ਸਪੋਕਸਮੈਨ ਦੇ ਪਾਠਕ ਬਹੁਤ ਚੰਗੇ, ਦਿਆਲੂ ਤੇ ਸਮਝਦਾਰ ਹਨ ਪਰ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕੌਮੀ ਜਾਇਦਾਦ ਬਣਾਉਣ ਲਈ ਪੈਸੇ ਦੇਣ ਦੀ ਗੱਲ ਆ ਜਾਏ ਤਾਂ ਇਹ ਵੀ ਦੂਜੇ ਸਿੱਖਾਂ ਨਾਲੋਂ ਵਖਰੇ ਨਹੀਂ

Spokesman's readers are very good, kind and understanding but ...

ਅਸੀ ਇਸ ਗੱਲ ਤੇ ਫ਼ਖ਼ਰ ਕਰਦੇ ਹਾਂ ਕਿ ਅਸੀ ਕਿਸੇ ਵਜ਼ੀਰ, ਅਮੀਰ ਜਾਂ ਸਰਕਾਰ ਦੀ ਮਦਦ ਲਏ ਬਿਨਾਂ, 'ਉੱਚਾ ਦਰ' ਵਰਗਾ ਅਜੂਬਾ ਖੜਾ ਕਰ ਦਿਤਾ ਹੈ ਪਰ ਅੰਦਰ ਦੀ ਗੱਲ ਕੋਈ ਨਾ ਹੀ ਪੁੱਛੇ ਤੇ ਮੈਨੂੰ ਕੁੱਝ ਨਾ ਹੀ ਦਸਣਾ ਪਵੇ ਤਾਂ ਚੰਗਾ ਰਹੇਗਾ। ਜਿਸ ਦਿਨ ਅਸੀ 'ਉੱਚਾ ਦਰ' ਦੀ ਜ਼ਮੀਨ ਖ਼ਰੀਦ ਕੇ, ਬਪਰੌਰ ਪਿੰਡ ਵਿਚ ਪਹਿਲਾ ਸਮਾਗਮ ਕੀਤਾ ਸੀ, ਉਸ ਦਿਨ 50 ਹਜ਼ਾਰ ਪਾਠਕ ਇਕੱਠੇ ਹੋ ਗਏ ਸਨ।

 

ਮੈਂ ਸਟੇਜ ਤੋਂ ਦਸਿਆ ਕਿ ਇਥੇ 'ਉੱਚਾ ਦਰ' ਬਣਾਇਆ ਜਾਣਾ ਹੈ ਜਿਸ ਉਤੇ 60 ਕਰੋੜ ਖ਼ਰਚ ਆਉਣਗੇ। ਮੈਂ ਤਾਂ ਰੋਜ਼ਾਨਾ ਸਪੋਕਸਮੈਨ ਸ਼ੁਰੂ ਕਰਨ ਵੇਲੇ ਅਪਣਾ ਸੱਭ ਕੁੱਝ ਉਸ ਨੂੰ ਦੇ ਦਿਤਾ ਹੈ ਤੇ ਹੁਣ ਮੇਰੇ ਕੋਲ 'ਉੱਚਾ ਦਰ' ਨੂੰ ਦੇਣ ਲਈ ਇਕ ਰੁਪਿਆ ਵੀ ਨਹੀਂ ਜੇ। ਫਿਰ ਇਹ ਬਣੇਗਾ ਕਿਸ ਤਰ੍ਹਾਂ? ਤੁਸੀ ਦੱਸੋ, ਰੁਪਿਆ ਦਿਉਗੇ? ਸੱਭੇ ਨੇ ਦੋ ਦੋਵੇਂ ਬਾਹਵਾਂ ਖੜੀਆਂ ਕਰ ਕੇ ਕਿਹਾ, ''ਦਿਆਂਗੇ।''

