ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (15)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਸੀ ਪਿਛਲੀ ਵਾਰ ਵੇਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਰਬ ਸੰਮਤੀ ਨਾਲ ਇਹ ਫ਼ੈਸਲਾ ਲੈ ਲਿਆ ਸੀ ਕਿ ........

File Photo

 

ਅਸੀ ਪਿਛਲੀ ਵਾਰ ਵੇਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਰਬ ਸੰਮਤੀ ਨਾਲ ਇਹ ਫ਼ੈਸਲਾ ਲੈ ਲਿਆ ਸੀ ਕਿ ਦੇਸ਼- ਵੰਡ ਦੀ ਹਾਲਤ ਵਿਚ ਸਿੱਖਾਂ ਦੇ ਭਵਿੱਖ ਬਾਰੇ ਫ਼ੈਸਲਾ ਉਹੀ ਲਿਆ ਜਾਏ ਜੋ ਹਰ ਸਿੱਖ ਨੂੰ ਪ੍ਰਵਾਨ ਹੋਵੇ ਅਤੇ ਜਿਥੋਂ ਤਕ ਹੋ ਸਕੇ, ਕਿਸੇ ਇਕ ਵੀ ਅਸਹਿਮਤ ਸਿੱਖ ਵਿਅਕਤੀ ਜਾਂ ਜੱਥੇ ਨੂੰ ਇਹ ਕਹਿਣ ਦਾ ਮੌਕਾ ਨਾ ਦਿਤਾ ਜਾਏ ਕਿ ਲੀਡਰਾਂ ਨੋੇ ਕੌਮ ਨੂੰ ਵਿਸ਼ਵਾਸ ਵਿਚ ਲਏ ਬਿਨਾਂ, ਉਪਰ ਉਪਰ ਹੀ ਫ਼ੈਸਲੇ ਲੈ ਲਏ ਸਨ।

ਸੋ ਘਰ ਘਰ ਜਾ ਕੇ ਅਕਾਲੀ ਵਰਕਰਾਂ ਨੇ ਸਿੱੱਖਾਂ ਦੀ ਰਾਏ ਲਈ, ਲੀਡਰਾਂ ਨੇ ਸਾਰੀਆਂ ਪੰਥਕ ਜਥੇਬੰਦੀਆਂ ਦੀ ਲਿਖਤੀ ਰਾਏ ਮੰਗੀ, ਸਿੱਖ ਵਕੀਲਾਂ, ਜੱਜਾਂ, ਵਿਦਵਾਨਾਂ, ਡਾਕਟਰਾਂ ਤੇ ਫ਼ੌਜੀਆਂ ਦੀ ਕਨਵੈਨਸ਼ਨ ਸੱਦ ਕੇ ਉਨ੍ਹਾਂ ਦੀ ਰਾਏ ਲਈ ਗਈ। ਕਈ ਕਾਨਫ਼ਰੰਸਾਂ ਕਰਨ ਅਤੇ ਪੰਥਕ ਅਖ਼ਬਾਰਾਂ ਵਿਚ ਸੈਂਕੜੇ ਲੇਖ ਲਿਖਣ ਮਗਰੋਂ ਪੰਥ ਦੀ ਸਰਬ ਸੰਮਤ ਰਾਏ ਇਹੀ ਬਣੀ ਕਿ: 

1. ਦੇਸ਼ ਦੀ ਵੰਡ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਕਿਉਂਕਿ ਵੰਡ ਘੱਟਗਿਣਤੀ ਦਾ ਬਹੁਤ ਨੁਕਸਾਨ ਕਰੇਗੀ ਤੇ ਦੇਸ਼ ਦੇ ਅੱਧੇ ਗੁਰਦਵਾਰੇ ਸਿੱਖਾਂ ਤੋਂ ਖੁਸ ਜਾਣਗੇ ਅਤੇ ਦੋਹਾਂ ਹਾਲਤਾਂ ਵਿਚ, ਸਿੱਖਾਂ ਨੂੰ ਭਾਰੀ ਜਾਨੀ, ਮਾਲੀ ਨੁਕਸਾਨ ਝਲਣਾ ਪਾਵੇਗਾ।
2. ਜੇ ਵੰਡ  ਰੋਕਣੀ ਅਸੰਭਵ ਹੀ ਹੋ ਜਾਵੇ ਤਾਂ ਸਿੱਖਾਂ ਲਈ ਵਖਰੀ ਸਿੱਖ ਸਟੇਟ ਮੰਗ ਲਈ ਜਾਵੇ ਜੋ ਬਾਅਦ ਵਿਚ ਫ਼ੈਸਲਾ ਕਰੇਗੀ ਕਿ ਕਿਹੜੇ ਗਵਾਂਢੀ ਨਾਲ ਕੀ ਸਬੰਧ ਰਖਣੇ ਹਨ।

