ਸੌਦਾ ਸਾਧ, ਸਪੋਕਸਮੈਨ ਤੇ ਪੰਥ ਦੇ ਮਲਾਹ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੇਰੇ ਜਿਹੜੇ ਵਿਰੋਧੀ, ਅਕਾਲ ਤਖ਼ਤ ਦਾ ਨਾਂ ਵਰਤ ਕੇ, ਮੇਰੇ ਵਿਰੁਧ ਪ੍ਰਚਾਰ ਕਰਦੇ ਰਹਿੰਦੇ ਹਨ, ਹੁਣ ਜ਼ਰਾ ਉਨ੍ਹਾਂ ਦਾ ਹਾਲ ਵੀ ਵੇਖ ਲਉ.........

Ram Rahim

ਮੇਰੇ ਜਿਹੜੇ ਵਿਰੋਧੀ, ਅਕਾਲ ਤਖ਼ਤ ਦਾ ਨਾਂ ਵਰਤ ਕੇ, ਮੇਰੇ ਵਿਰੁਧ ਪ੍ਰਚਾਰ ਕਰਦੇ ਰਹਿੰਦੇ ਹਨ, ਹੁਣ ਜ਼ਰਾ ਉਨ੍ਹਾਂ ਦਾ ਹਾਲ ਵੀ ਵੇਖ ਲਉ। ਇਹ ਸਾਰੇ ਹੀ ਸੌਦਾ ਸਾਧ ਦੇ ਡੇਰੇ ਦੇ ਚੱਕਰ ਉਸ ਵੇਲੇ ਕਟਦੇ ਰਹੇ ਜਿਸ ਵੇਲੇ ਸਿੱਖ ਇਸ ਸਾਧ ਵਿਰੁਧ ਸੜਕਾਂ ਤੇ ਆ ਕੇ ਲੜ ਰਹੇ ਸਨ। ਇਹ ਬਾਬੇ ਕੋਲ ਜਾਂਦੇ ਸਨ ਤਾਂ ਬਾਬਾ ਉੱਚੀ ਥਾਂ ਤੇ ਬੈਠਦਾ ਸੀ ਤੇ ਇਹ ਨੀਵੀਂ ਥਾਂ ਤੇ ਬੈਠ ਕੇ ਉਸ ਨਾਲ ਗ਼ੁਲਾਮਾਂ ਵਾਂਗ ਗੱਲ ਕਰਦੇ ਸਨ, ਵੋਟਾਂ ਲਈ ਲੇਲ੍ਹੜੀਆਂ ਕਢਦੇ ਸਨ ਤੇ ਉਹ ਅਪਣੇ 'ਹੁਕਮਨਾਮੇ' ਇਨ੍ਹਾਂ ਨੂੰ ਸੁਣਾਉਂਦਾ ਸੀ। ਇਨ੍ਹਾਂ 'ਪੰਥਕਾਂ' ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਸਰਪ੍ਰਸਤ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸਮੇਤ ਕਈ ਅਕਾਲੀ

