ਪਟੇਲ ਨੇ ਜਿਨਾਹ ਤੇ ਮਾਸਟਰ ਤਾਰਾ ਸਿੰਘ ਨੂੰ ਇਕ ਬਰਾਬਰ ਰੱਖ ਦਿਤਾ (3)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸੱਭ ਤੋਂ ਪਹਿਲਾਂ ਮਹਾਰਾਜਾ ਪਟਿਆਲਾ ਦੀ ਗੱਲ ਕਰੀਏ। ਉਨ੍ਹਾਂ ਨੇ ਇਕ ਜਥੇਬੰਦੀ ‘ਪੰਥਕ ਦਰਬਾਰ’ ਬਣਾਈ ਸੀ ਜਿਸ ਦੇ ਉਹ ਆਪ ਹੀ ਪ੍ਰਧਾਨ ਸਨ।

Master Tara Singh

 

ਅਸੀ ਪਿਛਲੀਆਂ ਕਿਸ਼ਤਾਂ ਵਿਚ ਵੇਖਿਆ ਸੀ ਕਿ ਆਜ਼ਾਦੀ ਲਈ ਲੜਨ ਵਾਲੇ ਮੁਸਲਮਾਨ ਲੀਡਰਾਂ ਨੂੰ ਆਜ਼ਾਦ ਹਿੰਦੁਸਤਾਨ ਵਿਚ ਤੇ ਸਰਹੱਦੀ ਗਾਂਧੀ ਖ਼ਾਨ ਅਬਦੁਲ ਗ਼ੁਫ਼ਾਰ ਖ਼ਾਂ ਵਰਗਿਆਂ ਨੂੰ ਕਿਵੇਂ ਪਾਕਿਸਤਾਨ ਵਿਚ ਪਹਿਲਾਂ ਅਣਗੌਲਿਆਂ ਕੀਤਾ ਗਿਆ ਤੇ ਫਿਰ ਜਦ ਉਹ ਅਪਣੀ ਘੱਟ ਗਿਣਤੀ ਕੌਮ ਲਈ ਵਿਸ਼ੇਸ਼ ਅਧਿਕਾਰ ਮੰਗਣੋਂ ਨਾ ਹਟੇ ਤਾਂ ਖ਼ੁਫ਼ੀਆ ਏਜੰਸੀਆਂ ਰਾਹੀਂ ਉਨ੍ਹਾਂ ਵਿਰੁਧ ਦੱਬ ਕੇ ਝੂਠ ਪ੍ਰਚਾਰ ਕੀਤਾ ਗਿਆ ਤਾਕਿ ਹਿੰਦੁਸਤਾਨ, ਪਾਕਿਸਤਾਨ ਦੀਆਂ ਦੂਜੀਆਂ ਕੌਮਾਂ (ਖ਼ਾਸ ਤੌਰ ਉਤੇ ਬਹੁਗਿਣਤੀ ਦੇ ਲੋਕ) ਉਨ੍ਹਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣ ਲੱਗ ਪੈਣ।

 

ਬੰਗਲਾਦੇਸ਼ ਵਿਚ ਬੰਗਾਲੀ ਕੌਮਪ੍ਰਸਤੀ ਅਤੇ ਬੰਗਾਲੀ ਭਾਸ਼ਾ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਨ ਵਾਲੇ ਬੰਗਾਲੀ ਲੀਡਰਾਂ ਨਾਲ ਵੀ ਇਸੇ ਤਰ੍ਹਾਂ ਦਾ ਸਲੂਕ ਕੀਤਾ ਗਿਆ। ਨਤੀਜੇ ਵਜੋਂ ਭਾਰਤ ਦੀ ਮਦਦ ਨਾਲ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ। ਮੁਸਲਮਾਨ ਲੀਡਰਾਂ ਬਾਰੇ ਝਲਕਾਂ ਅਸੀ ਵੇਖ ਚੁੱਕੇ ਹਾਂ, ਹੁਣ ਸਿੱਖ ਲੀਡਰਾਂ ਦੀ ਦੁਰਦਸ਼ਾ ਵੀ ਵੇਖ ਲੈਂਦੇ ਹਾਂ। 

 

 

 

