ਪੰਥਕ ਅਖਬਾਰਾਂ ’ਤੇ ਜਦੋਂ ਵੀ ਭੀੜ ਆ ਬਣੀ ਤਾਂ ਪੰਥਕ ਨੇਤਾਵਾਂ, ਜਥੇਬੰਦੀਆਂ ਤੇ ਹੋਰ ‘ਪੰਥਕਾਂ’.....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਇਕੋ ਦਿਨ, ਇਕੋ ਸਮੇਂ, ਗੁੰਡਿਆਂ ਕੋਲੋਂ ਸਾਰੇ ਪੰਜਾਬ ਵਿਚ ਹਮਲੇ ਕਰਵਾ ਕੇ, ਰੋਜ਼ਾਨਾ ਸਪੋਕਸਮੈਨ ਦੇ 10 ਦਫ਼ਤਰ ਵੀ ਤਬਾਹ ਕਰ ਦਿਤੇ ਗਏ।

File Photo

ਪਿਛਲੇ ਅੰਕਾਂ ਵਿਚ ਅਸੀ ਸਿੰਘ ਸਭਾ ਲਹਿਰ ਦੇ ਬਾਨੀਆਂ ਦੇ ਅਖ਼ਬਾਰ ਨੂੰ ਅੰਗਰੇਜ਼ਾਂ ਵਲੋਂ ਬੰਦ ਕਰਨ ਮਗਰੋਂ ਐਡੀਟਰ ਨੂੰ ਰੜੇ ਮੈਦਾਨ ਵਿਚ ਰਹਿ ਕੇ ਤੇ ਲੰਗਰ ਦੀ ਰੋਟੀ ਖਾ ਕੇ ਗੁਜ਼ਾਰਾ ਕਰਦਿਆਂ ਵੇਖਿਆ, ਸ. ਸਾਧੂ ਸਿੰਘ ਹਮਦਰਦ ਨੂੰ ਜ਼ਹਿਰ ਖ਼ਰੀਦ ਕੇ ਮਰ ਜਾਣ ਲਈ ਤਿਆਰੀ ਕਰੀ ਬੈਠੇ ਵੇਖਿਆ, ਸ. ਹੁਕਮ ਸਿੰਘ ਦੇ ਸਪਤਾਹਕ ਅੰਗਰੇਜ਼ੀ ਪਰਚੇ ਸਪੋਕਸਮੈਨ ਨਾਲ ਸਰਕਾਰ ਅਤੇ ਪੰਥਕਾਂ, ਦੁਹਾਂ ਦੇ ਵਤੀਰੇ ਮਗਰੋਂ, ਇਸ ਦੀ ਗੱਲ ਕਰਨ ਵੇਲੇ ਉਨ੍ਹਾਂ ਦੀਆਂ ਅੱਖਾਂ ’ਚ ਅਥਰੂ ਝਲਕਦੇ ਵੇਖੇ ਤੇ ਚੰਡੀਗੜ੍ਹ ਵਿਚ ਰੋਜ਼ਾਨਾ ਸਪੋਕਸਮੈਨ ਨਾਲ ‘ਪੰਥਕ’ ਸਰਕਾਰ ਦੇ ਜ਼ੁਲਮ ਦੀਆਂ ਝਲਕਾਂ ਵੀ ਵੇਖੀਆਂ ਜਿਸ ਨੇ 10 ਸਾਲ ਇਸ ਦੇ ਇਸ਼ਤਿਹਾਰ (ਡੇਢ ਦੋ ਸੌ ਕਰੋੜ ਦੇ) ਰੋਕੀ ਰੱਖੇ, ਐਡੀਟਰ ਵਿਰੁਧ ਪੰਜਾਬ ਦੇ ਕੋਨੇ ਕੋਨੇ ਵਿਚ ਪੁਲੀਸ ਕੇਸ ਪਾ ਦਿਤੇ

