ਸਿੱਖਾਂ ਨੂੰ ਕੀ ਦੇਂਦਾ ਸੀ ਅੰਗਰੇਜ਼ ਤੇ ਸਿੱਖ ਲੀਡਰਾਂ ਨੇ ਕੀ ਨਾ ਲਿਆ ? (6)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਆਜ਼ਾਦ ਹਿੰਦੁਸਤਾਨ ਵਿਚ ਸ. ਕਪੂਰ ਸਿੰਘ ਨੂੰ ਉੱਚ ਸਰਕਾਰੀ ਨੌਕਰੀ 'ਚੋਂ ਕੱਢ ਦਿਤਾ ਗਿਆ ਸੀ ਤੇ ਅਕਾਲੀ ਲੀਡਰ, ਸਿੱਖ ਪ੍ਰੈੱਸ ਇਹ ਪ੍ਰਚਾਰ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ

S. Kapur Singh

 

ਸ. ਕਪੂਰ ਸਿੰਘ ਆਈ.ਸੀ.ਐਸ. ਦੀ ਪੁਸਤਕ ‘ਸਾਚੀ ਸਾਖੀ’ ਵਿਚ ਸੱਭ ਤੋਂ ਹੈਰਾਨੀਜਨਕ ਗੱਲ ਇਹ ਵੇਖੀ ਗਈ ਕਿ ਉਹ ਸਾਰੇ ਸਿੱਖ ਲੀਡਰ ਜਿਹੜੇ ਆਜ਼ਾਦੀ ਮਗਰੋਂ ਵੀ ਸਿੱਖਾਂ ਲਈ ਵਿਸ਼ੇਸ਼ ਸੰਵਿਧਾਨਕ ਅਧਿਕਾਰ ਮੰਗਦੇ ਸਨ, ਉਨ੍ਹਾਂ ਵਿਚੋਂ ਕਿਸੇ ਬਾਰੇ ਭੁੱਲ ਕੇ ਵੀ ਕੋਈ ਚੰਗਾ ਸ਼ਬਦ ਨਹੀਂ ਲਿਖਿਆ। ਚੰਗਾ ਤਾਂ ਕੀ ਲਿਖਣਾ ਸੀ, ਸਗੋਂ ਉਨ੍ਹਾਂ ਦੀ ਜਹੀ ਤਹੀ ਕਰਨ ਅਤੇ ਉਨ੍ਹਾਂ ਨੂੰ ‘ਮੂਰਖ’ ਕਹਿਣ ਲਗਿਆਂ ਵੀ ਜ਼ਰਾ ਝਿਜਕ ਨਹੀਂ ਵਿਖਾਈ ਤੇ ਉਨ੍ਹਾਂ ਵਿਰੁਧ ਉਹ ਦੋਸ਼ ਦੋਹਰਾਏ ਗਏ ਹਨ ਜੋ ਭਾਰਤੀ ਖ਼ੁਫ਼ੀਆ ਏਜੰਸੀਆਂ, ਲਿਖ ਕੇ ਨਹੀਂ, ਕਾਨਾਫੂਸੀ ਕਰ ਕਰ ਕੇ, ਸਿੱਖ ਆਗੂਆਂ ਨੂੰ ਆਜ਼ਾਦ ਭਾਰਤ ਵਿਚ ਬਦਨਾਮ ਕਰਨ ਲਈ ਫੈਲਾਉਂਦੀਆਂ ਫਿਰਦੀਆਂ ਸਨ ਕਿਉਂਕਿ ਉਹ ਦਿੱਲੀ ਦੇ ਨਵੇਂ ਹਾਕਮਾਂ ਨੂੰ ਇਹ ਕਹਿ ਕੇ ‘ਤੰਗ’ ਕਰਦੇ ਸਨ ਕਿ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਲਾਗੂ ਕਰਨ।

