ਘੱਟਗਿਣਤੀਆਂ, ਦਲਿਤਾਂ, ਲਿਤਾੜਿਆਂ ਦੀ ਆਵਾਜ਼ ਬਣੇ ਅਖ਼ਬਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਰਕਾਰੀ ਮਦਦ ਬਿਨਾਂ, ਅੰਗਰੇਜ਼ੀ ਅਖ਼ਬਾਰਾਂ ਵਾਂਗ ਸੌ ਸੌ ਸਾਲ ਕਿਵੇਂ ਚਲਦੇ ਰਹਿ ਸਕਦੇ ਨੇ?

Joginder Singh

‘ਦਲਿਤ ਵਾਇਸ’ ਅੰਗਰੇਜ਼ੀ ਦਾ ਸਪਤਾਹਕ ਪਰਚਾ ਸੀ ਜੋ ਬੰਗਲੌਰ ਤੋਂ ਨਿਕਲਿਆ ਕਰਦਾ ਸੀ ਤੇ ਮੈਨੂੰ ਬਾਕਾਇਦਗੀ ਨਾਲ ਮਿਲਿਆ ਕਰਦਾ ਸੀ। ਇਸ ਵਿਚਲੇ ਲੇਖ ਬੜੇ ਉੱਚ ਪੱਧਰ ਦੇ ਹੁੰਦੇ ਸਨ ਤੇ ਕਈਆਂ ਨੂੰ ਮੈਂ ਸੰਭਾਲ ਕੇ ਰੱਖ ਲਿਆ ਕਰਦਾ ਸੀ। ਇਸ ਦੇ ਐਡੀਟਰ ਸ੍ਰੀ ਵੀ.ਟੀ. ਚੰਦਰਸ਼ੇਖ਼ਰ ਬਾਰੇ ਮੈਂ ਏਨਾ ਹੀ ਜਾਣਦਾ ਸੀ ਕਿ ਉਹ ਪੰਜਾਬ ਨਾਲ ਵੀ ਹਮਦਰਦੀ ਰਖਦੇ ਸਨ ਤੇ 1984 ਵਿਚ ਉਨ੍ਹਾਂ ਨੂੰ ਸਿੱਖਾਂ ਦੇ ਹੱਕ ਵਿਚ ਬੋਲਣ ਤੇ ਗਿ੍ਰਫ਼ਤਾਰ ਵੀ ਕਰ ਲਿਆ ਗਿਆ ਸੀ ਤੇ ਉਨ੍ਹਾਂ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਸੀ ਜੋ 21 ਸਾਲ ਮਗਰੋਂ ਉਨ੍ਹਾਂ ਨੂੰ ਵਾਪਸ ਕੀਤਾ ਗਿਆ (2005 ਵਿਚ)।

ਉਹ ਅਖ਼ਬਾਰ ਵਿਚ ਇਕ ਫ਼ਿਕਰਮੰਦ ਸਿੱਖ ਵਾਂਗ ਹੀ ਇਹ ਹੋਕਾ ਵੀ ਲਾਈ ਰਖਦੇ ਸਨ ਕਿ ਬਾਬੇ ਨਾਨਕ ਦੀ ਸਿੱਖੀ ਨੂੰ ਇਸ ਦੇ ਅਪਣੇ ਮਲਾਹ ਹੀ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਡੋਬ ਰਹੇ ਹਨ ਤੇ ‘ਦਸਮ ਗ੍ਰੰਥ’ ਉਨ੍ਹਾਂ ਦਾ ਤਾਜ਼ਾ ਹਥਿਆਰ ਹੈ ਜਿਸ ਨਾਲ ਇਹ ਸਿੱਖੀ ਨੂੰ ਬ੍ਰਾਹਮਣ ਦੇ ਪੈਰਾਂ ਵਿਚ ਸੁਟਣਾ ਚਾਹੁੰਦੇ ਹਨ। 
ਸ੍ਰੀ ਰਾਜਸ਼ੇਖ਼ਰ ਦੇ ਅਖ਼ਬਾਰ ਵਿਚ ਹੀ ਮੈਂ ਪੜਿ੍ਹਆ ਕਰਦਾ ਸੀ ਕਿ ਉਹ ਦਲਿਤਾਂ ਦਾ ਵੀ ਇਕ ਰੋਜ਼ਾਨਾ ਅਖ਼ਬਾਰ ਕਢਣਾ ਚਾਹੁੰਦੇ ਸਨ ਜਾਂ ਕਹਿ ਲਉ ਕਿ ‘ਦਲਿਤ ਵਾਇਸ’ ਨੂੰ ਹੀ ਰੋਜ਼ਾਨਾ ਅਖ਼ਬਾਰ ਬਣਾਉਣਾ ਚਾਹੁੰਦੇ ਸਨ। ਪਰ ਮੈਂ ਉਨ੍ਹਾਂ ਨੂੰ ਮਿਲਿਆ ਕਦੇ ਵੀ ਨਹੀਂ ਸੀ। 