 11 ਵਕੀਲਾਂ ਦਾ ਪੈਨਲ ਬਣਾ ਕੇ ਅਖ਼ਬਾਰ ਨੂੰ ਬੰਦ ਕਰਵਾ ਦੇਣ ਦਾ ਐਲਾਨ ਸੁਣਿਆ ਤੇ ਪੁਜਾਰੀਆਂ ਕੋਲੋਂ ਛੇਕੂ ਹੁਕਮਨਾਮਾ ਜਾਰੀ ਕਰਵਾ ਦੇਣ ਮਗਰੋਂ ਅਖ਼ਬਾਰ ਵਿਰੁਧ ਇਕ ਹੋਰ ‘ਹੁਕਮਨਾਮਾ’ ਸ਼੍ਰੋਮਣੀ ਕਮੇਟੀ ਕੋਲੋਂ ਵੀ ਜਾਰੀ ਕਰਵਾ ਦਿਤਾ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ਼ਤਿਹਾਰ ਨਾ ਦੇਵੇ ਤੇ ਕੋਈ ਇਸ ਵਿਚ ਨੌਕਰੀ ਨਾ ਕਰੇ। ਨਾਲ ਹੀ ਹਰ ਰੋਜ਼ ਇਹ ਦਮਗਜੇ ਜਥੇਦਾਰਾਂ ਅਤੇ ਚਮਚਿਆਂ ਕੋਲੋਂ ਮਰਵਾਏ ਜਾਂਦੇ ਕਿ ‘‘ਅਖ਼ਬਾਰ ਅਗਰ ਛੇ ਮਹੀਨੇ ਵੀ ਕੱਢ ਗਿਆ ਤਾਂ ਸਾਡਾ ਨਾਂ ਬਦਲ ਦੇਣਾ।’’

ਇਕੋ ਦਿਨ, ਇਕੋ ਸਮੇਂ, ਗੁੰਡਿਆਂ ਕੋਲੋਂ ਸਾਰੇ ਪੰਜਾਬ ਵਿਚ ਹਮਲੇ ਕਰਵਾ ਕੇ, ਰੋਜ਼ਾਨਾ ਸਪੋਕਸਮੈਨ ਦੇ 10 ਦਫ਼ਤਰ ਵੀ ਤਬਾਹ ਕਰ ਦਿਤੇ ਗਏ। ਕਿਸੇ ਪੰਥਕ ਅਖ਼ਬਾਰ ਵਿਰੁਧ ਏਨੇ ਵੱਡੇ ਹੱਲੇ ਮਗਰੋਂ ਵੀ ‘ਪੰਥਕਾਂ’ ਦੀ ਜ਼ਬਾਨ ਸੀਤੀ ਦੀ ਸੀਤੀ ਹੀ ਰਹੀ ਜਿਵੇਂ ਕੋਈ ਗੱਲ ਹੋਈ ਹੀ ਨਾ ਹੋਵੇ। ਪਰ ਇਤਿਹਾਸ ਵਿਚ ਪਹਿਲੀ ਵਾਰ ਸਪੋਕਸਮੈਨ ਦੇ ਹੱਕ ਵਿਚ ਇਸ ਦੇ ਸਾਧਾਰਣ ਪਾਠਕ ਉਠ ਪਏ ਤੇ ਉਨ੍ਹਾਂ ਨੇ ਅਪਣੇ ਖ਼ਰਚੇ ਤੇ, ਚੰਡੀਗੜ੍ਹ ਵਲ ਵਹੀਰਾਂ ਘੱਤ ਦਿਤੀਆਂ, ਬੈਨਰ ਆਪ ਬਣਵਾ ਕੇ ਨਾਲ ਲੈ ਆਏ ਤੇ ਨਾਹਰੇ ਮਾਰਦੇ ਚੰਡੀਗੜ੍ਹ ਦੀਆਂ ਸੜਕਾਂ ਤੇ ਅਪਣੇ ਸਪੋਕਸਮੈਨ-ਪਿਆਰ ਦਾ ਪ੍ਰਗਟਾਵਾ ਕਰ ਕੇ ਉਨ੍ਹਾਂ ਨੇ ਅਖ਼ਬਾਰਾਂ ਵਾਲਿਆਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿਤਾ।