3. ਜੇ ਕਿਸੇ ਕਾਰਨ ਕਰ ਕੇ, ਉਪ੍ਰੋਕਤ ਦੋਵੇਂ ਗੱਲਾਂ ਮਨਵਾਉਣੀਆਂ ਅਸੰਭਵ ਹੋ ਜਾਣ ਤਾਂ ਪਾਕਿਸਤਾਨ ਦੇ ਅਧੀਨ ਰਹਿਣ ਵਾਲੀ ਕੋਈ ਤਜਵੀਜ਼ ਪ੍ਰਵਾਨ ਨਾ ਕੀਤੀ ਜਾਏ ਕਿਉਂਕਿ ਕੋਈ ਇਕ ਵੀ ‘ਇਸਲਾਮਿਕ ਦੇਸ਼’ ਅਜਿਹਾ ਨਹੀਂ ਜਿਸ ਵਿਚ ਘੱਟ ਗਿਣਤੀਆਂ ਨੂੰ ਬਰਾਬਰੀ ਦਾ ਹੱਕ ਦਿਤਾ ਗਿਆ ਹੋਵੇ ਜਾਂ ਗ਼ੈਰ ਮੁਸਲਮਾਨਾਂ ਨੂੰ ਰਾਜਸੀ ਤੌਰ ਉਤੇ ਮਜ਼ਬੂਤ ਹੋਣ ਦੀ ਆਜ਼ਾਦੀ ਦਿਤੀ ਗਈ ਹੋਵੇ। 

4. ਮਾ. ਤਾਰਾ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਉਤੇ ਸਮੁੱਚੇ ਪੰਥ ਨੇ ਮੁਕੰਮਲ ਵਿਸ਼ਵਾਸ ਪ੍ਰਗਟ ਕੀਤਾ।
ਕੇਵਲ ਦੋ ਤਿੰਨ ਸਿੱਖ (ਜੋ ਅੰਗਰੇਜ਼ ਸਰਕਾਰ ਦੇ ਨੌਕਰਸ਼ਾਹ ਸਨ), ਉਨ੍ਹਾਂ ਨੇ ਵਖਰੀ  ਰਾਏ ਜ਼ਰੂਰ ਦਿਤੀ ਕਿ ਅੰਗਰੇਜ਼ ਦੀ ਗੱਲ ਮਨ ਲਉ ਤੇ ਪਾਕਿਸਤਾਨ ਵਿਚ ਸ਼ਾਮਲ ਹੋ ਜਾਉ ਤਾਂ ਅੰਗਰੇਜ਼, ਮੁਸਲਿਮ ਲੀਗ ਕੋਲੋਂ ਉਹ ਰਿਆਇਤਾਂ ਲੈ ਕੇ ਦੇ ਸਕਦੇ ਹਨ ਜੋ ਹਿੰਦੂ ਲੀਡਰ, ਸਿੱਖਾਂ ਨੂੰ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਅਕਾਲੀ ਲੀਡਰਾਂ ਨੇ ਸ਼ਰਤ ਰੱਖੀ ਕਿ ਜਿਨਾਹ ਕੋਲੋਂ ਇਹ ਹੱਕ ਲੈ ਦਿਉ ਕਿ ਜੇ ਪਾਕਿਸਤਾਨ ਦੇ ਹਾਕਮ ਵਾਅਦਿਆਂ ਤੋਂ ਮੁਕਰ ਗਏ ਤਾਂ ਸਿੱਖਾਂ ਨੂੰ ਵੱਖ ਹੋਣ ਦਾ ਅਧਿਕਾਰ ਹੋਵੇਗਾ।

Kapoor Singh

ਸਰ ਜੋਗਿੰਦਰਾ ਸਿੰਘ ਤਾਂ ਏਨਾ ਹੀ ਕਹਿ ਕੇ ਚੁੱਪ ਕਰ ਗਏ ਕਿ ‘‘ਗੱਲ ਕਰ ਕੇ ਵੇਖ ਲੈਂਦੇ ਹਾਂ।’’ ਪਰ ਕਪੂਰ ਸਿੰਘ ਆਦਤ ਅਨੁਸਾਰ, ਭੜਕ ਪਏ ਤੇ ਬੋਲੇ,‘‘ਇਹ ਮੰਗ ਤਾਂ ਕੋਈ ਮੂਰਖ ਹੀ ਰੱਖ ਸਕਦਾ ਹੈ ਤੇ ਮੂਰਖ ਹੀ ਮੰਨ ਸਕਦਾ ਹੈ। ਹਿੰਦੂ ਲੀਡਰ ਤੁਹਾਡੀ ਇਹ ਮੰਗ ਮੰਨਦੇ ਨੇ?’’ ਮਾ. ਤਾਰਾ ਸਿੰਘ ਨੇ ਕਿਹਾ, ‘‘ਹਿੰਦੂ ਲੀਡਰ ਕਹਿੰਦੇ ਹਨ ਕਿ ਆਜ਼ਾਦ ਹਿੰਦੁਸਤਾਨ ਦਾ ਕੋਈ ਉਹ ਸੰਵਿਧਾਨ ਨਹੀਂ ਬਣ ਸਕੇਗਾ ਜਿਸ ਨੂੰ ਸਿੱਖ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਧਿਕਾਰ ਵੱਖ ਹੋਣ ਦੇ ਅਧਿਕਾਰ ਨਾਲੋਂ ਵੱਡਾ ਹੈ।’’

ਮਾ. ਤਾਰਾ ਸਿੰਘ ਫਿਰ ਬੋਲੇ ਕਿ ‘‘ਤੁਸੀ ਅੰਗਰੇਜ਼ ਕੋਲੋਂ ਹਿੰਦ ਪਾਕ ਤੋਂ ਵਖਰੀ ਆਜ਼ਾਦ ਸਿੱਖ ਸਟੇਟ ਲੈ ਦਿਉ ਤੇ ਜੇ ਅੰਗਰੇਜ਼ ਤੁਹਾਡੇ ਕਹਿਣ ਉਤੇ ਵੀ ਆਜ਼ਾਦ ਸਿੱਖ ਸਟੇਟ ਨਹੀਂ ਦੇਂਦੇ ਤਾਂ ਜਿਨਾਹ ਜਾਂ ਮੁਸਲਮ ਲੀਗ ਨੂੰ ਹੀ ਮਨਾ ਲਉ ਕਿ ਪਾਕਿਸਤਾਨ ਵਿਚ ਅਜਿਹਾ ਸੰਵਿਧਾਨ ਨਹੀਂ ਬਣੇਗਾ ਜਿਸ ਦੀ ਪ੍ਰਵਾਨਗੀ ਸਿੱਖ ਨਹੀਂ ਦੇਣਗੇ। ਅਸੀ ਤਾਂ ਇਸਲਾਮਿਕ ਸੰਵਿਧਾਨ ਦੀ ਪ੍ਰਵਾਨਗੀ ਨਹੀਂ ਦਿਆਂਗੇ। ਵੇਖ ਲਉ ਪਾਕਿਸਤਾਨ ਦੇ ਆਗੂ ਮੰਨਦੇ ਹਨ ਤਾਂ ਅਸੀ ਉਨ੍ਹਾਂ ਉਤੇ ਵੀ ਇਤਬਾਰ ਕਰ ਲੈਂਦੇ ਹਾਂ। ਹਿੰਦੂ ਆਗੂ ਤਾਂ ਇਹ ਵਾਅਦਾ ਦੇ ਹੀ ਚੁੱਕੇ ਹਨ।’’

