀਆਂ।

ਇਹ ਹਾਲਤ ਉਦੋਂ ਹੋਰ ਵੀ ਖ਼ਰਾਬ ਸੀ ਜਦ 1947 ਦੀ ਵੱਢਾ ਟੁੱਕੀ ਦੌਰਾਨ, ਲਗਭਗ ਹਰ ਮੁਸਲਮਾਨ, ਸਿੱਖਾਂ ਨੂੰ ਦੁਸ਼ਮਣ ਨੰਬਰ ਇਕ ਸਮਝਦਾ ਸੀ ਤੇ ਹਰ ਸਿੱਖ, ਮੁਸਲਮਾਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਸੀ। 1947 ਦੀ ਵੰਡ ਤੋਂ ਪਹਿਲਾਂ ਦੇ ਪੰਜ ਸਾਲ ਤਾਂ ਆਪਸੀ ਨਫ਼ਰਤ ਨਾਲ ਭਰੇ ਹੋਏ ਸਾਲ ਸਨ ਤੇ ਉਸ ਸਮੇਂ ਜਿਹੜਾ ਕੋਈ ਮੁਸਲਮਾਨ, ਸਿੱਖਾਂ ਦੇ ਧਰਮ ਨਾਲ ਕਿਸੇ ਤਰ੍ਹਾਂ ਦੀ ਸਾਂਝ ਰਖਦਾ ਸੀ, ਉਸ ਨੂੰ ਢੇਰ ਸਾਰੀਆਂ ਛਿੱਬੀਆਂ ਤੇ ਤਾਹਨਿਆਂ ਮਿਹਣਿਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੋਵੇਗਾ। ਭਾਈ ਲਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਬੜਾ ਕੁੱਝ ਸੁਣਨਾ ਪੈਂਦਾ ਸੀ।

ਅਜਿਹੇ ਤਾਹਨੇ ਮਿਹਣੇ ਸੁਣ ਕੇ, ਸਾਡੇ ਰਬਾਬੀ, ਅਪਣੇ ਕੱਟੜ ਮੁਸਲਮਾਨਾਂ ਦੇ ਮੂੰਹ ਬੰਦ ਕਰਨ ਲਈ ਤੇ ਅਪਣੇ ਆਪ ਨੂੰ ਉਨ੍ਹਾਂ ਦੇ 'ਅਤਾਬ' (ਗੁੱਸੇ) ਤੋਂ ਬਚਾਉਣ ਲਈ ਕਈ ਝੂਠ ਵੀ ਬੋਲਦੇ ਹੋਣਗੇ -- ਇਹ ਗੱਲ ਸੋਚੀ ਜਾ ਸਕਦੀ ਹੈ ਤੇ ਸੋਚੀ ਜਾਣੀ ਚਾਹੀਦੀ ਵੀ ਸੀ। ਪਰ ਹੋਇਆ ਇਸ ਦੇ ਉਲਟ। ਇਕ ਸੱਜਣ ਨੇ ਸ਼ਿਕਾਇਤ ਕਰ ਦਿਤੀ ਕਿ ਜਦ ਭਾਈ ਲਾਲ ਨੂੰ ਬਾਣੀ ਦਾ ਕੀਰਤਨ ਕਰਨ ਬਦਲੇ, ਤਾਹਨੇ ਮਾਰੇ ਗਏ ਤੇ ਹੋਰ ਬੜਾ ਕੁੱਝ ਕਿਹਾ ਗਿਆ ਤਾਂ ਉਸ ਨੇ ਇਹ ਜਵਾਬ ਦੇ ਕੇ ਜਾਨ ਬਚਾਈ ਕਿ, ''ਕੀਰਤਨ ਤਾਂ ਮੈਂ ਪੈਸਿਆਂ ਲਈ ਤੇ ਘਰ ਦਾ ਖ਼ਰਚਾ ਚਲਾਉਣ ਲਈ ਕਰਦਾ ਹਾਂ

