ਏਨੀਆਂ ‘ਪੰਥਕ’ ਸੰਸਥਾਵਾਂ ਤੇ ਜਥੇਬੰਦੀਆਂ ਕਿਸ ਕੰਮ ਦੀਆਂ ਜੇ ਗੁਰੂਆਂ ਦਾ ਅਪਮਾਨ ਕਰਨ ਵਾਲਿਆਂ ਵਿਰੁਧ ਸਾਧਾਰਣ ਸਿੱਖਾਂ ਨੂੰ ਇਕੱਲਿਆਂ ਹੀ ...
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਜਥੇਬੰਦੀਆਂ ਤੇ ਸੰਸਥਾਵਾਂ ਇਸ ਲਈ ਬਣਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਮਾਇਆ ਵੀ ਪੰਡਾਂ ਵਿਚ ਦਿਤੀ ਜਾਂਦੀ ਹੈ ਕਿ ਕਿਸੇ ਵੀ ਔਖ-ਸੌਖ ਵੇਲੇ....
ਜਥੇਬੰਦੀਆਂ ਤੇ ਸੰਸਥਾਵਾਂ ਇਸ ਲਈ ਬਣਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਮਾਇਆ ਵੀ ਪੰਡਾਂ ਵਿਚ ਦਿਤੀ ਜਾਂਦੀ ਹੈ ਕਿ ਕਿਸੇ ਵੀ ਔਖ-ਸੌਖ ਵੇਲੇ ਉਹ ਅਪਣੀ ਪੂਰੀ ਤਾਕਤ ਲਾ ਕੇ ਹਰ ਜ਼ਿਆਦਤੀ, ਧੱਕੇ ਅਤੇ ਰੌਲੇ ਦਾ ਮੁਕਾਬਲਾ ਕਰ ਕੇ ਅਪਣੇ ਲੋਕਾਂ ਨੂੰ ਇਨਸਾਫ਼ ਲੈ ਦੇਣ ਤੇ ਇਕੱਲੇ ਇਕੱਲੇ ਵਿਅਕਤੀ ਨੂੰ ਅੰਦੋਲਨ ਨਾ ਕਰਨਾ ਪਵੇ।
ਸਿੱਖਾਂ ਨੂੰ ਸੌਦਾ ਸਾਧ ਤੋਂ ਲੈ ਕੇ ਪੰਜਾਬ ਸਕੂਲ ਸਿਖਿਆ ਬੋਰਡ ਤਕ ਕਈਆਂ ਹੱਥੋਂ ਅਪਮਾਨਤ ਹੋਣਾ ਪਿਆ ਤੇ ਅਪਮਾਨ ਦੀ ਇਸ ਖੇਡ ਵਿਚ ਸਿਰਫ਼ ਸਿੱਖਾਂ ਨੂੰ ਹੀ ਨਿਸ਼ਾਨਾ ਨਾ ਬਣਾਇਆ ਗਿਆ ਸਗੋਂ ਸਿੱਖ ਗੁਰੂਆਂ, ਸਿੱਖ ਇਤਿਹਾਸ, ਸਿੱਖ ਫ਼ਲਸਫ਼ੇ ਅਤੇ ਸਿੱਖ ਹਸਤੀਆਂ ਸੱਭ ਨੂੰ ਲਪੇਟ ਲਿਆ ਜਾਂਦਾ ਰਿਹਾ ਹੈ। ਪਰ ਹਰ ਵਾਰੀ ਪੰਥ ਦੀਆਂ ਪ੍ਰਤੀਨਿਧ ਜਥੇਬੰਦੀਆਂ ਨੇ ਪੰਥ ਦੀ ਆਵਾਜ਼ ਸੁਣੀ ਅਣਸੁਣੀ ਹੀ ਕਰ ਛੱਡੀ ਤੇ ਵਕਤ ਦੇ ਹਾਕਮਾਂ ਜਾਂ ਅਪਣੇ ‘ਮਾਲਕਾਂ’ ਦੇ ਇਸ਼ਾਰੇ ਮੁਤਾਬਕ ਹੀ ਪ੍ਰਤੀਕਰਮ ਦਿਤਾ, ਪੰਥ ਦੇ ਜ਼ਜ਼ਬਾਤ ਦੀ ਕਿਸੇ ਨੇ ਕਦੇ ਪ੍ਰਵਾਹ ਨਾ ਕੀਤੀ।
ਜੇ ਵਕਤ ਦੇ ਹਾਕਮਾਂ ਜਾਂ ਮਾਲਕਾਂ ਨੇ ਇਸ਼ਾਰਾ ਕੀਤਾ ਕਿ ਤਿੱਖੀ ਆਵਾਜ਼ ਵਿਚ ਬੋਲੋ ਤਾਂ ਪੰਥਕ ਜਥੇਬੰਦੀਆਂ ਨੇ ਆਸਮਾਨ ਵੀ ਸਿਰ ’ਤੇ ਚੁਕ ਲਿਆ ਤੇ ਜੇ ਉਪਰੋਂ ਹੁਕਮ ਆਇਆ ਕਿ ਇਕ ਦੋ ਬਿਆਨ ਜਾਰੀ ਕਰ ਕੇ ਮਾਮਲਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕਰੋ ਤਾਂ ਪੰਥ ਦੀ ਸਾਂਝੀ ਦੌਲਤ ਉਤੇ ਕਾਬਜ਼ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਨੇ ਸਿੱਖਾਂ ਨੂੰ ਮੂਰਖ ਬਣਾਉਣ ਤੋਂ ਵੱਧ ਕੁੱਝ ਨਾ ਕੀਤਾ। ਸਕੂਲ ਸਿਖਿਆ ਬੋਰਡ ਦੀ ਤਾਜ਼ਾ ਹਰਕਤ ਵਲ ਆਉਂਦੇ ਹਾਂ। 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਸਕੂਲੀ ਬੱਚਿਆਂ ਨੂੰ ਸਿੱਖਾਂ ਬਾਰੇ ਜੋ ਕੁੱਝ ਪੜ੍ਹਾਇਆ ਗਿਆ ਹੈ
ਉਸ ਦੀ ਇਕ ਮਿਸਾਲ ਇਹ ਹੈ ਕਿ ਦੁਨੀਆਂ ਦੇ ਇਤਿਹਾਸ ਵਿਚ ਧਰਮ ਦੀ ਆਜ਼ਾਦੀ ਲਈ ਪਹਿਲੀ ਵਾਰ ਆਪ ਜਾ ਕੇ ਸੀਸ ਦੇਣ ਵਾਲੇ ਗੁਰੂ ਨੂੰ ਡਾਕੂ, ਚੋਰ ਦਸਿਆ ਗਿਆ ਹੈ ਕਿਉਂਕਿ ਹਕੂਮਤ ਦੇ ਧੱਕੇ ਵਿਰੁਧ ਬੋਲਣ ਅਤੇ ਲੋਕਾਂ ਨੂੰ ਜਗਾਉਣ ਵਾਲੇ ਗੁਰੂ ਬਾਰੇ ਖ਼ੁਫ਼ੀਆ ਏਜੰਸੀਆਂ ਨੇ ਅਪਣੀਆਂ ਰੀਪੋਰਟਾਂ ਵਿਚ ਲਿਖ ਦਿਤਾ ਕਿ ਗੁਰੂ ਤੇਗ਼ ਬਹਾਦਰ ਡਾਕੇ ਮਾਰਨ ਤੇ ਚੋਰੀਆਂ ਕਰਨ ਦਾ ਕੰਮ ਕਰਦਾ ਹੈ। ਸਰਕਾਰ ਵਿਰੁਧ ਲੋਕਾਂ ਨੂੰ ਜਾਗ੍ਰਤ ਕਰਨ ਵਾਲੇ ਲੀਡਰਾਂ ਨੂੰ ਗ੍ਰਿਫ਼ਤਾਰ ਕਰਨ ਲਗਿਆਂ ਅੱਜ ਵੀ ਖ਼ੁਫ਼ੀਆ ਏਜੰਸੀਆਂ ਕੋਲੋਂ ਇਹੋ ਜਹੇ ਅਣਹੋਣੇ ਦੋਸ਼ ਹੀ ਲਗਵਾਏ ਜਾਂਦੇ ਹਨ ਤਾਕਿ ਅਦਾਲਤਾਂ ਕੋਲੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਈ ਜਾ ਸਕੇ। ਪਰ ਉਨ੍ਹਾਂ ਜ਼ਮਾਨਿਆਂ ਵਿਚ ਸਿੱਖ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਹੁੰਦੀਆਂ ਹੀ ਨਹੀਂ ਸਨ