ਚਲੋ ਖ਼ੁਫ਼ੀਆ ਏਜੰਸੀਆਂ ਤਾਂ ਇਸ ਤਰ੍ਹਾਂ ਕਾਨਫੂਸੀ ਕਰ ਕੇ ਬੇ-ਸਿਰ ਪੈਰ ਦੇ ਝੂਠ ਫੈਲਾਉਦੀਆਂ ਹੀ ਹਨ, ਪਰ ਜਦ ਕੋਈ ਕਪੂਰ ਸਿੰਘ ਵਰਗਾ ਆਈ.ਸੀ.ਐਸ ਅਫ਼ਸਰ ਰਹਿ ਚੁੱਕਾ ਤੇ ਵਿਦਵਾਨ ਕਰ ਕੇ ਮੰਨਿਆ ਜਾਂਦਾ ਲੇਖਕ ਇਨ੍ਹਾਂ ‘ਕਾਨਾਫੂਸੀਆਂ’ ਅਰਥਾਤ ਸੁਣੀਆਂ ਸੁਣਾਈਆਂ ਗੱਲਾਂ ਨੂੰ ਕਿਤਾਬੀ ਸ਼ਕਲ ਦੇਣ ਲਗਦਾ ਹੈ ਤਾਂ ਉਸ ਨੂੰ ਇਹ ਹੱਕ ਨਹੀਂ ਮਿਲ ਜਾਂਦਾ ਕਿ ਜਿਹੜੀ ਗੱਲ ਦਾ ਉਸ ਕੋਲ ਸਬੂਤ ਹੀ ਕੋਈ ਨਹੀਂ, ਉਸ ਨੂੰ ਉਹ ਏਧਰੋਂ ਔਧਰੋਂ ਸੁਣ ਸੁਣਾ ਕੇ ਹੀ ਕਿਤਾਬ ਵਿਚ ਦਰਜ ਕਰ ਦੇਵੇ। ਅਜਿਹੀ ਕਿਤਾਬ ਨੂੰ ਬਹੁਤ ਨੀਵੇਂ ਪੱਧਰ ਦੀ ਕਿਤਾਬ ਮੰਨਿਆ ਜਾਂਦਾ ਹੈ। ਪਰ ਕਿਸੇ ਸਿੱਖ ਨੇ ਇਸ ਬਾਰੇ ਇਤਰਾਜ਼ ਕਿਉਂ ਨਾ ਕੀਤਾ ਤੇ ‘ਪੰਥਕ’ ਲੋਕਾਂ ਨੇ ਇਸ ਕਿਤਾਬ ਨੂੰ ਸਿਰ ਉਤੇ ਕਿਉਂ ਚੁੱਕ ਲਿਆ?

ਕਾਰਨ ਸਾਫ਼ ਹੈ ਕਿ ਆਜ਼ਾਦ ਹਿੰਦੁਸਤਾਨ ਵਿਚ ਸ. ਕਪੂਰ ਸਿੰਘ ਨੂੰ ਉੱਚ ਸਰਕਾਰੀ ਨੌਕਰੀ ਵਿਚੋਂ ਕੱਢ ਦਿਤਾ ਗਿਆ ਸੀ ਤੇ ਅਕਾਲੀ ਲੀਡਰ, ਸਿੱਖ ਪ੍ਰੈੱਸ ਇਹ ਪ੍ਰਚਾਰ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ ਕਿ ਕਪੂਰ ਸਿੰਘ ਨਾਲ ਇਕ ਚੰਗਾ ਸਿੱਖ ਹੋਣ ਕਰ ਕੇ, ਧੱਕਾ ਕੀਤਾ ਗਿਆ ਸੀ। ਲੋਕ ਚਾਹੁੰਦੇ ਸਨ ਕਿ ਸ. ਕਪੂਰ ਸਿੰਘ ਆਈ.ਸੀ.ਐਸ. ਖ਼ੁਦ ਇਹ ਸਾਰੀ ਵਿਥਿਆ ਬਿਆਨ ਕਰਨ। ਸੋ ਕਿਤਾਬ ਦਾ ਅਸਲ ਮਕਸਦ ਤਾਂ ਏਨਾ ਹੀ ਸੀ ਕਿ ਨੌਕਰੀ ਵਿਚੋਂ ਕੱਢਣ ਦਾ ਸਾਰਾ ਵੇਰਵਾ ਉਨ੍ਹਾਂ ਕੋਲੋਂ ਹੀ ਸੁਣਿਆ ਜਾਵੇ। ਇਸ ‘ਬਰਖ਼ਾਸਤਗੀ’ ਨੂੰ ਲੈ ਕੇ ਸਿੱਖ ਜਨਤਾ ਉਨ੍ਹਾਂ ਪ੍ਰਤੀ ਭਾਵੁਕ ਹੋਈ ਸੀ ਤੇ ਅਕਾਲੀ ਲੀਡਰਾਂ, ਸਿੱਖ ਪ੍ਰੈੱਸ ਨੇ ਹੀ ਇਹ ਭਾਵੁਕਤਾ ਦਾ ਮਾਹੌਲ ਪੈਦਾ ਕੀਤਾ ਸੀ। ਇਸੇ ਭਾਵੁਕਤਾ ਦੇ ਅਸਰ ਹੇਠ ਸਾਰੇ ਚੁੱਪ ਰਹੇ ਕਿ ਇਕ ਨੌਕਰੀਉਂ ਕੱਢੇ ਦੁਖੀ ਸਿੱਖ ਨੂੰ ਅਜੇ ਕੁੱਝ ਨਾ ਕਿਹਾ ਜਾਏ ਤੇ ਉਸ ਦੀਆਂ ਗ਼ਲਤ ਗੱਲਾਂ ਨੂੰ ਵੀ ਹਾਲ ਦੀ ਘੜੀ ਬਰਦਾਸ਼ਤ ਕਰ ਲਿਆ ਜਾਵੇ।