ਪਰ ਸਿੱਖਾਂ ਦੀ ਬਾਣੀ ਨਾਲ ਜੂਠਾ ਹੋ ਚੁੱਕਾ ਮੂੰਹ, ਘਰ ਪਰਤ ਕੇ, ਕੁਰਾਨ ਸ਼ਰੀਫ਼ ਦੀਆਂ ਆਇਤਾਂ ਪੜ੍ਹ ਕੇ ਸੁੱਚਾ ਕਰਦਾ ਹਾਂ।''ਬਸ ਸ਼੍ਰੋਮਣੀ ਕਮੇਟੀ ਨੂੰ ਚੜ੍ਹ ਗਿਆ ਗੁੱਸਾ ਤੇ ਉਸ ਨੇ 'ਧਾਰਮਕ ਕੁਹਾੜਾ' ਚਲਾ ਕੇ, ਭਾਈ ਮਰਦਾਨਾ ਦੇ ਵੰਸ਼ਜਾਂ ਉਤੇ ਪਾਬੰਦੀ ਲਾ ਦਿਤੀ ਕਿ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਨਹੀਂ ਕਰ ਸਕਦੇ। ਇਹ ਗੱਲ ਦੇਸ਼-ਵੰਡ ਤੋਂ ਪਹਿਲਾਂ ਦੀ ਹੈ। ਉਸ ਤੋਂ ਪਹਿਲਾਂ, ਭਾਈ ਲਾਲ ਤੇ ਉਨ੍ਹਾਂ ਦੇ ਸਾਥੀ, ਬਕਾਇਦਗੀ ਨਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਿਆ ਕਰਦੇ ਸਨ ਤੇ ਸੰਗਤਾਂ ਬਹੁਤ ਖ਼ੁਸ਼ ਸਨ।

ਜ਼ਰਾ ਈਮਾਨਦਾਰੀ ਨਾਲ ਸੋਚ ਕੇ ਵੇਖੋ, ਜੇ ਭਾਈ ਲਾਲ ਦੀ ਥਾਂ ਤੁਸੀ ਅਤੇ ਮੈਂ ਹੁੰਦੇ ਅਤੇ ਉਸ ਕੱਟੜ ਮਾਹੌਲ ਵਿਚ, ਕੱਟੜਪੰਥੀਆਂ ਵਲੋਂ ਘੇਰੇ ਗਏ ਹੁੰਦੇ ਅਤੇ ਜਾਨ ਦਾ ਖ਼ਤਰਾ ਵੀ ਸਿਰ ਤੇ ਮੰਡਰਾ ਰਿਹਾ ਹੁੰਦਾ ਤਾਂ ਕੱਟੜਪੰਥੀਆਂ ਨੂੰ ਚੁੱਪ ਕਰਵਾਉਣ ਲਈ, ਨਿਜੀ ਗੱਲਬਾਤ ਵਿਚ, ਕੀ ਅਸੀ ਕੋਈ ਅਜਿਹੀ ਗੱਲ ਕਹਿ ਕੇ ਜਾਨ ਛੁਡਾਣ ਦੀ ਕੋਸ਼ਿਸ਼ ਨਾ ਕਰਦੇ ਜਿਸ ਨੂੰ ਉਂਜ ਅਸੀ ਬਿਲਕੁਲ ਫ਼ਜ਼ੂਲ ਤੇ ਬਕਵਾਸ ਮੰਨਦੇ ਹੁੰਦੇ? ਚਲੋ ਅਸੀ ਸਾਰੀ ਨਾ ਸਹੀ ਪਰ 99 ਫ਼ੀ ਸਦੀ ਲੋਕ, ਅਜਿਹੇ ਮੌਕੇ, ਇਹੀ ਕਰਦੇ ਹਨ। ਸੋ ਕਿਸੇ ਵਲੋਂ ਨਿਜੀ ਗੱਲਬਾਤ ਵਿਚ ਆਖੀ ਗੱਲ ਅਗਰ ਤੁਹਾਡੇ ਕੋਲ ਪਹੁੰਚਦੀ ਵੀ ਹੈ