ਸਿੱਖ ਲੀਡਰਾਂ ਵਿਚੋਂ ਮਾ. ਤਾਰਾ ਸਿੰਘ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਸੱਭ ਤੋਂ ਜ਼ਿਆਦਾ ਜ਼ੋਰ ਨਾਲ ਚੁਕ ਰਹੇ ਸਨ, ਇਸ ਲਈ ਉਨ੍ਹਾਂ ਨੂੰ ਤਾਂ ਕੇਂਦਰੀ ਆਗੂ ਅਪਣਾ ਸੱਭ ਤੋਂ ਵੱਡਾ ਦੁਸ਼ਮਣ ਮੰਨ ਹੀ ਬੈਠੇ ਸਨ ਪਰ ਜਿਹੜਾ ਵੀ ਕੋਈ ਸਿੱਖ ਆਗੂ, ਮਾ. ਤਾਰਾ ਸਿੰਘ ਦਾ ਦੂਰਿਉਂ ਨੇੜਿਉਂ ਵੀ ਹਮਾਇਤੀ ਨਜ਼ਰ ਆ ਜਾਂਦਾ, ਉਸ ਨੂੰ ਦਿੱਲੀ ਦੇ ਨਵੇਂ ‘ਸੁਲਤਾਨ’ (ਨਹਿਰੂ, ਪਟੇਲ ਅਤੇ ਗਾਂਧੀ) ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਪੈਂਦੇ। ਸੱਭ ਤੋਂ ਪਹਿਲਾਂ ਜਿਨ੍ਹਾਂ ਉਤੇ ‘ਅੰਦਰੋਂ ਮਾ. ਤਾਰਾ ਸਿੰਘ ਨਾਲ ਮਿਲੇ ਹੋਏ’ ਹੋਣ ਦਾ ਇਲਜ਼ਾਮ ਲਗਾਇਆ ਗਿਆ, ਉਹ ਸਨ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਅਤੇ ਡੀਫ਼ੈਂਸ ਮਨਿਸਟਰ ਬਲਦੇਵ ਸਿੰਘ। ਤਿੰਨ ਸਿੱਖ, ਕੇਂਦਰੀ ਵਜ਼ਾਰਤ ਵਿਚ ਲਏ ਗਏ ਸਨ।

 

 

ਸਵਰਨ ਸਿੰਘ ਅਤੇ ਮਜੀਠੀਆ ਨੇ ਤਾਂ ਮੰਨ ਲਿਆ ਕਿ ਉਹ ਸਿੱਖ ਮਸਲੇ ਜਾਂ ਮੰਗਾਂ ਬਾਰੇ ਮੂੰਹ ਵੀ ਨਹੀਂ ਖੋਲ੍ਹਣਗੇ ਪਰ ਡੀਫ਼ੈਂਸ ਮਨਿਸਟਰ ਬਲਦੇਵ ਸਿੰਘ ਇਹ ਕੋਸ਼ਿਸ਼ ਕਰਨ ਵਿਚ ਲੱਗੇ ਰਹੇ ਕਿ ਸਿੱਖਾਂ ਦੀਆਂ ਜਾਇਜ਼ ਮੰਗਾਂ ਕੇਂਦਰ ਜ਼ਰੂਰ ਮੰਨ ਲਵੇ ਅਤੇ ਇਹੀ ਸਲਾਹ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਵੀ ਦੇਂਦੇ ਸਨ। ਦੁਹਾਂ ਨੂੰ ਹੀ ਪਹਿਲਾਂ ਇਹ ਸੁਝਾਅ ਦੇਣ ਤੋਂ ‘ਬਾਜ਼’ ਆਉਣ ਲਈ ਕਿਹਾ ਗਿਆ ਪਰ ਉਹ ਨਾ ਰੁਕੇ ਤਾਂ ਮਾ. ਤਾਰਾ ਸਿੰਘ ਦੇ ‘ਹਮਾਇਤੀ’ ਕਹਿ ਕੇ ਉਨ੍ਹਾਂ ਮਗਰ ਖ਼ੁਫ਼ੀਆ ਏਜੰਸੀਆਂ ਨੂੰ ਲਾ ਕੇ, ਉਨ੍ਹਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿਤਾ ਗਿਆ।

 

 

 

