ਜੇ ਮੈਂ ਇਕ ਸਾਲ ਲਈ ਅਕਾਲ ਤਖ਼ਤ ਦਾ ‘ਜਥੇਦਾਰ’ ਬਣ ਜਾਵਾਂ... 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਗੁਰੂ ਦੇ ਵੇਲੇ ਇਹ ਕੇਵਲ ‘ਅਕਾਲ ਬੁੰਗਾ’ ਸੀ (ਪ੍ਰਕਰਮਾ ਦੇ ਆਸ ਪਾਸ ਜਿਵੇਂ ਸਾਰੇ ਹੀ ਬੁੰਗੇ ਸੀ ਅਰਥਾਤ ਰਿਹਾਇਸ਼ੀ ਅਸਥਾਨ ਸਨ)।

Akal Takht Sahib

 

ਪਿਛਲੇ ਹਫ਼ਤੇ ਮੈਂ ਲਿਖਿਆ ਸੀ ਕਿ ਬਾਦਸ਼ਾਹਾਂ ਤੇ ਹਕੂਮਤਾਂ ਦੇ ਤਖ਼ਤਾਂ ਦੇ ਮੁਕਾਬਲੇ, ਅਕਾਲ ਤਖ਼ਤ ਕੋਲ ਨਾ ਫ਼ੌਜ ਹੈ, ਨਾ ਹਕੂਮਤ ਦੀ ਮਾਰੂ ਸ਼ਕਤੀ, ਫਿਰ ਵੀ ਇਕ ਪੂਰੀ ਕੌਮ ਇਸ ਨੂੰ ਮਾਨਤਾ ਦੇਂਦੀ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਸਿੱਖ ਪ੍ਰਭੂਸੱਤਾ ਦੇ ਕੇਂਦਰ ਵਜੋਂ ਉਭਰਿਆ ਸੀ ਤੇ ਸਾਰੇ ਸਿੱਖ ਜੱਥੇ, ਸਾਲ ਵਿਚ ਦੋ ਵਾਰ ਇਥੇ ਬੈਠ ਕੇ, ਅਪਣੇ ਵਿਚੋਂ ਇਕ ਦਿਨ ਦਾ ‘ਜਥੇਦਾਰ’ ਚੁਣ ਕੇ ਸਰਬ ਸੰਮਤੀ ਨਾਲ, ਅਪਣੇ ਸਾਰੇ ਝਗੜੇ, ਉਸ ਦੀ ਤੇ ਸਾਰੇ ਜਥਿਆਂ ਦੀ ਮਦਦ ਨਾਲ ਨਿਬੇੜ ਲੈਂਦੇ ਸਨ। ਇਹ ਬਿਲਕੁਲ ਗ਼ਲਤ ਹੈ ਕਿ ‘ਅਕਾਲ ਤਖ਼ਤ’ ਕਿਸੇ ਗੁਰੂ-ਹਸਤੀ ਨੇ ਬਣਾਇਆ ਸੀ। ਬਿਲਕੁਲ ਨਹੀਂ। ਗੁਰੂ ਦੇ ਵੇਲੇ ਇਹ ਕੇਵਲ ‘ਅਕਾਲ ਬੁੰਗਾ’ ਸੀ (ਪ੍ਰਕਰਮਾ ਦੇ ਆਸ ਪਾਸ ਜਿਵੇਂ ਸਾਰੇ ਹੀ ਬੁੰਗੇ ਸੀ ਅਰਥਾਤ ਰਿਹਾਇਸ਼ੀ ਅਸਥਾਨ ਸਨ)। ਸੱਭ ਤੋਂ ਪਹਿਲਾਂ ਇਸ ਨੂੰ ਅਕਾਲ ਤਖ਼ਤ ਦਾ ਨਾਂ ਦੇ ਕੇ ਇਥੇ ਵੱਡੇ ਇਕੱਠ ਕਰਨ ਦਾ ਖ਼ਿਆਲ ਦੇਵੀ-ਪੂਜਕ ਗਿਆਨੀ ਸੰਤ ਸਿੰਘ ਨੂੰ ਆਇਆ ਤੇ ਸੱਭ ਤੋਂ ਪਹਿਲੀ ਵੱਡੀ ਰਕਮ, ਇਸ ਦੀ ਉਸਾਰੀ ਲਈ ਉਸ ਨੂੰ ਜਰਨੈਲ ਹਰੀ ਸਿੰਘ ਨਲੂਏ ਨੇ ਦਿਤੀ।

ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਸਾਹਮਣੇ ਕੇਵਲ ਸਿੱਖ ਮਿਸਲਾਂ ਵਾਲੇ ਇਕੱਠ ਕਰਿਆ ਕਰਦੇ ਸਨ ਪਰ ਸੱਦਾ ਪੱਤਰ ਉਤੇ ਸਥਾਨ ਬਾਰੇ ਕੇਵਲ ‘ਦਰਸ਼ਨੀ ਡਿਉਢੀ ਦੇ ਸਾਹਮਣੇ ਖੁਲ੍ਹੇ ਮੈਦਾਨ ਵਿਚ’ ਲਿਖਿਆ ਹੁੰਦਾ ਸੀ ਕਿਉਂਕਿ ਅਕਾਲ ਤਖ਼ਤ ਨਾਂ ਤਾਂ ਮਗਰੋਂ ਦਿਤਾ ਗਿਆ ਸੀ।  ਹਾਂ, ਇਹ ਠੀਕ ਹੈ ਕਿ ਇਤਿਹਾਸਕ ਕਾਰਨਾਂ ਕਰ ਕੇ ਅਕਾਲ ਤਖ਼ਤ, ਸਿੱਖ ਪੰਥ ਲਈ ਬੜਾ ਮਹੱਤਵਪੂਰਨ ਸਥਾਨ ਬਣ ਚੁੱਕਾ ਹੈ ਤੇ ਇਸ ਗੱਲ ਤੋਂ ਇਨਕਾਰੀ ਹੋਇਆ ਹੀ ਨਹੀਂ ਜਾ ਸਕਦਾ ਪਰ ਇਸ ਨਾਲ ਗੁਰੂ ਦਾ ਨਾਂ ਜੋੜਨਾ ਬਿਲਕੁਲ ਗ਼ਲਤ ਹੈ। ਬਾਬੇ ਨਾਨਕ ਦੀ ਸਿੱਖੀ ਵਿਚ, ਕਿਸੇ ਨੂੰ ਸਜ਼ਾ ਲਾਉਣ, ਛੇਕਣ ਜਾਂ ਜ਼ਲੀਲ ਕਰਨ ਦੀ ਗੁੰਜਾਇਸ਼ ਹੀ ਕੋਈ ਨਹੀਂ, ਨਾ ਪੁਜਾਰੀਵਾਦ ਦੇ ਹੱਕ ਵਿਚ ਇਕ ਅੱਖਰ ਵੀ ਕਿਤਿਉਂ ਮਿਲ ਸਕਦਾ ਹੈ।

ਖ਼ੈਰ, ਮੈਂ ਕਹਿ ਰਿਹਾ ਸੀ ਕਿ ਸਿੱਖ ਪ੍ਰਭੂਸੱਤਾ (Sovereignty) ਦੇ ਕੇਂਦਰ ਨੇ ਜੇ ਅਪਣੇ ਨਾਂ ‘ਅਕਾਲ’ ਨੂੰ ਜਾਇਜ਼ ਠਹਿਰਾਉਣਾ ਹੈ ਤਾਂ ਇਥੋਂ ਕੰਮ ਵੀ ਉਹ ਕਰਨੇ ਹੋਣਗੇ ਜਿਨ੍ਹਾਂ ਨਾਲ ਦੁਨੀਆਂ ਇਸ ਵਲ ਵੇਖ ਕੇ ਅਸ਼-ਅਸ਼ ਕਰ ਉਠੇ। ‘ਜਥੇਦਾਰ’ ਅਖਵਾਉਣ ਵਾਲੇ ਉਹ ਲੋਕ ਹੋਣੇ ਚਾਹੀਦੇ ਹਨ ਜੋ ਖ਼ਾਲਸ ਸੋਨੇ ਵਰਗੇ ਹੋਣ ਤੇ ਉਨ੍ਹਾਂ ਵਿਚ ਖੋਟ ਰੱਤੀ ਜਿੰਨਾ ਵੀ ਨਾ ਲਭਿਆ ਜਾ ਸਕੇ। ਜਿਥੇ ਹਾਕਮਾਂ ਦੇ ਹੁਕਮ ਮੰਨ ਕੇ ਭਲੇ ਲੋਕਾਂ ਨਾਲ ਧੱਕਾ ਕਰਨ ਅਤੇ ਉਨ੍ਹਾਂ ਨੂੰ ਜ਼ਲੀਲ ਕਰਨ ਦੀਆਂ ਹਰਕਤਾਂ ਕਰਨ ਵਾਲੇ ‘ਬੰਦੇ ਦੇ ਬੰਦੇ’ ‘ਜਥੇਦਾਰ’ ਬਣੇ ਬੈਠੇ ਹੋਣ ਤੇ ਪੈਸੇ ਲੈ ਕੇ ਬਲਾਤਕਾਰੀਆਂ ਨੂੰ ਮਾਫ਼ ਤੇ ਭਲੇ ਪੁਰਸ਼ਾਂ ਨੂੰ ‘ਤਨਖ਼ਾਹੀਏ’ ਕਰਾਰ ਦੇਣ ਵਾਲੇ ਬੈਠੇ ਹੋਣ, ਉਥੇ ਤਾਂ ਉਹੀ ਗੱਲ ਬਣ ਜਾਂਦੀ ਹੈ ਕਿ ਨਾਂ ਭਗਵਾਨ ਸਿੰਘ ਤੇ ਰੋਜ਼ ਦੋ-ਚਾਰ ਬੰਦਿਆਂ ਦਾ ਗਲਾ ਘੁਟ ਕੇ ਉਨ੍ਹਾਂ ਕੋਲੋਂ ਲੁੱਟੇ ਪਾਪ ਦੇ ਧਨ ਨਾਲ ਰੋਟੀ ਖਾਵੇ।

ਸਾਡੇ ਕਈ ‘ਜਥੇਦਾਰਾਂ’ ਦਾ ਕਿਰਦਾਰ ਉਪ੍ਰੋਕਤ ਭਗਵਾਨ ਸਿੰਘ ਵਾਂਗ, ਮਹਾਨ ਸੰਸਥਾ ਅਕਾਲ ਤਖ਼ਤ ਨੂੰ ਬਦਨਾਮੀ ਦਿਵਾਉਣ ਵਾਲਾ ਹੀ ਰਿਹਾ ਹੈ ਜਿਵੇਂ ਕਿ ਬੜੀ ਦੇਰ ਤੋਂ ਮੈਂ ਕੌਮ ਨੂੰ ਸੁਚੇਤ ਕਰਦਾ ਆ ਰਿਹਾ ਹਾਂ। ਸੋ ਹਰ ਸਿੱਖ ਨੂੰ, ਹੋਰ ਸਾਰੇ ਕੰਮ ਛੱਡ ਕੇ, ਅਕਾਲ ਤਖ਼ਤ ਦੀ ਮਹਾਨਤਾ ਬਹਾਲ ਕਿਵੇਂ ਕੀਤੀ ਜਾਵੇ, ਇਸ ਬਾਰੇ ਸੋਚਣਾ ਚਾਹੀਦਾ ਹੈ। ਮੈਨੂੰ ਇਕ ਸਾਲ ਲਈ ਅਕਾਲ ਤਖ਼ਤ ਦਾ ‘ਜਥੇਦਾਰ’ ਬਣਾ ਦਿਉ, ਮੈਂ ਇਕ ਸਾਲ ਵਿਚ ਇਸ ਸੰਸਥਾ ਨੂੰ ਉਨ੍ਹਾਂ ਬੁਲੰਦੀਆਂ ਤੇ ਪਹੁੰਚਾ ਦਿਆਂਗਾ ਜਿਨ੍ਹਾਂ ਬੁਲੰਦੀਆਂ ਤਕ ਇਸ ਮਹਾਨ ਸੰਸਥਾ ਨੂੰ ਕਦੇ ਵੀ ਅਪੜਨ ਨਹੀਂ ਦਿਤਾ ਗਿਆ ਤੇ ਹਰ ਵਾਰ ਸਿਆਸਤਦਾਨ ਤੇ ਪੁਜਾਰੀ, ਇਸ ਨੂੰ ਅਪਣੇ ਕਾਰਿਆਂ ਨਾਲ ਬਦਨਾਮੀ ਜ਼ਰੂਰ ਦਿਵਾ ਦੇਂਦੇ ਹਨ।

