ਢਡਰੀਆਂ ਵਾਲੇ ਦੀਆਂ 'ਗ਼ਲਤੀਆਂ' ਲੱਭਣ ਤੋਂ ਪਹਿਲਾਂ ਅਪਣੇ ਨੱਕ ਥੱਲੇ ਹਰ ਰੋਜ਼ ਹੁੰਦੀ ਗੁਰਮਤਿ ਦੀ.....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕੁੱਝ ਸਮੇਂ ਤੋਂ ਕੁੱਝ ਸੱਜਣ ਇਹ ਗੱਲ ਵਾਰ-ਵਾਰ ਮੇਰੇ ਕੰਨਾਂ ਵਿਚ ਪਾ ਰਹੇ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਬੜਾ ਭਲਾ ਲੋਕ ਤੇ ਪੜ੍ਹਿਆ ਲਿਖਿਆ 'ਜਥੇਦਾਰ' ਹੈ,

File Photo

ਕੁੱਝ ਸਮੇਂ ਤੋਂ ਕੁੱਝ ਸੱਜਣ ਇਹ ਗੱਲ ਵਾਰ-ਵਾਰ ਮੇਰੇ ਕੰਨਾਂ ਵਿਚ ਪਾ ਰਹੇ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਬੜਾ ਭਲਾ ਲੋਕ ਤੇ ਪੜ੍ਹਿਆ ਲਿਖਿਆ 'ਜਥੇਦਾਰ' ਹੈ, ਇਸ ਲਈ ਪਿਛਲੇ 25-30 ਸਾਲਾਂ ਵਿਚ ਧਰਮ ਦੇ ਨਾਂ 'ਤੇ ਹਨੇਰਗਰਦੀ ਮਚਾਉਣ ਵਾਲੇ 'ਜਥੇਦਾਰਾਂ' ਨਾਲੋਂ ਬਿਲਕੁਲ ਵਖਰੀ ਤਰ੍ਹਾਂ ਦਾ ਸਾਬਤ ਹੋਵੇਗਾ। ਮੈਂ ਅਰਦਾਸ ਹੀ ਕਰ ਸਕਦਾ ਸੀ ਕਿ ਇੰਜ ਹੀ ਹੋਵੇ ਪਰ ਸਿਆਸਤਦਾਨਾਂ ਦੀ ਮੁੱਠੀ ਵਿਚ ਬੰਦ ਗੁਰਦਵਾਰਾ ਪ੍ਰਬੰਧਕਾਂ ਕੋਲੋਂ ਕਿਸੇ ਚੰਗੀ ਗੱਲ ਦੀ ਆਸ ਰਖਣਾ, ਮੂਰਖਤਾ ਹੀ ਸੀ।

ਸੋ ਆ ਗਿਆ ਹੈ ਇਕ ਹੋਰ 'ਹੁਕਮਨਾਮਾ' ਕਿ ਢਡਰੀਆਂ ਵਾਲੇ ਦੇ ਦੀਵਾਨਾਂ ਵਿਚ ਕੋਈ ਨਾ ਜਾਏ, ਉਸ ਦੀ ਗੱਲ ਕੋਈ ਨਾ ਸੁਣੇ। ਕਿਉਂ? ਇਸ ਬਾਰੇ ਢਡਰੀਆਂ ਵਾਲੇ ਦਾ ਕਹਿਣਾ ਹੈ ਕਿ ''ਮੈਂ ਤਾਂ ਗੁਰਮਤਿ ਦੇ ਉਲਟ ਗੱਲ ਹੀ ਕੋਈ ਨਹੀਂ ਕੀਤੀ। ਮੇਰੇ ਵਿਰੁਧ ਪਹਿਲਾਂ ਕੋਈ ਦੋਸ਼ ਸਾਬਤ ਤਾਂ ਕਰੋ, ਫਿਰ ਮੈਂ ਅਕਾਲ ਤਖ਼ਤ 'ਤੇ ਲੰਮਾ ਲੇਟ ਕੇ ਵੀ ਪੇਸ਼ ਹੋ ਜਾਵਾਂਗਾ।''

ਨਹੀਂ, ਦੋਸ਼ ਕਿਸੇ ਨੇ ਨਹੀਂ ਦਸਣੇ ਕਿਉਂਕਿ ਜਿਥੇ ਫ਼ੈਸਲੇ ਨਿਜੀ ਕਾਰਨਾਂ ਕਰ ਕੇ ਕਰਨੇ ਹੋਣ ਜਾਂ ਕਿੜ ਕੱਢਣ ਲਈ ਕਰਨੇ ਹੋਣ ਤਾਂ ਦਲੀਲ ਭੜਵੀ ਦਾ ਕੀ ਕੰਮ? ਹਰਿਆਣਵੀ ਜਾਟ ਤੇ ਬਾਣੀਏ ਦਾ ਲਤੀਫ਼ਾ ਤੁਸੀ ਸੁਣਿਆ ਹੀ ਹੋਵੇਗਾ। ਤੇਲੀ ਬਾਣੀਆ ਹਰਿਆਣਵੀ ਭਾਸ਼ਾ ਵਿਚ ਹੀ ਜੱਟ ਨੂੰ ਮਖ਼ੌਲ ਕਰਦਾ ਹੋਇਆ ਕਹਿੰਦਾ ਹੈ, ''ਜਾਟ ਰੇ ਜਾਟ ਤੇਰੇ ਸਿਰ ਪੇ ਖਾਟ।''

ਹਰਿਆਣਵੀ ਜਾਟ ਨੂੰ ਤੁਰਤ ਜਵਾਬ ਦੇਣ ਲਈ ਹੋਰ ਕੁੱਝ ਨਾ ਸੁਝੀ ਤਾਂ ਉਸ ਨੇ ਕਹਿ ਦਿਤਾ, ''ਤੇਲੀ ਰੇ ਤੇਲੀ, ਤੇਰੇ ਸਰ ਪੇ ਕੋਹਲੂ''।
ਤੇਲੀ ਬਾਣੀਆ ਹੱਸ ਕੇ ਬੋਲਿਆ, ''ਯੇਹ ਤੋ ਕੋਈ ਬਾਤ ਨਾ ਬਨੀ। ਕਵਿਤਾ ਕੀ ਤੁਕਬੰਦੀ ਤੋ ਮਿਲਾ ਲੇਨੀ ਥੀ।''
ਜਾਟ ਬੋਲਿਆ, ''ਅਰੇ ਤੁਕਬੰਦੀ ਮਿਲੇ ਨਾ ਮਿਲੇ, ਕੇਹਲੂ ਤੇਰਾ ਸਿਰ ਤੋ ਫੋੜ ਦੇਗਾ।''

ਸਾਡੇ 'ਜਥੇਦਾਰ' ਵੀ ਦਲੀਲ ਨਹੀਂ ਦੇ ਸਕਦੇ, ਬਸ 'ਸਿਰ ਫੋੜ' ਸਕਦੇ ਹਨ ਜਾਂ ਸਿਰ ਤੋੜਨ ਦਾ ਯਤਨ ਤਾਂ ਕਰ ਸਕਦੇ ਹਨ। ਉਨ੍ਹਾਂ ਭਾਣੇ ਏਨੇ ਨਾਲ ਹੀ ਹੋ ਗਿਆ ਮੋਰਚਾ ਫ਼ਤਿਹ। ਨਹੀਂ ਜਾਣਦੇ ਕਿ ''ਸਿਰ ਫੋੜਨ'' ਵਾਲੀਆਂ ਸੰਸਥਾਵਾਂ ਅਖ਼ੀਰ, ਇਨ੍ਹਾਂ ਆਪ ਹੁਦਰੀਆਂ ਕਰ ਕੇ ਹੀ ਕਮਜ਼ੋਰ ਹੋ ਕੇ ਖ਼ਤਮ ਹੋ ਜਾਂਦੀਆਂ ਹਨ। ਯਾਦ ਕਰੋ, ਕਿਥੇ ਹੈ ਪੋਪ ਦੀ ਸ਼ਕਤੀਸ਼ਾਲੀ ਸੰਸਥਾ? ਉਹ ਜਿਸ ਨੂੰ ਚਾਹੁੰਦਾ ਸੀ, ਪੈਸੇ ਲੈ ਕੇ ''ਚੰਗੇ ਆਚਰਣ'' ਦਾ ਸਰਟੀਫ਼ੀਕੇਟ ਜਾਰੀ ਕਰ ਦੇਂਦਾ ਸੀ ਤੇ ਜਿਸ ਨੂੰ ਚਾਹੁੰਦਾ ਸੀ, ਸਵਰਗ ਵਿਚ ਥਾਂ ਵੀ ਅਲਾਟ ਕਰ ਦੇਂਦਾ ਸੀ।

ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ। ਅਖ਼ੀਰ ਅੰਦਰੋਂ ਹੀ ਇਕ ਜਰਮਨ ਪਾਦਰੀ, ਮਾਰਟਿਨ ਲੂਥਰ ਦੀ ਆਤਮਾ ਜਾਗੀ ਤੇ ਉਸ ਨੇ ਹਿੰਮਤ ਕਰ ਕੇ 16 ਗੱਲਾਂ ਇਕ ਕਾਗ਼ਜ਼ 'ਤੇ ਲਿਖੀਆਂ ਜੋ ਪੋਪ ਗ਼ਲਤ ਕਰ ਰਿਹਾ ਸੀ ਤੇ ਜੋ ਈਸਾਈ ਧਰਮ ਦੇ ਅਸੂਲਾਂ ਦੇ ਉਲਟ ਜਾਣ ਵਾਲੀਆਂ ਗੱਲਾਂ ਸਨ। ਉਹ ਇਹ ਚਿੱਠੀ ਪੋਪ ਦੇ ਘਰ ਦੇ ਦਰਵਾਜ਼ੇ 'ਤੇ ਚਿਪਕਾ ਆਇਆ ਪਰ ਪੋਪ ਦੇ ਸਾਹਮਣੇ ਜਾ ਕੇ ਉਸ ਨੂੰ ਨਿਜੀ ਤੌਰ 'ਤੇ ਚਿੱਠੀ ਦੇਣ ਦੀ ਹਿੰਮਤ ਨਾ ਕਰ ਸਕਿਆ।

ਪੋਪ ਨੇ ਸਵੇਰੇ ਦਰਵਾਜ਼ੇ ਉਤੇ ਚਿਪਕੀ ਚਿੱਠੀ ਵੇਖੀ ਤਾਂ ਅੱਗ ਬਬੂਲਾ ਹੋ ਗਿਆ। ਉਸ ਨੇ ਮਾਰਟਿਨ ਲੂਥਰ ਨੂੰ 'ਛੇਕ' ਵੀ ਦਿਤਾ ਤੇ ਹੁਕਮ ਵੀ ਜਾਰੀ ਕਰ ਦਿਤਾ ਕਿ ਉਸ ਨੂੰ ਫੜ ਕੇ ਲਿਆਂਦਾ ਜਾਵੇ। ਮਾਰਟਨ ਲੂਥਰ ਦੇ ਸਾਥੀਆਂ ਨੇ ਉਸ ਨੂੰ ਕਿਸੇ ਪਿੰਡ ਵਿਚ ਛੁਪਾ ਦਿਤਾ ਪਰ ਪੋਪ ਦੀ ਧਾਂਦਲੀ ਵਿਰੁਧ ਪ੍ਰਚਾਰ ਜਾਰੀ ਰਖਿਆ। ਜਦੋਜਹਿਦ ਲੰਮੇ ਸਮੇਂ ਤਕ ਚਲੀ। ਸੰਖੇਪ ਵਿਚ, ਅੰਤ ਈਸਾਈ ਵਿਦਵਾਨਾਂ ਨੇ ਵਿਚ ਪੈ ਕੇ, ਸਮਝੌਤਾ ਇਸ ਗੱਲ 'ਤੇ ਲਿਆ ਕੇ ਕਰਵਾ ਦਿਤਾ ਕਿ ਪੋਪ ਸਿਰਫ਼ 'ਵਿਖਾਵੇ' ਦਾ ਪੋਪ ਰਹੇਗਾ ਪਰ ਉਸ ਦੀਆਂ ਸਾਰੀਆਂ ਤਾਕਤਾਂ ਖ਼ਤਮ ਕਰ ਦਿਤੀਆਂ ਜਾਣਗੀਆਂ। ਨਾ ਉਹ ਕਿਸੇ ਨੂੰ ਬੁਲਾ ਸਕੇਗਾ, ਨਾ ਛੇਕ ਸਕੇਗਾ, ਨਾ ਹੁਕਮਨਾਮੇ ਜਾਰੀ ਕਰ ਸਕੇਗਾ ਅਤੇ ਨਾ ਫ਼ੁਰਮਾਨ ਜਾਰੀ ਕਰ ਸਕੇਗਾ।

