Ucha Dar Babe Nanak Da: ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਵਿਸ਼ਾਲ ਤੇ ਸੁੰਦਰ ਇਮਾਰਤ ਵੇਖ ਕੇ ਹੀ ਖ਼ੁਸ਼ ਨਾ ਹੋ ਜਾਇਉ!

ਏਜੰਸੀ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕਿਸੇ ਅਮੀਰ ਸੰਸਥਾ ਜਾਂ ਧਨਵਾਨ ਵਿਅਕਤੀ ਨੇ ਇਸ ਦੀ ਉਸਾਰੀ ਵਿਚ ਕੋਈ ਹਿੱਸਾ ਨਹੀਂ ਪਾਇਆ।

File Photo

Ucha Dar Babe Nanak Da : ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਵਿਸ਼ਾਲ ਤੇ ਸੁੰਦਰ ਇਮਾਰਤ ਬਣੀ ਵੇਖ ਕੇ ਖ਼ੁਸ਼ ਹੋ? ਜ਼ਰੂਰ ਖ਼ੁਸ਼ ਹੋਵੋਗੇ। ਮੈਂ ਵੀ ਖ਼ੁਸ਼ ਹਾਂ ਕਿਉਂਕਿ ਕਈ ਵਾਰ ਮੈਨੂੰ ਵੀ ਲਗਦਾ ਸੀ ਕਿ ਬਾਬੇ ਨਾਨਕ ਨਾਲ ਵੈਰ ਰੱਖਣ ਵਾਲੇ, ਮੇਰੇ ਜੀਵਨ ਕਾਲ ਵਿਚ ਸ਼ਾਇਦ ਇਸ ਨੂੰ ਮੁਕੰਮਲ ਨਹੀਂ ਹੋਣ ਦੇਣਗੇ। ਚਲੋ ਵਾਹਿਗੁਰੂ ਦੀ ਅਪਾਰ ਕ੍ਰਿਪਾ ਹੈ ਕਿ ਸਰਕਾਰੀਆਂ, ਪੁਜਾਰੀਆਂ ਤੇ ਹੰਕਾਰੀਆਂ ਦੇ ਸਾਂਝੇ ਦਮਨ-ਚੱਕਰ ਦੇ ਮੁਕਾਬਲੇ, ਬਾਬੇ ਨਾਨਕ ਦੇ ਗ਼ਰੀਬ ਸਿੱਖਾਂ ਅਰਥਾਤ ਸਪੋਕਸਮੈਨ ਦੇ ਪਾਠਕਾਂ ਨੇ ਇਹ ਸਫ਼ਲਤਾ ਹਾਸਲ ਕਰ ਵਿਖਾਈ ਹੈ।

ਹਿੰਦੁਸਤਾਨ ਵਿਚ ਤਾਂ ਮੇਰੇ ਖ਼ਿਆਲ ਵਿਚ ਹੋਰ ਕੋਈ ਅਜਿਹੀ ਸੰਸਥਾ ਨਹੀਂ ਜਿਸ ਨੇ ਅਦਾਲਤ ਵਿਚ ਜਾ ਕੇ ਇਹ ਐਲਾਨ ਲਿਖਤੀ ਡੀਡ ਵਿਚ ਦਰਜ ਕੀਤਾ ਹੋਵੇ ਕਿ ਇਸ ਦੀ 100% ਆਮਦਨ, ਗ਼ਰੀਬਾਂ ਤੇ ਲੋੜਵੰਦਾਂ ਲਈ ਰਾਖਵੀਂ ਹੋਵੇਗੀ ਤੇ ਪ੍ਰਬੰਧਕ ਆਪ ਇਕ ਪੈਸਾ ਵੀ ਨਹੀਂ ਲੈਣਗੇ। ਕਿਸੇ ਅਮੀਰ ਸੰਸਥਾ ਜਾਂ ਧਨਵਾਨ ਵਿਅਕਤੀ ਨੇ ਇਸ ਦੀ ਉਸਾਰੀ ਵਿਚ ਕੋਈ ਹਿੱਸਾ ਨਹੀਂ ਪਾਇਆ।