ਕਿਸੇ ਨੂੰ ਡਰਨ ਦੀ ਲੋੜ ਨਹੀਂ, ਮੈਂ ਸਚਮੁਚ ਦੀ ‘ਜਥੇਦਾਰੀ’ ਕਦੇ ਨਹੀਂ ਲਵਾਂਗਾ ਤੇ ਕਿਸੇ ਦੀ ਗੱਦੀ ਲਈ ਖ਼ਤਰਾ ਨਹੀਂ ਬਣਾਂਗਾ ਪਰ ਗੱਲ ਸਮਝਾਉਣ ਲਈ ਇਹ ਕੇਵਲ ਇਕ ਢੰਗ ਵਰਤਿਆ ਹੈ। ਮੈਨੂੰ ‘ਜਥੇਦਾਰ’ ਬਣਾ ਦਿਤਾ ਜਾਵੇ ਤਾਂ ਪਹਿਲਾ ਐਲਾਨ ਹੀ ਇਹ ਕਰਾਂਗਾ ਕਿ ਜਦ ਤਕ ਚਾਰ ਜ਼ਰੂਰੀ ਕੰਮ ਕਰਨ ਵਿਚ ਸਫ਼ਲ ਨਹੀਂ ਹੁੰਦਾ, ਮੈਂ ਅਕਾਲ ਤਖ਼ਤ ਦੇ ਚਰਨਾਂ ਵਿਚ ਬੈਠ ਕੇ ਮੱਥਾ ਹਰ ਰੋਜ਼ ਟੇਕਿਆ ਕਰਾਂਗਾ ਪਰ ਪੌੜੀਆਂ ਉਦੋਂ ਤਕ ਨਹੀਂ ਚੜ੍ਹਾਂਗਾ ਜਦ ਤਕ ਚਾਰੇ ਕੰਮ 100 ਫ਼ੀ ਸਦੀ ਤਕ ਪੂਰੇ ਨਹੀਂ ਕਰ ਲੈਂਦਾ। ਚਾਰ ਕੰਮ ਕਿਹੜੇ ਹਨ? ਪਿੰਡਾਂ ਵਿਚ 70-80 ਫ਼ੀ ਸਦੀ ਨੌਜੁਆਨ ਪਤਿਤ ਹੋ ਗਏ ਹਨ। ਜਿਹੜੇ ਵੱਡੇ ਬਜ਼ੁਰਗ ਸਾਬਤ ਸੂਰਤ ਹਨ ਵੀ, ਉਹ ਵੀ ਜਠੇਰਿਆਂ, ਬਾਬਿਆਂ ਤੇ ਟੂਣੇ ਟਾਮੇ ਕਰਨ ਵਾਲਿਆਂ ਦੇ ‘ਭਗਤ’ ਬਣੇ ਹੋਏ ਹਨ। ਸੋ :

- ਮੇਰਾ ਪਹਿਲਾ ਕਦਮ ਹੋਵੇਗਾ ਕਿ ਪੰਜਾਬ ਨੂੰ 10 ਹਿੱਸਿਆਂ ਵਿਚ ਵੰਡ ਕੇ ਤੇ ‘ਅਕਾਲ ਜੱਥੇ’ ਬਣਾ ਕੇ, ਪਿੰਡ-ਪਿੰਡ, ਘਰ ਘਰ ਜਾ ਕੇ ਨੌਜੁਆਨਾਂ ਤੇ ਉਨ੍ਹਾਂ ਦੇ ਘਰ ਦਿਆਂ ਤਕ ਅਕਾਲ ਤਖ਼ਤ ਦਾ ਸੰਦੇਸ਼ ਪਹੁੰਚਾਵਾਂਗਾ ਕਿ ਉਹ ਪਤਿਤਪੁਣੇ ਨੂੰ ਜੀਵਨ ’ਚੋਂ ਕੱਢ ਦੇਣ ਜਾਂ ਸਿੱਖੀ ਨੂੰ ਲਿਖਤੀ ਤੌਰ ਤੇ ਬੇਦਾਵਾ ਦੇ ਦੇਣ। ਮੈਂ ਆਪ ਹਰ ਪਿੰਡ ਵਿਚ ਜਾ ਜਾ ਕੇ ਸਾਰੇ ਪ੍ਰਚਾਰ ਹੱਲੇ ਦੀ ਆਪ ਨਿਗਰਾਨੀ ਕਰਾਂਗਾ। ਸੰਤ ਭਿੰਡਰਾਂਵਾਲਿਆਂ ਨੇ ਇਕ ਵਾਰ ਤਾਂ ਸਾਲ ਭਰ ਵਿਚ ਇਹ ਕੰਮ ਕਰ ਵਿਖਾਇਆ ਹੀ ਸੀ।

- ਦੂਜਾ ਕੰਮ ਇਹ ਹੋਵੇਗਾ ਕਿ ਹਰ ਪਿੰਡ ਵਿਚ ਹਰ ਗ਼ਰੀਬ, ਨਿਆਸਰੇ ਤੇ ਬੇਘਰੇ ਗੁਰੂ ਕੇ ਲਾਲ ਲੱਭ ਕੇ ਉਨ੍ਹਾਂ ਨੂੰ ਅਪਣੇ ਪੈਰਾਂ ’ਤੇ ਖੜੇ ਕਰਨ ਤੇ ਆਤਮ-ਨਿਰਭਰ ਬਣਾਉਣ ਦਾ ਅਕਾਲ ਤਖ਼ਤ ਦਾ ਪ੍ਰੋਗਰਾਮ ਲਾਗੂ ਕਰਨ ਲਈ ਬਾਕੀ ਦੇ ਪਿੰਡ ਵਾਲਿਆਂ ਨੂੰ ਲਾਮਬੰਦ ਕਰਾਂਗਾ। ਇਸ ਕੰਮ ਲਈ ਇਕ ਫ਼ੰਡ ਹਰ ਪਿੰਡ ਦੇ ਬੈਂਕ ਵਿਚ ਖੋਲ੍ਹਿਆ ਜਾਵੇਗਾ ਜਿਸ ਨੂੰ ਅਕਾਲ ਜਥੇ ਦੇ ਬੇਦਾਗ਼ ਮੈਂਬਰ ਕੰਟਰੋਲ ਕਰਨਗੇ ਤੇ ਇਕ ਰੀਟਾਇਰਡ ਫ਼ੌਜੀ ਅਫ਼ਸਰ ਕਮਾਨ ਸੰਭਾਲੇਗਾ। ਸ਼੍ਰੋਮਣੀ ਕਮੇਟੀ ਤੇ ਹੋਰ ਪੰਥਕ ਸੰਸਥਾਵਾਂ ਤੋਂ ਸਹਾਇਤਾ ਮੰਗੀ ਜਾਏਗੀ ਤੇ ਸੱਭ ਕੁੱਝ ਪਾਰਦਰਸ਼ੀ ਢੰਗ ਲਾਲ ਕੀਤਾ ਜਾਵੇਗਾ ਤਾਕਿ ਕੋਈ ਵੀ ਜਾ ਕੇ ਅਪਣੀ ਤਸੱਲੀ ਕਰ ਲਵੇ ਤੇ ਮਨ ਵਿਚ ਵਹਿਮ ਨਾ ਪਾਲੇ।  

- ਤੀਜਾ ਕੰਮ ਬੇਰੁਜ਼ਗਾਰ ਨੌਜੁਆਨਾਂ ਨੂੰ ਕੰਮ ਰੁਜ਼ਗਾਰ ਦੇਣ ਲਈ 500 ਕਰੋੜ ਦਾ ਇਕ ਵਖਰਾ ਫ਼ੰਡ ਕਾਇਮ ਕੀਤਾ ਜਾਏਗਾ। ਇਸ ਫ਼ੰਡ ਨੂੰ 10 ਮੰਨੀਆਂ ਪ੍ਰਮੰਨੀਆਂ ਹਸਤੀਆਂ ਇਸ ਤਰ੍ਹਾਂ ਵਰਤਣਗੀਆਂ ਕਿ 10 ਹਜ਼ਾਰ ਨੌਜੁਆਨਾਂ ਨੂੰ ਨੌਕਰੀਆਂ ਜਾਂ ਰੁਜ਼ਗਾਰ ਮਿਲ ਸਕਣ। ਹਰ ਪੰਥਕ ਜਥੇਬੰਦੀ ਨੂੰ ਕਿਹਾ ਜਾਏਗਾ ਕਿ ਇਸ ਕੰਮ ਲਈ ਪੈਸੇ ਦੀ ਕਮੀ ਨਾ ਆਉਣ ਦੇਣ ਤੇ ਕਿਸੇ ਵੀ ਨੌਜੁਆਨ ਨੂੰ ਮਜ਼ਦੂਰੀ ਕਰਨ ਲਈ ਬਾਹਰ ਜਾਣ ਦੀ ਲੋੜ ਨਾ ਰਹੇ।

