ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਵਲੋਂ ਸਤਿਕਾਰ ਉਸ ਤਰ੍ਹਾਂ ਦਾ ਹੀ ਹੁੰਦਾ ਹੈ ਜਿਵੇਂ ਦਾ....

ਏਜੰਸੀ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਦਰਅਸਲ ਸ਼ੁਰੂ ਤੋਂ ਹੀ ਬਾਬੇ ਨਾਨਕ ਵਲ ਪਿਠ ਕਰ ਕੇ ਚਲਣ ਦੀ ਆਦਤ ਸਾਨੂੰ ਪਈ ਹੋਈ ਹੈ ਅਤੇ ਅਸੀ ‘ਦੂਜਿਆਂ ਵਰਗੇ’ ਬਣ ਕੇ ਹੀ ਖ਼ੁਸ਼ ਹੋਣਾ ਸਿਖੇ ਹਾਂ।

File Photo

ਸਪੋਕਸਮੈਨ (ਮਾਸਕ) ਜਾਂ ਰੋਜ਼ਾਨਾ ਸਪੋਕਸਮੈਨ ਦੀਆਂ ਪੁਰਾਣੀਆਂ ਫ਼ਾਈਲਾਂ ਇਸ ਗੱਲ ਦੀ ਗਵਾਹੀ ਦੇਣਗੀਆਂ ਕਿ ਅਸੀ ਬੜੇ ਲੰਮੇ ਅਰਸੇ ਤੋਂ ਕਹਿ ਰਹੇ ਹਾਂ ਕਿ ਗੁਰਦਵਾਰੇ ਵਿਚ ਮੰਦਰਾਂ ਵਾਲੀ ਮਰਿਆਦਾ (ਰੀਤ) ਚਾਲੂ ਨਾ ਕਰੋ ਕਿਉਂਕਿ ‘ਸ਼ਬਦ’ ਦੇ ਲੜ ਲੱਗਣ ਦਾ ਢੰਗ ਹੋਰ ਹੁੰਦਾ ਹੈ ਤੇ ‘ਮੂਰਤੀ’ ਦੇ ਲੜ ਲੱਗਣ ਦਾ ਹੋਰ। ਜਿਸ ਨੂੰ ਮੂਰਤੀ-ਪੂਜਾ ਚੰਗੀ ਲਗਦੀ ਹੈ, ਉਸ ਲਈ ਮੂਰਤੀ-ਪੂਜਾ ਵਾਲੀ, ਸਦੀਆਂ ਤੋਂ ਚਲੀ ਆ ਰਹੀ ਮਰਿਆਦਾ ਬਿਲਕੁਲ ਜਾਇਜ਼ ਹੈ ਪਰ ਸ਼ਬਦ ਨੂੰ ਗੁਰੂ ਮੰਨਣ ਵਾਲਿਆਂ ਲਈ ਮੂਰਤੀ-ਪੂਜਾ ਵਾਲੀ ਮਰਿਆਦਾ ਜਾਇਜ਼ ਨਹੀਂ ਲਗਦੀ। ਸਪੋਕਸਮੈਨ ਸ਼ੁਰੂ ਤੋਂ ਹੀ ਇਹ ਕਹਿ ਕੇ ਟੋਕਦਾ ਆਇਆ ਹੈ ਕਿ ਗੁਰਦਵਾਰੇ ਨੂੰ ਮੰਦਰ ਨਾ ਬਣਾਉ ਤੇ ਸ਼ਬਦ ਨੂੰ ਮੂਰਤੀ ਵਾਂਗ ਨਾ ਵਰਤੋ। 