ਇਹ ਲਗਪਗ ਉਹੀ ਸਮਾਂ ਸੀ ਜਦ ਬਾਬਾ ਨਾਨਕ ਦਾ ਸੰਸਾਰ ਵਿਚ ਆਗਮਨ ਹੋਇਆ ਸੀ। ਈਸਾਈ ਧਰਮ ਨੇ ਜਿਸ ਬੁਰਾਈ (ਪੁਜਾਰੀਵਾਦ) ਤੋਂ ਬਾਬੇ ਨਾਨਕ ਦੇ ਆਗਮਨ ਸਮੇਂ ਛੁਟਕਾਰਾ ਪਾ ਲਿਆ ਸੀ, ਉਹ ਅੱਜ 21ਵੀਂ ਸਦੀ ਵਿਚ ਵੀ ਇਹ ਫ਼ੈਸਲੇ ਦੇਂਦਾ ਹੈ ਕਿ ਉਸ ਨੂੰ 'ਸਰਬਉੱਚ' ਨਾ ਮੰਨਣ ਵਾਲਾ 'ਸਿੱਖ' ਹੀ ਨਹੀਂ। ਕਿਸੇ ਹੋਰ ਨਵੇਂ ਪੁਰਾਣੇ ਧਰਮ ਵਿਚ ਪੁਜਾਰੀਵਾਦ ਨੂੰ ਇਸ ਸਦੀ ਵਿਚ ਕੋਈ ਮਾਨਤਾ ਨਹੀਂ ਮਿਲੀ ਹੋਈ। ਕੇਵਲ ਸਿੱਖ ਧਰਮ ਹੀ 'ਤਖ਼ਤਾਂ' ਦੇ ਨਾਂ ਤੇ ਪੁਜਾਰੀਵਾਦ ਦਾ ਜੂਲਾ ਚੁੱਕਣ ਲਈ ਮਜਬੂਰ ਕੀਤਾ ਜਾ ਰਿਹੈ।

ਮੈਨੂੰ ਕਈ ਹਿੰਦੂ ਮਿੱਤਰ ਮਜ਼ਾਕ ਨਾਲ ਕਹਿੰਦੇ ਨੇ, ''ਤੁਸੀ ਹੁਣ ਅਪਣੇ ਧਰਮ ਨੂੰ 'ਆਧੁਨਿਕ ਯੁਗ ਦਾ ਧਰਮ' ਕਹਿਣਾ ਛੱਡ ਦਿਉ। ਸਾਰੇ ਧਰਮ ਪਛੜੇ ਯੁਗ ਦੀ ਨਿਸ਼ਾਨੀ 'ਪੁਜਾਰੀਵਾਦ' ਤੋਂ ਆਜ਼ਾਦ ਹੋ ਚੁੱਕੇ ਨੇ ਪਰ ਤੁਸੀ ਉਸ ਦੀ ਕੈਦ ਵਿਚ ਜਕੜੇ ਹੋਏ ਹੋ ਤਾਂ ਤੁਸੀ ਕਿਹੜੀ ਗੱਲੋਂ ਅਪਣੇ ਧਰਮ ਨੂੰ 'ਨਵੇਂ ਯੁਗ' ਦਾ ਧਰਮ ਕਹਿ ਸਕਦੇ ਹੋ? ਤੁਹਾਨੂੰ ਬੋਲਣ ਲਿਖਣ ਦੀ ਆਜ਼ਾਦੀ ਨਹੀਂ। ਤੁਹਾਡੇ ਵਿਦਵਾਨ, ਲੇਖਕ, ਇਤਿਹਾਸਕਾਰ, ਸਿਆਸਤਦਾਨ, ਸੱਭ ਇਨ੍ਹਾਂ ਤੋਂ ਡਰਦੇ ਮਾਰੇ, ਇਨ੍ਹਾਂ ਅੱਗੇ ਜਾ ਡੰਡੌਤ ਕਰਦੇ ਨੇ ਤਾਂ ਤੁਹਾਡਾ ਧਰਮ ਕਿਥੋਂ ਨਵੇਂ ਯੁਗ ਦਾ ਧਰਮ ਹੋਇਆ?''