ਐਮ.ਐਲ.ਏ. ਅਤੇ ਮੈਂਬਰ ਸ਼੍ਰੋਮਣੀ ਕਮੇਟੀ ਵੀ ਸਨ ਜਿਨ੍ਹਾਂ ਨੂੰ ਬਾਅਦ ਵਿਚ ਅਕਾਲ ਤਖ਼ਤ ਵਲੋਂ 'ਤਨਖ਼ਾਹ ਵੀ ਲਗਾਈ ਗਈ। ਅਕਾਲ ਤਖ਼ਤ ਵਾਲੇ 'ਜਥੇਦਾਰ' ਵੀ ਅਪਣੇ ਮਾਲਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਸੌਦਾ ਸਾਧ ਨੂੰ ਬਚਾਉਣ ਲਈ ਯਤਨ ਕਰਦੇ ਰਹੇ, ਉਸ ਦਾ ਪਤਾ, ਹਰ ਕਿਸੇ ਨੂੰ ਲੱਗ ਗਿਆ ਹੈ, ਭਾਵੇਂ ਕਿ ਅਜਿਹਾ ਕਰਦੇ ਹੋਏ ਉਹ, ਅਪਣੇ ਆਪ ਲਈ ਵੀ, ਇਕ ਵਾਰ ਫਿਰ ਤੋਂ ਵੱਡੀ ਬਦਨਾਮੀ ਖੱਟ ਗਏ। ਦੂਜੇ ਪਾਸੇ ਬਾਬੇ ਵਲੋਂ ਦੋਸਤੀ ਦੀ ਪੇਸ਼ਕਸ਼ ਦਾ ਜੋ ਜਵਾਬ ਸਪੋਕਸਮੈਨ ਨੇ ਦਿਤਾ, ਉਸ ਦਾ ਟਾਕਰਾ ਅਪਣੇ ਕਿਰਦਾਰ ਨਾਲ ਕਰ ਕੇ ਦੱਸਣ, 'ਪੰਥਕ' ਹੋਣ ਦਾ ਝੂਠਾ ਰੌਲਾ ਕਿਧਰ ਹੈ ਤੇ ਪੰਥ ਦੀ ਸੱਚੀ ਸਪਿਰਿਟ ਕਿਧਰ ਹੈ?

ਅੱਜ ਸੌਦਾ ਸਾਧ ਦੋ ਮਾਮਲਿਆਂ ਵਿਚ ਜੇਲ ਦੀ ਹਵਾ ਖਾ ਰਿਹਾ ਹੈ। ਦੁਸ਼ਮਣ  ਨੂੰ ਵੀ ਤੰਗ ਅਤੇ ਦੁਖੀ ਵੇਖ ਕੇ ਮੈਨੂੰ ਖ਼ੁਸ਼ੀ ਨਹੀਂ ਹੁੰਦੀ ਪਰ ਇਸ ਗੱਲ ਤੇ ਮੈਂ ਫ਼ਖ਼ਰ ਜ਼ਰੂਰ ਕਰ ਸਕਦਾ ਹਾਂ ਕਿ 'ਰਾਮ ਰਹੀਮ ਗੁਰਮੀਤ' ਅਤੇ 'ਸੱਚਾ ਸੌਦਾ' ਮੁਖੀ ਨੂੰ ਜਿਹੜਾ ਨਾਂ ਮੈਂ ਦਿਤਾ, ਅੱਜ ਉਹ ਅਕਾਲ ਤਖ਼ਤ ਸਮੇਤ, ਸਾਰੇ ਹੀ ਵਰਤਦੇ ਵੇਖੇ ਜਾ ਸਕਦੇ ਹਨ। 'ਸੌਦਾ ਸਾਧ' ਨਾਂ ਕੇਵਲ ਤੇ ਕੇਵਲ 'ਸਪੋਕਸਮੈਨ' ਨੇ ਦਿਤਾ ਸੀ ਤੇ ਅੱਜ ਸਾਰੇ ਹੀ ਉਸ ਨੂੰ ਇਸੇ ਨਾਂ ਨਾਲ ਪੁਕਾਰ ਰਹੇ ਹਨ (ਸਿਵਾਏ ਉਨ੍ਹਾਂ ਦੇ ਜੋ ਸੌਦਾ ਸਾਧ ਤੋਂ ਪੈਸੇ ਜਾਂ ਵੋਟਾਂ ਲੈਂਦੇ ਰਹੇ ਹਨ ਜਾਂ ਉਸ ਦੇ ਪ੍ਰੇਮੀ ਹਨ) ਅਤੇ ਸੌਦਾ ਸਾਧ ਵਿਰੁਧ ਸੱਚ ਦਾ ਝੰਡਾ ਚੁਕਣ ਵਾਲਿਆਂ ਵਿਚ, ਸਪੋਕਸਮੈਨ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ,