ਸੱਭ ਤੋਂ ਪਹਿਲਾਂ ਮਹਾਰਾਜਾ ਪਟਿਆਲਾ ਦੀ ਗੱਲ ਕਰੀਏ। ਉਨ੍ਹਾਂ ਨੇ ਇਕ ਜਥੇਬੰਦੀ ‘ਪੰਥਕ ਦਰਬਾਰ’ ਬਣਾਈ ਸੀ ਜਿਸ ਦੇ ਉਹ ਆਪ ਹੀ ਪ੍ਰਧਾਨ ਸਨ। ਜਥੇਬੰਦੀ ਪੰਥਕ ਮਾਮਲਿਆਂ ਬਾਰੇ ਵਿਚਾਰ ਚਰਚਾ ਕਰ ਕੇ ਆਵਾਜ਼ ਉਠਾਉਂਦੀ ਸੀ। ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਗੋਪੀਚੰਦ ਭਾਰਗਵਾ ਨੇ 6 ਨਵੰਬਰ 1948 ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ (1) ਮਾਸਟਰ ਤਾਰਾ ਸਿੰਘ ਦੀਆਂ ਕਾਰਵਾਈਆਂ ਬਾਰੇ ਹੋਰ ਕੋਈ ਜੋ ਕੁੱਝ ਵੀ ਬੋਲੀ ਜਾਵੇ, ਮਹਾਰਾਜਾ ਸਾਹਿਬ ਉਸ ਵਿਚ ਧਿਰ ਨਾ ਬਣਨ (ਮਤਲਬ ਮਾ. ਤਾਰਾ ਸਿੰਘ ਦੀ ਹਮਾਇਤ ਨਾ ਕਰਨ)।

 

 

 

(2) ਕੋਈ ਕਾਂਗਰਸੀ ਮਹਾਰਾਜਾ ਸਾਹਿਬ ਦੀ ਪੰਥਕ ਜਥੇਬੰਦੀ ਦਾ ਮੈਂਬਰ ਨਾ ਬਣ ਸਕੇ। (3) ਪਰ ਜੇ ਮਹਾਰਾਜਾ ਸਾਹਿਬ ਨੇ ਪੰਥਕ ਮਾਮਲਿਆਂ ਉਤੇ ਬੋਲਣਾ ਬੰਦ ਨਾ ਕੀਤਾ ਤਾਂ ਉਨ੍ਹਾਂ ਦੀ ਸ਼ਾਨ ਦੀ ਪ੍ਰਵਾਹ ਨਾ ਕਰਦਿਆਂ ਕੋਈ ਵੀ ਮਾੜੇ ਸ਼ਬਦ, ਉਨ੍ਹਾਂ ਬਾਰੇ ਬੋਲਣ ਵਿਚ ਹਰ ਕੋਈ ਆਜ਼ਾਦ ਹੋਵੇਗਾ ਤੇ ਅਸੈਂਬਲੀ ਵਿਚ ਉਨ੍ਹਾਂ ਵਿਰੁਧ ਮਤਾ ਵੀ ਪਾਸ ਕੀਤਾ ਜਾਵੇਗਾ। 

ਮਹਾਰਾਜਾ ਪਟਿਆਲਾ ਨੂੰ ਦਿਤੀ ਗਈ ਧਮਕੀ ਦਾ ਅਸਰ ਹੋਇਆ ਤੇ ਉਨ੍ਹਾਂ ਨੇ ਪਟੇਲ ਨੂੰ ਯਕੀਨ ਕਰਵਾ ਦਿਤਾ ਕਿ ਉਹ ਮਾ. ਤਾਰਾ ਸਿੰਘ ਦੀ ਹਮਾਇਤ ਨਹੀਂ ਕਰਦੇ ਤੇ ਪੂਰੀ ਤਰ੍ਹਾਂ ਕੇਂਦਰ ਸਰਕਾਰ ਨਾਲ ਮਿਲ ਕੇ ਚਲਣਗੇ। ਪਟੇਲ ਦੀ ਤਸੱਲੀ ਹੋ ਗਈ ਤੇ ਗੱਲ ਹੋਰ ਅੱਗੇ ਨਾ ਵਧਾਈ ਗਈ। ਉਸ ਵੇਲੇ ਦਿੱਲੀ ਦੇ ‘ਮਾਲਕਾਂ’ ਦੀ ਇਕੋ ਇਕ ਮੰਗ ਹੁੰਦੀ ਸੀ ਕਿ ਚੰਗਾ ਸਿੱਖ ਉਹੀ ਮੰਨਿਆ ਜਾਏਗਾ ਜੋ ਮਾ. ਤਾਰਾ ਸਿੰਘ ਦੀ ਕਿਸੇ ਗੱਲ ਦੀ ਹਮਾਇਤ ਨਾ ਕਰੇ।