ਸਪੋਕਸਮੈਨ ਦੇ ਸ਼ਰਧਾਵਾਨ ਪਾਠਕਾਂ ਨੇ ਹੀ ਪੂਰੀ ਤਰ੍ਹਾਂ ਨਿਸ਼ਕਾਮ ਹੋ ਕੇ ਇਸ ਦੀ ਉਸਾਰੀ ਵਿਚ ਹਿੱਸਾ ਪਾਇਆ ਹੈ। ਕੌਮ ਅਤੇ ਮਨੁੱਖਤਾ ਵਾਸਤੇ ਕੁਰਬਾਨੀ ਕਰਨ ਲਈ ਤਿਆਰ ਰਹਿਣ ਵਾਲਿਆਂ ਨੇ ਇਹ ਅਜੂਬਾ ਬਣਾਉਣ ਦਾ ਫ਼ੈਸਲਾ ਲਿਆ ਭਾਵੇਂ ਬਾਅਦ ਵਿਚ ਕੁੱਝ ਅਜਿਹੇ ਲੋਕ ਵੀ ਇਸ ਕਾਫ਼ਲੇ ਵਿਚ ਆ ਰਲੇ ਜਿਨ੍ਹਾਂ ਦੇ ਮਨ ਵਿਚ ‘ਉੱਚਾ ਦਰ’ ਲਈ ਕੋਈ ਪਿਆਰ ਨਹੀਂ ਸੀ ਤੇ ਉਹ ਕੇਵਲ ਵੱਧ ਵਿਆਜ ਦੇ ਲਾਲਚ ਵਿਚ ਹੀ ਇਸ ਕਾਫ਼ਲੇ ਵਿਚ ਆ ਰਲੇ ਸਨ।

ਜਿਹੜੇ ‘ਉੱਚਾ ਦਰ’ ਦੇ ਸੱਚੇ ਹਮਦਰਦ ਸਨ, ਉਨ੍ਹਾਂ ਸੈਂਕੜੇ ਭਲੇ ਪੁਰਸ਼ਾਂ ਨੇ ਤਾਂ ਬਿਨਾਂ ਮੰਗ ਕੀਤਿਆਂ, ਉੱਚਾ ਦਰ ਵਿਰੁਧ ਹੁੰਦਾ ਜ਼ੁਲਮ ਵੇਖ ਕੇ ਅਪਣੇ ਪੂਰੇ ਦੇ ਪੂਰੇ ਬਾਂਡ ਹੀ ਵਾਪਸ ਕਰ ਦਿਤੇ ਜਾਂ ਵਿਆਜ ਲੈਣਾ ਪੂਰੀ ਤਰ੍ਹਾਂ ਛੱਡ ਦਿਤਾ, ਜਿਵੇਂ ਕਿ ਮੈਂ ਪਿਛਲੇ ਹਫ਼ਤੇ ਵੀ ਦਸਿਆ ਸੀ। ਉਨ੍ਹਾਂ ਦੀ ਵੱਡੀ ਸੂਚੀ ਛਪਵਾ ਕੇ ਦਫ਼ਤਰ ਵਿਚ ਦੀਵਾਰ ਤੇ ਲਗਾ ਦਿਤੀ ਹੈ ਜੋ ਤੁਸੀ ਵੀ ਵੇਖ ਸਕਦੇ ਹੋ। 