ਸ. ਕਪੂਰ ਸਿੰਘ ਨੇ ‘ਸਾਚੀ ਸਾਖੀ’ ਵਿਚ ਅਪਣੀ ਕਹਾਣੀ ਸੁਣਾਉਣ ਦੇ ਨਾਲ ਨਾਲ ਕੁੱਝ ਇਤਿਹਾਸਕ ਮਸਾਲਾ ਲਾ ਕੇ ਅਤੇ ਪੰਜਾਬ ਵੰਡ (1947) ਨੂੰ ਲੈ ਕੇ ਅਪਣੇ ਅੰਗਰੇਜ਼-ਪੱਖੀ ਸਟੈਂਡ ਨੂੰ ਬਿਆਨ ਕਰਨਾ ਵੀ ਜ਼ਰੂਰੀ ਸਮਝਿਆ ਤੇ ਉਨ੍ਹਾਂ ਲੀਡਰਾਂ ਵਿਰੁਧ ਹੀ ਕਿਤਾਬ ਵਿਚ ਡਾਂਗ ਚੁੱਕ ਲਈ ਜਿਨ੍ਹਾਂ ਨੇ ਸ. ਕਪੂਰ ਸਿੰਘ ਦੀ ਬਰਖ਼ਾਸਤਗੀ ਵਿਰੁਧ ਜ਼ੋਰਦਾਰ ਆਵਾਜ਼ ਉਠਾਈ ਸੀ ਤੇ ਲੋਕਾਂ ਅੰਦਰ ਉਨ੍ਹਾਂ ਪ੍ਰਤੀ ਹਮਦਰਦੀ ਦਾ ਅਥਾਹ ਜਜ਼ਬਾ ਪੈਦਾ ਕੀਤਾ ਸੀ। ਸ. ਕਪੂਰ ਸਿੰਘ ਨੇ ਅਜਿਹਾ ਕਿਉਂ ਕੀਤਾ, ਇਹ ਇਤਿਹਾਸ ਦਾ ਬੜਾ ਮਹੱਤਵਪੂਰਨ ਪ੍ਰਸ਼ਨ ਹੈ ਜਿਸ ਵਲ ਬਹੁਤ ਘੱਟ ਧਿਆਨ ਦਿਤਾ ਗਿਆ ਹੈ।