- ਚੌਥਾ ਕੰਮ ਮੇਰਾ ਇਹ ਹੋਵੇਗਾ ਕਿ ਅਕਾਲ ਤਖ਼ਤ ਵਲੋਂ ਦੇਸ਼-ਵਿਦੇਸ਼ ਦੇ ਸਿੱਖਾਂ ਨੂੰ ਹੋਕਾ ਦਿਤਾ ਜਾਵੇਗਾ ਕਿ ਸਿੱਖ ਪੰਥ ਦਾ ਅਸਲ ਮਾਣ ਸਤਿਕਾਰ ਵਧਾਉਣ ਵਾਲਾ ਵੱਡਾ ਹਿੱਸਾ, ਜਿਸ ਦੇ ਕਿਸਾਨ ਦੁਨੀਆਂ ਦੇ ਬੇਹਤਰੀਨ ਫ਼ੌਜੀ ਵੀ ਦੇਂਦੇ ਹਨ ਤੇ ਅੰਨ-ਦਾਤਾ ਵੀ ਹਨ, ਅੱਜ ਸਿਆਸੀ ਤਖ਼ਤਾਂ ਦੀਆਂ ਗ਼ਲਤੀਆਂ ਕਾਰਨ ਡਾਢੀ ਔਕੜ ਵਿਚ ਫਸੇ ਹੋਏ ਹਨ ਤੇ ਨਵੀਂ ਪਨੀਰੀ, ਖੇਤੀ ਨੂੰ ਘਾਟੇ ਵਾਲਾ ਕੰਮ ਕਹਿ ਕੇ ਵਿਦੇਸ਼ਾਂ ਵਿਚ ਜਾ ਕੇ ਮਜ਼ਦੂਰੀ ਕਰਨ ਲਈ ਮਾਂ-ਬਾਪ ਦਾ ਸੱਭ ਕੁੱਝ ਵੇਚ ਵੱਟ ਕੇ ਜਹਾਜ਼ੇ ਚੜ੍ਹ ਰਹੀ ਹੈ। ਆਉ ਅਪਣੀ ਕੌਮ ਦੇ 70 ਫ਼ੀ ਸਦੀ ਭਾਗ ਨੂੰ ਤ੍ਰਿਪਤ, ਸ਼ਾਂਤ ਅਤੇ ਖ਼ੁਦ-ਕਫ਼ੈਲ ਹੋਣ ਵਿਚ ਮਦਦ ਕਰਨ ਲਈ ਇਕ ਵਾਰ ਇਨ੍ਹਾਂ ਦੇ ਕਰਜ਼ੇ ਥੋੜਾ-ਥੋੜਾ ਹਿੱਸਾ ਪਾ ਕੇ ਪੰਥ ਦਾ ਹਰ ਬੱਚਾ ਰਲ ਕੇ ਲਾਹ ਦੇਵੇ। ਸਿਆਸੀ ਤਖ਼ਤਾਂ ਦੀ ਨਾਲਾਇਕੀ ਦੇ ਮਾੜੇ ਅਸਰ ਤੋਂ ਬਚਾਉਣਾ, ਅਕਾਲ ਤਖ਼ਤ ਅਪਣਾ ਫ਼ਰਜ਼ ਵੀ ਸਮਝਦਾ ਹੈ। 

ਚਾਰੇ ਕੰਮ ਮੈਂ ਦਸ ਦਿਤੇ ਹਨ। ਇਨ੍ਹਾਂ ਨੂੰ ਦੋ ਸਾਲ ਦੇ ਅਰਸੇ ਵਿਚ ਸਿਰੇ ਚੜ੍ਹਾਉਣ ਦਾ ਟੀਚਾ ਮਿਥਿਆ ਜਾਵੇਗਾ। ਜ਼ਰੂਰ ਸਿਰੇ ਚੜ੍ਹਨਗੇ ਕਿਉਂਕਿ ਇਹ ਅਕਾਲ ਤਖ਼ਤ ਦਾ ਪ੍ਰੋਗਰਾਮ ਹੋਵੇਗਾ, ਸਿਆਸਤਦਾਨਾਂ ਦਾ ਨਹੀਂ। ਕੋਈ ਸਿੱਖ ਅਪਣਾ ਥੋੜਾ ਜਾਂ ਬਹੁਤਾ ਹਿੱਸਾ ਪਾਉਣ ਤੋਂ ਨਾਂਹ ਨਹੀਂ ਕਰੇਗਾ। ਸਰਕਾਰ ਵੀ ਐਲਾਨ ਕਰਦੀ ਰਹਿੰਦੀ ਹੈ ਕਿ ਉਹ ਕਰਜ਼ਾ-ਮੁਕਤ ਕਿਸਾਨੀ ਲਈ ਵਚਨਬੱਧ ਹੈ। ਉਸ ਨੂੰ ਵੀ ਕਿਹਾ ਜਾਏਗਾ ਕਿ ਅਕਾਲ ਤਖ਼ਤ ਦੇ ਪ੍ਰੋਗਰਾਮ ਵਿਚ ਹਿੱਸਾ ਪਾ ਕੇ ਸ਼ਾਮਲ ਹੋ ਜਾਵੇ। ਦੋ ਸਾਲ ਮਗਰੋਂ ਦੇਸ਼-ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੂੰ ਕਿਹਾ ਜਾਏਗਾ ਕਿ ਉਹ ਪੰਜਾਬ ਦੇ ਚੱਪੇ ਚੱਪੇ ਤੇ ਜਾ ਕੇ ਸੱਚ ਦਾ ਪਤਾ ਕਰਨ ਤੇ ਦੋ ਸਾਲ ਦੇ ਖ਼ਾਤਮੇ ਤੇ ਅਕਾਲ ਤਖ਼ਤ ਵਿਖੇ ਜੁੜ ਕੇ ਤੇ ਖੁਲ੍ਹ ਕੇ ਬਿਆਨ ਕਰਨ ਕਿ ਕੋਈ ਠੋਸ ਕੰਮ ਹੋਇਆ ਵੀ ਹੈ ਜਾਂ ਸਿਆਸਤਦਾਨਾਂ ਵਾਲਾ ਰਾਹ ਹੀ ਚੁਣਿਆ ਗਿਆ ਹੈ। ਜੇ ਇਹ ‘ਸਰਬੱਤ ਖ਼ਾਲਸਾ’ ਦੋ ਸਾਲ ਦੇ ਕੰਮ ਤੋਂ ਸੰਤੁਸ਼ਟ ਨਹੀਂ ਹੋਵੇਗਾ ਤਾਂ ਮੈਂ ਅਸਤੀਫ਼ਾ ਦੇ ਦੇਵਾਂਗਾ। ਮੈਂ ਸਰਬੱਤ ਖ਼ਾਲਸਾ ਵਿਚ ਆਪ ਨਹੀਂ ਬੈਠਾਂਗਾ ਤਾਕਿ ਹਰ ਕੋਈ ਨਿਡਰ ਹੋ ਕੇ ਸੱਚ ਬੋਲ ਸਕੇ।

ਜੇ ਮੇਰੇ ਕੰਮ ਨੂੰ ਪ੍ਰਵਾਨਗੀ ਦਿਤੀ ਜਾਏਗੀ ਤਾਂ ਮੈਂ ਤਿੰਨ ਸਾਲ ਹੋਰ ਕੰਮ ਕਰਾਂਗਾ ਤੇ ਪੰਜ ਸਾਲ ਪੂਰੇ ਹੋਣ ਤੇ ਅਸਤੀਫ਼ਾ ਦੇ ਦੇਵਾਂਗਾ ਤੇ ਇਸ ਵਿਚਕਾਰ ਕਿਸੇ ਹੋਰ ਨੂੰ ਸਿਖਿਅਤ ਕਰ ਕੇ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਕਰ ਦੇਵਾਂਗਾ। ਇਹ ਪਹਿਲੇ ਦੋ ਸਾਲਾਂ ਵਿਚ 100 ਫ਼ੀ ਸਦੀ ਤਕ ਪੂਰੇ ਕਰਨ ਵਾਲੇ ਕੰਮ ਹਨ। ਅਗਲੇ ਤਿੰਨ ਸਾਲ ਦਾ ਕਰਨ ਵਾਲਾ ਕੰਮ ਮੈਂ ਅਗਲੇ ਹਫ਼ਤੇ ਬਿਆਨ ਕਰਾਂਗਾ। ਇਸ ਦਰਮਿਆਨ ਪਾਠਕ ਨਿਰਪੱਖ ਹੋ ਕੇ ਸੋਚਣ ਤੇ ਰਾਏ ਦੇਣ ਕਿ ‘ਜਥੇਦਾਰਾਂ’ ਵਲੋਂ ਹੁਣ ਕੀਤੇ ਜਾ ਰਹੇ ਕੰਮ, ਅਕਾਲ ਤਖ਼ਤ ਨੂੰ ਮਹਾਨ ਬਣਾਉਣਗੇ ਜਾਂ  ਉਪਰ ਦੱਸੇ ਕੰਮ? ਜੇ ਉਪਰ ਦੱਸੇ ਕੰਮ ਸਚਮੁਚ ਕਰ ਦਿਤੇ ਗਏ ਤਾਂ ਕੀ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਜਥੇਦਾਰਾਂ ਨੂੰ ‘ਅਸਭਿਅਕ’ ਭਾਸ਼ਾ ਵਿਚ ਹੁਕਮ ਦੇਣ ਤੇ ਗ਼ਲਤ ਕੰਮ ਕਰਨ ਲਈ ਮਜਬੂਰ ਕਰਨ ਦੀ ਹਿੰਮਤ ਕਰ ਸਕੇਗਾ?

 ਉਪ੍ਰੋਕਤ ਕੰਮ ਕਰਨ ਵਾਲਾ ਹੀ ਅੱਜ ਦੇ ਜ਼ਮਾਨੇ ਵਿਚ ਅਕਾਲੀ ਫੂਲਾ ਸਿੰਘ ਵਰਗਾ ਮਹਾਨ ‘ਜਥੇਦਾਰ’ ਬਣ ਸਕਦਾ ਹੈ। ਸਪੱਸ਼ਟ ਕਰ ਦਿਆਂ ਕਿ ਅਕਾਲੀ ਫੂਲਾ ਸਿੰਘ ‘ਅਕਾਲ ਤਖ਼ਤ’ ਦਾ ਜਥੇਦਾਰ ਨਹੀਂ ਸੀ ਬਲਕਿ ਉਸ ਨਿਹੰਗ ਜੱਥੇ ਦਾ ‘ਜਥੇਦਾਰ’ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੀ ਰਾਖੀ ਲਈ ਤਾਇਨਾਤ ਕੀਤਾ ਸੀ ਤੇ ਖ਼ਰਚੇ ਵਜੋਂ ਸਰਕਾਰੀ ਖ਼ਜ਼ਾਨੇ ’ਚੋਂ ਵੱਡੀ ਰਕਮ ਜੱਥੇ ਨੂੰ ਦਿਤੀ ਜਾਂਦੀ ਸੀ ਪਰ ਸਿੱਖ ਸਦਾਚਾਰ ਦੀ ਉਲੰਘਣਾ ਵੇਖ ਕੇ ਜਥੇਦਾਰ ਨੇ ਮਹਾਰਾਜੇ ਦਾ ਵੀ ਕੋਈ ਲਿਹਾਜ਼ ਨਾ ਕੀਤਾ। ਖ਼ੈਰ, ਬਹੁਤ ਸਾਰੀਆਂ ਹੋਰ ਗੱਲਾਂ ਅਗਲੇ ਹਫ਼ਤੇ।              (ਚਲਦਾ)