ਮੇਰੇ ਕੋਲ ਇਕੋ ਦਲੀਲ ਹੁੰਦੀ ਹੈ ਕਿ ਅਸੀ ਪੁਜਾਰੀਵਾਦ ਤੋਂ ਆਜ਼ਾਦ ਹੋਣ ਲਈ ਲੜ ਤਾਂ ਰਹੇ ਹਾਂ ਤੇ ਸਾਡੇ ਧਰਮ ਵਿਚ ਤਾਂ ਕੋਈ ਗ਼ਲਤ ਗੱਲ ਦਰਜ ਨਹੀਂ ਪਰ ਅੰਗਰੇਜ਼ ਜਿਹੜੀ ਕੋਰੋਨਾ 'ਵਾਇਰਸ' (ਲਾਗ) ਸਾਡੇ ਗੁਰਦਵਾਰਿਆਂ ਵਿਚ ਛੱਡ ਗਏ ਹਨ, ਉਹ ਵੀ ਖ਼ਤਮ ਕਰ ਕੇ ਰਹਾਂਗੇ ਤੇ ਅਪਣੇ ਜ਼ੋਰ ਨਾਲ ਨਹੀਂ, ਬਾਬੇ ਨਾਨਕ ਦੀ ਬਾਣੀ ਦੇ ਜ਼ੋਰ ਨਾਲ ਕਰ ਵਿਖਾਵਾਂਗੇ। ਉਦੋਂ ਤਕ ਤੁਸੀ ਸਾਨੂੰ ਝੇਡਾਂ ਕਰਨ ਦਾ ਸ਼ੌਕ ਪੂਰਾ ਕਰ ਲਉ ਬੇਸ਼ੱਕ।

ਮੈਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਨਾ ਕਦੇ ਮਿਲਿਆ ਹਾਂ, ਨਾ ਵੇਖਿਆ ਹੈ ਤੇ ਨਾ ਸੁਣਿਆ ਹੀ ਹੈ। ਜਿਹੜਾ ਕੋਈ ਪੁਜਾਰੀਵਾਦ ਨਾਲ ਪੰਗਾ ਲੈਂਦਾ ਹੈ, ਮੈਂ ਉਸ ਨੂੰ 'ਸ਼ਾਬਾਸ਼' ਜ਼ਰੂਰ ਦੇਂਦਾ ਹਾਂ ਤੇ ਸਪੋਕਸਮੈਨ ਨੇ ਸਿੰਘ ਸਭਾ ਲਹਿਰ ਦੇ ਬਾਨੀਆਂ ਮਗਰੋਂ ਇਹ ਜਿਹੜਾ ਅੰਦੋਲਨ, ਆਪ ਮਾਰ ਖਾ ਕੇ, ਸ਼ੁਰੂ ਕੀਤਾ ਸੀ ਤੇ ਅੱਜ ਤਕ ਇਕੱਲਿਆਂ ਹੀ ਜ਼ਿੰਦਾ ਰਖਿਆ ਹੋਇਆ ਹੈ, ਉਸ ਦੀ 100% ਕਾਮਯਾਬੀ ਤਕ, ਇਸ ਨੀਤੀ ਉਤੇ ਅਮਲ ਜਾਰੀ ਰਹੇਗਾ ਤੇ ਇਸ ਗੱਲ ਦੇ ਬਾਵਜੂਦ ਵੀ ਜਾਰੀ ਰਹੇਗਾ ਕਿ ਜਿਨ੍ਹਾਂ ਦੀ ਅਸੀ ਮਦਦ (ਅਖ਼ਬਾਰ ਰਾਹੀਂ) ਕਰਦੇ ਹਾਂ, ਉਨ੍ਹਾਂ ਕਦੇ ਧਨਵਾਦ ਦਾ ਇਕ ਸ਼ਬਦ ਵੀ ਅੰਦੋਲਨ ਦੇ ਮੋਢੀ ਸਪੋਕਸਮੈਨ ਲਈ ਨਹੀਂ ਵਰਤਿਆ,