ਇਮਾਰਤ ਤੋਂ ਅੱਗੇ ਦੀ ਗੱਲ ਕਰੀਏ ਤਾਂ ਇਹ ਉਹ ਪਲੇਟਫ਼ਾਰਮ ਹੈ ਜਿਸ ਨੂੰ ਵਰਤ ਕੇ ਨਾਨਕੀ ਇਨਕਲਾਬ ਲਿਆਉਣਾ ਹੈ - ਅਪਣੀ ਹਕੂਮਤ ਬਣਾਉਣ ਲਈ ਨਹੀਂ ਸਗੋਂ ਸਮੁੱਚੀ ਮਨੁਖਤਾ ਦੇ ਹੱਥਾਂ ਵਿਚ ਉਹ ਸੰਜੀਵਨੀ ਫੜਾਉਣੀ ਹੈ ਜਿਸ ਤੋਂ ਬਿਨਾਂ ਮਨੁੱਖਤਾ ਭੰਬਲਭੂਸੇ ਵਿਚ ਪਈ ਹੋਈ ਹੈ ਤੇ ਕੁੱਝ ਲੋਕ ‘ਧਰਮ’ ਦੇ ਗ਼ਲਤ ਅਰਥ ਕਰ ਕੇ ਉਸ ਨੂੰ ਮੂਰਖ ਬਣਾ ਕੇ ਲੁੱਟੀ ਜਾ ਰਹੇ ਹਨ ਤੇ ਜਿਸ ਬਾਰੇ 45 ਹਜ਼ਾਰ ਮੀਲ ਦਾ ਪੈਦਲ ਸਫ਼ਰ ਪੈਦਲ ਕਰ ਕੇ ਤੇ ਦੁਨੀਆਂ ਦੇ ਕੋਨੇ ਕੋਨੇ ਵਿਚ ਆਪ ਜਾ ਕੇ ਬਾਬਾ ਜੀ ਨੇ ਮਨੁੱਖ ਜਾਤੀ ਦੇ ਧਰਮੀ ਬਾਬਲਾਂ ਨੂੰ ਸੱਭ ਤੋਂ ਪਹਿਲਾਂ ਦਸਿਆ ਸੀ। ਨਾਨਕੀ ਇਨਕਲਾਬ ਸ਼ੁਰੂ ਕਰਨ ਲਈ ਉੱਚਾ ਦਰ ਵਲੋਂ ਤੁਰਤ ਸ਼ੁਰੂ ਕੀਤੇ ਜਾਣ ਵਾਲੇ ਵੱਡੇ ਕੰਮਾਂ ਦੀ ਸੂਚੀ ਬਣਾਈ ਜਾਏ ਤਾਂ ਉਹ ਇਹ ਹੋਣਗੇ :-

1.    24 ਘੰਟੇ ਚਲਣ ਵਾਲਾ ਬਾਬਾ ਨਾਨਕ ਟੀ ਵੀ ਚੈਨਲ ਸ਼ੁਰੂ ਕਰਨਾ ਜੋ ਸਾਰੀ ਦੁਨੀਆਂ ਵਿਚ ਵੇਖਿਆ ਜਾ ਸਕੇਗਾ ਤੇ ਨਵੀਂ ਪੀੜ੍ਹੀ ਨੂੰ ਚੰਗੀ ਅਗਵਾਈ ਦੇ ਸਕੇਗਾ। ਇਸ ਦਾ ਸਟੁਡੀਉ ਤਿਆਰ ਹੈ ਤੇ ਅਗਲੇ ਮਹੀਨੇ ਤੋਂ ਅੰਸ਼ਕ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੇ ਉੱਚਾ ਦਰ ਵੇਖਣ ਆਏ ਯਾਤਰੀ, ਇਸ ਰਾਹੀਂ ਅਪਣਾ ਸੰਦੇਸ਼ ਘਰ ਬੈਠੇ ਅਪਣਿਆਂ ਤਕ ਵੀ ਪਹੁੰਚਾ ਸਕਣਗੇ।

2.    ਹਰ ਦੇਸ਼ ਵਿਚ ਨਾਨਕੀ ਮਿਸ਼ਨ ਖੋਲ੍ਹਣੇ ਤੇ ਸਥਾਨਕ ਲੋਕਾਂ ਦੀ ਭਾਸ਼ਾ ਵਿਚ ਨਾਨਕੀ ਮਿਸ਼ਨ ਬਾਰੇ ਜਾਣਕਾਰੀ ਪਹੁੰਚਾਉਣੀ, ਜਿਵੇਂ ਈਸਾਈ ਪ੍ਰਚਾਰਕ, ਸਾਡੀਆਂ ਭਾਸ਼ਾਵਾਂ ਵਿਚ, ਸਾਡੇ ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ ਵਿਚ ਜਾ ਕੇ ਕਰਦੇ ਹਨ। ਗੁਰਦਵਾਰਿਆਂ ਤੋਂ ਬਾਹਰ ਕਿਸੇ ਵੀ ਦੇਸ਼ ਵਿਚ ਸਾਡਾ ਕੋਈ ਸੂਚਨਾ ਕੇਂਦਰ ਨਹੀਂ ਜੋ ਸਥਾਨਕ ਲੋਕਾਂ ਦੇ ਘਰ-ਘਰ ਪਹੁੰਚ ਕੇ ਦੁਨੀਆਂ ਦੇ ਨਵੀਨਤਮ ਅਧਿਆਤਮਕ ਫ਼ਲਸਫ਼ੇ ਬਾਰੇ ਉਨ੍ਹਾਂ ਦੀ ਭਾਸ਼ਾ ਵਿਚ ਜਾਣਕਾਰੀ ਦੇ ਸਕੇ। ਗੁਰਦਵਾਰੇ ਇਹ ਕੰਮ ਨਹੀਂ ਕਰ ਸਕੇ ਤੇ ਪੰਜਾਬੀ ਪ੍ਰਵਾਸੀਆਂ ਤੋਂ ਅੱਗੇਂ ਨਹੀਂ ਵੱਧ ਸਕੇ। 