ਸਦਾ ਮੋਹਰੀ ਹੀ ਰਿਹਾ ਹੈ ਜਦਕਿ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਸਪੋਕਸਮੈਨ ਵਿਰੁਧ ਕਾਵਾਂਰੌਲੀ ਪਾਉਣ ਵਾਲੇ 'ਪੰਥਕ' ਲੋਕ, ਵੋਟਾਂ ਖ਼ਾਤਰ, ਸੌਦਾ ਸਾਧ ਦੇ ਤਲਵੇ ਚਟਦੇ ਰਹੇ ਹਨ, ਡੰਡੌਤ ਕਰਦੇ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਵਾਲੀਆਂ ਫ਼ੋਟੋਆਂ ਵਾਲੇ ਇਸ਼ਤਿਹਾਰ ਛਾਪ ਕੇ ਉਸ ਤੋਂ ਪੈਸੇ ਲੈਂਦੇ ਰਹੇ ਹਨ। ਮੈਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਜਦ ਦੂਜੀਆਂ ਅਖ਼ਬਾਰਾਂ, ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚੇ ਜਾਣ ਦੇ ਇਸ਼ਤਿਹਾਰ (ਉਸ ਕੋਲੋਂ ਲੱਖਾਂ ਰੁਪਏ ਲੈ ਕੇ) ਛਾਪ ਰਹੀਆਂ ਸਨ, ਉਸ ਵੇਲੇ ਸਪੋਕਸਮੈਨ ਅੱਗੇ ਹੋ ਕੇ ਸੌਦਾ ਸਾਧ ਦੀ ਇਸ ਕਰਤੂਤ ਨੂੰ ਗੱਜ ਵੱਜ ਕੇ ਨੰਗਿਆਂ ਕਰ ਰਿਹਾ ਸੀ।

ਸੌਦਾ ਸਾਧ ਕੋਲ ਪੈਸਾ ਏਨਾ ਜ਼ਿਆਦਾ ਇਕੱਠਾ ਹੋ ਗਿਆ ਸੀ ਕਿ ਉਹ ਬੌਂਦਲ ਜਿਹਾ ਗਿਆ ਸੀ। ਪੈਸਾ ਬਹੁਤ ਜ਼ਿਆਦਾ ਆ ਜਾਏ ਤਾਂ ਜਿਥੇ ਲੋਕ, ਸਰਕਾਰਾਂ ਤੇ ਲੀਡਰ ਤੁਹਾਨੂੰ ਸਲਾਮਾਂ ਕਰਨ ਲੱਗ ਜਾਂਦੇ ਹਨ, ਉਥੇ ਮਨੁੱਖ ਦੇ ਅੰਦਰੋਂ ਚੰਗੇ ਗੁਣ ਦੂਰ ਉਡ ਜਾਂਦੇ ਹਨ ਕਿਉਂਕਿ ਬਹੁਤੇ ਪੈਸੇ ਵਾਲਾ ਸੋਚਦਾ ਹੈ ਕਿ ''ਰੱਬ ਕੋਲ ਵੀ ਏਨੀ ਤਾਕਤ ਨਹੀਂ ਹੋਣੀ ਜਿੰਨੀ ਮੇਰੇ ਕੋਲ ਆ ਗਈ ਹੈ ਤੇ ਏਨੇ ਲੋਕ ਰੱਬ ਨੂੰ ਵੀ ਸਿਜਦੇ ਨਹੀਂ ਕਰਦੇ ਹੋਣੇ ਜਿੰਨੇ ਮੈਨੂੰ ਕਰਨ ਲੱਗ ਪਏ ਹਨ।'' ਸੌਦਾ ਸਾਧ ਵਿਚ ਵੀ ਇਸ ਤਰ੍ਹਾਂ ਦਾ ਹੰਕਾਰ ਆ ਗਿਆ ਸੀ।