ਨਾ ਕਦੇ ਫ਼ੋਨ ਹੀ ਕੀਤਾ ਹੈ। ਉਹ ਇਹੀ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਵੇਂ ਪਹਿਲਾਂ ਸਿਰਫ਼ (ਪ੍ਰੋ: ਗੁਰਮੁਖ ਸਿੰਘ, ਗਿ: ਦਿਤ ਸਿੰਘ, ਪ੍ਰੋ. ਦਰਸ਼ਨ ਸਿੰਘ, ਗਿ: ਭਾਗ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਤੇ ਹੋਰ ਅਨੇਕਾਂ) ਗੁੰਗੇ ਬੋਲੇ ਸਿੱਖ ਹੀ ਰਹਿੰਦੇ ਸਨ ਤੇ ਅੱਜ ਅਵਤਾਰ ਧਾਰਨ ਵਾਲਿਆਂ ਨੇ ਹੀ ਪਹਿਲੀ ਵਾਰ ਸੱਚ ਬੋਲਣ ਦੀ ਹਿੰਮਤ ਵਿਖਾਈ ਹੈ। ਮੈਨੂੰ ਇਸ ਤੇ ਵੀ ਕੋਈ ਇਤਰਾਜ਼ ਨਹੀਂ, ਸਿਵਾਏ ਇਸ ਦੇ ਕਿ ਇਸ ਨਾਲ 'ਹੰਨੇ ਹੰਨੇ ਮੀਰੀ' ਤੇ ਬੰਨੇ ਬੰਨੇ ਅਪਣੀ ਜੈ-ਜੈਕਾਰ ਦੇ ਦਾਅਵੇ ਹੀ ਗੂੰਜਦੇ ਰਹਿ ਜਾਣਗੇ ਪਰ ਈਸਾਈਆਂ ਵਰਗਾ ਸਰਬ-ਸਾਂਝਾ ਪੋਪ ਤੋਂ ਧਰਮ ਨੂੰ ਆਜ਼ਾਦ ਕਰਵਾਉਣ ਵਾਲਾ ਅੰਦੋਲਨ ਨਹੀਂ ਬਣ ਸਕੇਗਾ।

ਪਰ ਇਹ ਸ਼ਾਇਦ ਉਨ੍ਹਾਂ ਦਾ ਟੀਚਾ ਹੀ ਨਹੀਂ ਤੇ 'ਮੇਰੀ ਜਿੱਤ' ਤੇ 'ਉਸ ਦੀ ਹਾਰ' ਤੇ ਆ ਕੇ ਹੀ ਗੱਲ ਮੁਕ ਜਾਣੀ ਹੈ, ਅਸਲ ਸਿਧਾਂਤ ਦੀ ਗੱਲ ਸ਼ੁਰੂ ਹੀ ਨਹੀਂ ਹੋਣੀ, ਨਾ ਕੋਈ ਵੱਡੀ ਤਬਦੀਲੀ ਲਿਆਉਣਾ ਹੀ ਕਿਸੇ ਦਾ ਮਕਸਦ ਹੈ। ਮੇਰੇ ਇਕ ਗੁਰਮੁਖ ਸਾਥੀ ਦਾ ਕਹਿਣਾ ਹੈ ਕਿ ਸਪੋਕਸਮੈਨ ਬਾਰੇ ਸੱਭ ਨੂੰ ਪਤਾ ਲੱਗ ਗਿਆ ਹੈ ਕਿ ਇਹ ਪੁਜਾਰੀਵਾਦ ਦੇ ਮੁਕੰਮਲ 'ਪੰਥ ਨਿਕਾਲੇ' ਤੋਂ ਪਹਿਲਾਂ ਕੋਈ ਸਮਝੌਤਾ ਨਹੀਂ ਕਰੇਗਾ ਜਦਕਿ ਦੂਜਿਆਂ ਦਾ ਧਿਆਨ ਇਸ ਗੱਲ ਵਲ ਲੱਗਾ ਹੁੰਦਾ ਹੈ ਕਿ 50 ਫ਼ੀ ਸਦੀ ਤੇ ਜਾਂ 60 ਫ਼ੀ ਸਦੀ ਤੇ ''ਲੈ ਦੇ ਕਰ ਕੇ'' ਸਮਝੌਤਾ ਹੋ ਜਾਏ ਤਾਂ ਕਰ ਲਵਾਂਗੇ।