ਮੈਂ ਕਿਹਾ, ''ਚਲੋ ਤੁਸੀ ਅੱਧਾ ਹੀ ਦੇ ਦੇਣਾ, ਅੱਧੇ ਦਾ ਪ੍ਰਬੰਧ ਮੈਂ ਕਰਜ਼ਾ ਚੁਕ ਕੇ, ਅਖ਼ਬਾਰ 'ਚੋਂ ਪੈਸਾ ਕੱਢ ਕੇ ਜਾਂ ਅਪਣਾ ਰਸੂਖ ਵਰਤ ਕੇ, ਜਿਵੇਂ ਵੀ ਹੋਵੇਗਾ, ਕਰ ਦਿਆਂਗਾ ਪਰ ਅੱਧਾ ਦੇਣ ਤੋਂ ਤੁਸੀ ਪਿੱਛੇ ਨਾ ਹਟਣਾ।'' ਹਾਸਾ ਮੱਚ ਗਿਆ। ਤਿੰਨ-ਚਾਰ ਸੱਜਣ (ਮੇਰੇ ਵਾਕਫ਼ ਨਹੀਂ ਸਨ) ਸਟੇਜ ਤੇ ਆ ਗਏ। ਪਹਿਲੇ ਨੇ ਮਾਈਕ ਤੇ ਕਿਹਾ, ''ਤੁਸੀ ਇਸ ਕੌਮੀ ਕਾਰਜ ਲਈ ਜ਼ਮੀਨ ਲੈ ਦਿਤੀ ਹੈ, ਇਹੀ ਤੁਹਾਡਾ ਹਿੱਸਾ ਹੋਵੇਗਾ। ਬਾਕੀ ਸਾਰਾ ਪੈਸਾ ਅਸੀ ਆਪ ਦਿਆਂਗੇ। ਇਹ ਜ਼ਿੰਮੇਵਾਰੀ ਹੁਣ ਸਾਡੀ।''
ਦੂਜਿਆਂ ਨੇ ਵੀ ਇਹੀ ਗੱਲ ਦੁਹਰਾ ਦਿਤੀ!

ਜੈਕਾਰੇ ਗੂੰਜਣ ਲੱਗੇ ਤੇ ਦੋ ਦੋ ਬਾਹਵਾਂ ਖੜੀਆਂ ਕਰ ਕੇ ਸਾਰੇ ਇਕੱਠ ਵਲੋਂ ਇਸ ਐਲਾਨ ਦੀ ਤਾਈਦ ਹੋਣ ਲੱਗੀ। ਮੈਨੂੰ ਹੌਸਲਾ ਹੋ ਗਿਆ ਕਿ ਸਪੋਕਸਮੈਨ ਦੇ ਪਾਠਕ ਘੱਟੋ ਘੱਟ ਮੇਰੇ ਨਾਲ ਝੂਠ ਨਹੀਂ ਬੋਲ ਸਕਦੇ, ਇਹ ਜੋ ਕਹਿ ਰਹੇ ਹਨ, ਉਸ ਉਤੇ ਅੱਖਰ ਅੱਖਰ ਅਮਲ ਕਰ ਵਿਖਾਣਗੇ। ਪਰ ਇਸ ਤੋਂ ਬਾਅਦ ਦੀ ਗੱਲ ਬਿਲਕੁਲ ਵਖਰੀ ਹੈ। ਦੋ ਸਾਲ ਸਰਕਾਰੀ ਮੰਜ਼ੂਰੀਆਂ, ਸੀ.ਐਲ.ਯੂ. ਲੈਣ ਅਤੇ ਨਕਸ਼ੇ ਪਾਸ ਕਰਵਾਉਣ ਤੇ ਹੀ ਲੱਗ ਗਏ। ਇਨ੍ਹਾਂ ਤੋਂ ਬਿਨਾਂ ਉਸਾਰੀ ਸ਼ੁਰੂ ਨਹੀਂ ਸੀ ਕੀਤੀ ਜਾ ਸਕਦੀ। ਉਧਰੋਂ ਅਸੀ ਪਾਠਕਾਂ ਨੂੰ ਅਪੀਲਾਂ ਕਰਦੇ ਰਹੇ ਕਿ ਛੇਤੀ ਅਪਣਾ ਹਿੱਸਾ ਪਾ ਦਿਉ।