ਮੂਰਤੀ ਪੂਜਾ ਦੀ ਮਰਿਆਦਾ ਇਹ ਹੈ ਕਿ ਇਸ ਮੂਰਤੀ ਨੂੰ ਮੱਥਾ ਟੇਕੋ ਤੇ ਯਕੀਨ ਕਰ ਲਉ ਕਿ ਮੂਰਤੀ ਤੁਹਾਡੀ ਪ੍ਰਾਰਥਨਾ ਸੁਣ ਰਹੀ ਹੈ ਤੇ ਤੁਹਾਡੀਆਂ ਮਨੋ-ਕਾਮਨਾਵਾਂ ਜ਼ਰੂਰ ਹੀ ਪੂਰੀਆਂ ਕਰ ਦੇਵੇਗੀ। ਤੁਸੀ ਮੂਰਤੀ ਨੂੰ ਕਪੜਾ ਛੁਹਾ ਕੇ ਮੰਨ ਲੈਂਦੇੇ ਹੋ ਕਿ ਕਪੜਾ ਪਵਿੱਤਰ ਹੋ ਗਿਆ ਹੈ, ਤੁਸੀ ਫੁੱਲਾਂ ਦੇ ਹਾਰ ਨੂੰ ਮੂਰਤੀ ਨਾਲ ਛੁਹਾ ਕੇ ਮੰਨ ਲੈਂਦੇ ਹੋ ਕਿ ਹਾਰ ਪਵਿੱਤਰ ਹੋ ਗਿਆ ਹੈ ਤੇ ਇਹ ਕਪੜਾ ਜਾਂ ਇਹ ਹਾਰ ਹੁਣ ਜਿਸ ਦੇ ਸ੍ਰੀਰ ਉਤੇ ਪੈ ਜਾਵੇਗਾ, ਉਸ ਦੇ ਸੱਭ ਕੰਮ ਆਪੇ ਹੋ ਜਾਣਗੇ।

ਤੁਸੀ ਮੂਰਤੀ ਨੂੰ ਭੋਗ ਲੁਆਉਂਦੇ ਹੋ ਤਾਂ ਤੁਹਾਡਾ ਯਕੀਨ ਬਣ ਜਾਂਦਾ ਹੈ ਕਿ ਜਿਸ ਵਸਤ ਦਾ ਭੋਗ ਲਗਾਇਆ ਗਿਆ ਹੈ, ਉਹ ਮੂਰਤੀ ਦੇ ਦੇਵੀ-ਦੇਵਤੇ ਤਕ ਪਹੁੰਚ ਗਈ ਹੈ। ਮੂਰਤੀ-ਪੂਜਾ ਦਾ ਜੋ ਫ਼ਲਸਫ਼ਾ ਹੈ, ਉਸ ਅਨੁਸਾਰ, ਅਜਿਹਾ ਸੋਚਣਾ ਬਿਲਕੁਲ ਠੀਕ ਹੈ ਪਰ ਸ਼ਬਦ-ਗੁਰੂ ਦਾ ਫ਼ਲਸਫ਼ਾ ਬਿਲਕੁਲ ਵਖਰਾ ਹੈ ਤੇ ਉਸ ਵਿਚ ਮੂਰਤੀ ਦੀ ਤਰ੍ਹਾਂ ਸ਼ਬਦ ਨਾਲ ਕਿਸੇ ਵਸਤੂ ਨੂੰ ਛੁਹਾ ਦੇਣ ਨਾਲ ਉਹ ਪਵਿੱਤਰ ਨਹੀਂ ਹੋ ਜਾਂਦੀ ਤੇ ਜਿਸ ਵਸਤੂ ਦਾ ਭੋਗ ਲਗਾਇਆ ਜਾਵੇ, ਉਹ ਕਿਸੇ ਕੋਲ ਨਹੀਂ ਪਹੁੰਚਦੀ। 
ਅਸੀ ਟੋਕਦੇ ਸੀ ਤਾਂ ਪੁਜਾਰੀ ਭਾਈਆਂ ਨੂੰ ਬੜੀ ਤਕਲੀਫ਼ ਹੁੰਦੀ ਸੀ।

ਪਰ ਹੁਣ 22 ਜਨਵਰੀ ਦਾ ਸਪੋਕਸਮੈਨ ਅਖ਼ਬਾਰ ਚੁੱਕ ਲਉ, ਪਹਿਲੇ ਸਫ਼ੇ ’ਤੇ ਹੀ ਇਕ ਹਿੰਦੂ ਸਵਾਮੀ, ਸਿੱਖ ਵਿਦਵਾਨਾਂ ਨਾਲ ਬਹਿਸ ਵਿਚ ਸ਼ਾਮਲ ਹੋ ਕੇ ਸਵਾਲ ਕਰਦਾ ਹੈ ਕਿ ਅਯੁਧਿਆ ਦੇ ਰਾਮ ਮੰਦਰ ਸਮਾਰੋਹ ਵਿਚ ਤੁਸੀ ਕਿਉਂ ਨਹੀਂ ਚਾਹੁੰਦੇ ਕਿ ਤੁਹਾਡੇ ਲੀਡਰ ਤੇ ਜਥੇਦਾਰ ਵੀ ਜਾਣ? ਸਿੱਖ ਵਿਦਵਾਨ ਜਵਾਬ ਦੇਂਦੇ ਹਨ ਕਿ ਅਸੀ ਮੂਰਤੀ-ਪੂਜਾ ਨੂੰ ਮੰਨਦੇ ਹੀ ਨਹੀਂ, ਇਸ ਲਈ ਅਸੀ ਮੂਰਤੀ ਵਿਚ ਪ੍ਰਾਣ ਦਾਖ਼ਲ ਕਰਨ (ਪ੍ਰਾਣ ਪ੍ਰਤਿਸ਼ਠਾ) ਸਮਾਗਮ ਵਿਚ ਜਾਂਦੇ ਚੰਗੇ ਨਹੀਂ ਲਗਦੇ।