ਇਸੇ ਲਈ ਉਹ ਸਪੋਕਸਮੈਨ ਤੇ ਪੁਜਾਰੀਵਾਦ ਵਿਰੁਧ ਲੜਨ ਵਾਲੇ ਦੂਜੇ 'ਯੋਧਿਆਂ' ਦਾ ਨਾਂ ਵੀ ਮੂੰਹ ਤੇ ਨਹੀਂ ਲਿਆਂਦੇ ਤੇ ਦੋ ਬੇੜੀਆਂ ਦੇ ਸਵਾਰ ਬਣੇ ਰਹਿਣ ਵਿਚ ਹੀ 'ਲਾਭ' ਵੇਖਦੇ ਹਨ। ਸਪੋਕਸਮੈਨ ਦੀ ਲੜਾਈ ਸਿੱਖ ਸਿਧਾਂਤ ਦੀ ਲੜਾਈ ਹੈ। ਬਦਕਿਸਮਤੀ ਨਾਲ ਬਾਕੀ ਸਾਰੀਆਂ ਲੜਾਈਆਂ ਜੋ ਪਿਛਲੇ ਕੁੱਝ ਸਾਲਾਂ ਵਿਚ ਵੇਖੀਆਂ, ਸਿਧਾਂਤ ਤਕ ਪਹੁੰਚਣ ਤੋਂ ਪਹਿਲਾਂ ਹੀ ਲੀਹੋਂ ਲਹਿ ਗਈਆਂ।

ਰਹਿ ਗਈ ਗੱਲ 'ਜਥੇਦਾਰਾਂ' ਵਲੋਂ ਦੂਜਿਆਂ ਦੇ ਕਥਨਾਂ ਵਿਚੋਂ ਗੁਰਮਤਿ ਦੀ ਉਲੰਘਣਾ ਲੱਭਣ ਦੀ, ਤਾਂ ਬਾਹਰ ਨਿਕਲ ਕੇ ਦੂਜਿਆਂ ਦੇ ਐਬ ਲੱਭਣ ਦੀ ਬਜਾਏ, ਅਪਣੇ ਨੱਕ ਥੱਲੇ ਗੁਰਮਤਿ ਦੀ ਹਰ ਪਲ ਹੁੰਦੀ ਉਲੰਘਣਾ ਵਲ ਧਿਆਨ ਦੇ ਲੈਣ ਤਾਂ ਉਹ ਧਰਮ ਦੀ ਵਧੇਰੇ ਸੇਵਾ ਕਰ ਰਹੇ ਹੋਣਗੇ। ਬਣਾਉ ਦੁਨੀਆਂ ਭਰ ਦੇ 5 ਨਿਰਪੱਖ ਤੇ ਵਿਦਵਾਨ ਸਿੱਖਾਂ ਦੀ ਇਕ ਕਮੇਟੀ ਜੋ ਵੇਖੇ ਕਿ ਗੁ: ਮੰਜੀ ਸਾਹਿਬ ਤੋਂ ਕੀਤੀ ਜਾਂਦੀ ਹਰ ਰੋਜ਼ ਦੀ 'ਕਥਾ' ਵਿਚ ਸੰਤ ਸਮਾਜ ਦੀ ਮਤਿ ਕਿੰਨੀ ਹੁੰਦੀ ਹੈ,