3.    ਸਿੱਖ ਇਤਿਹਾਸ ਵਿਚ ਕਥਾ ਕਹਾਣੀਆਂ ਰਾਹੀਂ ਪਾਏ ਰਲੇ ਅਤੇ ਗੁਰਬਾਣੀ ਦੇ ਨਾਨਕੀ ਹੁਕਮਾਂ ਦੇ ਉਲਟ ਕੀਤੇ ਅਨੁਵਾਦਾਂ ਬਾਰੇ ਖੋਜ ਸ਼ੁਰੂ ਕਰ ਕੇ ਅਸਲ ਨਾਨਕੀ ਫ਼ਲਸਫ਼ਾ ਉਜਾਗਰ ਕਰਨ ਲਈ ਯਤਨ ਕਰਨੇ ਤੇ ਨਕਲੀ ਨੂੰ ਰੱਦ ਕਰਨਾ।
4.    ਹਰ ਸਾਲ ਉੱਚਾ ਦਰ ਦਾ 100% ਮੁਨਾਫ਼ਾ ਗ਼ਰੀਬਾਂ ਨੂੰ ਦੇਣਾ ਤੇ ਸਚਮੁਚ ਦੇ ਲੋੜਵੰਦਾਂ ਨੂੰ ਲੱਭਣ ਦੇ ਢੰਗ ਤਰੀਕੇ ਤਿਆਰ ਕਰਨੇ।

5.    ਨਾਨਕੀ ਫ਼ਲਸਫ਼ੇ ਬਾਰੇ ਇਸ ਵੇਲੇ ਵਿਦੇਸ਼ੀਆਂ ਨੂੰ ਸ਼ਿਕਾਇਤ ਹੈ ਕਿ ਇਸ ਨਵੀਨਤਮ ਤੇ ਅਤਿ-ਆਧੁਨਿਕ ਫ਼ਲਸਫ਼ੇ ਬਾਰੇ ਇਕ ਵੀ ਅੰਤਰ-ਰਾਸ਼ਟਰੀ ਪੱਧਰ ਦੀ ਪੁਸਤਕ ਬਾਜ਼ਾਰ ਵਿਚ ਨਹੀਂ ਮਿਲਦੀ। ਅਜਿਹੀਆਂ ਉਚ-ਪਧਰੀ ਕਿਤਾਬਾਂ, ਫ਼ਿਲਮਾਂ ਤੇ ਹੋਰ ਸਮਗਰੀ ਤਿਆਰ ਕਰਨੀ ਹੋਵੇਗੀ ਜੋ ਵਿਦੇਸ਼ੀਆਂ ਤੇ ਗ਼ੈਰ-ਪੰਜਾਬੀਆਂ ਨੂੰ ਅਪਣੇ ਵਲ ਖਿੱਚ ਸਕੇ। ਆਮ ਸ਼ਿਕਾਇਤ ਹੈ ਕਿ ਬਾਬੇ ਨਾਨਕ ਦੀ ਸਿੱਖੀ ਜਿੰਨੀ ਆਧੁਨਿਕ, ਨਵੀਨਤਮ ਤੇ ਵਿਗਿਆਨ, ਤਰਕ ਦੀਆਂ ਕਸੌਟੀਆਂ ਤੇ ਖਰੀ ਉਤਰਦੀ ਹੈ, ਇਸ ਦੀਆਂ ਪੁਸਤਕਾਂ ਤੇ ਪ੍ਰਚਾਰ ਸਮਗਰੀ ਅਤਿ ਪੁਰਾਤਨ ਸਮੇਂ ਦੀਆਂ ਲਗਦੀਆਂ ਹਨ ਤੇ ਕਿਸੇ ਨੂੰ ਅਪਣੇ ਵਲ ਨਹੀਂ ਖਿੱਚ ਸਕਦੀਆਂ। ਇਸ ਕਮੀ ਨੂੰ ਦੂਰ ਕਰਨ ਲਈ ਅੰਤਰ-ਰਾਸ਼ਟਰੀ ਪੱਧਰ ਦਾ ਸਾਹਿਤ ਤਿਆਰ ਕਰਨ ਵਾਲਾ ਪਬਲਿਸ਼ਿੰਗ ਹਾਊਸ ਤਿਆਰ ਕਰਨਾ ਤੇ ਦੁਨੀਆਂ ਦੇ ਹਰ ਦੇਸ਼ ਵਿਚ ਪਹੁੰਚਾਉਣਾ। 