ਤਾਂ ਇਕਦਮ ਲੋਹੇ ਲਾਖੇ ਹੋਣ ਦੀ ਬਜਾਏ, ਇਹ ਵੇਖਣਾ ਜ਼ਰੂਰੀ ਹੁੰਦਾ ਹੈ ਕਿ ਕਿਨ੍ਹਾਂ ਹਾਲਤ ਵਿਚ ਇਹ ਗੱਲ ਆਖੀ ਗਈ ਸੀ ਤੇ ਕੀ ਉਸ ਕੋਲ ਕੋਈ ਹੋਰ ਚਾਰਾ ਵੀ ਹੈ ਸੀ? ਫਿਰ ਜਿਹੜੇ ਕੱਟੜਪੁਣੇ ਦੇ ਹਾਲਾਤ ਵਿਚ ਉਪ੍ਰੋਕਤ ਗੱਲ, ਕਥਿਤ ਤੌਰ ਤੇ ਆਖੀ ਵੀ ਗਈ, ਉਸ ਦਾ ਖੁਲ੍ਹ ਕੇ ਖੰਡਨ ਕਰਨਾ ਵੀ, ਪਹਿਲਾਂ ਨਾਲੋਂ ਵੱਡੇ ਖ਼ਤਰੇ ਵਿਚ ਪੈਣ ਬਰਾਬਰ ਸੀ ਤੇ ਇਕ ਖਾਈ ਵਿਚੋਂ ਨਿਕਲ ਕੇ ਦੂਜੀ ਵਿਚ ਡਿਗਣਾ ਕੋਈ ਵੀ ਪਸੰਦ ਨਹੀਂ ਕਰੇਗਾ। ਉਸ ਵੇਲੇ ਸ਼੍ਰੋਮਣੀ ਕਮੇਟੀ, ਕੱਟੜਵਾਦੀਆਂ ਦੀ ਚੁੱਕ ਵਿਚ ਆਉਣੋਂ ਨਾਂਹ ਕਰ ਦੇਂਦੀ ਤੇ ਮੁਸਲਮਾਨ ਰਬਾਬੀਆਂ ਵਿਰੁਧ ਪ੍ਰਾਪਤ ਹੋਈ ਸ਼ਿਕਾਇਤ ਦੇ ਹਾਲਾਤ ਨੂੰ ਸਾਹਮਣੇ ਰੱਖ ਕੇ ਠੀਕ ਫ਼ੈਸਲਾ ਲੈ ਲੈਂਦੀ

ਤਾਂ ਕੱਟੜਵਾਦੀਆਂ ਨੇ ਤਾਂ ਥੋੜੀ ਦੇਰ ਬਾਅਦ ਚੁੱਪ ਹੋ ਹੀ ਜਾਣਾ ਸੀ ਪਰ ਐਨ ਮੁਮਕਿਨ ਸੀ ਕਿ ਸਾਰੇ ਰਬਾਬੀ, ਲਾਹੌਰ ਦੀ ਥਾਂ, ਅੰਮ੍ਰਿਤਸਰ ਨੂੰ ਹੀ ਅਪਣਾ ਸਥਾਈ ਘਰ ਬਣਾ ਲੈਂਦੇ। ਮੇਰਾ ਬੜਾ ਦਿਲ ਸੀ ਕਿ ਇਕ ਵਾਰ ਭਾਈ ਲਾਲ ਨੂੰ ਮਿਲਿਆ ਤਾਂ ਜਾਏ। 7ਵੇਂ ਸਾਲਾਨਾ ਸਮਾਗਮ ਸਮੇਂ ਅਸੀ ਪਤਾ ਕੀਤਾ ਕਿ ਜੇ ਉਨ੍ਹਾਂ ਨੂੰ ਬੁਲਾਇਆ ਜਾਏ ਤਾਂ ਕੀ ਭਾਈ ਲਾਲ ਆ ਜਾਣਗੇ? ਭਾਈ ਲਾਲ ਦਾ ਫ਼ੋਨ ਆ ਗਿਆ ਕਿ ਉਹ ਜ਼ਰੂਰ ਆਉਣਗੇ। ਉਨ੍ਹਾਂ ਦੇ ਬੇਟੇ ਨੇ ਦਸ ਦਿਤਾ ਕਿ ਭਾਈ ਲਾਲ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਤੇ ਉਮਰ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ, ਇਸ ਲਈ ਭਾਈ ਲਾਲ ਆਪ ਕੀਰਤਨ ਨਹੀਂ ਕਰ ਸਕਦੇ ਤੇ ਉਨ੍ਹਾਂ ਦੇ ਸਾਥੀ ਹੀ ਕੀਰਤਨ ਕਰਦੇ ਹਨ