ਸ. ਕਪੂਰ ਸਿੰਘ ਕੋਲ ਜਵਾਬ ਕੋਈ ਨਹੀਂ ਸੀ ਪਰ ਆਦਤੋਂ ਮਜਬੂਰ, ਗਰਮੀ ਖਾ ਕੇ ਤੇ ਮੂੰਹ ਵਿਚ ਬੁੜਬੁੜਾਉਂਦੇ ਹੋਏ ਚਲੇ ਗਏ। ਇਥੇ ਸਵਾਲ ਇਹ ਹੈ ਕਿ ਜਦ ਅੰਗਰੇਜ਼ ਅਤੇ ਜਿਨਾਹ ਰਲ ਕੇ ਵੀ ਸਿੱਖਾਂ ਨਾਲ ਕਿਸੇ ਉਸ ਗੱਲ ਦਾ ਵਾਅਦਾ ਵੀ ਕਰਨ ਨੂੰ ਤਿਆਰ ਨਹੀਂ ਸਨ ਜਿਸ ਬਾਰੇ ਕਾਂਗਰਸੀ ਹਿੰਦੂ ਲੀਡਰ ਲਿਖਤੀ ਤੌਰ ਤੇ ਅਤੇ ਪ੍ਰੈੱਸ ਕਾਨਫ਼ਰੰਸ ਕਰ ਕੇ ਤੇ ਮਤੇ ਪਾਸ ਕਰ ਕੇ ਵਾਅਦੇ ਕਰ ਚੁੱਕੇ ਸਨ ਅਤੇ ਦੋ ਤਿੰਨ ਅੰਗਰੇਜ਼-ਭਗਤ ਸਿੱਖ, ਹਿੰਦੂ ਲੀਡਰਾਂ ਜਿੰਨੇ ਵਾਅਦੇ ਵੀ ਮੁਸਲਿਮ ਲੀਗ ਕੋਲੋਂ ਨਹੀਂ ਸੀ ਮਨਵਾ ਸਕਦੇ ਤਾਂ ਇਕ ‘ਇਸਲਾਮਿਕ ਸਟੇਟ ਅਧੀਨ ਸਿੱਖ ਸਟੇਟ’ ਦੇ ਵਿਚਾਰ ਤੇ ਏਨੀ ਅੜੀ ਕਿਉਂ ਕਰ ਰਹੇ ਸਨ

 ਖ਼ਾਸ ਤੌਰ ਤੇ ਸ. ਕਪੂਰ ਸਿੰਘ? ‘ਸਾਚੀ ਸਾਖੀ’ ਪੜ੍ਹਨ ਮਗਰੋਂ ਮੈਂ ਜਦ ਇਹੀ ਸਵਾਲ ਸ. ਕਪੂਰ ਸਿੰਘ ਨੂੰ ਕੀਤਾ ਤਾਂ ਉਹ ਬੋਲੇ, ‘‘ ਮੈਂ ਤਾਂ ਇਕ ਸਾਲ ਵਿਚ ਹੀ ਸਿੱਖ ਸਟੇਟ ਨੂੰ ਏਨਾ ਮਜ਼ਬੂਤ ਬਣਾ ਦੇਣਾ ਸੀ ਕਿ ਪਾਕਿਸਤਾਨ ਉਸ ਦੇ ਮੁਕਾਬਲੇ ਛੋਟਾ ਲੱਗਣ ਲੱਗ ਜਾਂਦਾ......।’’ ਮੈਂ ਵਿਚੋਂ ਹੀ ਟੋਕ ਕੇ ਪੁਛਿਆ, ‘‘ਤਾਂ ਕੀ ਤੁਸੀ ਜਿਨਾਹ ਕੋਲੋਂ ਵਾਅਦਾ ਲੈ ਲਿਆ ਸੀ ਕਿ ਜੇ ਤੁਸੀ ਅਕਾਲੀ ਲੀਡਰਾਂ ਨੂੰ ਪਾਕਿਸਤਾਨ ਸਰਕਾਰ ਅਧੀਨ ਸਿੱਖ ਸਟੇਟ ਲੈਣੀ ਮਨਵਾ ਲਉਗੇ ਤਾਂ ਤੁਹਾਨੂੰ ਪਾਕਿਸਤਾਨ ਦੇ ਅੰਦਰ ਬਣਨ ਵਾਲੀ ‘ਸਿੱਖ ਸਟੇਟ’ ਦਾ ਮੁਖੀ ਬਣਾ ਦਿਤਾ ਜਾਏਗਾ ਕਿਉਂਕਿ ਪਾਕਿਸਤਾਨ ਦੇ ਅੰਦਰ ਬਣੀ ਇਕ ਸਟੇਟ ਨੂੰ ਪਾਕਿਸਤਾਨ ਤੋਂ ਵੀ ਜ਼ਿਆਦਾ ਤਾਕਤਵਰ ਬਣਾਉਣ ਦਾ ਕੰਮ ਤਾਂ ਉਸ ਦਾ ਮੁਖੀ ਜਾਂ ਕੋਈ ਬਾਦਸ਼ਾਹ ਹੀ ਕਰ ਸਕਦਾ ਹੈ?’’