6.    ਪੰਜਾਬ ਤੋਂ ਸ਼ੁਰੂ ਹੋ ਕੇ ਸਕੂਲ, ਕਾਲਜ ਵਿਚ ਪੜ੍ਹਦੇ ਹਰ ਬੱਚੇ ਨੂੰ ਇਕ ਵਾਰ ਉੱਚਾ ਦਰ ਵਿਚ ਲਿਆ ਕੇ ਉਨ੍ਹਾਂ ਨੂੰ ਸੰਸਾਰ ਦੇ ਨਵੀਨਤਮ ਫ਼ਲਸਫੇ ਬਾਰੇ ਜਾਣੂ ਕਰਵਾਉਣਾ।
7.    ਭਾਰਤ ਦੀਆਂ ਸਾਰੀਆਂ ਯੂਨੀਵਰਸਟੀਆਂ ਦੇ ਵਿਦਵਾਨਾਂ/ ਵਾਈਸ ਚਾਂਸਲਰਾਂ ਦੀ ਸਾਲਾਨਾ ਮੀਟਿੰਗ ‘ਉੱਚਾ ਦਰ’ ਵਿਚ ਰਖਣੀ ਤੇ ਉਨ੍ਹਾਂ ਨੂੰ ਨਾਨਕੀ ਫਲਸਫ਼ੇ ਬਾਰੇ ਜਾਣਕਾਰੀ ਦੇਣਾ।

8.    ਹਰ ਸਾਲ ਵਰਲਡ ਪਾਰਲੀਮੈਂਟ ਆਫ਼ ਰੀਲੀਜਨਜ਼ ਦੀ ਇਕ ਕਾਨਫ਼ਰੰਸ ਉੱਚਾ ਦਰ ਵਿਚ ਰਖਣੀ ਤਾਕਿ ਸਾਰੇ ਸੰਸਾਰ ਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿ ਦੁਨੀਆਂ ਦਾ ਸੱਭ ਤੋਂ ਨਵੀਨਤਮ ਨਾਨਕੀ ਫ਼ਲਸਫ਼ਾ ਅਸਲ ਵਿਚ ਹੈ ਕੀ ਤੇ ਇਹ ਦੁਨੀਆਂ ਦੇ ਸਾਰੇ ਮਨੁੱਖਾਂ ਨੂੰ ਜੋੜ ਕਿਵੇਂ ਸਕਦਾ ਹੈ। ਇਸ ਵੇਲੇ ਇਸ ਫ਼ਲਸਫ਼ੇ ਬਾਰੇ ਗ਼ਲਤਫ਼ਹਿਮੀਆਂ ਜ਼ਿਆਦਾ ਫੈਲਾਈਆਂ ਗਈਆਂ ਹੋਈਆਂ ਹਨ ਤੇ ਉਨ੍ਹਾਂ ਬਾਰੇ ਹੀ ਦੁਨੀਆਂ ਦੇ ਲੋਕ ਜ਼ਿਆਦਾ ਜਾਣਦੇ ਹਨ, ਅਸਲ ਗੱਲ ਨਹੀਂ ਜਾਣਦੇ।