ਪਰ ਭਾਈ ਲਾਲ ਜੱਥੇ ਦੇ ਆਗੂ ਵਜੋਂ ਕੀਰਤਨ ਵਿਚ ਸ਼ਾਮਲ ਜ਼ਰੂਰ ਹੋਣਗੇ। ਉਨ੍ਹਾਂ ਦਸਿਆ ਕਿ ਕਾਫ਼ੀ ਦੇਰ ਤੋਂ ਇਸ ਤਰ੍ਹਾਂ ਹੀ ਚਲ ਰਿਹਾ ਹੈ, ਭਾਵੇਂ ਕਿਹਾ ਇਹੀ ਜਾਂਦਾ ਹੈ ਕਿ ਭਾਈ ਲਾਲ ਨੇ ਕੀਰਤਨ ਕੀਤਾ। ਖ਼ੈਰ, ਭਾਈ ਲਾਲ ਦਾ ਜੱਥਾ ਤਸ਼ਰੀਫ਼ ਲਿਆਇਆ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਸੰਗਤਾਂ ਨੂੰ ਕੀਰਤਨ ਰਾਹੀਂ ਬੇਹੱਦ ਨਿਹਾਲ ਵੀ ਕੀਤਾ। ਉਹ ਖ਼ੁਦ ਵੀ ਏਨੇ ਖ਼ੁਸ਼ ਹੋਏ ਕਿ ਉਨ੍ਹਾਂ ਦੀ ਖ਼ੁਸ਼ੀ ਬਿਆਨ ਤੋਂ ਬਾਹਰੀ ਸੀ। ਏਨੇ ਵੱਡੇ ਇਕੱਠ ਬਾਰੇ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ। ਅਖ਼ਬਾਰਾਂ ਦੇ ਸਮਾਗਮਾਂ ਵਿਚ ਆਮ ਤੌਰ 'ਤੇ ਹਜ਼ਾਰ ਬੰਦਾ ਵੀ ਮੁਸ਼ਕਲ ਨਾਲ ਆਉਂਦਾ ਹੈ।

ਪਰ ਇਥੇ ਤਾਂ ਕਮਾਲਾਂ ਹੋਈਆਂ ਪਈਆਂ ਸਨ। ਮੈਂ ਸਟੇਜ ਤੇ ਬੈਠਾ ਸੀ ਤਾਂ ਭਾਈ ਲਾਲ ਅਪਣੀ ਵੀਲ੍ਹ ਚੇਅਰ ਉਤੇ ਬੈਠੇ ਮੇਰੇ ਕੋਲ ਆ ਗਏ ਤੇ ਮੇਰਾ ਧਨਵਾਦ ਕਰਨ ਲੱਗੇ ਕਿ ਅਸੀ ਏਨੇ ਸ਼ਾਨਦਾਰ ਸਮਾਗਮ ਵਿਚ ਸ਼ਾਮਲ ਕਰਵਾ ਕੇ ਸੰਗਤ ਦੀ, ਕੀਰਤਨ ਦੁਆਰਾ ਸੇਵਾ ਕਰਨ ਦਾ ਮੌਕਾ ਉਨ੍ਹਾਂ ਨੂੰ ਦਿਤਾ ਸੀ। ਕਹਿਣ ਲੱਗੇ, ''ਹੁਣ ਤੁਸੀ ਮੈਨੂੰ ਅਪਣੇ ਹਰ ਸਮਾਗਮ ਵਿਚ ਬੁਲਾਣਾ ਜੇ। ਜਦੋਂ ਵੀ ਬੁਲਾਉਗੇ, ਮੈਂ ਜ਼ਰੂਰ ਆਵਾਂਗਾ।'' ਮੈਂ ਪੁਛਿਆ, ''ਉੱਚਾ ਦਰ ਬਾਬੇ ਨਾਨਕ ਦਾ ਤੋਂ ਬਿਨਾਂ, ਹੋਰ ਕਿਸ ਥਾਂ ਜਾਣਾ ਪਸੰਦ ਕਰੋਗੇ?''