ਕਿਸੇ ਮਹੀਨੇ ਦੋ ਦੇ ਪੈਸੇ ਆ ਜਾਂਦੇ ਤੇ ਕਿਸੇ ਮਹੀਨੇ ਚਾਰ ਦੇ। ਅਸੀ ਸੋਚਿਆ, ਸ਼ਾਇਦ ਉਸਾਰੀ ਸ਼ੁਰੂ ਹੋਈ ਵੇਖ ਕੇ ਸਿੰਘ ਭੱਜੇ ਆਉਣ। ਪਰ ਕੌਮੀ ਕਾਰਜ ਲਈ ਪੈਸੇ ਦੇਣ ਦੀ ਉਹੀ ਖ਼ਾਲਸਾਈ ਬੇਢੰਗੀ ਚਾਲ। ਉਂਜ ਇਹ ਹਰ ਮੈਦਾਨ ਬੜੀ ਤੇਜ਼ ਚਾਲੇ ਚਲਦੇ ਹਨ ਪਰ ਚੰਗੇ ਕਾਰਜ ਲਈ ਮਾਇਆ ਕੋਈ ਮੰਗ ਲਵੇ ਸਹੀ, ''ਬਹਾਨਾ ਫ਼ੈਕਟਰੀ'' ਦੇ ਖ਼ਾਲਸਾਈ ਬਹਾਨਿਆਂ ਦੇ ਢੇਰ ਲੱਗ ਜਾਂਦੇ ਹਨ। ਜਿਹੜੇ ਕਹਿੰਦੇ ਸੀ, ਸਾਰਾ ਖ਼ਰਚਾ ਅਸੀ ਦਿਆਂਗੇ, ਅੱਜ 7 ਸਾਲ ਮਗਰੋਂ ਅਪਣਾ ਪੂਰਾ ਹਿੱਸਾ ਵੀ ਨਹੀਂ ਦੇ ਸਕੇ ਤੇ ਸਾਡੇ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਤੇ ਮਸਾਂ ਚੌਥੇ ਹਿੱਸੇ ਦੇ ਨੇੜੇ ਪੁੱਜੇ ਹਨ (15 ਕਰੋੜ)। ਕੰਮ ਰੁਕਦਾ ਵੇਖ ਅਸੀ ਵਿਆਜ ਉਤੇ ਪੈਸਾ ਲਿਆ।

ਉਨ੍ਹਾਂ ਵਾਪਸ ਮੰਗ ਲਿਆ। ਬਥੇਰਾ ਸਮਝਾਇਆ ਕਿ ਉੱਚਾ ਦਰ ਬਣ ਤਾਂ ਲੈਣ ਦਿਉ। ਉਹ ਕਹਿੰਦੇ, ''ਬਣੇ ਨਾ ਬਣੇ, ਅਸੀ ਨਹੀਂ ਜਾਣਦੇ, ਸਾਨੂੰ ਤਾਂ ਸਾਡੇ ਪੈਸੇ ਵਾਪਸ ਕਰੋ।'' 30 ਕਰੋੜ ਇਸ ਤਰ੍ਹਾਂ ਵਾਪਸ ਕਰਨੇ ਪਏ (ਸੂਦ ਸਮੇਤ)। ਜਦੋਂ ਪਾਠਕ ਸਮੇਂ ਸਿਰ ਮਦਦ ਨਾ ਕਰਨ ਤੇ ਪਹਿਲਾਂ ਦਿਤੇ ਵੀ ਵਾਪਸ ਮੰਗ ਲੈਣ ਤਾਂ ਉਸਾਰੀ ਵੀ ਲੇਟ ਹੋ ਜਾਂਦੀ ਹੈ ਤੇ ਕੀਮਤ ਵੀ ਵੱਧ ਜਾਂਦੀ ਹੈ।