Swami Vagesh

ਜਵਾਬ ਵਿਚ ਸਵਾਮੀ ਵਾਗੇਸ਼ ਸਵਰੂਪ ਫਿਰ ਕਹਿੰਦੇ ਹਨ, ‘‘ਮੂਰਤੀ ਜ਼ਰੂਰੀ ਨਹੀਂ, ਪੱਥਰ ਦੀ ਹੀ ਹੋਵੇ। ਇਹ ਪੱਥਰ, ਧਾਤ, ਲੱਕੜ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ। ਤੁਸੀ ਇਹ ਨਾ ਆਖੋ ਕਿ ਤੁਸੀ ਮੂਰਤੀ-ਪੂਜਾ ਵਿਚ ਯਕੀਨ ਨਹੀਂ ਰਖਦੇ। ਤੁਸੀ ਉਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹੋ ਜਿਸ ਤਰ੍ਹਾਂ ਅਸੀ ਮੂਰਤੀ-ਪੂਜਾ ਕਰਦੇ ਹਾਂ। ਤੁਸੀ ਮੱਥੇ ਟੇਕਦੇ ਹੋ, ਕਾਮਨਾ ਪੂਰਤੀ ਦੀ ਆਸ ਗੁਰੂ ਗ੍ਰੰਥ ਸਾਹਿਬ ਤੋਂ ਕਰਦੇ ਹੋ, ਪੈਸੇ ਭੇਂਟ ਕਰਦੇ ਹੋ, ਭੋਗ ਲਗਾਉਂਦੇ ਹੋ ਤੇ ਹਰ ਉਹ ਕਾਰਜ ਕਰਦੇ ਹੋ ਜੋ ਮੂਰਤੀ-ਪੂਜਾ ਕਰਨ ਵੇਲੇ ਅਸੀ ਕਰਦੇ ਹਾਂ।

ਸਾਡੀ ਮੂਰਤੀ-ਪੂਜਾ ਤੇ ਤੁਹਾਡੀ ਗ੍ਰੰਥ-ਪੂਜਾ ਵਿਚ ਫ਼ਰਕ ਕੇਵਲ ਮੂਰਤੀ ਦੀ ਸ਼ਕਲ ਦਾ ਹੈ, ਪੂਜਾ ਦਾ ਢੰਗ ਤੇ ਸੰਚਾਲਨ ਦੋਵੇਂ ਪਾਸੇ ਇਕੋ ਜਿਹਾ ਹੀ ਹੈ। ਸੋ ਮੰਨ ਲਉ ਕਿ ਤੁਸੀ ਵੀ ਮੂਰਤੀ-ਪੂਜਕ ਹੋ ਤੇ ਅਸੀ ਵੀ ਮੂਰਤੀ-ਪੂਜਕ ਹਾਂ ਤੇ ਸਾਡੇ ਤੁਹਾਡੇ ਵਿਚ ਕੋਈ ਬਹੁਤਾ ਫ਼ਰਕ ਨਹੀਂ।’’ਕਹਿਣ ਦੀ ਲੋੜ ਨਹੀਂ ਕਿ ਟੀਵੀ ਦੇ ਬਹਿਸ ਮੁਬਾਹਸੇ ਵਿਚ ਸਿੱਖ ਵਿਦਵਾਨਾਂ ਦੀ ਤਿਆਰੀ ਅਧੂਰੀ ਜਹੀ ਸੀ। ਉਨ੍ਹਾਂ ਦੇ ਜਵਾਬਾਂ ਵਿਚ ਉਹ ਪੁਖ਼ਤਗੀ ਨਹੀਂ ਸੀ