ਵੱਡੇ ਅਖ਼ਬਾਰਾਂ ਵਾਲੇ ਆਪ ਮੇਰੇ ਕੋਲ ਆਏ ਤੇ ਕਹਿਣ  ਲੱਗੇ, ‘‘ਕਿਸੇ ਅਖ਼ਬਾਰ ਦੇ ਪਾਠਕਾਂ ਵਲੋਂ ਏਨਾ ਵੱਡਾ ਜਲੂਸ ਅਸੀ ਅਪਣੀ ਜ਼ਿੰਦਗੀ ਵਿਚ ਕਦੇ ਨਹੀਂ ਸੀ ਵੇਖਿਆ। ਤੁਸੀ ਤਾਂ ਇਤਿਹਾਸ ਕਾਇਮ ਕਰ ਵਿਖਾਇਆ ਹੈ।’’ ਉਨ੍ਹਾਂ ਦੇ ਕੈਮਰਾਮੈਨ ਧੜਾਧੜ ਜਲੂਸ ਦੀਆਂ ਸੈਂਕੜੇ ਤਸਵੀਰਾਂ ਥਾਂ-ਥਾਂ ਤੋਂ ਲਈ ਜਾ ਰਹੇ ਸਨ।
ਪਰ ਅਗਲੇ ਦਿਨ ਕਿਸੇ ਵੀ ਅਖ਼ਬਾਰ ਵਿਚ ਨਾ ਸਾਡੇ ਜਲੂਸ ਦੀ ਕੋਈ ਫ਼ੋਟੋ ਛਪੀ, ਨਾ ਖ਼ਬਰ ਹੀ। ਬੜੀ ਹੈਰਾਨੀ ਹੋਈ। ਜਿਹੜੇ ਕਲ ਤਾਰੀਫ਼ਾਂ ਕਰਦੇ ਨਹੀਂ ਸਨ ਥਕਦੇ, ਉਨ੍ਹਾਂ ਨਾਲ ਫ਼ੋਨ ਮਿਲਾਏ।   

ਪੁਛਿਆ ਤੁਸੀ ਜਿਸ ਜਲੂਸ ਦੀ ਤਾਰੀਫ਼ ਵਿਚ ਕਲ ਕਸੀਦੇ ਕੱਢ ਰਹੇ ਸੀ, ਉਸ ਬਾਰੇ ਅੱਜ ਖ਼ਬਰ ਤਕ ਵੀ ਨਹੀਂ ਛਾਪੀ....?’’ ਪਤਾ ਇਹ ਲੱਗਾ ਕਿ ਜਲੂਸ ਖ਼ਤਮ ਹੋਣ ਤੋਂ ਪਹਿਲਾਂ ਹੀ ਸਾਡੀ ਪੰਥਕ ਸਰਕਾਰ (ਬਾਦਲ ਸਰਕਾਰ) ਦਾ ਪ੍ਰਚਾਰ-ਮਹਿਕਮਾ ਟੈਲੀਫ਼ੋਨ ਫੜ ਕੇ ਬੈਠ ਗਿਆ ਕਿ ‘‘ਤੁਹਾਨੂੰ ਇਕ ਪੰਨੇ ਦਾ ਇਸ਼ਤਿਹਾਰ ਜਾਰੀ ਕੀਤਾ ਜਾ ਰਿਹੈ ਪਰ ਜਾਰੀ ਉਸ ਅਖ਼ਬਾਰ ਨੂੰ ਹੀ ਕੀਤਾ ਜਾਏਗਾ ਜੋ ਸਪੋਕਸਮੈਨ ਦੇ ਪਾਠਕਾਂ ਵਲੋਂ ਕੱਢੇ ਜਲੂਸ ਦੀ ਖ਼ਬਰ ਨਹੀਂ ਛਾਪੇਗਾ।’’

ਸੋ ਪੱਤਰਕਾਰਾਂ ਨੇ ਦਸਿਆ ਕਿ ਉਨ੍ਹਾਂ ਨੇ ਤਾਂ ਤਸਵੀਰਾਂ ਸਮੇਤ ਵਿਸਥਾਰਤ ਰੀਪੋਰਟਾਂ ਅਪਣੇ ਐਡੀਟਰਾਂ ਨੂੰ ਭੇਜੀਆਂ ਸਨ ਪਰ ਬਾਦਲ ਸਰਕਾਰ ਨੇ ਉਨ੍ਹਾਂ ਦੇ ਐਡੀਟਰਾਂ ਨੂੰ ਕਹਿ ਕੇ ਖ਼ਬਰ ਛਪਣੋਂ ਹੀ ਰੁਕਵਾ ਲਈ!! ਚਲੋ ਹਾਕਮ ਸ਼ਾਇਦ ਅਪਣੇ ਆਲੋਚਕਾਂ ਨਾਲ ਇਸ ਤਰ੍ਹਾਂ ਹੀ ਕਰਦੇ ਹੋਣਗੇ। ਹਮੇਸ਼ਾ ਵਾਂਗ ਅਸੀ ਇਸ ਵਾਰ ਵੀ ਸਬਰ ਦਾ ਘੁਟ ਭਰ ਲਿਆ....।

 

ਪਰ ਪਾਠਕਾਂ ਦੇ ਜੋਸ਼ ਦੀਆਂ ਇਕ-ਦੋ ਗੱਲਾਂ ਜ਼ਰੂਰ ਕਰਨੀਆਂ ਹਨ। ਸਾਰਾ ਦਿਨ ਚੰਡੀਗੜ੍ਹ ਦੀਆਂ ਸੜਕਾਂ ’ਤੇ ਮਾਰਚ ਕਰਦੇ ਤੇ ਨਾਹਰੇ ਮਾਰਦੇ ਪਾਠਕਾਂ ਨੇ ਸਾਡੇ ਕੋਲੋਂ ਨਾ ਪਾਣੀ ਮੰਗਿਆ, ਨਾ ਰੋਟੀ, ਨਾ ਖ਼ਰਚਾ। ਮੇਰੀ ਪਤਨੀ ਜਗਜੀਤ ਕੌਰ ਕੋਲ ਜੋ ਸਰਦਾ ਬਣਦਾ ਸੀ, ਉਹ ਕੇਲੇ ਸੰਤਰੇ ਆਦਿ ਰੇਹੜੀਆਂ ਤੋਂ ਖ਼ਰੀਦ ਕੇ, ਮਾਰਚ ਕਰ ਰਹੇ ਪਾਠਕਾਂ ਨੂੰ ਵੰਡਦੇ ਰਹੇ ਪਰ ਉਹ ਵੀ ਵੱਧ ਤੋਂ ਵੱਧ 100-200 ਪਾਠਕਾਂ ਨੂੰ ਹੀ ਮਿਲੇ ਹੋਣਗੇ ਜਦਕਿ ਲਗਦਾ ਸੀ, ਸਾਰਾ ਪੰਜਾਬ ਹੀ ਉਥੇ ਆ ਗਿਆ ਸੀ।