ਸੋ ਉਸ ਨੇ ਮੂੰਹ ਦੇ ਭਾਰ ਡਿਗਣਾ ਤਾਂ ਸੀ ਹੀ ਪਰ ਸਰਕਾਰਾਂ, ਮੁੱਖ ਮੰਤਰੀਆਂ ਤੇ ਵੱਡੇ ਲੀਡਰਾਂ ਨੂੰ ਉਸ ਦੇ ਦੁਆਰ ਤੇ ਪੁਜ ਕੇ ਮੱਥਾ ਟੇਕਦਿਆਂ ਵੇਖ ਕੇ (ਪੰਥਕ ਲੀਡਰਾਂ ਸਮੇਤ) ਕਿਸੇ ਨੂੰ ਇਹ ਯਕੀਨ ਨਹੀਂ ਸੀ ਹੁੰਦਾ ਕਿ ਉਹ ਏਨੀ ਛੇਤੀ ਡਿਗ ਪਵੇਗਾ। ਇਸ ਲਈ ਜਿਨ੍ਹਾਂ ਨੂੰ ਯਕੀਨ ਹੋ ਵੀ ਗਿਆ ਸੀ ਕਿ ਉਹ ਗ਼ਲਤ ਕੰਮ ਕਰਨ ਵਾਲਾ ਬੰਦਾ ਹੈ, ਉਹ ਵੀ ਖੁਲ੍ਹ ਕੇ ਉਸ ਵਿਰੁਧ ਬੋਲਦੇ ਜਾਂ ਲਿਖਦੇ ਨਹੀਂ ਸਨ¸ਇਹ ਸੋਚ ਕੇ ਕਿ ਏਨੇ ਸ਼ਕਤੀਸ਼ਾਲੀ ਬੰਦੇ ਦਾ ਵਿਗੜਨਾ ਤਾਂ ਕੁੱਝ ਨਹੀਂ, ਅਸੀ ਕਿਉਂ ਉਸ ਨਾਲ ਦੁਸ਼ਮਣੀ ਪਾ ਕੇ ਅਪਣਾ ਨਫ਼ਾ ਗਵਾ ਲਈਏ?

ਇਸੇ ਸੋਚ ਦਾ ਅਸਰ ਤੁਸੀ ਪੰਜਾਬ ਦੇ ਸਾਰੇ ਅਖ਼ਬਾਰਾਂ ਦੀਆਂ ਲਿਖਤਾਂ ਤੇ ਰੀਪੋਰਟਾਂ ਵਿਚ ਵੇਖ ਸਕਦੇ ਹੋ¸ਸਿਵਾਏ ਸਪੋਕਸਮੈਨ ਦੇ। ਸੌਦਾ ਸਾਧ ਵਲੋਂ ਮਾਰ ਦਿਤੇ ਗਏ ਪੱਤਰਕਾਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹੁਣੇ ਜਹੇ ਮੀਡੀਆ ਨੂੰ ਠੀਕ ਹੀ ਮਿਹਣਾ ਮਾਰਿਆ ਹੈ ਕਿ ਜਦ ਤਕ ਸੌਦਾ ਸਾਧ, ਜੇਲ ਵਿਚ ਨਾ ਚਲਾ ਗਿਆ, ਮੀਡੀਆ ਵਾਲੇ ਵੀ ਉਸ ਦੇ ਗੁਣ ਗਾਉਂਦੇ ਹੀ ਵੇਖ ਗਏ ਤੇ ਉਸ ਵਿਰੁਧ ਲਿਖਣੋਂ ਬਚਦੇ ਰਹੇ। ਸਪੋਕਸਮੈਨ ਹੀ ਸਹੁੰ ਖਾ ਕੇ ਕਹਿ ਸਕਦਾ ਹੈ ਕਿ ਇਹ ਇਕ ਪਲ ਲਈ ਵੀ ਸਾਧ ਪ੍ਰਤੀ ਨਰਮ ਨਹੀਂ ਹੋਇਆ। ਸਪੋਕਸਮੈਨ ਨੇ ਖੱਟਾ ਸਿੰਘ ਡਰਾਈਵਰ ਦੇ ਬਿਆਨ ਸੱਭ ਤੋਂ ਪਹਿਲਾਂ ਛਾਪੇ ਤੇ ਉਸ ਦੇ ਕਈ ਵਿਸ਼ੇਸ਼ ਇੰਟਰਵਿਊ ਵੀ ਮਗਰੋਂ ਛਾਪੇ।

ਖੱਟਾ ਸਿੰਘ ਦਾ ਕਹਿਣਾ ਵੀ ਇਹੀ ਸੀ ਕਿ ਜੇ ਸੌਦਾ ਸਾਧ ਨੂੰ ਕਦੇ ਸਜ਼ਾ ਹੋਈ ਤਾਂ ਇਸ ਲਈ ਹੀ ਹੋਵੇਗੀ ਕਿ ਸਪੋਕਸਮੈਨ ਸੱਚ ਦਾ ਸਾਥ ਬੇਖ਼ੌਫ਼ ਹੋ ਕੇ ਦੇ ਰਿਹਾ ਸੀ। ਜਦੋਂ ਸੌਦਾ ਸਾਧ ਨੇ ਸਿੱਖਾਂ ਨਾਲ ਪੰਗਾ ਲਿਆ ਤਾਂ ਸਪੋਕਸਮੈਨ ਇਕੋ ਇਕ ਪੰਜਾਬੀ ਅਖ਼ਬਾਰ ਸੀ ਜਿਸ ਨੇ ਲੰਮੀ ਜੱਦੋਜਹਿਦ ਵਿਚ ਡੱਟ ਕੇ ਸੌਦਾ ਸਾਧ ਦਾ ਵਿਰੋਧ ਕੀਤਾ ਤੇ ਇਸ ਲੜਾਈ ਵਿਚ ਸਪੋਕਸਮੈਨ ਵਲੋਂ ਉਸ ਨੂੰ 'ਸੌਦਾ ਸਾਧ' ਨਾਂ ਦੇ ਦਿਤਾ ਗਿਆ। ਜਿਸ ਕੁੜੀ ਨੇ ਪੱਤ ਲੁੱਟੀ ਜਾਣ ਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਲਿਖੀ ਸੀ, ਉਸ ਕੁੜੀ ਦੀ ਚਿੱਠੀ ਵੀ ਸੱਭ ਤੋਂ ਪਹਿਲਾਂ 'ਸਪੋਕਸਮੈਨ' ਨੇ ਹੀ ਪ੍ਰਕਾਸ਼ਤ ਕੀਤੀ ਸੀ। 

ਸੌਦਾ ਸਾਧ ਨੇ ਦੋਸਤੀ ਦੀ ਪੇਸ਼ਕਸ਼ ਕੀਤੀ 

ਸੌਦਾ ਸਾਧ ਨੇ ਸਪੋਕਸਮੈਨ ਦੀ ਵਿਰੋਧਤਾ ਤੋਂ ਘਬਰਾ ਕੇ ਸਪੋਕਸਮੈਨ ਵਲ ਦੋਸਤੀ ਦਾ ਹੱਥ ਵਧਾਇਆ ਤੇ ਪੰਚਕੂਲਾ ਤੋਂ ਅਪਣੇ ਨਜ਼ਦੀਕੀਆਂ ਦੇ ਦੋ ਵੱਖ ਵੱਖ ਜੱਥੇ ਮੇਰੇ ਕੋਲ ਭੇਜੇ ਜਿਨ੍ਹਾਂ ਦੀ ਦਲੀਲ ਇਹ ਸੀ ਕਿ, ''ਗੁਰੂ ਜੀ (ਸੌਦਾ ਸਾਧ) ਦੀ ਦਿਲੀ ਇੱਛਾ ਇਹ ਹੈ ਕਿ ਆਪ ਉਨ੍ਹਾਂ ਨੂੰ ਮਿਲਣ ਲਈ ਇਕ ਵਾਰ ਸਮਾਂ ਕੱਢ ਕੇ ਸਰਸਾ ਡੇਰੇ ਤੇ ਆਉ ਤੇ ਗੁਰੂ ਜੀ ਨਾਲ ਗੱਲਬਾਤ ਕਰੋ। ਅਸੀ ਸਾਰੇ ਆਪ ਦੇ ਨਾਲ ਚਲਾਂਗੇ ਤੇ ਪੂਰਾ ਸਤਿਕਾਰ ਆਪ ਨੂੰ ਦਿਤਾ ਜਾਏਗਾ। ਗੁਰੂ ਜੀ ਕਹਿੰਦੇ ਹਨ ਕਿ ਅਕਾਲ ਤਖ਼ਤ ਵਾਲਿਆਂ ਨੇ ਗੁਰੂ ਜੀ (ਸੌਦਾ ਸਾਧ) ਨਾਲ ਵੀ ਧੱਕਾ ਕੀਤਾ ਹੈ ਤੇ ਤੁਹਾਡੇ ਨਾਲ ਵੀ ਧੱਕਾ ਕੀਤਾ ਹੈ,