ਮਾ. ਤਾਰਾ ਸਿੰਘ.......... ਮਾ. ਤਾਰਾ ਸਿੰਘ। ਉਸ ਤੋਂ ਮਾੜਾ ਸਿੱਖ ਦਿੱਲੀ ਵਾਲਿਆਂ ਨੂੰ ਹੋਰ ਕੋਈ ਨਜ਼ਰ ਹੀ ਨਹੀਂ ਸੀ ਆਉਂਦਾ ਜਦਕਿ ਦੋ ਸਾਲ ਪਹਿਲਾਂ ਤਕ ਉਹ ਮਾ. ਤਾਰਾ ਸਿੰਘ  ਨੂੰ ਦੇਸ਼ ਦੇ ਉਨ੍ਹਾਂ ਮਹਾਨ ਨੇਤਾਵਾਂ ਵਿਚ ਗਿਣਦੇ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਕੰਮ ਕੀਤਾ ਸੀ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਬਣਾਉਣ ਦੀ ਗੱਲ ਵੀ ਕਰਦੇ ਸਨ। 

ਸ. ਬਲਦੇਵ ਸਿੰਘ
ਮਹਾਰਾਜਾ ਪਟਿਆਲਾ ਤੋਂ ਬਾਅਦ ਡੀਫ਼ੈਂਸ ਮਨਿਸਟਰ ਸ. ਬਲਦੇਵ ਸਿੰਘ ਇਕੋ ਇਕ ਵੱਡਾ ਸਿੱਖ ਲੀਡਰ ਰਹਿ ਗਿਆ ਸੀ ਜੋ ਨਹਿਰੂ ਤੇ ਪਟੇਲ ਨੂੰ ਅਪਣੀ ‘ਫ਼ਰਮਾਬਰਦਾਰੀ’ ਦਾ ਯਕੀਨ ਦਿਵਾਉਣ ਲਈ ਲੰਮੀਆਂ ਲੰਮੀਆਂ ਚਿੱਠੀਆਂ ਵੀ ਲਿਖਦਾ ਰਹਿੰਦਾ ਸੀ ਜਿਨ੍ਹਾਂ ਵਿਚ ਇਹ ਗੱਲ ਖ਼ਾਸ ਤੌਰ ਉਤੇ ਵਾਰ ਵਾਰ ਲਿਖੀ ਜਾਂਦੀ ਸੀ ਕਿ ਉਹ ਮਾਸਟਰ ਤਾਰਾ ਸਿੰਘ ਦੀਆਂ ਹੁਣ ਦੀਆਂ ਨੀਤੀਆਂ ਦਾ ਬਿਲਕੁਲ ਵੀ ਹਮਾਇਤੀ ਨਹੀਂ ਪਰ .......... ਨਾਲ ਹੀ ਉਹ ਇਹ ਵੀ ਲਿਖ ਦੇਂਦਾ ਸੀ ਕਿ ਭਾਰਤ ਦੇ ਸੰਵਿਧਾਨ ਦੇ ਘੇਰੇ ਵਿਚ ਰਹਿ ਕੇ ਸਿੱਖਾਂ  ਦੀਆਂ ਜਾਇਜ਼ ਮੰਗਾਂ ਅਗਰ ਮੰਨ ਲਈਆਂ ਜਾਣ ਤਾਂ ਵਿਰੋਧੀਆਂ (ਮਾ. ਤਾਰਾ ਸਿੰਘ) ਦਾ ਮੁਕੰਮਲ ਸਫ਼ਾਇਆ ਕਰਨਾ ਸੌਖਾ ਹੋ ਜਾਏਗਾ। ਅਪਣੀ 29 ਦਸੰਬਰ 1948 ਵਾਲੀ ਚਿੱਠੀ ਵਿਚ ਇਹ ਗੱਲ ਉਸ ਨੇ ਖੁਲ੍ਹ ਕੇ ਲਿਖ ਦਿਤੀ। 