ਟਕਸਾਲ ਦੀ ਮਤਿ ਕਿੰਨੀ ਹੁੰਦੀ ਹੈ, ਕਰਮ-ਕਾਂਡ ਕਿੰਨਾ ਹੁੰਦਾ ਹੈ, ਅੰਧ-ਵਿਸ਼ਵਾਸ ਕਿੰਨਾ ਹੁੰਦਾ ਹੈ ਤੇ ਮਿਥਿਹਾਸ ਕਿੰਨਾ ਹੁੰਦਾ ਹੈ ਤੇ ਸੱਭ ਤੋਂ ਅਖ਼ੀਰ ਵਿਚ 'ਗੁਰਮਤਿ' ਕਿੰਨੀ ਹੁੰਦੀ ਹੈ? ਪਿਛਲੇ ਇਕ ਮਹੀਨੇ ਦੀ 'ਕਥਾ' ਦੀ ਰੀਕਾਰਡਿੰਗ ਹੀ ਕੱਢ ਲਉ। ਮੈਂ ਤਾਂ ਸ਼ਾਇਦ ਹੀ ਕਦੇ ਪੂਰੀ 'ਕਥਾ' ਸੁਣ ਸਕਿਆ ਹੋਵਾਂ ਕਿਉਂਕਿ ਉਸ ਵਿਚ ਗੁਰਮਤਿ ਤਾਂ ਦਾਲ ਵਿਚ ਕੁੜਕੁਣੂਆਂ ਜਿੰਨੀ ਹੀ ਹੁੰਦੀ ਹੈ।

ਨੱਕ ਸਾਹਮਣੇ ਹੋ ਰਹੀ ਇਸ 'ਗੁਰਮਤਿ ਉਲੰਘਣਾ' ਵਿਰੁਧ ਆਵਾਜ਼ ਚੁਕਣ ਵਾਲਾ ਕੋਈ 'ਜਥੇਦਾਰ' ਹੀ ਦੂਰ ਵਾਲਿਆਂ ਨੂੰ ਟੋਕਦਾ ਚੰਗਾ ਲੱਗ ਸਕਦਾ ਹੈ। ਮੈਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੀਆਂ ਇਕ ਦੋ ਕੈਸਿਟਾਂ ਸੁਣੀਆਂ ਹਨ। ਮੈਨੂੰ ਤਾਂ ਇਨ੍ਹਾਂ ਵਿਚ ਕੁੱਝ ਵੀ ਗ਼ਲਤ ਨਹੀਂ ਲੱਗਾ। ਪਰ ਮੰਜੀ ਸਾਹਿਬ ਦੀ 'ਕਥਾ' ਮੇਰੇ ਕੋਲੋਂ ਇਕ ਦਿਨ ਵੀ ਪੂਰੀ ਨਹੀਂ ਸੁਣ ਹੋਈ।

ਉਥੇ ਭਾਵੇਂ ਆਰ.ਐਸ.ਐਸ. ਦਾ ਪੂਰਾ ਏਜੰਡਾ 'ਕਥਾ' ਰਾਹੀਂ ਸੁਣਾ ਦਿਤਾ ਜਾਏ, ਜਥੇਦਾਰਾਂ ਨੂੰ ਨਹੀਂ ਚੁੱਭੇਗਾ ਜਾਂ ਸ਼ਾਇਦ ਉਹ ਅਪਣੇ ਸਿਆਸੀ ਆਕਾਵਾਂ ਨੂੰ ਨਾਰਾਜ਼ ਕਰਨ ਤੋਂ ਡਰਦੇ ਮਾਰੇ ਚੁੱਪ ਰਹਿਣਗੇ। ਜੋ ਵੀ ਹੈ, ਇਸ ਹਾਲਤ ਵਿਚ ਕਿਸੇ ਹੋਰ ਨੂੰ ਟੋਕਣ ਦਾ ਅਧਿਕਾਰ ਤਾਂ ਉਨ੍ਹਾਂ ਦਾ ਕੋਈ ਨਹੀਂ ਮੰਨੇਗਾ, ਬੇਸ਼ੱਕ ਅਕਾਲ ਤਖ਼ਤ ਦੇ ਨਾਂ ਦੀ ਲੱਖ ਵਰਤੋਂ ਕਰ ਲੈਣ।