9.    ਸ਼ੁਰੂ ’ਚ ਪੰਜਾਬ ਤੇ ਹਰਿਆਣਾ ਦੇ ਪਿੰਡ-ਪਿੰਡ ਸ਼ਹਿਰ ਸ਼ਹਿਰ ਵਿਚ ਨਾਨਕੀ ਫ਼ਲਸਫ਼ੇ ਨੂੰ ਘਰ ਘਰ ਪਹੁੰਚਾਉਣ, ਨਸ਼ਿਆਂ ਤੋਂ ਹਟਾ ਕੇ, ਅੰਧ-ਵਿਸ਼ਵਾਸ, ਕਥਾ ਕਹਾਣੀਆਂ, ਨਕਲੀ ਬਾਬਾਵਾਦ, ਨਕਲੀ ਚਮਤਕਾਰਾਂ, ਕਰਮ-ਕਾਂਡਾਂ ਤੇ ਵਹਿਮਾਂ ਭਰਮਾਂ ਤੋਂ ਦੂਰ ਕਰ ਕੇ ਅਸਲੀ ਨਾਨਕੀ ਸੰਦੇਸ਼ ਨਾਲ ਜੋੜਨ ਲਈ 5000 (ਪੰਜ ਹਜ਼ਾਰ) ਨੌਜੁਆਨਾਂ ਦੀ ਇਕ ਨਾਨਕੀ ਫ਼ੌਜ ਤਿਆਰ ਕਰਨੀ ਜੋ ਬਾਬੇ ਨਾਨਕ ਦੀ ਜਨਮ ਭੂਮੀ ਨੂੰ ਬਾਕੀ ਦੇ ਸੰਸਾਰ ਲਈ ਇਕ ‘ਆਦਰਸ਼ ਧਰਤੀ’ ਵਜੋਂ ਤਿਆਰ ਕਰ ਸਕੇ ਤੇ ਇਥੋਂ ਸ਼ਰਾਬ, ਹੋਰ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰ ਕੇ ਆਦਰਸ਼ ਮਨੁੱਖ ਦੀ ਤਸਵੀਰ ਦੁਨੀਆਂ ਨੂੰ ਵਿਖਾ ਸਕੇ ਜੋ ਸ਼ਰਾਬ ਸਮੇਤ ਹਰ ਨਸ਼ੇ ਨੂੰ ਨਫ਼ਰਤ ਕਰਦੀ ਹੋਵੇ।  

10. ਲਗਭਗ 50 ਹਜ਼ਾਰ ਨੌਜੁਆਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰ ਕੇ ਦੇਣਾ ਤਾਕਿ ਉਹ ਵਿਦੇਸ਼ਾਂ ਵਲ ਭੱਜਣ ਦੀ ਨਾ ਸੋਚਣ। 
11.ਚਾਰ ਉਦਾਸੀਆਂ (ਯਾਤਰਾਵਾਂ) ਦੇ ਰਸਤੇ ਨੂੰ ਤੇ ਉਦੋਂ ਦਿਤੇ ਨਵੇਂ ਨਾਨਕੀ ਸੰਦੇਸ਼ ਨੂੰ ਭਾਰਤ ਸਰਕਾਰ ਦੀ ਤੇ ਅੰਤਰ-ਰਾਸ਼ਟਰੀ ਮਾਨਤਾ ਦਿਵਾਉਣੀ ਕਿ ਇਸ ਰਸਤੇ ’ਤੇ ਪੈਦਲ ਚਲ ਕੇ ਸੰਸਾਰ ਵਿਚ ਪਹਿਲੀ ਵਾਰ ਇਕ ਮਹਾਂਪੁਰਸ਼ ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਇਕ ਜਾਤੀ ਦੇ ਲੋਕ ਦਸਿਆ ਸੀ ਜਿਸ ਮਨੁੱਖ ਜਾਤੀ ਦਾ ਕੇਵਲ ਇਕ ਧਰਮ ਹੈ ਪਰ ਪੁਜਾਰੀ ਸ਼੍ਰੇਣੀ ਧਰਮ ਨੂੰ ਮਾਇਆ ਬਟੋਰਨ ਦਾ ਧੰਦਾ ਬਣਾ ਕੇ ਅਸਲ ‘ਧਰਮ’ ਤੋਂ ਮਨੁਖਤਾ ਨੂੰ ਦੂਰ ਕਰਦੀ ਆਈ ਹੈ ਜੋ ਧਰਮ ਨਾਲ ਧੋਖਾ ਹੈ।

