'ਨਾਨਕਵਾਦ' ਦੇ ਤੁਲਸੀ ਵਰਗੇ ਬੂਟੇ ਨੂੰ ਬਚਾਉਣ ਲਈ ਸਿੱਖ ਅਜੇ ਗੰਭੀਰ ਨਹੀਂ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਾਬੇ ਨਾਨਕ ਨੇ ਆਪ ਕੋਈ ਗੁਰਦੁਆਰਾ, ਮੱਠ, ਆਸ਼ਰਮ ਜਾਂ ਡੇਰਾ ਨਹੀਂ ਸੀ ਬਣਾਇਆ। ਕਿਉਂ ਨਹੀਂ ਸੀ ਬਣਾਇਆ? ਕਿਉਂਕਿ ਸਾਰੀ ਦੁਨੀਆਂ ਦੇ ਮਨੁੱਖਾਂ ਉਤੇ ਲਾਗੂ ਹੋਣ ਵਾਲਾ....

Ucha Dar Babe Nanak Da

ਬਾਬੇ ਨਾਨਕ ਨੇ ਆਪ ਕੋਈ ਗੁਰਦੁਆਰਾ, ਮੱਠ, ਆਸ਼ਰਮ ਜਾਂ ਡੇਰਾ ਨਹੀਂ ਸੀ ਬਣਾਇਆ। ਕਿਉਂ ਨਹੀਂ ਸੀ ਬਣਾਇਆ? ਕਿਉਂਕਿ ਸਾਰੀ ਦੁਨੀਆਂ ਦੇ ਮਨੁੱਖਾਂ ਉਤੇ ਲਾਗੂ ਹੋਣ ਵਾਲਾ ਅਧਿਆਤਮਵਾਦੀ ਫ਼ਲਸਫ਼ਾ ਮੰਦਰਾਂ, ਮੱਠਾਂ, ਡੇਰਿਆਂ ਵਿਚ ਨਹੀਂ ਫੱਲ ਫੁੱਲ ਸਕਦਾ। ਇਨ੍ਹਾਂ ਪੁਜਾਰੀ-ਟਿਕਾਣਿਆਂ ਵਿਚ ਕਰਮ-ਕਾਂਡ ਤੇ ਅੰਧ-ਵਿਸ਼ਵਾਸ ਦਾ ਸਹਾਰਾ ਲਏ ਬਿਨਾਂ ਕੋਈ ਪ੍ਰਾਪਤੀ ਕੀਤੀ ਹੀ ਨਹੀਂ ਜਾ ਸਕਦੀ 

ਕਿਉਂ ਨਹੀਂ? ਕਿਉਂਕਿ ਸਾਰੇ ਹੀ ਧਰਮਾਂ ਦੇ ਮੰਦਰਾਂ, ਚਰਚਾਂ, ਮਸਜਿਦਾਂ, ਪਗੋਡਿਆਂ, ਆਸ਼ਰਮਾਂ ਆਦਿ ਵਿਚ ਧਰਮ ਬਹੁਤੀ ਦੇਰ ਟਿਕ ਨਹੀਂ ਸਕਦਾ। ਪੁਜਾਰੀ ਲਾਣਾ, ਨਵੇਂ ਨਵੇਂ ਲਿਬਾਸ ਧਾਰਨ ਕਰ ਕੇ ਆ ਬੈਠਦਾ ਹੈ ਤੇ ਨਵੇਂ ਨਵੇਂ ਨਾਵਾਂ ਵਾਲੇ ਕਰਮ-ਕਾਂਡ ਸ਼ੁਰੂ ਕਰ ਲੈਂਦਾ ਹੈ। ਉਹ ਪੁਰਾਣੇ ਧਰਮਾਂ ਦੇ ਕਰਮ-ਕਾਂਡਾਂ ਨੂੰ ਤਾਂ ਨਿੰਦਦਾ ਹੈ ਤੇ ਖ਼ੂਬ ਨਿੰਦਦਾ ਹੈ ਪਰ ਅਪਣੇ 'ਨਵੇਂ ਕਰਮ ਕਾਂਡਾਂ' ਨੂੰ ਨਵੇਂ ਧਰਮ ਦਾ ਜ਼ਰੂਰੀ ਅੰਗ ਦਸਣ ਲੱਗ ਜਾਂਦਾ ਹੈ। ਹੌਲੀ ਹੌਲੀ ਧਰਮ ਅਸਥਾਨ ਅੰਦਰੋਂ ਉਸ ਵਲੋਂ ਕੀਤਾ ਗਿਆ ਪ੍ਰਚਾਰ ਕਬੂਲ ਕਰ ਕੇ ਲੋਕ ਉਸ ਨੂੰ ਅਪਣੇ ਜੀਵਨ ਦਾ ਅੰਗ ਮੰਨਣ ਲਗਦੇ ਹਨ। ਇਸ ਮੌਕੇ ਕੁੱਝ ਸਮਝਦਾਰ ਲੋਕ ਨਵੇਂ ਕਰਮ-ਕਾਂਡ ਨੂੰ ਵੀ 'ਪੈਸੇ ਕਾ ਵਾਪਾਰ' ਬਣਿਆ ਵੇਖ ਕੇ ਉਸ ਵਿਰੁਧ ਉਠ ਖੜੇ ਹੁੰਦੇ ਹਨ ਪਰ ਪੁਜਾਰੀ ਲਾਣੇ ਦੇ ਅਸਰ ਹੇਠ ਆ ਚੁੱਕੇ ਲੋਕ, ਗੁਰਮੁਖਾਂ ਦੇ ਇਸ ਸੁਧਾਰਵਾਦੀ ਯਤਨ ਵਿਰੁਧ ਵੀ ਡੰਡੇ ਲੈ ਕੇ ਖੜੇ ਹੋ ਜਾਂਦੇ ਹਨ ਤੇ ਕਹਿ ਦੇਂਦੇ ਹਨ ਕਿ ਜੇ ਕਰਮ-ਕਾਂਡ ਨਹੀਂ ਕਰਨਾ ਤਾਂ ਹੋਰ ਧਰਮ ਅਸਥਾਨ ਵਿਚ ਸੈਰ ਕਰਨ ਲਈ ਜਾਣਾ ਹੈ?

ਉਹ ਐਲਾਨੀਆ ਕਹਿੰਦੇ ਹਨ ਕਰਮ-ਕਾਂਡ ਤੋਂ ਬਿਨਾਂ ਰੱਬ ਨੂੰ ਮਿਲਿਆ ਹੀ ਨਹੀਂ ਜਾ ਸਕਦਾ ਤੇ ਅੱਗਾ ਸਵਾਰਿਆ ਹੀ ਨਹੀਂ ਜਾ ਸਕਦਾ, ਇਸ ਲਈ ਪੁਜਾਰੀ ਠੀਕ ਕਹਿੰਦਾ ਹੈ ਤੇ ਠੀਕ ਕਰਦਾ ਹੈ। ਸੋ ਜਿਹੜਾ ਉਸ ਦੀ ਵਿਰੋਧਤਾ ਕਰੇਗਾ, ਉਸ ਦੀ ਲੱਤ ਭੰਨ ਦਿਤੀ ਜਾਵੇਗੀ। ਮਾਇਆ ਦੇ ਵਪਾਰੀ ਅਰਥਾਤ ਪੁਜਾਰੀ, ਇਸ ਅਵਸਥਾ ਵਿਚ ਐਸ਼ਾਂ ਕਰਦੇ ਹਨ ਤੇ 'ਗੁਰਮੁਖ' ਡਾਂਗਾਂ ਖਾਂਦੇ, ਤੋਹਮਤਾਂ ਝਲਦੇ ਤੇ ਪੁਜਾਰੀਆਂ ਦੀਆਂ ਊਜਾਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ। ਪਰ ਬਾਬੇ ਨਾਨਕ ਦੀ ਬਾਣੀ ਪੜ੍ਹ ਕੇ ਵੇਖ ਲਉ, ਉਨ੍ਹਾਂ ਅਪਣੇ ਫ਼ਲਸਫ਼ੇ ਵਿਚ ਪੁਜਾਰੀ ਤੇ ਪੂਜਾ ਸਥਾਨ ਦੀ ਹੋਂਦ ਹੀ ਪ੍ਰਵਾਨ ਨਹੀਂ ਕੀਤੀ। ਇਥੇ ਰੱਬ ਅਤੇ ਮਨੁੱਖ ਵਿਚਕਾਰ ਹੋਰ ਕੋਈ ਆ ਹੀ ਨਹੀਂ ਸਕਦਾ ਤੇ ਜੇ ਕੋਈ ਆਉਂਦਾ ਹੈ ਤਾਂ ਉਹ ਬਾਬੇ ਨਾਲਕ ਨਾਲ ਧ੍ਰੋਹ ਕਰਦਾ ਹੈ। ਪਰ ਸਾਰੇ ਧਰਮਾਂ ਦਾ ਇਤਿਹਾਸ ਇਕੋ ਜਿਹਾ ਹੈ। ਜੇ ਪੂਜਾ ਅਸਥਾਨ ਬਣਦਾ ਹੈ ਤਾਂ ਪੁਜਾਰੀ ਵੀ ਜ਼ਰੂਰ ਆ ਜਾਂਦਾ ਹੈ ਤੇ ਪੁਜਾਰੀ ਆਉਂਦਾ ਹੈ ਤਾਂ ਵਕਤ ਦੇ ਹਾਕਮ ਨੂੰ ਅਪਣੀ ਵਫ਼ਾਦਾਰੀ ਦਾ ਯਕੀਨ ਦਿਵਾ ਕੇ ਤੇ ਲੁੱਟ ਵਿਚ ਹਿੱਸਾ ਰੱਖ ਕੇ, ਉਹ ਨਵੇਂ ਕਰਮ-ਕਾਂਡ ਵੀ ਜ਼ਰੂਰ ਸ਼ੁਰੂ ਕਰ ਲੈਂਦਾ ਹੈ।

ਬਾਬੇ ਨਾਨਕ ਦਾ ਅਧਿਆਤਮਕ ਫ਼ਲਸਫ਼ਾ ਕਿੱਕਰ ਦਾ ਬੂਟਾ ਨਹੀਂ ਜੋ ਹਰ ਮਿੱਟੀ ਤੇ ਹਰ ਜਲ-ਵਾਯੂ ਵਿਚ ਵੱਧ ਫੁੱਲ ਸਕੇ। ਇਹ ਤਾਂ ਤੁਲਸੀ ਦੇ ਬੂਟੇ ਵਾਂਗ ਇਕ ਵਿਸ਼ੇਸ਼ ਜਲ-ਵਾਯੂ ਤੇ ਵਿਸ਼ੇਸ਼ ਮਿੱਟੀ ਵਿਚ ਹੀ ਉਗਾਇਆ ਜਾ ਸਕਦਾ ਹੈ ਵਰਨਾ ਮਾੜੀ ਜਹੀ ਤਬਦੀਲੀ ਆਉਂਦੀ ਵੇਖ ਕੇ ਹੀ ਇਹ ਕੁਮਲਾਉਣ ਮੁਰਝਾਉਣ ਲੱਗ ਜਾਂਦਾ ਹੈ। ਇਹ ਕਰਮ-ਕਾਂਡ ਦੀ ਗਰਮੀ ਸਰਦੀ ਤੇ ਗੰਦੀ ਅੰਧ-ਵਿਸ਼ਵਾਸ, ਮਿਥਿਹਾਸ ਦੀ ਮਿੱਟੀ ਵਿਚ ਸੜਨ ਲੱਗ ਜਾਂਦਾ ਹੈ। ਸਿੱਖੀ ਦਾ ਵੀ ਇਹੀ ਹਾਲ ਹੋਇਆ ਪਿਆ ਹੈ। ਇਹ ਗਿਆਨ ਦਾ ਧਰਮ ਹੈ, ਪੁਜਾਰੀ ਸ਼੍ਰੇਣੀ ਦੇ ਵਿਖਾਵੇ ਤੇ ਕਰਮ-ਕਾਂਡ ਵਾਲਾ ਧਰਮ ਨਹੀਂ। ਦੁਨੀਆਂ ਭਰ ਨੇ ਇਹ ਗੱਲ ਸਮਝ ਲਈ ਹੈ ਪਰ ਬਾਬੇ ਨਾਨਕ ਦੇ ਸਿੱਖ, ਜਿਨ੍ਹਾਂ ਨੂੰ ਸੱਭ ਤੋਂ ਪਹਿਲਾਂ ਸਮਝ ਜਾਣਾ ਚਾਹੀਦਾ ਸੀ ਕਿ ਸਿੱਖੀ ਨੂੰ ਕੇਸਾਧਾਰੀ ਬ੍ਰਾਹਮਣਾਂ ਨੇ ਗ਼ਲਤ ਮਿੱਟੀ ਤੇ ਗ਼ਲਤ ਜਲ-ਵਾਯੂ ਵਿਚ ਲਗਾ ਦਿਤਾ ਗਿਆ ਹੈ, ਇਸ ਲਈ ਇਹ ਝੁਲਸ ਜਾਏਗੀ, ਉਹ ਅਜੇ ਤੀਕ ਨਹੀਂ ਸਮਝੇ। 

ਸਿੱਖੀ ਦੇ ਬੂਟੇ ਨੂੰ ਪੁਜਾਰੀਵਾਦ ਦੀ ਗ੍ਰਿਫ਼ਤ ਵਿਚੋਂ ਕੱਢ ਕੇ 'ਨਾਨਕਵਾਦ' ਦੇ ਵਾਯੂਮੰਡਲ ਵਿਚ ਉਗਾਉਣ, ਪ੍ਰਫ਼ੁੱਲਤ ਕਰਨ ਦਾ ਪਹਿਲਾ ਵੱਡਾ ਯਤਨ ਸਿੰਘ ਸਭਾ ਲਹਿਰ ਦੇ ਬਾਨੀਆਂ ਨੇ ਕੀਤਾ। ਉਨ੍ਹਾਂ ਦਾ ਜੋ ਹਸ਼ਰ ਕੀਤਾ ਗਿਆ, ਉਸ ਦਾ ਸੱਭ ਨੂੰ ਪਤਾ ਹੈ। ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿਤਾ ਗਿਆ। ਦੂਜਾ ਯਤਨ 'ਉੱਚਾ ਦਰ ਬਾਬੇ ਨਾਨਕ ਦਾ' ਤੋਂ ਸ਼ੁਰੂ ਕੀਤਾ ਜਾਣਾ ਹੈ। ਤੁਸੀ ਵੇਖ ਹੀ ਲਿਆ ਹੈ, ਇਸ ਨੂੰ ਹੋਂਦ ਵਿਚ  ਆਉਣੋਂ ਰੋਕਣ ਲਈ ਕੀ ਕੀ ਯਤਨ ਨਹੀਂ ਕੀਤੇ ਗਏ ਤੇ ਇਸ ਦੇ ਸੰਚਾਲਕਾਂ ਨੂੰ 'ਗਿ. ਦਿਤ ਸਿੰਘ ਵਾਲੀ ਹਾਲਤ ਵਿਚ ਲਿਆ ਕੇ ਵਿਖਾਉਣ' ਦੇ ਦਮਗਜੇ ਵੀ ਮਾਰੇ ਗਏ। ਆਮ ਸਿੱਖ ਉਦੋਂ ਵੀ 99% ਤਕ ਪੁਜਾਰੀਆਂ ਦੇ ਝੂਠੇ ਪ੍ਰਚਾਰ ਦਾ ਅਸਰ ਕਬੂਲ ਕਰੀ ਬੈਠੇ ਰਹੇ ਤੇ ਅੱਜ ਵੀ 50-60% ਸਿੱਖ ਤਾਂ ਉਨ੍ਹਾਂ ਦਾ ਪ੍ਰਭਾਵ ਕਬੂਲ ਕਰਦੇ ਹੀ ਹਨ। 