ਮੈਨੂੰ ਯਾਦ ਹੈ, ਗੁਰੂ ਨਾਨਕ ਯੂਨੀਵਰਸਟੀ ਦੇ ਸਿੱਖ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਗੁਰਸ਼ਰਨਜੀਤ ਸਿੰਘ ਨੇ ਬੱਸ ਸਟੈਂਡ ਤੇ ਡਿਊਟੀ ਸੰਭਾਲ ਲਈ ਸੀ। ਜਿਹੜੇ ਵੀ ਜਥੇ ਬਸਾਂ ’ਚੋਂ ਉਤਰਦੇ, ਉਨ੍ਹਾਂ ਵਾਸਤੇ ਉਨ੍ਹਾਂ ਨੇ ਆਰਜ਼ੀ ਸਟੇਜ ਬਣਾ ਲਈ ਤੇ ਉਨ੍ਹਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿਤਾ। ਅਖ਼ੀਰ ਮੈਨੂੰ ਫ਼ੋਨ ’ਤੇ ਕਹਿਣਾ ਪਿਆ ਕਿ ਜੱਥਿਆਂ ਨੂੰ ਸੰਬੋਧਨ ਕਰਨਾ ਬੰਦ ਕਰ ਕੇ ਜਲੂਸ ਸ਼ਾਮ 4 ਵਜੇ ਤਕ ਸਮਾਪਤ ਕਰਨ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਕਿਉਂਕਿ ਸਾਡੇ ਕੋਲ ਉਨ੍ਹਾਂ ਨੂੰ ਦੇਣ ਲਈ ਨਾ ਭੋਜਨ ਹੈ, ਨਾ ਠਹਿਰਾਉਣ ਲਈ ਥਾਂ।

ਅਖ਼ੀਰ ਤੇ ਜਦ ਮੈਂ ਉਨ੍ਹਾਂ ਨੂੰ ਪੁਛਿਆ ਕਿ ਬੱਸ ਸਟੈਂਡ ਤੇ ਬਾਹਰੋਂ ਆਏ ਹੋਰ ਕਿੰਨੇ ਕੁ ਪਾਠਕ ਹੋਣਗੇ? ਉਹ ਕਹਿਣ ਲੱਗੇ, ‘‘ਜਿੰਨੇ ਸਵੇਰ ਦੇ ਇਥੋਂ ਜਲੂਸ ਵਿਚ ਸ਼ਾਮਲ ਹੋ ਗਏ ਨੇ, ਸਮਝੋ ਓਨੇ ਹੀ ਹੋਰ ਹੋ ਜਾਣਗੇ ਕਿਉਂਕਿ ਪਾਠਕਾਂ ਨਾਲ ਭਰੀਆਂ ਬਸਾਂ, ਟਰੈਕਟਰ, ਟਰੱਕ ਆਈ ਹੀ ਜਾ ਰਹੇ ਨੇ......। ਇਕ ਪਾਸੇ ਅਖੌਤੀ ਪੰਥਕ (ਬਾਦਲ) ਸਰਕਾਰ ਚੁੱਪੀ ਤੋੜਨ ਲਈ ਤਿਆਰ ਨਹੀਂ ਸੀ ਤੇ ਪੰਥਕ ਜਥੇਬੰਦੀਆਂ ਤੇ ਦੂਜੇ ਪਾਸੇ ‘ਪੰਥਕ’ ਵੀ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਰੀਤ ਅਨੁਸਾਰ, ਮੂੰਹ ਬੰਦ ਕਰੀ ਬੈਠੇ ਰਹੇ (ਅੱਖਾਂ ਦਾ ਪਤਾ ਨਹੀਂ)।

ਇਹ ‘ਚੁੱਪੀ ਧਾਰੀ’ ਪੰਥਕ ਸਾਧ ਅਗਲੇ ਕੁੱਝ ਦਿਨਾਂ ’ਚ ਜਦ ਮੇਰੇ ਨਾਲ ਆਹਮੋ ਸਾਹਮਣੇ ਹੋਏ ਤਾਂ ਜੋ ਕੁੱਝ ਉਨ੍ਹਾਂ ਦੇ ਮੁਖਾਰਬਿੰਦ ’ਚੋਂ ਸੁਣਨ ਨੂੰ ਮਿਲਿਆ, ਉਹ ਵੀ ਬੜਾ ਦਿਲਚਸਪ ਸੀ ਤੇ ਪਾਠਕਾਂ ਨਾਲ ਪਹਿਲਾਂ ਤਾਂ ਕਦੇ ਸਾਂਝਾ ਨਹੀਂ ਸੀ ਕੀਤਾ ਪਰ ਹੁਣ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਪਰ ਅਗਲੇ ਐਤਵਾਰ। 
(ਚਲਦਾ)