ਉਡਣਾ ਸਿੱਖ ਮਿਲਖਾ ਸਿੰਘ ਤੇ ‘ਉੱਚਾ ਦਰ ਬਾਬੇ ਨਾਨਕ ਦਾ’ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

‘ਤੁਸੀ ਮੈਨੂੰ ਕਿਉਂ ਨਾ ਦੌੜ ਵਿਚ ਸ਼ਾਮਲ ਹੋਣ ਲਈ ਬੁਲਾਇਆ? ਮੈਨੂੰ ਤੁਸੀ ਸਪੋਕਸਮੈਨ ਦੀ ਦੌੜ ਵਿਚ ਸ਼ਾਮਲ ਹੋਣ ਦੇ ਕਾਬਲ ਨਹੀਂ ਸਮਝਦੇ?’’ - ਮਿਲਖਾ ਸਿੰਘ

milkha Singh

ਉਡਣੇ ਸਿੱਖ ਮਿਲਖਾ ਸਿੰਘ ਦੀ ਕੋਰੋਨਾ ਹੱਥੋਂ ਹੋਈ ਮੌਤ ਦਾ ਸਾਰੇ ਪੰਜਾਬੀਆਂ ਨੂੰ ਬਹੁਤ ਦੁਖ ਹੋਇਆ ਹੈ। ਸਪੋਕਸਮੈਨ ਨੂੰ ਦੁਖ ਇਸ ਕਰ ਕੇ ਵੀ ਹੋਇਆ ਹੈ ਕਿ ਹੁਣ ਜਦ ਸਰਕਾਰੀ ਸ਼ਰਤਾਂ ਪੂਰੀਆਂ ਕਰ ਕੇ ‘ਉੱਚਾ ਦਰ’ ਨੂੰ ਚਾਲੂ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ ਤਾਂ ਇਨ੍ਹਾਂ ਤਿਆਰੀਆਂ ਵਿਚ ਇਕ ਵੱਡਾ ਪ੍ਰੋਗਰਾਮ ਇਹ ਵੀ ਸੀ ਕਿ ਸ਼ੁਰੂਆਤ ਇਸ ਤਰ੍ਹਾਂ ਕੀਤੀ ਜਾਏ ਕਿ ਪਹਿਲੇ ਦਿਨ ਦੁਨੀਆਂ ਵਿਚ ਵੱਡਾ ਨਾਂ ਕਮਾ ਚੁੱਕੇ, ਬਾਬੇ ਨਾਨਕ ਦੇ ਦੋ ਸਿੱਖ, ਹਜ਼ਾਰਾਂ ‘ਉੱਚਾ ਦਰ’ ਪ੍ਰੇਮੀਆਂ ਨਾਲ ਰਾਜਪੁਰੇ ਤੋਂ ‘ਉੱਚਾ ਦਰ’ ਤਕ ਇਕ ਲੰਮੀ ਨਾਨਕੀ ਦੌੜ ਵਿਚ ਸ਼ਾਮਲ ਹੋਣ।

ਇਸ ਦੌੜ ਦੀ ਅਗਵਾਈ ਉਡਣਾ ਸਿੱਖ ਮਿਲਖਾ ਸਿੰਘ ਅਤੇ 110 ਸਾਲ ਦੇ ਅਜੂਬੇ ਫ਼ੌਜਾ ਸਿੰਘ ਕਰਨਗੇ ਤੇ ਬਾਬੇ ਨਾਨਕ ਨੂੰ ਪਹਿਲੀ ਸ਼ਰਧਾਂਜਲੀ ਭੇਂਟ ਕਰਨਗੇ। 
ਜਦ 110 ਸਾਲਾ ਫ਼ੌਜਾ ਸਿੰਘ ਨੇ ਕਈ ਸਾਲ ਪਹਿਲਾਂ ਅਰਥਾਤ 16 ਜਨਵਰੀ, 2013 ਨੂੰ ‘ਸਪੋਕਸਮੈਨ’ ਲਈ ਦੌੜ ਦੌੜੀ ਸੀ ਤਾਂ ਇਸ ਦੀ ਬੜੀ ਚਰਚਾ ਹੋਈ ਸੀ, ਹਜ਼ਾਰਾਂ ਲੋਕ ਇਸ ਪੰਜ ਮੀਲ ਲੰਮੀ ਦੌੜ ਵਿਚ ਸ਼ਾਮਲ ਹੋਏ।