ਜੋ ਵਿਰੋਧੀਆਂ ਨੂੰ ਵੀ ਕਾਇਲ ਕਰ ਸਕਦੀ। ਦਰਅਸਲ ਗੁਰਦਵਾਰਾ ਪ੍ਰਬੰਧ, ਸ਼ੁਰੂ ਤੋਂ ਹੀ ਹਿੰਦੂ ਮੰਦਰਾਂ ਵਲ ਵੇਖ ਕੇ ਹੀ ਬਣਾਇਆ ਗਿਆ ਲਗਦਾ ਹੈ ਤੇ ਬਾਬੇ ਨਾਨਕ ਤੋਂ ਕਦੇ ਨਹੀਂ ਪੁਛਿਆ ਗਿਆ ਕਿ ਉਨ੍ਹਾਂ ਨੇ ਕੀ ਸੋਚ ਕੇ ‘ਘਰਿ ਘਰਿ ਅੰਦਰਿ ਧਰਮਸਾਲ’ ਦਾ ਪ੍ਰੋਗਰਾਮ ਦਿਤਾ ਸੀ, ਗੁਰਦਵਾਰਾ ਇਕ ਵੀ ਨਹੀਂ ਸੀ ਬਣਾਇਆ ਤੇ ਅੱਜ ਦੀ 21ਵੀਂ ਸਦੀ ਦੇ ਵਿਦਵਾਨਾਂ ਵਾਂਗ ਹੀ ‘ਆਸਾ ਹਥਿ ਕਿਤਾਬ ਕਛਿ’ ਲੈ ਕੇ ਚਲਣ ਤੋਂ ਉਨ੍ਹਾਂ ਦਾ ਕੀ ਪ੍ਰਯੋਜਨ ਸੀ? ਫਿਰ ਉਨ੍ਹਾਂ ਇਕ ਮੁਸਲਮਾਨ ਰਬਾਬੀ ਕੋਲੋਂ ਰਬਾਬ ਤਾਂ ਵਜਵਾ ਲਈ ਪਰ ਕਿਸੇ ਪੁਜਾਰੀ ਸ਼ੇ੍ਰਣੀ ਦੇ ਬੰਦੇ ਨੂੰ ਸਾਰੀ ਉਮਰ ਨੇੜੇ ਕਿਉਂ ਨਾ ਢੁਕਣ ਦਿਤਾ?

ਦਰਅਸਲ ਸ਼ੁਰੂ ਤੋਂ ਹੀ ਬਾਬੇ ਨਾਨਕ ਵਲ ਪਿਠ ਕਰ ਕੇ ਚਲਣ ਦੀ ਆਦਤ ਸਾਨੂੰ ਪਈ ਹੋਈ ਹੈ ਅਤੇ ਅਸੀ ‘ਦੂਜਿਆਂ ਵਰਗੇ’ ਬਣ ਕੇ ਹੀ ਖ਼ੁਸ਼ ਹੋਣਾ ਸਿਖੇ ਹਾਂ। ਨਿਰੰਕਾਰੀ ਲਹਿਰ (ਰਾਵਲਪਿੰਡੀ) ਅਤੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਤਾਂ ਸਾਡੇ ਵਿਆਹ ਵੀ ਵੇਦੀ ਦੁਆਲੇ ਪੰਡਤ ਕਰਵਾਉਂਦੇ ਸਨ। ਵੇਦੀ ਵਾਲੇ ਸਮੇਂ ਵਿਚ ਹੀ ਬਾਕੀ ‘ਸਨਾਤਨੀ’ ਰੀਤਾਂ ਚਾਲੂ ਹੋਈਆਂ। ਕੁੱਝ ਸਿੱਖਾਂ ਨੇ ਇਕ ਸਨਾਤਨੀ ਰੀਤ ਹਟਵਾ ਲਈ, ਬਾਕੀ ਸਨਾਤਨੀ ਰਵਾਇਤਾਂ ਨੂੰ ਸਿੱਖੀ ਦੇ ਵਿਹੜੇ ਵਿਚ ਪੱਕਾ ਗੱਡਣ ਲਈ ਸਾਡੀ ਅਪਣੀ ਪੁਜਾਰੀ ਸ਼ੇ੍ਰਣੀ ਹੀ ਅੜ ਗਈ।