ਸ. ਪਟੇਲ ਨੇ 30 ਦਸੰਬਰ 1948 ਨੂੰ ਹੀ ਅਪਣਾ ਜਵਾਬ ਇਹ ਲਿਖ ਕੇ ਦੇ ਦਿਤਾ:
‘‘ਮੈਨੂੰ ਤਾਂ ਤੁਹਾਡੇ ਬਾਰੇ ਕੋਈ ਗ਼ਲਤਫ਼ਹਿਮੀ ਨਹੀਂ ਪਰ ਕੁੱਝ ਸਿੱਖ ਮਿੱਤਰ ਹੀ ਇਹ ਪ੍ਰਭਾਵ ਦੇਂਦੇ ਹਨ ਕਿ ਤੁਹਾਡੀ ਤੇ ਮਾਸਟਰ ਤਾਰਾ ਸਿੰਘ ਦੀ ਸੋਚ ਬਿਲਕੁਲ ਇਕੋ ਜਹੀ ਹੈ। ਮਹਾਰਾਜਾ ਪਟਿਆਲਾ ਜੋ ਕਿ ਇਸ ਵੇਲੇ ਮਾ. ਤਾਰਾ ਸਿੰਘ ਦਾ ਵਿਰੋਧ ਕਰ ਰਹੀ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਹਨ, ਤੁਸੀ ਜਦ ਉਨ੍ਹਾਂ ਦੀ ਵੀ ਵਿਰੋਧਤਾ ਕਰਦੇ ਹੋ ਤਾਂ ਇਹ ਪ੍ਰਭਾਵ ਹੋਰ ਵੀ ਪੱਕਾ ਹੋ ਜਾਂਦਾ ਹੈ (ਕਿ ਤੁਸੀ ਮਾ. ਤਾਰਾ ਸਿੰਘ ਦੇ ਹਮਾਇਤੀ ਹੋ)। ਜਿਵੇਂ ਕਿ ਤੁਸੀ ਜਾਣਦੇ ਹੋ, ਮੈਨੂੰ ਮਹਾਰਾਜਾ ਪਟਿਆਲਾ ਨਾਲ ਵੀ ਕੋਈ ਹਮਦਰਦੀ ਨਹੀਂ ਪਰ ਮੈਂ ਤੁਹਾਨੂੰ ਇਹ ਦਸਣਾ ਠੀਕ ਸਮਝਿਆ ਤਾਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਨ੍ਹਾਂ ਬਦਕਿਸਮਤ ਮਤਭੇਦਾਂ ਨੂੰ ਕਿਸ ਤਰ੍ਹਾਂ ਲਿਆ ਜਾ ਰਿਹਾ ਹੈ।

ਸਿੱਖਾਂ ਅੰਦਰ ਉਪਜੇ ਇਨ੍ਹਾਂ ਮਤਭੇਦਾਂ ਨੂੰ ਮੇਰੇ ਤੋਂ ਵੱਧ ਕਿਸੇ ਨੇ ਬੁਰਾ ਨਹੀਂ ਕਿਹਾ ਹੋਣਾ ਅਤੇ ਹੁਣ ਸਮੱਸਿਆ ਇਹ ਹੈ ਕਿ ਏਕਤਾ ਦੀ ਇਸ ਕਮੀ ਦੇ ਨਤੀਜੇ ਵਜੋਂ ਸਿੱਖ ਸਿਆਸੀ ਨੇਤਾ,  ਮਾ. ਤਾਰਾ ਸਿੰਘ ਦੀ ਫ਼ਿਰਕੂ ਮੰਗ ਦਾ, ਹੌਸਲੇ ਨਾਲ ਮੁਕਾਬਲਾ ਕਰਨ ਵਿਚ ਕਾਮਯਾਬ ਨਹੀਂ ਹੋ ਰਹੇ।’’ ਸ. ਪਟੇਲ ਦਾ ਇਸ਼ਾਰਾ ਸਪੱਸ਼ਟ ਸੀ ਕਿ ਹਰ ਸਿੱਖ ਲਈ ਮਾਸਟਰ ਤਾਰਾ ਸਿੰਘ ਦਾ ਵਿਰੋਧ ਕਰਨਾ ਬੇਹੱਦ ਜ਼ਰੂਰੀ ਸੀ ਤੇ ਮਾ. ਤਾਰਾ ਸਿੰਘ ਨਾਲ ਇਕ ਵੀ ਸਿੱਖ ਨਹੀਂ ਰਹਿ ਜਾਣਾ ਚਾਹੀਦਾ। ਜਿਥੋਂ ਤਕ ਸ. ਬਲਦੇਵ ਸਿੰਘ ਦੀ ਇਸ ਮੰਗ ਦੀ ਗੱਲ ਸੀ ਕਿ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨ ਲਈਆਂ ਜਾਣ, ਇਸ ਬਾਰੇ ਚਿੱਠੀ ਵਿਚ ਪੱਥਰ ਮਾਰਨ ਵਰਗਾ ਜਵਾਬ  ਦੇ ਦਿਤਾ ਗਿਆ ਜੋ ਇਸ ਗੱਲ ਦਾ ਸੰਕੇਤ ਸੀ ਕਿ ਹੁਣ ਸ. ਬਲਦੇਵ ਸਿੰਘ ਬਹੁਤੀ ਦੇਰ ਤਕ ਵਜ਼ਾਰਤ ਵਿਚ ਨਹੀਂ ਰਹਿ ਸਕਣਗੇ। ਉਸ ਬਾਰੇ ਅਗਲੇ ਹਫ਼ਤੇ।                          (ਚਲਦਾ)