ਭਾਈ ਲਾਲ ਦਾ ਉੱਤਰ ਸੀ, ''ਇਕ ਵਾਰੀ ਦਰਬਾਰ ਸਾਹਿਬ ਜਾ ਕੇ ਕੀਰਤਨ ਕਰਨ ਦੀ ਮਨ ਵਿਚ ਤੜਪ ਜ਼ਰੂਰ ਹੈ ਪਰ ਹੁਣ 'ਉੱਚਾ ਦਰ ਬਾਬੇ ਨਾਨਕ ਦਾ' ਤੇ ਆ ਕੇ, ਕਲੇਜੇ ਵਿਚ ਲੱਗੀ ਅੱਗ (ਦਰਬਾਰ ਸਾਹਿਬ ਕੀਰਤਨ ਕਰਨ ਦੀ) ਕਾਫ਼ੀ ਸ਼ਾਂਤ ਪੈ ਗਈ ਹੈ। ਹੁਣ ਇਹ ਤਿਆਰ ਹੋ ਜਾਏਗਾ ਤਾਂ ਮੈਂ ਹਰ ਸਾਲ ਇਥੇ ਹੀ ਆਇਆ ਕਰਾਂਗਾ।'' ਦਰਬਾਰ ਸਿਹਬ ਜਾ ਕੇ ਕੀਰਤਨ ਕਰਨ ਦੀ ਸਿਕ, ਇਕ ਸ਼ਰਧਾਲੂ ਦੀ ਸਿਕ ਸੀ ਤੇ ਇਹ ਚੀਜ਼ ਮੈਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਸਾਫ਼ ਵੇਖ ਸਕਦਾ ਸੀ। 1947 ਵਿਚ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਜੁਦਾ ਹੋਣਾ ਪਿਆ ਪਰ ਕੀ ਕਦੇ ਇਕ ਵੀ ਮੌਕਾ ਆਇਆ ਜਦ ਉਨ੍ਹਾਂ ਨੇ ਦਰਬਾਰ ਸਾਹਿਬ ਆਉਣ ਦੀ ਲੋਚਾ ਪ੍ਰਗਟ ਨਾ ਕੀਤੀ ਹੋਵੇ?

ਨਹੀਂ, ਉਹ ਹਰ ਆਉਣ ਜਾਣ ਵਾਲੇ ਕੋਲ ਤਰਲੇ ਕਢਦੇ ਕਿ ''ਮੇਰੇ ਉਤੇ ਲੱਗੀ ਪਾਬੰਦੀ ਹਟਵਾ ਕੇ ਮੇਰੇ ਤੇ ਅਹਿਸਾਨ ਕਰ ਦਿਉ।'' ਉਹ ਕਹਿੰਦੇ ਸਨ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ 'ਚੋਂ ਕੀਰਤਨ ਭੇਟਾ ਨਹੀਂ ਚਾਹੀਦੀ ਸਗੋਂ ਉਹ ਤਾਂ ਅਪਣੇ ਮਨ ਦੀ ਸ਼ਾਂਤੀ ਲਈ ਉਥੇ ਜਾ ਕੇ ਕੀਰਤਨ ਕਰਨਾ ਚਾਹੁੰਦੇ ਹਨ ਤੇ ਬੀਤੇ ਦਿਨਾਂ ਨੂੰ ਸੱਦਾ ਦੇ ਕੇ ਫਿਰ ਤੋਂ ਖ਼ੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਅੰਮ੍ਰਿਤਸਰ ਵਿਚ ਤਾਂ ਮੇਰੀ ਨਹੀਂ ਚਲਦੀ ਪਰ ਜਦੋਂ ਕਦੇ ਉਥੇ ਮੇਰੀ ਆਵਾਜ਼ ਸੁਣੀ ਜਾਣ ਲੱਗੀ ਤਾਂ ਮੈਂ ਭਾਈ ਲਾਲ ਦੇ ਜੱਥੇ ਨੂੰ ਕੀਰਤਨ ਕਰਨ ਦੀ ਆਗਿਆ ਜ਼ਰੂਰ ਲੈ ਦਿਆਂਗਾ

ਕਿਉੁਂਕਿ ਮੈਂ ਚਾਹੁੰਦਾ ਹਾਂ ਕਿ ਇਕ ਦੂਜੇ ਦੀਆਂ ਕਮੀਆਂ, ਗ਼ਲਤੀਆਂ ਤੇ ਮਜਬੂਰੀਆਂ ਨੂੰ ਇਕ ਪਾਸੇ ਰੱਖ ਕੇ, ਭਾਈ ਮਰਦਾਨਾ ਦੇ ਪ੍ਰਵਾਰ ਨਾਲ ਜਿੰਨੀ ਦੇਰ ਤਕ ਸਾਂਝ ਰੱਖੀ ਜਾ ਸਕਦੀ ਹੈ, ਜ਼ਰੂਰ ਰਖਣੀ ਚਾਹੀਦੀ ਹੈ। ਇਹ ਸਾਡੇ 'ਵੱਡੇਪਨ' ਦਾ ਸਬੂਤ ਬਣੇਗੀ, ਛੋਟੇਪਨ ਦਾ ਨਹੀਂ। ਕੱਟੜਵਾਦੀ 'ਛੋਟੇਪਨ' ਦਾ ਸਬੂਤ ਦੇਂਦੇ ਹਨ ਜਦ ਉਹ ਭਾਈ ਮਰਦਾਨਾ ਨਾਲੋਂ ਸਬੰਧ ਤੋੜਨ ਲਈ ਕੱਚੀਆਂ ਤੇ ਸੁਣੀਆਂ ਸੁਣਾਈਆਂ ਗੱਲਾਂ ਨੂੰ ਬਹਾਨੇ ਵਜੋਂ ਪੇਸ਼ ਕਰਦੇ ਹਨ। ਸਮਾਗਮ ਮਗਰੋਂ ਭਾਈ ਲਾਲ ਦਿੱਲੀ ਚਲੇ ਗਏ। ਵਾਪਸੀ ਤੇ ਉਹ ਮੈਨੂੰ ਮਿਲਣ ਲਈ ਮੇਰੇ ਘਰ ਤਸ਼ਰੀਫ਼ ਲਿਆਏ।

ਉਨ੍ਹਾਂ ਨਾਲ ਉਨ੍ਹਾਂ ਦਾ ਜੱਥਾ ਤੇ ਮੁਹੰਮਦ ਜ਼ਕਰੀਆ ਆਫ਼ਤਾਬ ਸਮੇਤ, ਕੁੱਝ ਹੋਰ ਸੱਜਣ ਵੀ ਸਨ। ਕੀਰਤਨ-ਭੇਟਾ ਤਾਂ ਅਸੀ ਸਮਾਗਮ ਸਮੇਂ ਹੀ ਦੇ ਦਿਤੀ ਸੀ (ਉਨ੍ਹਾਂ ਨੇ ਨਹੀਂ ਸੀ ਮੰਗੀ ਤੇ ਏਨਾ ਹੀ ਕਿਹਾ ਸੀ, ''ਜੋ ਦਿਉਗੇ, ਲੈ ਲਵਾਂਗਾ। ਨਾ ਦਿਉਗੇ ਤਾਂ ਵੀ ਕੋਈ ਗੱਲ ਨਹੀਂ। ਬਾਬੇ ਨਾਨਕ ਦੇ ਦਰ ਤੇ ਹੀ ਤਾਂ ਆ ਰਿਹਾ ਹਾਂ।'') ਪਰ ਘਰ ਆਉਣ ਤੇ ਅਸੀ 10 ਹਜ਼ਾਰ ਹੋਰ ਉਨ੍ਹਾਂ ਨੂੰ ਭੇਂਟ ਕਰ ਦਿਤੇ। ਸਾਡਾ ਦਿਲ ਕਰਦਾ ਸੀ ਕਿ ਪਾਕਿਸਤਾਨ ਤੋਂ ਆਉਣ ਵਾਲੇ, ਘਰ ਦਿਆਂ ਨੂੰ ਜਾ ਕੇ ਇਹ ਨਾ ਕਹਿਣ ਕਿ ਉਥੇ ਭਾਰਤ ਵਿਚ ਗੱਲਾਂ ਕਰਨ ਵਾਲੇ ਹੀ ਰਹਿੰਦੇ ਹਨ ਤੇ ਕਿਸੇ ਦੀ ਲੋੜ ਦਾ ਧਿਆਨ ਨਹੀਂ ਰਖਦੇ। 