ਚੰਗਾ ਹੋਇਆ ਕਿ ਇਸ ਟੀਵੀ ਪ੍ਰੋਗਰਾਮ ਵਿਚ ਇਕ ਵਿਦਵਾਨ ਨੇ ਖੁਲ੍ਹ ਕੇ ਮੰਨ ਲਿਆ ਕਿ ‘ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ’ ਗੁਰਬਾਣੀ ਅਨੁਸਾਰ ਠੀਕ ਨਹੀਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ‘ਅੰਗ’ ਕਹਿਣਾ ਵੀ ਗੁਰਮਤਿ ਅਨੁਸਾਰ ਠੀਕ ਨਹੀਂ। ਹਾਂ ਇਕ ਇਕ ਨੁਕਤਾ ਲੈ ਕੇ ਗੱਲ ਚੁੱਕਣ ਦੀ ਕੋਸ਼ਿਸ਼ ਸਿਆਣੇ ਸਿੱਖ ਪਹਿਲਾਂ ਵੀ ਕਰਦੇ ਆਏ ਹਨ ਪਰ ਪੰਥਕ ਤੌਰ ’ਤੇ ਇਹ ਫ਼ੈਸਲਾ ਕਦੋਂ ਲਿਆ ਜਾਏਗਾ ਕਿ ਜਿਸ ਗੱਲ ਦੀ ਪ੍ਰਵਾਨਗੀ ਬਾਨੀ ਅਥਵਾ ਬਾਬੇ ਨਾਨਕ ਦੀ ਬਾਣੀ ਤੋਂ ਮਿਲਦੀ ਹੈ, ਕੇਵਲ ਉਹੀ ਸਿੱਖੀ ਹੈ, ਬਾਕੀ ਥੋੜ੍ਹੇ ਸਮੇਂ ਦੇ ਬਾਹਰੀ ਪ੍ਰਭਾਵ ਸਨ ਜੋ ਬਾਬੇ ਨਾਨਕ ਦੀਆਂ ਸਿਖਿਆਵਾਂ ਦੇ ਉਲਟ ਸਨ। 

ਜਦ ਅਸੀ ਅਪਣੇ ਗੁਰਦਵਾਰੇ ਮਹੰਤਾਂ ਨੂੰ ਸੰਭਾਲ ਦਿਤੇ ਤਾਂ ਉਨ੍ਹਾਂ ਬਾਕੀ ਦੀ ਕਸਰ ਵੀ ਪੂਰੀ ਕਰ ਦਿਤੀ ਤੇ ਉਹ ਸੱਭ ਰੀਤਾਂ ਚਾਲੂ ਕਰ ਦਿਤੀਆਂ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਰੱਜ ਕੇ ਨਕਾਰਿਆ ਤੇ ਰੱਦ ਕੀਤਾ ਸੀ। ਗੁਰਦਵਾਰੇ ਵਿਚ ਹਰ ਕੋਈ ਬਰਾਬਰ ਹੋਣਾ ਚਾਹੀਦਾ ਹੈ ਪਰ ਉਥੇ ਗੁਰੂ ਕੇ ਵਜ਼ੀਰ, ਸਿੰਘ ਸਾਹਿਬ, ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ ਤੇ ਹੋਰ ਪਤਾ ਨਹੀਂ ਕਿੰਨੇ ‘ਸਾਹਬ’ ਬਿਠਾ ਦਿਤੇ ਗਏ ਹਨ ਤੇ ‘‘ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥’’ ਵਾਲੀ ਗੱਲ ਹੀ ਖ਼ਤਮ ਕਰ ਦਿਤੀ ਗਈ ਹੈ।