ਜਿਵੇਂ ਕੋਈ ਚੋਰ ਫੜਿਆ ਜਾਂਦਾ ਹੈ, ਉਹ ਖਸਿਆਨੀ ਜਹੀ ਹਾਸੀ ਹੱਸ ਕੇ ਬੋਲੇ, ‘‘ਹੋਰ ਉਨ੍ਹਾਂ ਕੋਲ ਸਿੱਖ ਸਟੇਟ ਨੂੰ ਚਲਾ ਸਕਣ ਵਾਲਾ ਤਜਰਬੇਕਾਰ ਸਿੱਖ ਹੈ ਵੀ ਕਿਹੜਾ ਸੀ? ਉਹ ਆਪ ਵੀ ਮੰਨਦੇ ਸਨ....।’’ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਇਹ ਕਹਿ ਕੇ ਉਠ ਪਏ ਕਿ ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਹੈ।
ਸਪੱਸ਼ਟ ਸੀ ਕਿ ਜਿਨਾਹ ਤੇ ਡਾ. ਇਕਬਾਲ, ਸ. ਕਪੂਰ ਸਿੰਘ ਨੂੰ ਸਾਰੀ ਸਿੱਖ ਕੌਮ ਦਾ ਸਾਂਝਾ ਫ਼ੈਸਲਾ ਬਦਲਣ ਲਈ ਵਰਤਣ ਵਿਚ ਐਵੇਂ ਨਹੀਂ ਸਨ ਕਾਮਯਾਬ ਹੋ ਰਹੇ ਬਲਕਿ ਵਾਰ ਵਾਰ ਉਨ੍ਹਾਂ ਨੂੰ ਯਕੀਨ ਦਿਵਾ ਰਹੇ ਸਨ ਕਿ ਉਹ ਕਿਉਂਕਿ ਸੱਭ ਤੋਂ ਸਮਝਦਾਰ ਸਿੱਖ ਹੈ, ਇਸ ਲਈ ਉਸੇ ਨੂੰ ਪਾਕਿਸਤਾਨ ਅੰਦਰ ਬਣਨ ਵਾਲੀ ਸਿੱਖ ਸਟੇਟ ਦਾ ਕਰਤਾ ਧਰਤਾ ਬਣਾਇਆ ਜਾਏਗਾ।

ਅਤੇ ਸ. ਕਪੂਰ ਸਿੰੰਘ ਨੂੰ ਜਿਨਾਹ ਸਾਹਿਬ ਦਲੀਲ ਕੀ ਦੇਂਦੇ ਸਨ ਜਦ ਉਹ ਸਿੱਖਾਂ ਦਾ ਇਹ ਖ਼ਦਸ਼ਾ ਉਨ੍ਹਾਂ ਅੱਗੇ ਰਖਦੇ ਸਨ ਕਿ ਪਾਕਿਸਤਾਨ ਬਣ ਜਾਣ ਮਗਰੋਂ ਮੁਸਲਮਾਨ ਆਗੂਆਂ ਦਾ ਸਿੱਖਾਂ ਪ੍ਰਤੀ ਵਤੀਰਾ ਬਦਲ ਜਾਏਗਾ ਤੇ ਉਹ ਸਿੱਖਾਂ ਉਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦੇਣਗੇ? ਜਿਨਾਹ ਦਾ ਜਵਾਬ ਬੜਾ ਦਿਲਚਸਪ ਸੀ ਜਿਵੇਂ ਉਹ ਕਿਸੇ ਬੱਚੇ ਨੂੰ ‘ਚੀਜੀ’ ਦੇ ਕੇ ਵਰਚਾ ਰਹੇ ਹੋਣ। ਉਸ ਬਾਰੇ ਵਿਚਾਰ ਅਗਲੇ ਐਤਵਾਰ ਕਰਾਂਗੇ।      (ਚਲਦਾ)