ਇਸ ਲਈ ਹਰ ਵਿਅਕਤੀ ਨੂੰ ਅਪਣੇ ਨਾਲ ਹੋਏ ਅਨਿਆਂ ਵਿਰੁਧ ਆਪ ਹੀ ਲੜਨਾ ਤੇ ਸ਼ਹੀਦ ਹੋ ਜਾਣਾ ਪੈਂਦਾ ਸੀ। ਅੱਜ ਦੁਨੀਆਂ ਭਰ ਵਿਚ ਜਥੇਬੰਦੀਆਂ ਤੇ ਸੰਸਥਾਵਾਂ ਕਿਸੇ ਇਕ ਵਿਅਕਤੀ ਨਾਲ ਹੋਏ ਧੱਕੇ ਵਿਰੁਧ ਡਟ ਜਾਂਦੀਆਂ ਹਨ ਤੇ ਧੱਕਾ ਖ਼ਤਮ ਕਰਵਾ ਕੇ ਰਹਿੰਦੀਆਂ ਹਨ। ਪਰ ਸਿੱਖ ਜੋ ਇਸ ਪ੍ਰਥਾ ਦੇ ਮੋਢੀ ਸਨ, ਉਨ੍ਹਾਂ ਦਾ ਹਾਲ ਸੱਭ ਤੋਂ ਮਾੜਾ ਹੈ। ਗੁਰੂਆਂ ਦਾ ਜਿੰਨਾ ਮਰਜ਼ੀ ਕੋਈ ਅਪਮਾਨ ਕਰੀ ਜਾਵੇ, ਸਿੱਖ ਜਥੇਬੰਦੀਆਂ ਚੁੱਪ ਰਹਿੰਦੀਆਂ ਹਨ ਤੇ ਕੂੰਦੀਆਂ ਵੀ ਨਹੀਂ --- ਜਦ ਤਕ ਕਿ ਮਾਲਕਾਂ ਦਾ ਇਸ਼ਾਰਾ ਨਹੀਂ ਹੁੰਦਾ। ਅਕਾਲ ਤਖ਼ਤ ਤੇ ਬੈਠੇ ‘ਸਾਧ’ ਚੁੱਪ ਰਹਿੰਦੇ ਹਨ, ਸ਼੍ਰੋਮਣੀ ਕਮੇਟੀ ਚੁੱਪ ਰਹਿੰਦੀ ਹੈ ਤੇ ਬਾਕੀ ਸਿੱਖ ‘ਜਥੇਬੰਦੀਆਂ’ ਵੀ ਉਨ੍ਹਾਂ ਵਲ ਵੇਖ ਕੇ ਹੀ ਬੋਲਦੀਆਂ ਹਨ
ਕਿਉਂਕਿ ਮਾਇਆ ਦੀ ਮਦਦ ਤਾਂ ਉਨ੍ਹਾਂ ਦੀ ਸਵੱਲੀ ਨਜ਼ਰ ਪ੍ਰਾਪਤ ਹੋਣ ਵਾਲਿਆਂ ਨੂੰ ਹੀ ਮਿਲਦੀ ਹੈ। ਮੈਂ ਗੱਲ ਸਿੱਧੀ ਕਰਾਂ ਤਾਂ ਪੰਜਾਬ ਸਕੂਲ ਸਿਖਿਆ ਬੋਰਡ ਦੀ ਕਿਤਾਬ ਵਿਚ ਗੁਰੂਆਂ ਤੇ ਸਿੱਖ ਫ਼ਲਸਫ਼ੇ ਦਾ ਅਪਮਾਨ ਕਰਨ ਦਾ ਦੁੱਖ ਅਖੌਤੀ ‘ਪੰਥਕ’ ਜਥੇਬੰਦੀਆਂ ਤੇ ਅਕਾਲ ਤਖ਼ਤ ਵਾਲਿਆਂ ਨੂੰ ਕਿਉਂ ਨਹੀਂ ਹੋਇਆ? ਉਹਨਾਂ ਮਾਮਲਾ ਅਪਣੇ ਹੱਥ ਵਿਚ ਕਿਉਂ ਨਹੀਂ ਲੈ ਲਿਆ? ਅੰਦੋਲਨ ਕਰ ਕੇ ਸੜਕ ਉਤੇ ਬੈਠੇ ਸਿੱਖਾਂ ਦੇ ਹੱਕ ਵਿਚ ਉਹ ਕਿਉਂ ਨਹੀਂ ਉਤਰੇ? ਬੋਰਡ ਨੂੰ ਉਨ੍ਹਾਂ ਨੇ ਕੋਈ ਨੋਟਿਸ ਕਿਉਂ ਨਹੀਂ ਦਿਤਾ? ਕੀ ਬੋਰਡ ਨੇ ਕੇਵਲ ਬਲਦੇਵ ਸਿੰਘ ਸਿਰਸਾ ਤੇ ਉਸ ਦੇ ਕੁੱਝ ਸਾਥੀਆਂ ਦਾ ਹੀ ਅਪਮਾਨ ਕੀਤਾ ਹੈ?