ਭਾਈ ਲਾਲ ਦੀ ਸਿਹਤ ਬੜੀ ਕਮਜ਼ੋਰ ਸੀ! ਅੰਤਮ ਵਾਰ ਮਿਲਣ ਵੇਲੇ ਵੀ ਉਨ੍ਹਾਂ ਦਾ ਕਹਿਣਾ ਸੀ, ''ਦਰਬਾਰ ਸਾਹਿਬ ਜਾ ਕੇ ਕੀਰਤਨ ਕਰਨ ਦੀ ਚਾਹਤ ਮਰਦੀ ਨਹੀਂ ਪਈ ਪਰ 'ਉੱਚਾ ਦਰ ਬਾਬੇ ਨਾਨਕ ਦਾ' ਆ ਕੇ ਕਸਰ ਪੂਰੀ ਕਰ ਲਿਆ ਕਰਾਂਗਾ। ਤੁਸੀ ਮੈਨੂੰ ਬੁਲਾਣਾ ਨਾ ਛਡਿਉ।'' ਪਰ ਉਨ੍ਹਾਂ ਦੀ ਜ਼ਿੰਦਗੀ ਦੀ ਡੋਰ ਟੁਟਦੀ ਹੋਈ ਮੈਨੂੰ ਵੀ ਨਜ਼ਰ ਆ ਰਹੀ ਸੀ ਤੇ ਉਨ੍ਹਾਂ ਦੀਆਂ ਅੱਖਾਂ ਅੰਦਰ ਪੈਦਾ ਹੁੰਦੀ ਉਹ ਚਮਕ ਵੀ ਮੈਨੂੰ ਵਿਖਾਈ ਦੇ ਰਹੀ ਸੀ ਜੋ 'ਦਰਬਾਰ ਸਾਹਿਬ' ਜਾ ਕੇ ਇਕ ਵਾਰ ਕੀਰਤਨ ਕਰਨ ਦੀ ਇੱਛਾ ਦਾ ਬਿਆਨ ਕਰਨ ਲਗਿਆਂ ਜਗਦੀ ਬੁਝਦੀ ਪ੍ਰਤੀਤ ਹੁੰਦੀ ਸੀ।

ਮੈਂ ਵੀ ਉਨ੍ਹਾਂ ਨੂੰ ਵਾਰ ਵਾਰ ਯਕੀਨ ਦਿਵਾਉਂਦਾ ਰਿਹਾ ਕਿ ਮੈਂ ਜ਼ਰੂਰ ਕੁੱਝ ਕਰਾਂਗਾ ਪਰ ਦਿਲੋਂ ਮੈਂ ਵੀ ਜਾਣਦਾ ਸੀ ਕਿ ਧਰਮ ਹਾਰ ਰਿਹਾ ਹੈ, ਬਾਬਾ ਨਾਨਕ ਤੇ ਉਸ ਦੇ ਲਾਡਲੇ ਪਿੱਛੇ ਸੁੱਟੇ ਜਾ ਰਹੇ ਹਨ ਤੇ ਕੱਟੜਪੰਥੀ, ਬੁਰਛਾਗਰਦ ਅੱਗੇ ਆ ਰਹੇ ਹਨ। ਇਹ ਤਾਂ ਮੈਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਮੇਰੀ ਸਿਫ਼ਾਰਸ਼ ਕਦੋਂ ਮੰਨਣਗੇ? ਪਰ ਕੋਈ ਨਾ, 'ਉੱਚਾ ਦਰ ਬਾਬੇ ਨਾਨਕ ਦਾ' ਜ਼ਰੂਰ ਕੋਈ ਵੱਡੀ ਤਬਦੀਲੀ ਲਿਆ ਵਿਖਾਏਗਾ, ਇਸ ਦਾ ਵੀ ਮੈਨੂੰ ਪੂਰਾ ਵਿਸ਼ਵਾਸ ਹੈ। 
(11 ਨਵੰੰਬਰ, 2012 ਦੇ ਪਰਚੇ ਵਿਚੋਂ ਲੈ ਕੇ ਦੁਬਾਰਾ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।)