ਪੂਰੀ ਗੱਲ ਸਮਝਣ ਲਈ ਜ਼ਰਾ 4 ਵੱਡੇ ਸਿੱਖ ਲੀਡਰਾਂ ਉਤੇ ਖ਼ੁਫ਼ੀਆ ਏਜੰਸੀਆਂ ਵਲੋਂ ਸਪਲਾਈ ਕੀਤੇ ਗਏ ਗੋਲਾ ਬਾਰੂਦ ਨਾਲ ਜੋ ਹਮਲੇ ਸ. ਕਪੂਰ ਸਿੰਘ ਨੇ ਕੀਤੇ, ਉਨ੍ਹਾਂ ਦੀ ਸੰਖੇਪ ਜਾਣਕਾਰੀ ਲੈ ਲਈਏ। ਇਹ 4 ਲੀਡਰ ਸਨ: ਸ. ਬਲਦੇਵ ਸਿੰਘ, ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਮਾ. ਤਾਰਾ ਸਿੰਘ। ਇਨ੍ਹਾਂ ਸਾਰਿਆਂ ਤੋਂ ਆਜ਼ਾਦ ਭਾਰਤ ਦੀ ਕੇਂਦਰ ਸਰਕਾਰ ਬਹੁਤ ਦੁਖੀ ਸੀ, ਪਾਕਿਸਤਾਨ ਵਿਚ ਮੁਸਲਿਮ ਲੀਗ ਤੇ ਜਿਨਾਹ ਦੁਖੀ ਸਨ ਤੇ ਅੰਗਰੇਜ਼ ਇਸ ਕਰ ਕੇ ਦੁਖੀ ਸਨ ਕਿ ਇਹ ਸਾਰੇ, ਅੰਗਰੇਜ਼ ਦੀ ਗੱਲ ਮੰਨ ਕੇ ਸਾਰਾ ਪੰਜਾਬ (ਗੁੜਗਾਉਂ ਤਕ) ਪਾਕਿਸਤਾਨ ਵਿਚ ਸ਼ਾਮਲ ਕਰਨ ਦੀ ਸਲਾਹ ਕਿਉਂ ਨਹੀਂ ਸੀ ਮੰਨੇ? ਸ਼ੁਰੂਆਤ ਸ. ਬਲਦੇਵ ਸਿੰਘ ਤੋਂ ਹੀ ਕਰਦੇ ਹਾਂ।

(1) ਬਲਦੇਵ ਸਿੰਘ 

ਸ. ਬਲਦੇਵ ਸਿੰਘ, ਆਜ਼ਾਦ ਭਾਰਤ ਦੇ ਪਹਿਲੇ ਡੀਫ਼ੈਂਸ ਮਨਿਸਟਰ ਸਨ ਤੇ ਸ. ਕਪੂਰ ਸਿੰਘ ਦਾ ਕਹਿਣਾ ਹੈ ਕਿ ਉਹ ਜਦ ਇੰਗਲੈਂਡ ਵਿਚ 2 ਦਸੰਬਰ 1946 ਨੂੰ ਸਾਰੀਆਂ ਧਿਰਾਂ ਦੇ ਲੀਡਰਾਂ ਨਾਲ ਗਏ ਤਾਂ ਮੀਟਿੰਗ ਤੋਂ ਬਾਅਦ ਅੰਗਰੇਜ਼ ਨੇ ਸ. ਬਲਦੇਵ ਸਿੰਘ ਨੂੰ ਕਿਹਾ ਕਿ ਉਹ ਅਗਰ ਇਕ ਦਿਨ ਲਈ ਰੁਕ ਜਾਣ ਤਾਂ ਭਾਰਤ ਵਿਚ ਸਿੱਖਾਂ ਨੂੰ ਕੁੱਝ ਦੇਣ ਬਾਰੇ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ। ਸ. ਬਲਦੇਵ ਸਿੰਘ ਨੇ ਇਹ ਗੱਲ ਨਹਿਰੂ ਜੀ ਨੂੰ ਜਾ ਦੱਸੀ ਤੇ 7 ਦਸੰਬਰ 1946 ਨੂੰ ਵਾਪਸੀ ਜਹਾਜ਼ ਤੇ ਚੜ੍ਹਨ ਸਮੇਂ ਨਹਿਰੂ ਨੇ ਪਹਿਲਾਂ ਬਲਦੇਵ ਸਿੰਘ ਨੂੰ ਹਵਾਈ ਜਹਾਜ਼ ਵਿਚ ਬਿਠਾਇਆ ਤੇ ਅਖ਼ੀਰ ਤੇ ਆਪ ਅੰਦਰ ਗਏ ਤਾਕਿ ਬਲਦੇਵ ਸਿੰਘ ਖਿਸਕ ਕੇ ਅੰਗਰੇਜ਼ ਕੋਲ ਨਾ ਚਲੇ ਜਾਣ। 