ਜੇ ਸਾਰੇ ਸਿੱਖ ਪੰਥ ਦਾ ਕੀਤਾ ਹੈ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਮਾਮਲਾ ਅਪਣੇ ਹੱਥਾਂ ਵਿਚ ਲੈ ਕੇ, ਪੰਥ ਦਾ ਦਰਦ ਤੀਬਰਤਾ ਨਾਲ ਮਹਿਸੂਸ ਕਰਨ ਵਾਲੇ ਸਿੱਖਾਂ ਨੂੰ ਰੁਲਣੋਂ ਬਚਾ ਕੇ ਤੇ ਇਸ ਨੂੰ ਪੰਥ ਦੇ ਵਕਾਰ ਦਾ ਸਵਾਲ ਬਣਾ ਕੇ ਆਪ ਅੱਗੇ ਆਉਣਾ ਚਾਹੀਦਾ ਹੈ। ਪਰ ਕਿਤਾਬ ਕਿਉਂਕਿ ਬਾਦਲ ਰਾਜ ਵੇਲੇ ਲਿਖਵਾਈ ਤੇ ਲਗਾਈ ਗਈ ਸੀ, ਇਸ ਲਈ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਾਲੇ ਕਿਵੇਂ ਜ਼ਬਾਨ ਖੋਲ੍ਹਣ?
ਯਾਦ ਰਖਣਾ, ਅਕਾਲ ਤਖ਼ਤ ਉਦੋਂ ਤਕ ਹੀ ਮਹਾਨ ਹੈ ਜਦ ਤਕ ਇਹ ਪੰਥ ਦੀ ਹਰ ਪੀੜ ਨੂੰ ਅਪਣੀ ਪੀੜ ਬਣਾ ਕੇ ਸਿੱਧਾ ਤਣ ਕੇ ਖੜਾ ਹੋ ਜਾਂਦਾ ਹੈ ਨਾਕਿ ਕੇਵਲ ਹਾਕਮਾਂ ਤੇ ਮਾਲਕਾਂ ਦੇ ਹੁਕਮਾਂ ਦੀ ਪਾਲਣਾ ਕਰਦੇ ‘ਜਥੇਦਾਰਾਂ’ ਕਰ ਕੇ। ਸ਼੍ਰੋਮਣੀ ਕਮੇਟੀ ਵੀ ਉਦੋਂ ਤਕ ‘ਸ਼੍ਰੋਮਣੀ’ ਹੈ ਜਦ ਤਕ ਇਹ ਪੰਥ ਦੇ ਦਰਦ ਨੂੰ ਮਹਿਸੂਸ ਕਰਦੀ ਹੈ ਨਾਕਿ ਉਦੋਂ ਜਦੋਂ ਇਹ ਸਿਆਸਤਦਾਨਾਂ ਅਥਵਾ ਮਾਲਕਾਂ ਦਾ ਹੁਕਮ ਸੁਣ ਕੇ, ਪੰਥ ਨੂੰ ਵੀ ਪਿਠ ਵਿਖਾ ਦੇਂਦੀ ਹੈ। ਇਹ ਗੱਲ ਦੂਜੀਆਂ ‘ਪੰਥਕ ਜਥੇਬੰਦੀਆਂ’ ਨੂੰ ਵੀ ਸਮਝ ਲੈਣੀ ਚਾਹੀਦੀ ਹੈ। ਇਹ ਚੁਪ ਰਹਿ ਕੇ ਮਾਇਆ ਇਕੱਠੀ ਕਰਨ ਵਾਲਿਆਂ ਦਾ ਧਰਮ ਨਹੀਂ, ਲੋਕਾਂ ਦੀ ਆਵਾਜ਼ ਚੁਕਣ ਵਾਲਿਆਂ ਦਾ ਪੰਥ ਹੈ ਤੇ ਇਸ ਗੱਲ ਨੂੰ ਭੁਲਣਾ ਨਹੀਂ ਚਾਹੀਦਾ।