ਦੋ ਕੁ ਦਿਨ ਬਾਅਦ ਸ. ਮਿਲਖਾ ਸਿੰਘ ਨੇ ਆਪ ਫ਼ੋਨ ਕੀਤਾ, ‘‘ਤੁਸੀ ਮੈਨੂੰ ਕਿਉਂ ਨਾ ਦੌੜ ਵਿਚ ਸ਼ਾਮਲ ਹੋਣ ਲਈ ਬੁਲਾਇਆ? ਮੈਨੂੰ ਤੁਸੀ ਸਪੋਕਸਮੈਨ ਦੀ ਦੌੜ ਵਿਚ ਸ਼ਾਮਲ ਹੋਣ ਦੇ ਕਾਬਲ ਨਹੀਂ ਸਮਝਦੇ?’’ ਅਸੀ ਮਾਫ਼ੀ ਮੰਗੀ ਤਾਂ ਉਨ੍ਹਾਂ ਵਾਅਦਾ ਕੀਤਾ ਕਿ ‘ਉੱਚਾ ਦਰ’ ਚਾਲੂ ਹੋਣ ਸਮੇਂ ਦੀ ਦੌੜ ਵਿਚ ਉਹ ਆਪ ਸੱਭ ਤੋਂ ਅੱਗੇ ਦੌੜਨਗੇ।

ਸ. ਫ਼ੌਜਾ ਸਿੰਘ ਨਾਲ ਪਿਛਲੇ ਹਫ਼ਤੇ ਹੀ ਬੀਬੀ ਜਗਜੀਤ ਕੌਰ ਹੁਰਾਂ ਨੇ ਫ਼ੋਨ ਉਤੇ ਗੱਲਬਾਤ ਕਰ ਲਈ ਸੀ ਤੇ ਉਡੀਕ ਕੀਤੀ ਜਾ ਰਹੀ ਸੀ ਕਿ ਸ. ਮਿਲਖਾ ਸਿੰਘ, ਕੋਰੋਨਾ ਨੂੰ ਹਰਾ ਕੇ ਹਸਪਤਾਲ ਵਿਚੋਂ ਬਾਹਰ ਆਉਣ ਤਾਂ ਉਨ੍ਹਾਂ ਨਾਲ ਵੀ ਗੱਲਬਾਤ ਕਰ ਕੇ ਪ੍ਰੋਗਰਾਮ ਨੂੰ ਅੰਤਮ ਛੋਹਾਂ ਦਿਤੀਆਂ ਜਾਣ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਸ. ਮਿਲਖਾ ਸਿੰਘ ਦੇ ਅਫ਼ਸੋਸਨਾਕ ਚਲਾਣੇ ਦੀ ਖ਼ਬਰ ਆ ਗਈ ਜੋ ਮੇਰੇ ਲਈ ਤਾਂ ਬਹੁਤ ਹੀ ਮਾੜੀ ਖ਼ਬਰ ਸੀ ਕਿਉਂਕਿ ‘ਉੱਚਾ ਦਰ’ ਨੂੰ ਸ਼ੁਰੂ ਕਰਨ ਦੇ ਪਹਿਲੇ ਪ੍ਰੋਗਰਾਮ ਦੇ ਦੋ ਥੰਮ੍ਹਾਂ ਵਿਚੋਂ ਇਕ ਥੰਮ੍ਹ ਅਚਾਨਕ ਡਿਗ ਪਿਆ ਸੀ।

ਹੁਣ ਸ਼ਾਇਦ ਸ. ਫ਼ੌਜਾ ਸਿੰਘ ਇਕੱਲਿਆਂ ਦੀ ਅਗਵਾਈ ਵਿਚ ਇਹ ਦੌੜ ਪਹਿਲੇ ਦਿਨ ਕਰਵਾਈ ਜਾਏ ਜਾਂ ਨੁਕਸਾਨ ਦੀ ਭਰਪਾਈ ਹੋਰ ਕਿਸ ਤਰ੍ਹਾਂ ਕੀਤੀ ਜਾਵੇ (ਜੋ ਕਿ ਕਰਨੀ ਹਾਲੇ ਤਾਂ ਅਸੰਭਵ ਹੀ ਲਗਦੀ ਹੈ), ਇਸ ਬਾਰੇ ਵੀ ਸੋਚਿਆ ਜਾ ਰਿਹਾ ਹੈ। ਇਥੇ ਮੈਂ ਪਾਠਕਾਂ ਨੂੰ ਇਕ ਵਾਰ ਫਿਰ ਕਹਿਣਾ ਚਾਹਾਂਗਾ ਕਿ ਉਹ ਵੀ ਅਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਕੰਨੀ ਨਾ ਕਤਰਾਉਣ। 

ਅਸੀ 5 ਕਰੋੜ ਮੰਗੇ ਸਨ। ਹੁਣ ਤਾਂ ਸਿਰਫ਼ ਦੋ ਕਰੋੜ ਦੀ ਲੋੜ ਹੀ ਬਾਕੀ ਰਹਿ ਗਈ ਹੈ। ਇਕ ਨੇਕ ਦਿਲ ਨਾਨਕ ਪ੍ਰੇਮੀ ਨੇ ਇਕ ਕਰੋੜ ਦੀ ਮਦਦ ਇਸ ਸ਼ਰਤ ਉਤੇ ਦੇ ਦਿਤੀ ਹੈ ਕਿ ਉਨ੍ਹਾਂ ਦਾ ਜ਼ਿਕਰ ਕਿਧਰੇ ਨਾ ਕੀਤਾ ਜਾਵੇ। ਇਹ ਮਦਦ ਉਨ੍ਹਾਂ ਉਧਾਰ ਵਜੋਂ ਮੇਰੇ ਨਾਂ ਇਹ ਚਿੱਠੀ ਲਿਖ ਕੇ ਭੇਜੀ ਹੈ: ‘‘ਜੋਗਿੰਦਰ ਸਿੰੰਘ ਦੀ ਅਣਥੱਕ ਮਿਹਨਤ, ਸਿਰੜ ਤੇ ਜਜ਼ਬੇ ਨੂੰ ਸਲਾਮ ਕਰਨ ਲਈ ਇਸ ਸ਼ਰਤ ਉਤੇ ਦੇ ਰਿਹਾ ਹਾਂ ਕਿ ਮੇਰਾ ਨਾਂ ਪੂਰੀ ਤਰ੍ਹਾਂ ਗੁਪਤ ਰਖਿਆ ਜਾਏਗਾ (ਕੇਵਲ ਸ. ਜੋਗਿੰਦਰ ਸਿੰਘ ਨੂੰ ਹੀ ਦੇ ਰਿਹਾ ਹਾਂ) ਕਿਉਂਕਿ ਏਨੀਆਂ ਵਿਰੋਧੀ ਹਵਾਵਾਂ ਦੇ ਚਲਦਿਆਂ ਜਿਸ ਸਿਰੜ ਅਤੇ ਸ਼ਰਧਾ ਨਾਲ ਉਨ੍ਹਾਂ ਨੇ ਅਖ਼ਬਾਰ ਤੋਂ ਬਾਅਦ ‘ਉੱਚਾ ਦਰ’ ਮੁਕੰਮਲ ਕਰ ਵਿਖਾਇਆ ਹੈ, ਉਸ ਵਰਗੀ ਕੋਈ ਹੋਰ ਮਿਸਾਲ ਨਹੀਂ ਮਿਲਦੀ।