ਸ. ਕਪੂਰ ਸਿੰਘ ਨੂੰ ਇਹ ਗੱਲ ਕਿਸ ਨੇ ਦੱਸੀ? ਉਹ ਕੁੁੱਝ ਨਹੀਂ ਦਸਦੇ। ਉਨ੍ਹਾਂ ਕੋਲ ਸਬੂਤ ਵੀ ਕੋਈ ਨਹੀਂ। ਕੋਈ ਰੀਕਾਰਡ ਜਾਂ ਅਖ਼ਬਾਰੀ ਖ਼ਬਰ ਵੀ ਨਹੀਂ ਮਿਲਦੀ ਕਿ ਸ. ਬਲਦੇਵ ਸਿੰਘ ਨੂੰ ਰੁਕਣ ਜਾਂ ਸਿੱਖਾਂ ਨੂੰ ‘ਕੁੱਝ ਦੇਣ’ ਬਾਰੇ ਕੋਈ ਗੱਲ ਵੀ ਹੋਈ ਸੀ। 

ਹਕੀਕਤ ਕੀ ਹੈ? 

ਸ. ਬਲਦੇਵ ਸਿੰਘ ਨੇ ਆਪ ਜੋ ਦਸਿਆ, ਉਹ ਇਹ ਸੀ ਕਿ ਕਿਸੇ ਅੰਗਰੇਜ਼ ਨੇ ਸ. ਬਲਦੇਵ ਸਿੰਘ ਨੂੰ ਰੁਕਣ ਲਈ ਜਾਂ ਸਿੱਖਾਂ ਨੂੰ ਕੁੱਝ ਦੇਣ ਬਾਰੇ ਨਹੀਂ ਸੀ ਕਿਹਾ। ਉਨ੍ਹਾਂ ਕੇਵਲ ਰਸਮੀ ਜਹੀ ਗੱਲ ਕੀਤੀ ਸੀ ਕਿ ਜੇ ਉਹ ਪਕਿਸਤਾਨ ਮੁਸਲਿਮ ਲੀਗ ਨਾਲ ਕੁੱਝ ਲੈ  ਦੇ ਕੇ ਸਮਝੌਤਾ ਕਰਨਾ ਚਾਹੁਣ ਤਾਂ ਉਨ੍ਹਾਂ ਦੀ ਲੰਡਨ ਵਿਚ ਮੀਟਿੰਗ ਕਰਵਾਈ ਜਾ ਸਕਦੀ ਹੈ। ਸ. ਬਲਦੇਵ ਸਿੰਘ ਨੇ ਜਵਾਬ ਦਿਤਾ ਕਿ ‘‘ਅਜਿਹੀ ਗੱਲ ਉਹ (ਲੀਗ ਲੀਡਰ) ਅੰਮ੍ਰਿਤਸਰ ਵਿਚ ਅਕਾਲੀ ਲੀਡਰਾਂ ਨਾਲ ਕਰਨ, ਮੈਨੂੰ ਕਿਸੇ ਮੁਸਲਿਮ ਨੇਤਾ ਨਾਲ  ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਦਿਤਾ ਗਿਆ।’’ ਇਹੀ ਗੱਲ ਬਲਦੇਵ ਸਿੰਘ ਨੇ ਨਹਿਰੂ ਨੂੰ ਜਾ ਕਹੀ। ਸ. ਕਪੂਰ ਸਿੰਘ ਨੇ ਅਪਣੇ ਕੋਲੋਂ ਹੀ ਸਾਰੀ ਗੱਲ ਨੂੰ ਗ਼ਲਤ ਰੂਪ ਦੇ ਦਿਤਾ।