ਇਸ ਲਈ ਸਾਨੂੰ ਆਪਸ ਵਿਚ ਮਿਲ ਬੈਠਣਾ ਚਾਹੀਦਾ ਹੈ ਤੇ ਰਲ ਕੇ ਲੜਾਈ ਲੜਨੀ ਚਾਹੀਦੀ ਹੈ।'' ਮੈਂ ਉਨ੍ਹਾਂ ਨੂੰ ਕਿਹਾ ਕਿ ਬੇਸ਼ੱਕ ਮੈਂ ਵੀ ਅਕਾਲ ਤਖ਼ਤ ਦੇ ਪੁਜਾਰੀਆਂ ਵਿਰੁਧ ਲੜ ਰਿਹਾ ਹਾਂ ਪਰ ਮੇਰੀ ਲੜਾਈ ਤੇ ਤੁਹਾਡੀ ਲੜਾਈ ਵਿਚ ਬੜਾ ਫ਼ਰਕ ਹੈ। ਤੁਸੀ ਜਿੱਤ ਕੇ ਇਕ ਵਿਅਕਤੀ (ਅਪਣੇ ਗੁਰੂ) ਨੂੰ ਅਕਾਲ ਤਖ਼ਤ ਤੋਂ ਉੱਚਾ ਸਾਬਤ ਕਰਨਾ ਚਾਹੁੰਦੇ ਹੋ ਜਦਕਿ ਮੈਂ ਸਿਰਫ਼ ਪੁਜਾਰੀਵਾਦ ਨੂੰ ਹਰਾਉਣਾ ਚਾਹੁੰਦਾ ਹਾਂ ਤੇ ਅਕਾਲ ਤਖ਼ਤ ਨੂੰ ਪੰਥਕ ਸ਼ਕਤੀ ਦਾ ਸਾਂਝਾ ਤੇ ਸੱਭ ਤੋਂ ਵੱਡਾ ਕੇਂਦਰ ਬਣਾਉਣਾ ਚਾਹੁੰਦਾ ਹਾਂ, ਪੁਜਾਰੀਆਂ ਦਾ ਨਹੀਂ, ਤੇ ਅਪਣੇ ਲਈ ਕੁੱਝ ਨਹੀਂ ਚਾਹੁੰਦਾ।''

ਇਸ ਦੇ ਬਾਵਜੂਦ, ਜਦ ਉਹ ਸੌਦਾ ਸਾਧ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਬਾਰੇ ਅੜ ਹੀ ਗਏ ਤਾਂ ਮੈਂ ਬੇਬਾਕ ਹੋ ਕੇ ਕਹਿ ਦਿਤਾ, ''ਜੇ ਤੁਹਾਡੇ ਗੁਰੂ ਨੂੰ ਮੇਰੇ ਨਾਲ ਮੁਲਾਕਾਤ ਏਨੀ ਫ਼ਾਇਦੇਮੰਦ ਲਗਦੀ ਹੈ ਤਾਂ ਉਨ੍ਹਾਂ ਨੂੰ ਕਹੋ, ਮੈਨੂੰ ਆ ਕੇ ਮਿਲ ਜਾਣ। ਮੈਂ ਆਪ ਕਿਸੇ ਨੂੰ ਮਿਲਣ ਲਈ ਕਦੇ ਨਹੀਂ ਗਿਆ ਪਰ ਜੋ ਚਲ ਕੇ ਆ ਜਾਵੇ, ਉਸ ਨੂੰ 'ਜੀਅ ਆਇਆਂ' ਕਹਿ ਦੇਂਦਾ ਹਾਂ।'' ਇਸ ਮਗਰੋਂ ਫਿਰ ਉਹ ਕਦੇ ਨਾ ਆਏ। 