ਮੈਂ ਪੈਸਾ ਸ. ਜੋਗਿੰਦਰ ਸਿੰਘ ਨੂੰ ਦੇ ਰਿਹਾ ਹਾਂ ਤੇ ਉਨ੍ਹਾਂ ਕੋਲੋਂ ਆਪੇ ਵਾਪਸ ਲੈ ਲਵਾਂਗਾ (ਉੱਚਾ ਦਰ ਕਾਮਯਾਬ ਹੋਣ ਤੋਂ ਬਾਅਦ)।’’ ਜਿਸ ਸੱਜਣ ਨੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ ਹੈ, ਦਿਲ ਕਰਦਾ ਸੀ, ਉਨ੍ਹਾਂ ਦੀ ਸਾਰੀ ਚਿੱਠੀ ਛਾਪ ਦਿਆਂ ਪਰ ਕਿਉਂਕਿ ਉਨ੍ਹਾਂ ਨੇ ਰੋਕਿਆ ਹੋਇਆ ਹੈ, ਇਸ ਲਈ ਕੁੱਝ ਅੱਖਰ ਹੀ ਪਾਠਕਾਂ ਅੱਗੇ ਰੱਖ ਰਿਹਾ ਹਾਂ ਤੇ ਨਾਲ ਹੀ ਇਹ ਬੇਨਤੀ ਕਰ ਰਿਹਾ ਹਾਂ ਕਿ ਜੇ ‘ਉੱਚਾ ਦਰ’ ਦੇ ਸਾਰੇ ਪ੍ਰੇਮੀ ਇਕੱਠੇ ਹੋ ਕੇ ਇਕ ਇਕ ਲੱਖ ਦੀ ਮਦਦ ਕਰਨ ਤਾਂ ਹੁਣ ਤਾਂ ਕੇਵਲ 200 ਪਾਠਕ ਹੀ ਮੰਜ਼ਲ ਨੇੜੇ ਲਿਆ ਸਕਦੇ ਹਨ ਤੇ ‘ਉੱਚਾ ਦਰ’ ਸ਼ੁਰੂ ਕਰਵਾ ਸਕਦੇ ਹਨ। ਜੇ 50-50 ਹਜ਼ਾਰ ਪਾ ਦੇਣ ਤਾਂ ਹੁਣ ਕੇਵਲ 400 ਪਾਠਕਾਂ ਦੀ ਹਿੰਮਤ ਹੀ ਮੋਰਚਾ ਫ਼ਤਿਹ ਕਰ ਸਕਦੀ ਹੈ।

ਸੋ ਬਾਬੇ ਨਾਨਕ ਨਾਲ ਸੱਚਾ ਪਿਆਰ ਕਰਦੇ ਹੋ ਤਾਂ ਰੋਜ਼ ਰੋਜ਼ ਅਪੀਲਾਂ ਨਾ ਕਰਵਾਉ ਤੇ ਇਕ ਇਕ ਲੱਖ ਜਾਂ ਪੰਜਾਹ-ਪੰਜਾਹ ਹਜ਼ਾਰ ਦੀ ਮਦਦ ਕਰਨ ਵਾਲੇ ਪਾਠਕ ਇਸੇ ਮਹੀਨੇ ਨਿੱਤਰ ਆਉਣ। ਜਿਵੇਂ ਪਹਿਲਾਂ ਹੀ ਪਾਠਕ ਜਾਣਦੇ ਹਨ, ਰਕਮ ਵਿਆਜ ਰਹਿਤ ਉਧਾਰ ਵਜੋਂ ਦਿਤੀ ਜਾ ਸਕਦੀ ਹੈ, ਦਾਨ ਵਜੋਂ ਦਿਤੀ ਜਾ ਸਕਦੀ ਹੈ ਤੇ 12% ਵਿਆਜ ਤੇ ਵੀ ਦਿਤੀ ਜਾ ਸਕਦੀ ਹੈ (ਤੁਹਾਡੀ ਸਮਰੱਥਾ ਤੇ ਸ਼ਰਧਾ ਅਨੁਸਾਰ)। ਸੋ ਅਪੀਲਾਂ ਨਾ ਕਰਵਾਉ, ਸਰਕਾਰੀ ਪ੍ਰਵਾਨਗੀ ਲੈਣ ਲਈ ਪੰਜ ਕਰੋੜ ਦਾ ਟੀਚਾ, ਜੋ ਹੁਣ ਸੁੰਗੜ ਕੇ ਦੋ ਕਰੋੜ ਦਾ ਰਹਿ ਗਿਆ ਹੈ, ਪੂਰਨ ਕਰਨ ਲਈ ਤੁਰਤ ਅੱਗੇ ਆਉ। ਹੋਰ ਕੁੱਝ ਨਹੀਂ ਕਹਿਣਾ। ਸ. ਫ਼ੌਜਾ ਸਿੰਘ ਨੂੰ ਵੀ ਦਸਣਾ ਹੈ ਕਿ ਉਹ ‘ਉੱਚਾ ਦਰ ਬਾਬੇ ਨਾਨਕ ਦਾ’ ਲਈ ਦੌੜਨ ਵਾਸਤੇ ਕਦੋਂ ਅਪਣਾ ਸਮਾਂ ਵਿਹਲਾ ਰੱਖਣ।