ਕੋਈ ਵਕਤ ਸੀ ਜਦ ਵਿਦੇਸ਼ੀ ਜਰਵਾਣੇ ਹਿੰਦੁਸਤਾਨ ਵਿਚ ਆਉਂਦੇ ਸਨ, ਮੰਦਰਾਂ ’ਚੋਂ ਦੌਲਤ ਲੁਟ ਲੈਂਦੇ ਸਨ ਤੇ ਜਾਂਦੀ ਵਾਰ ਇਥੋਂ ਦੀਆਂ ਕੁੜੀਆਂ ਚੁਕ ਕੇ ਲੈ ਜਾਂਦੇ ਸਨ ਪਰ ਸੱਭ ਚੁਪ ਚਾਪ ਰਹਿ ਕੇ ਵੇਖੀ ਜਾਂਦੇ ਸਨ। ਸਿੱਖ ਧਰਮ ਨੇ ਚੁਨੌਤੀ ਦੇਣ ਦਾ ਕੰਮ ਪਹਿਲੀ ਵਾਰ ਸ਼ੁਰੂ ਕੀਤਾ। ਅੱਜ ਹਿੰਦੁਸਤਾਨ ਵਿਚ ਤਾਂ ਬੜੀਆਂ ਜਥੇਬੰਦੀਆਂ ਤੇ ਸੰਸਥਾਵਾਂ ਬਣ ਗਈਆਂ ਹਨ ਜੋ ਜ਼ਿਆਦਤੀ ਵੇਖ ਕੇ ਚੁੱਪ ਨਹੀਂ ਬੈਠਦੀਆਂ
ਪਰ ਇਹ ਰਵਾਇਤ ਸ਼ੁਰੂ ਕਰਨ ਵਾਲੇ ਸਿੱਖਾਂ ਦਾ ਤਾਂ ਇਹ ਹਾਲ ਹੈ ਕਿ ਹਾਲਤ 15ਵੀਂ ਸਦੀ ਦੇ ਹਿੰਦੁਸਤਾਨ ਨਾਲੋਂ ਵੀ ਮਾੜੀ ਹੋ ਗਈ ਹੈ। ਅਕਾਲ ਤਖ਼ਤ ਦੇ ਨਾਂ ’ਤੇ ਕਿਸੇ ਸਿੱਖ ਨਾਲ ਧੱਕਾ ਹੋ ਜਾਏ, ਸਕੂਲ ਬੋਰਡ, ਆਰ.ਐਸ.ਐਸ. ਜਾਂ ਕੇਂਦਰ ਸਰਕਾਰ ਸਮੇਤ ਕੋਈ ਵੀ ਸਿੱਖਾਂ ਦਾ ਅਪਮਾਨ ਕਰ ਲਵੇ, ਪੰਥ ਦੇ ਨਾਂ ਤੇ ਚੰਦੇ ਉਗਰਾਹੁਣ ਵਾਲੀਆਂ ‘ਪੰਥਕ’ ਜਥੇਬੰਦੀਆਂ ਕੂੰਦੀਆਂ ਤਕ ਨਹੀਂ। ਇਹ ਚੁੱਪੀ ਸਿੱਖੀ ਦਾ ਭਵਿੱਖ ਧੁੰਦਲਾ ਕਰੀ ਜਾ ਰਹੀ ਹੈ।