ਮੈਂ ਵੇਖਿਆ ਹੈ, ਕਿਸੇ ਨੂੰ ਕੋਈ ਪ੍ਰਵਾਹ ਨਹੀਂ, ਉੱਚਾ ਦਰ ਬਾਬੇ ਨਾਨਕ ਦਾ ਬਣਦਾ ਹੈ ਜਾਂ ਨਹੀਂ, ਹਰ ਇਕ ਨੂੰ ਅਪਣੇ ਪੈਸਿਆਂ ਨਾਲ ਤੇ ਅਪਣੇ ਸੂਦ ਨਾਲ ਹੀ ਮਤਲਬ ਹੈ। ਮੈਂ ਤਾਂ ਸਾਰੀ ਦੁਨੀਆਂ ਨੂੰ ਕਹਿ ਕੇ ਜਾਵਾਂਗਾ ਕਿ ਹਾਕਮ ਤੇ ਸਿਆਸਤਦਾਨ ਤਾਂ ਮੰਨੇ ਜਾਂਦੇ ਹਨ ਕਿ ਉਹ ਅਪਣੇ ਵਾਅਦਿਆਂ ਤੇ ਕਦੇ ਨਹੀਂ ਟਿਕਦੇ ਪਰ ਪੈਸੇ ਦੇ ਮਾਮਲੇ ਵਿਚ ਸਿੱਖ ਵੀ ਉੱਕਾ ਹੀ ਨਹੀਂ ਟਿਕਦੇ। ਇਨ੍ਹਾਂ ਦੇ ਵਾਅਦਿਆਂ ਨੂੰ ਸੁਣ ਕੇ ਅਪਣਾ ਸੱਭ ਕੁੱਝ ਨਾ ਲੁਟਾ ਦੇਣਾ, ਬਹੁਤ ਪਛਤਾਉਗੇ ਜਿਵੇਂ ਮੈਂ ਤੇ ਮੇਰੇ ਸਾਥੀ ਪਛਤਾ ਰਹੇ ਨੇ। ਜਿਹੜੇ ਮੈਂਬਰ ਬਣੇ ਸਨ, ਉਹ ਵੀ ਅੱਜ ਚਿੱਠੀ ਦਾ ਜਵਾਬ ਤਕ ਨਹੀਂ ਦੇਂਦੇ, ਪੈਸਾ ਦੇਣਾ ਤਾਂ ਦੂਰ ਦੀ ਗੱਲ ਹੈ।

90% ਕੰਮ ਪੂਰਾ ਹੋ ਗਿਆ ਤਾਂ ਮੈਂ ਸੋਚਿਆ, ਹੁਣ ਤਾਂ ਕਈ ਯੋਧੇ ਨਿੱਤਰ ਹੀ ਪੈਣਗੇ ਜੋ ਆਖਣਗੇ, ''ਲਉ ਬਾਕੀ 10% ਕੰਮ ਦੀ ਜ਼ਿੰਮੇਵਾਰੀ ਸਾਡੀ। ਵੱਧ ਤੋਂ ਵੱਧ 8-10 ਕਰੋੜ ਦੀ ਹੀ ਤਾਂ ਗੱਲ ਹੈ, ਅਸੀਂ ਪ੍ਰਬੰਧ ਕਰ ਦੇਵਾਂਗੇ।'' ਸ਼ੁਰੂ ਵਿਚ ਜਿਹੜੇ ਬਾਹਵਾਂ ਖੜੀਆਂ ਕਰ ਕੇ ਤੇ ਜੈਕਾਰੇ ਛੱਡ ਕੇ ਸਾਰਾ ਖ਼ਰਚਾ ਅਪਣੇ ਕੋਲੋਂ ਦੇਣ ਦੇ ਵਾਅਦੇ ਕਰਦੇ ਹਨ, ਅੱਜ ਉਹ 10ਵਾਂ ਹਿੱਸਾ ਕੰਮ ਵੀ ਅਪਣੇ ਉਪਰ ਲੈਣ ਲਈ ਨਹੀਂ ਨਿਤਰਦੇ ਤੇ ਮੈਨੂੰ ਕਹਿੰਦੇ ਨੇ, ''ਜਿਹੜਾ ਬੋਲੇ, ਉਹੀਉ ਕੁੰਡਾ ਖੋਲ੍ਹੇ।'' ਅਰਥਾਤ ਹੁਣ ਕੌਮ ਦਾ ਸੁਪਨਾ ਸਾਕਾਰ ਕਰਨ ਦੀ ਗੱਲ ਤੂੰ ਸ਼ੁਰੂ ਕੀਤੀ ਸੀ, ਹੁਣ ਤੂੰ ਹੀ ਪੂਰਾ ਕਰ।''