ਅਦਾਲਤੀ ਕੇਸ

ਉਸ ਮਗਰੋਂ ਸੌਦਾ ਸਾਧ ਨੇ ਵੀ, ਬਾਦਲਾਂ ਵਾਂਗ, ਮੇਰੇ ਵਿਰੁਧ ਅਦਾਲਤੀ ਕੇਸ ਪਵਾ ਕੇ ਮੈਨੂੰ ਡਰਾਉਣਾ ਸ਼ੁਰੂ ਕੀਤਾ। ਉਨ੍ਹਾਂ ਦਾ ਦੋਸ਼ ਇਹ ਸੀ ਕਿ ''ਸਪੋਕਸਮੈਨ ਸਾਡੇ ਗੁਰੂ (ਸੌਦਾ ਸਾਧ) ਦਾ ਅਪਮਾਨ ਕਰਦਾ ਹੈ।'' ਇਹ ਕੇਸ 7-8 ਸਾਲ ਕੁਰੂਕੁਸ਼ੇਤਰ ਵਿਚ ਚਲਦਾ ਰਿਹਾ ਜਿਸ ਮਗਰੋਂ ਅਦਾਲਤ ਨੇ ਫ਼ੈਸਲਾ ਉਨ੍ਹਾਂ ਦੇ ਵਿਰੁਧ ਦੇ ਦਿਤਾ। ਇਸ ਫ਼ੈਸਲੇ ਵਿਰੁਧ ਉਨ੍ਹਾਂ ਨੇ ਅਪੀਲ ਦਾਖ਼ਲ ਕੀਤੀ ਹੋਈ ਹੈ। 

ਮੇਰੇ ਪੰਥਕ ਵਿਰੋਧੀ ਤੇ ਸੌਦਾ ਸਾਧ

ਮੇਰੇ ਜਿਹੜੇ ਵਿਰੋਧੀ, ਅਕਾਲ ਤਖ਼ਤ ਦਾ ਨਾਂ ਵਰਤ ਕੇ, ਮੇਰੇ ਵਿਰੁਧ ਪ੍ਰਚਾਰ ਕਰਦੇ ਰਹਿੰਦੇ ਹਨ, ਹੁਣ ਜ਼ਰਾ ਉਨ੍ਹਾਂ ਦਾ ਹਾਲ ਵੀ ਵੇਖ ਲਉ। ਇਹ ਸਾਰੇ ਹੀ ਸੌਦਾ ਸਾਧ ਦੇ ਡੇਰੇ ਦੇ ਚੱਕਰ ਉਸ ਵੇਲੇ ਕਟਦੇ ਰਹੇ ਜਿਸ ਵੇਲੇ ਸਿੱਖ ਇਸ ਸਾਧ ਵਿਰੁਧ ਸੜਕਾਂ ਤੇ ਆ ਕੇ ਲੜ ਰਹੇ ਸਨ। ਇਹ ਬਾਬੇ ਕੋਲ ਜਾਂਦੇ ਸਨ ਤਾਂ ਬਾਬਾ ਉੱਚੀ ਥਾਂ ਤੇ ਬੈਠਦਾ ਸੀ ਤੇ ਇਹ ਨੀਵੀਂ ਥਾਂ ਤੇ ਬੈਠ ਕੇ ਉਸ ਨਾਲ ਗ਼ੁਲਾਮਾਂ ਵਾਂਗ ਗੱਲ ਕਰਦੇ ਸਨ, ਵੋਟਾਂ ਲਈ ਲੇਲ੍ਹੜੀਆਂ ਕਢਦੇ ਸਨ ਤੇ ਉਹ ਅਪਣੇ 'ਹੁਕਮਨਾਮੇ' ਇਨ੍ਹਾਂ ਨੂੰ ਸੁਣਾਉਂਦਾ ਸੀ।