ਮੈਨੂੰ ਪਤਾ ਹੈ, ਤੁਹਾਡੇ ਕੋਲ ਗੋਲਕ ਨਹੀਂ ਜਿਸ ਨੂੰ ਅੰਨ੍ਹੀ ਸ਼ਰਧਾ ਵਾਲੇ ਲੋਕ, ਬਿਨਾ ਸੋਚੇ ਸਮਝੇ, ਧੜਾਧੜ ਭਰਦੇ ਰਹਿਣ ਤੇ ਤੁਸੀ ਖ਼ਰਚਦੇ ਰਹੋ। ਅਮੀਰ ਤਬਕਾ ਵੀ ਤੁਹਾਡੇ ਨਾਲ ਕਦੇ ਹੱਥ ਨਹੀਂ ਮਿਲਾਏਗਾ ਕਿਉਂਕਿ ਉਹ ਮਾਇਆ ਦਾ ਪੁਜਾਰੀ ਬਣੇ ਰਹਿਣ ਲਈ ਅੰਧ-ਵਿਸ਼ਵਾਸ, ਕਰਮ ਕਾਂਡ ਤੇ ਪੂਜਾ ਪਾਠ ਦੇ ਆਡੰਬਰਾਂ ਦਾ ਹਮਾਇਤੀ ਬਣ ਚੁਕਾ ਹੁੰਦਾ ਹੈ ਤੇ ਚੰਗੇ ਕੰਮ ਲਈ ਮਾਇਆ ਦੀ ਕੁਰਬਾਨੀ ਕਰਨ ਦਾ ਉਸ ਅੰਦਰ ਜਜ਼ਬਾ ਹੀ ਖ਼ਤਮ ਹੋ ਚੁੱਕਾ ਹੁੰਦਾ ਹੈ। 

ਪਰ ਤੁਹਾਡੇ ਸਾਰੇ ਕੰਮ ਤਾਂ ਬੜਾ ਪੈਸਾ ਮੰਗਣਗੇ। ਨਿਰੀ ਉੱਚਾ ਦਰ ਦੀ ਇਕ ਇਮਾਰਤ ਤਾਂ ਸਾਰਾ ਧਨ ਤੁਹਾਨੂੰ ਦੇ ਨਹੀਂ ਸਕੇਗੀ। ਤਾਂ ਕੀ ਫਿਰ ਨਾਨਕੀ ਇਨਕਲਾਬ ਲਿਆਉਣ ਦੇ ਸਾਰੇ ਪ੍ਰੋਗਰਾਮ ਹਵਾਈ ਗੱਲਾਂ ਬਣ ਕੇ ਰਹਿ ਜਾਣਗੇ? ਨਹੀਂ, ਜਿਵੇਂ ਕੋਈ ਪੈਸਾ ਅਪਣੇ ਕੋਲ ਨਾ ਹੁੰਦਿਆਂ ਵੀ, ਉੱਚਾ ਦਰ ਇਕ ਸ਼ਾਨਦਾਰ ਤੇ ਫ਼ਖ਼ਰ ਕਰਨ ਯੋਗ ਹਕੀਕਤ ਬਣ ਗਿਆ ਹੈ, ਇਸੇ ਤਰ੍ਹਾਂ ਵੱਡੇ ਨਾਨਕੀ ਇਨਕਲਾਬ ਦੇ ਸਾਰੇ ਪ੍ਰੋਗਰਾਮ ਵੀ ਹਕੀਕਤ ਬਣ ਸਕਦੇ ਹਨ

 ਸਿਰਫ਼ ਤੁਹਾਨੂੰ ਅਪਣੇ ਹੀ ਪੁਰਾਣੇ ਫ਼ੈਸਲੇ ਤੇ ਮਤੇ ਯਾਦ ਕਰਨੇ ਪੈਣਗੇ ਜੋ ਤੁਸੀ 50-50 ਹਜ਼ਾਰ ਸਿੱਖਾਂ ਦੀ ਹਾਜ਼ਰੀ ਵਿਚ ਪਾਸ ਕੀਤੇ ਸਨ। ਜੇ ਨਹੀਂ ਯਾਦ ਤਾਂ ਅਗਲੇ ਹਫ਼ਤੇ ਵਿਸਥਾਰ ਨਾਲ ਦੱਸ ਦੇਵਾਂਗਾ ਕਿ ਤੁਹਾਡੇ ਅਪਣੇ ਕੀਤੇ ਫ਼ੈਸਲਿਆਂ ਉਤੇ ਅਮਲ ਕਰ ਕੇ ਕਿਵੇਂ ਸੱਭ ਕੁੱਝ ਸੰਭਵ ਬਣਾਇਆ ਜਾ ਸਕਦਾ ਹੈ। 
(ਚਲਦਾ)