ਕੀ ਲੱਖਾਂ ਪਾਠਕਾਂ 'ਚੋਂ 100-200 ਵੀ ਅਜਿਹੇ ਨਹੀਂ ਜੋ ਬਾਬੇ ਨਾਨਕ ਦੇ ਉੱਚਾ ਦਰ ਦਾ 10% ਕੰਮ ਅਪਣੇ ਉਪਰ ਲੈ ਲੈਣ? ਜੇ ਕੋਈ ਹਨ ਤਾਂ ਮੇਰੇ ਨਾਲ ਸਿੱਧਾ ਸੰਪਰਕ ਕਰਨ ਜਾਂ ਲਿਖਣ। ਦੂਜੇ ਆਮ ਪਾਠਕਾਂ ਨੂੰ ਵੀ ਕਹਾਂਗਾ, ਜੇ ਸਚਮੁਚ ਤੁਸੀ ਦੂਜੇ ਸਿੱਖਾਂ ਨਾਲੋਂ ਵਖਰੇ ਹੋ ਤਾਂ ਕੋਈ ਇਕ ਵੀ ਪਾਠਕ ਨਹੀਂ ਰਹਿ ਜਾਣਾ ਚਾਹੀਦਾ ਜੋ ਇਸ ਮਹੀਨੇ ਕੁੱਝ ਨਾ ਕੁੱਝ ਜ਼ਰੂਰ ਦੇਵੇ (ਜਿੰਨਾ ਵੀ ਸੰਭਵ ਹੋਵੇ) ਜਿਸ ਨਾਲ ਬਾਕੀ ਰਹਿੰਦਾ 10% ਕੰਮ ਪੂਰਾ ਹੋ ਸਕੇ?

ਪਰ ਕੀ ਅਜੇ ਵੀ ਅਜਿਹੀ ਆਸ ਰਖਣਾ ਮੂਰਖਾਨਾ ਗੱਲ ਨਹੀਂ? ਪਰ ਮੈਂ ਮੂਰਖ ਹੀ ਤਾਂ ਹਾਂ ਜਿਸ ਨੇ ਅਪਣਾ ਕੁੱਝ ਨਾ ਬਣਾਇਆ ਤੇ ਕੌਮ ਦਾ ਕੁੱਝ ਬਣਾਉਣ ਲਈ ਨਿਕਲ ਪਿਆ, ਇਹ ਸਮਝੇ ਬਿਨਾਂ ਕਿ ਇਹ ਕੌਮ ਕਿਸੇ ਦੀ ਕੁਰਬਾਨੀ ਦਾ ਮੁੱਲ ਪਾਉਣ ਵਾਲੀ ਕੌਮ ਨਹੀਂ, ਅਪਣਾ ਪੈਸਾ ਕੌਮੀ ਕਾਰਜਾਂ ਨੂੰ ਨਾ ਦੇਣ ਵਾਲੀ ਕੌਮ ਹੈ।

ਜੋਗਿੰਦਰ ਸਿੰਘ