ਦੂਜੀ ਗੱਲ ਇਹ ਹੈ ਕਿ ਜੇ ਅੰਗਰੇਜ਼ ਨੇ ‘ਕੁੱਝ ਦੇਣਾ’ ਹੀ ਹੁੰਦਾ ਤਾਂ ਪਹਿਲਾਂ ਹੋਏ ਫ਼ੈਸਲੇ ਅਨੁਸਾਰ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਅਕਾਲੀ ਲੀਡਰਾਂ ਨਾਲ ਗੱਲ ਕਰਦੇ। ਸ਼ੁਰੂ ਤੋਂ ਅਖ਼ੀਰ ਤਕ ਇਸੇ ਅੰਗਰੇਜ਼ ਡਿਪਟੀ ਕਮਿਸ਼ਨਰ ਰਾਹੀਂ ਹੀ ਸਾਰੀ ਗੱਲਬਾਤ ਅਕਾਲੀ ਲੀਡਰਾਂ ਨਾਲ ਕੀਤੀ ਗਈ। ਇਸ ਅੰਗਰੇਜ਼ ਅਫ਼ਸਰ ਉਤੇ ਸਿੱਖ ਲੀਡਰਾਂ ਦਾ ਭਰੋਸਾ ਵੀ ਅਖ਼ੀਰ ਤਕ ਬਣਿਆ ਰਿਹਾ ਸੀ। ਇਸ ਅੰਗਰੇਜ਼ ਨੇ ਪਾਰਟੀਸ਼ਨ ਤੇ ਇਕ ਕਿਤਾਬ ਵੀ ਲਿਖੀ ਹੈ ਜਿਸ ਵਿਚ ਸ. ਕਪੂਰ ਸਿੰਘ ਦੇ ਕਿਸੇ ਵੀ ਦਾਅਵੇ ਦੀ ਹਮਾਇਤ ਵਿਚ ਇਕ ਲਫ਼ਜ਼ ਵੀ ਨਹੀਂ ਮਿਲਦਾ। ਕਹਾਣੀ ਪੂਰੀ ਤਰ੍ਹਾਂ ਮਨਘੜਤ ਹੈ ਤੇ ਖ਼ੁਫ਼ੀਆ ਏਜੰਸੀਆਂ ਵਲੋਂ ਹੀ ਫੈਲਾਈ ਗਈ ਸੀ।

ਸ. ਬਲਦੇਵ ਸਿੰਘ ਵਿਰੁਧ ਸ. ਕਪੂਰ ਸਿੰਘ ਨੇ ਹੋਰ ਵੀ ਕਈ ਨਿਜੀ ਤੇ ਨਾਜਾਇਜ਼ ਹਮਲੇ ਕਰ ਕੇ ਮਨ ਦੀ ਭੜਾਸ ਕੱਢੀ ਹੈ ਪਰ ਉਸ ਭੜਾਸ ਦਾ ਪੰਜਾਬ ਦੀ ਵੰਡ ਨਾਲ ਕੋਈ ਸਬੰਧ ਨਹੀਂ। ਕਿਉਂ ਉਹ ਐਨਾ ਜ਼ਹਿਰ ਸ. ਬਲਦੇਵ ਸਿੰਘ ਵਿਰੁਧ ਮਨ ਵਿਚ ਪਾਲੀ ਬੈਠੇ ਸਨ? ਸਾਰੇ ਹੀ ਚਾਰ ਸਿੱਖ ਲੀਡਰਾਂ ਨੂੰ ਉਨ੍ਹਾਂ ਨੇ ਅਪਣੀ ਕਲਮੀ ‘ਲੱਠਬਾਜ਼ੀ’ ਦਾ ਬੁਰੀ ਤਰ੍ਹਾਂ ਸ਼ਿਕਾਰ ਬਣਾਇਆ ਹੈ ਪਰ ਠੋਸ ਸਬੂਤ ਕਿਸੇ ਵਿਰੁਧ ਵੀ ‘ਸਾਚੀ ਸਾਖੀ’ ਵਿਚ ਨਹੀਂ ਦਿਤਾ। ਕਪੂਰ ਸਿੰਘ ਨੇ ਏਨਾ ਗੁੱਸਾ ਚਾਰਾਂ ਲੀਡਰਾਂ ਵਿਰੁਧ ਕਿਉਂ ਝਾੜਿਆ, ਇਸ ਦਾ ਪਤਾ ਅਖ਼ੀਰ ਤੇ ਜਾ ਕੇ ਲੱਗੇਗਾ ਤੇ ਥੋੜੀ ਇੰਤਜ਼ਾਰ ਕਰਨੀ ਪਵੇਗੀ। ਬਾਕੀ ਅਗਲੇ ਐਤਵਾਰ। (ਚਲਦਾ)

-ਜੋਗਿੰਦਰ ਸਿੰਘ