ਆਮ ਸਿੱਖਾਂ ਨਾਲ ਕੋਈ ਗਿਲਾ ਨਹੀਂ ਪਰ ਸਪੋਕਸਮੈਨ ਦੇ ਪਾਠਕਾਂ ਨਾਲ ਗਿਲਾ ਜ਼ਰੂਰ ਹੈ। 10% ਬਾਕੀ ਰਹਿ ਗਏ ਕੰਮ ਲਈ ਆਵਾਜ਼ ਮਾਰੀ ਸੀ ਕਿ 2000 ਪਾਠਕ 50-50 ਹਜ਼ਾਰ ਦੀ ਮਦਦ ਆਖ਼ਰੀ ਵਾਰ ਮੈਂਬਰਸ਼ਿਪ ਲੈ ਕੇ/ਦਾਨ ਵਜੋਂ ਜਾਂ ਥੋੜੇ ਸਮੇਂ ਲਈ ਉਧਾਰੀ ਦੇ ਕੇ ਇਸ ਨੂੰ ਚਾਲੂ ਕਰਨ ਵਿਚ ਸਹਾਈ ਹੋਣ। 2000 ਪਾਠਕਾਂ ਨੂੰ ਅੱਗੇ ਆਉਣ ਲਈ ਕਿਹਾ ਸੀ, 50-60 ਹੀ ਨਿਤਰੇ। ਇਕ ਸੱਜਣ ਨੇ ਸੱਭ ਤੋਂ ਪਹਿਲਾਂ ਪੇਸ਼ਕਸ਼ ਕੀਤੀ ਸੀ, ''ਮੇਰਾ ਨਾਂ ਸੱਭ ਤੋਂ ਪਹਿਲਾਂ ਲਿਖ ਲਉ। ਸ਼ਾਇਦ ਮੈਂ ਇਕ ਦੋ ਲੱਖ ਵੀ ਦੇ ਦੇਵਾਂ।'' ਦੋ ਮਹੀਨੇ ਦੀ ਇੰਤਜ਼ਾਰ ਮਗਰੋਂ ਮੈਂ ਉਸ ਨੂੰ ਫ਼ੋਨ ਕਰ ਕੇ ਪੁਛਿਆ ਕਿ ਉਸ ਦੀ ਸੱਭ ਤੋਂ ਪਹਿਲੇ ਨੰਬਰ ਦੀ ਕੀਤੀ ਪੇਸ਼ਕਸ਼ ਦਾ ਕੀ ਬਣਿਆ?
ਹੱਸ ਕੇ ਬੋਲੇ, ''ਮੇਰੇ ਦੇਣ ਨਾ ਦੇਣ ਨਾਲ ਕੀ ਫ਼ਰਕ ਪੈਂਦੈ, ਤੁਹਾਡੇ ਲੱਖਾਂ ਸ਼ਰਧਾਲੂ ਪਾਠਕ ਨੇ, ਉਹੀ ਰਕਮ ਪੂਰੀ ਕਰ ਦੇਣਗੇ।''

ਯਕੀਨਨ ਸਿੱਖ ਅਜੇ ਸਿੱਖੀ ਦੇ ਬੂਟੇ ਨੂੰ ਪੁਜਾਰੀਵਾਦ ਦੇ ਵਿਹੜੇ ਵਿਚੋਂ ਪੁਟ ਕੇ 'ਨਾਨਕਵਾਦ' ਦੇ ਵਿਹੜੇ ਵਿਚ ਲਗਾਉਣ ਲਈ ਤਿਆਰ ਨਹੀਂ ਹੋਏ ਲਗਦੇ। ਜਿਹੜੇ ਗੰਭੀਰ ਹੋ ਜਾਂਦੇ ਹਨ, ਉਹ ਤਾਂ ਕਹਿਣਗੇ, ''ਹੋਰ ਕੋਈ ਦੇਵੇ ਨਾ ਦੇਵੇ, ਮੈਂ ਤਾਂ ਅਪਣਾ ਹਿੱਸਾ ਅੱਜ ਹੀ ਪਾ ਕੇ ਅਪਣੀ ਫ਼ਰਜ਼ ਪੂਰਾ ਕਰ ਦਿਆਂ।'' ''ਮੈਂ ਤਾਂ ਅਪਣੀ ਜ਼ਿੰਮੇਵਾਰੀ ਅੱਜ ਹੀ ਪੂਰੀ ਕਰਾਂਗਾ/ਗੀ'' ਦੀ ਸੋਚ ਜਿਸ ਦਿਨ ਸਿੱਖਾਂ ਅੰਦਰ ਜੜ੍ਹ ਫੜ ਗਈ, ਉਸ ਦਿਨ ਸਿੱਖੀ ਦੀ ਸੱਚਮੁਚ ਦੀ ਚੜ੍ਹਦੀ ਕਲਾ ਸ਼ੁਰੂ ਹੋ ਜਾਵੇਗੀ। -ਜੋਗਿੰਦਰ ਸਿੰਘ