ਮੈਂ ਸਵਾਮੀ ਵਾਗੇਸ਼ ਸਵਰੂਪ ਨਾਲ ਨਾਰਾਜ਼ ਨਹੀਂ, ਧਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਾਨੂੰ ਜਤਾ ਦਿਤਾ ਹੈ ਕਿ ਅਸੀ ਬਾਬੇ ਨਾਨਕ ਦੀ ‘ਸ਼ਬਦ ਪੂਜਾ’ ਨੂੰ ‘ਮੂਰਤੀ-ਪੂਜਾ’ ਬਣਾ ਧਰਿਆ ਹੈ ਤੇ ਅਖੰਡ ਪਾਠ ਸਮੇਤ ਇਹੋ ਜਹੀਆਂ ਸੈਂਕੜੇ ਰਵਾਇਤਾਂ ਬਾਹਰੋਂ ਲਿਆ ਕੇ ਸਿੱਖੀ ਦਾ ਅੰਗ ਸੰਗ ਬਣਾ ਧਰੀਆਂ ਹਨ। ਇਨ੍ਹਾਂ ਨੂੰ ਜਦ ਤਕ ਬਾਹਰ ਕੱਢ ਕੇ ਬਾਬੇ ਨਾਨਕ ਦੀ ਅਸਲ ਸਿੱਖੀ ਨੂੰ ਖ਼ਾਲਸ ਰੂਪ ਵਿਚ ਉਜਾਗਰ ਨਹੀਂ ਕਰਦੇ, ਸਿੱਖੀ ਦਾ ਵਿਕਾਸ ਰੁਕਿਆ ਰਹੇਗਾ ਤੇ ਕੋਈ ਦੂਰੋਂ ਬਹਿ ਕੇ ਤੇ ਕੋਈ ਨੇੜੇ ਆ ਕੇ, ਸਾਡਾ ਉਪਹਾਸ (ਮਜ਼ਾਕ) ਬਣਾ ਜਾਇਆ ਕਰੇਗਾ। 
ਕਹਿਣ ਵਾਲੇ ਤਾਂ ਕਹਿ ਗਏ, 
ਅੱਗੋਂ ਤੇਰੇ ਭਾਗ ਲਛੀਏ।

ਸਾਡੀ ਮੂਰਤੀ ਪੂਜਾ ਤੇ ਤੁਹਾਡੀ ਗ੍ਰੰਥ-ਪੂਜਾ ਵਿਚ ਫ਼ਰਕ ਬਹੁਤਾ ਨਹੀਂ
 ‘‘ਮੂਰਤੀ ਜ਼ਰੂਰੀ ਨਹੀਂ, ਪੱਥਰ ਦੀ ਹੀ ਹੋਵੇ। ਇਹ ਪੱਥਰ, ਧਾਤ, ਲੱਕੜ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ। ਤੁਸੀ ਇਹ ਨਾ ਆਖੋ ਕਿ ਤੁਸੀ ਮੂਰਤੀ-ਪੂਜਾ ਵਿਚ ਯਕੀਨ ਨਹੀਂ ਰਖਦੇ। ਤੁਸੀ ਉਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹੋ ਜਿਸ ਤਰ੍ਹਾਂ ਅਸੀ ਮੂਰਤੀ-ਪੂਜਾ ਕਰਦੇ ਹਾਂ। ਤੁਸੀ ਮੱਥੇ ਟੇਕਦੇ ਹੋ, ਕਾਮਨਾ ਪੂਰਤੀ ਦੀ ਆਸ ਗੁਰੂ ਗ੍ਰੰਥ ਸਾਹਿਬ ਤੋਂ ਕਰਦੇ ਹੋ, ਪੈਸੇ ਭੇਂਟ ਕਰਦੇ ਹੋ, ਭੋਗ ਲਗਾਉਂਦੇ ਹੋ ਤੇ ਹਰ ਉਹ ਕਾਰਜ ਕਰਦੇ ਹੋ ਜੋ ਮੂਰਤੀ-ਪੂਜਾ ਕਰਨ ਵੇਲੇ ਅਸੀ ਕਰਦੇ ਹਾਂ। ਸਾਡੀ ਮੂਰਤੀ-ਪੂਜਾ ਤੇ ਤੁਹਾਡੀ ਮੂਰਤੀ-ਪੂਜਾ ਵਿਚ ਫ਼ਰਕ ਕੇਵਲ ਮੂਰਤੀ ਦੀ ਸ਼ਕਲ ਦਾ ਹੈ, ਪੂਜਾ ਦਾ ਢੰਗ ਤੇ ਸੰਚਾਲਨ ਦੋਵੇਂ ਪਾਸੇ ਇਕੋ ਜਿਹਾ ਹੀ ਹੈ। ਸੋ ਮੰਨ ਲਉ ਕਿ ਤੁਸੀ ਵੀ ਮੂਰਤੀ-ਪੂਜਕ ਹੋ ਤੇ ਅਸੀ ਵੀ ਮੂਰਤੀ-ਪੂਜਕ ਹਾਂ ਤੇ ਸਾਡੇ ਤੁਹਾਡੇ ਵਿਚ ਕੋਈ ਬਹੁਤਾ ਫ਼ਰਕ ਨਹੀਂ।’’
- ਸਵਾਮੀ ਵਾਗੇਸ਼ ਸਵਰੂਪ