ਇਨ੍ਹਾਂ 'ਪੰਥਕਾਂ' ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਸਰਪ੍ਰਸਤ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸਮੇਤ ਕਈ ਅਕਾਲੀ ਐਮ.ਐਲ.ਏ. ਅਤੇ ਮੈਂਬਰ ਸ਼੍ਰੋਮਣੀ ਕਮੇਟੀ ਵੀ ਸਨ ਜਿਨ੍ਹਾਂ ਨੂੰ ਬਾਅਦ ਵਿਚ ਅਕਾਲ ਤਖ਼ਤ ਵਲੋਂ 'ਤਨਖ਼ਾਹ ਵੀ ਲਗਾਈ ਗਈ। ਅਕਾਲ ਤਖ਼ਤ ਵਾਲੇ 'ਜਥੇਦਾਰ' ਵੀ ਅਪਣੇ ਮਾਲਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਸੌਦਾ ਸਾਧ ਨੂੰ ਬਚਾਉਣ ਲਈ ਯਤਨ ਕਰਦੇ ਰਹੇ, ਉਸ ਦਾ ਪਤਾ, ਹਰ ਕਿਸੇ ਨੂੰ ਲੱਗ ਗਿਆ ਹੈ, ਭਾਵੇਂ ਕਿ ਅਜਿਹਾ ਕਰਦੇ ਹੋਏ ਉਹ, ਅਪਣੇ ਆਪ ਲਈ ਵੀ, ਇਕ ਵਾਰ ਫਿਰ ਤੋਂ ਵੱਡੀ ਬਦਨਾਮੀ ਖੱਟ ਗਏ।

ਦੂਜੇ ਪਾਸੇ ਬਾਬੇ ਵਲੋਂ ਦੋਸਤੀ ਦੀ ਪੇਸ਼ਕਸ਼ ਦਾ ਜੋ ਜਵਾਬ ਸਪੋਕਸਮੈਨ ਨੇ ਦਿਤਾ, ਉਸ ਦਾ ਟਾਕਰਾ ਅਪਣੇ ਕਿਰਦਾਰ ਨਾਲ ਕਰ ਕੇ ਦੱਸਣ, 'ਪੰਥਕ' ਹੋਣ ਦਾ ਝੂਠਾ ਰੌਲਾ ਕਿਧਰ ਹੈ ਤੇ ਪੰਥ ਦੀ ਸੱਚੀ ਸਪਿਰਿਟ ਕਿਧਰ ਹੈ? ਪੰਥ ਦੇ 'ਲੀਡਰਾਂ' ਤੇ ਜਥੇਦਾਰਾਂ ਨੂੰ ਤਾਂ ਏਨਾ 'ਸ਼ਾਕ' ਲੱਗਾ ਹੈ ਕਿ ਉਨ੍ਹਾਂ ਨੇ ਅੱਜ ਤਕ ਸੌਦਾ ਸਾਧ ਵਿਰੁਧ ਅਦਾਲਤੀ ਫ਼ੈਸਲੇ ਦਾ ਸਵਾਗਤ ਕਰਨ ਲਈ ਇਕ ਬਿਆਨ ਵੀ ਜਾਰੀ ਨਹੀਂ ਕੀਤਾ ਕਿਉਂਕਿ ਉਹ ਅਜੇ ਵੀ 'ਪ੍ਰੇਮੀਆਂ' ਦੀਆਂ ਵੋਟਾਂ ਵਲ ਵੇਖ ਰਹੇ ਹਨ।