ਇਸ ਲਈ ਜਦ ਮੈਨੂੰ ਉਨ੍ਹਾਂ ਦੇ ਸਾਥੀਆਂ ਦਾ ਫ਼ੋਨ ਰਾਹੀਂ ਸੁਨੇਹਾ ਮਿਲਿਆ ਕਿ ਸ੍ਰੀ ਰਾਜਸ਼ੇਖ਼ਰ ਅਪਣੇ ਪਰਚੇ ਦੀ ਸਿਲਵਰ ਜੁਬਲੀ ਚੰਡੀਗੜ੍ਹ ਵਿਚ ਮਨਾਉਣਾ ਚਾਹੁੰਦੇ ਹਨ ਤੇ ਉਹ ਇਥੇ ਆ ਕੇ ਮੈਨੂੰ ਵੀ ਮਿਲਣਾ ਚਾਹੁੰਦੇ ਹਨ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ। ਸ੍ਰੀ ਰਾਜਸ਼ੇਖ਼ਰ ਨੇ ਗੱਲਬਾਤ ਸ਼ੁਰੂ ਕਰਦਿਆਂ ਮੈਨੂੰ ਦਸਿਆ ਕਿ ‘‘ਮੈਂ ਬਹੁਤ ਦੇਰ ਤੋਂ ਤੁਹਾਨੂੰ ਮਿਲਣ ਦੀ ਤਾਂਘ ਰਖਦਾ ਸੀ ਕਿਉਂਕਿ ਹਿੰਦੁਸਤਾਨ ਵਿਚ ਜਿਥੇ ਵੀ ਜਾਂਦਾ ਸੀ, ਮੈਨੂੰ ਇਹੀ ਕਿਹਾ ਜਾਂਦਾ ਸੀ ਕਿ ਇਕ ਵਾਰ ਤੁਹਾਨੂੰ ਜ਼ਰੂਰ ਮਿਲਾਂ। ਉਹ ਸਾਰੇ ਕਹਿੰਦੇ ਸਨ ਕਿ ਅਖ਼ਬਾਰ ਤਾਂ ਕਈ ਲੋਕ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਕਿਸੇ ਹੋਰ ਪੱਤਰਕਾਰ ਜਾਂ ਐਡੀਟਰ ਨੂੰ ਲੋਕਾਂ ਕੋਲੋਂ ਪੈਸੇ ਲੈਣ ਵਿਚ ਉਹ ਸਫ਼ਲਤਾ ਨਹੀਂ ਮਿਲੀ ਜਿਹੜੀ ਤੁਹਾਨੂੰ ਮਿਲੀ ਹੈ।

ਬਾਕੀ ਦੇ ਪੱਤਰਕਾਰ, ਜਿਨ੍ਹਾਂ ਨੇ ਅਖ਼ਬਾਰ ਕੱਢੇ, ਉਨ੍ਹਾਂ ਨੇ ਸਰਕਾਰ ਤੋਂ ਮਦਦ ਲਈ, ਵਜ਼ੀਰਾਂ ਤੇ ਅਫ਼ਸਰਾਂ ਨਾਲ ਨੇੜਤਾ ਦਾ ਫ਼ਾਇਦਾ ਉਠਾਇਆ, ਬੈਂਕਾਂ ਕੋਲੋਂ ਵਜ਼ੀਰਾਂ ਰਾਹੀਂ ਕਰਜ਼ੇ ਲਏ ਪਰ ਅਪਣੇ ਲੋਕਾਂ ਕੋਲੋਂ ਪੈਸੇ ਲੈਣ ਵਿਚ ਜੋ ਸਫ਼ਲਤਾ ਜੋਗਿੰਦਰ ਸਿੰਘ ਨੂੰ ਮਿਲੀ ਹੈ, ਪਹਿਲਾਂ ਕਿਸੇ ਨੂੰ ਨਹੀਂ ਮਿਲੀ। ਸੋ ਮੈਂ ਤੁਹਾਡੇ ਕੋਲੋਂ ਇਹ ਪੁੱਛਣ ਲਈ ਆਇਆ ਹਾਂ ਕਿ ਅਸੀ ਅਪਣੇ ਲੋਕਾਂ ਦੀ ਬੰਦ ਮੁੱਠੀ ਕਿਵੇਂ ਖੁਲ੍ਹਵਾ ਸਕਦੇ ਹਾਂ? ਸਰਕਾਰ ਸਾਨੂੰ ਕੁੱਝ ਨਹੀਂ ਦੇਵੇਗੀ, ਬੈਂਕ ਸਾਨੂੰ ਕੁੱਝ ਨਹੀਂ ਦੇਣਗੇ, ਅਮੀਰ ਸਾਨੂੰ ਦੂਰੋਂ ਹੀ ਵਾਪਸ ਚਲੇ ਜਾਣ ਲਈ ਕਹਿਣਗੇ। ਸੱਭ ਪਾਸੇ ਮਨੂਵਾਦੀਆਂ ਦਾ ਕਬਜ਼ਾ ਹੈ। ਫਿਰ ਅਸੀ ਅਪਣੇ ਲੋਕਾਂ ਦੀ ਬੰਦ ਮੁੱਠੀ ਕਿਵੇਂ ਖੁਲ੍ਹਵਾਈਏ?’’

ਮੈਂ ਹੈਰਾਨ ਜਿਹਾ ਹੋ ਕੇ ਦਸਿਆ ਕਿ ‘‘ਪਤਾ ਨਹੀਂ ਕਿਉਂ ਮੇਰੇ ਬਾਰੇ ਇਹ ਗ਼ਲਤ ਗੱਲ ਫੈਲਾਈ ਗਈ ਹੈ ਕਿ ਲੋਕਾਂ ਨੇ ਮੈਨੂੰ ਅਖ਼ਬਾਰ ਲਈ ਬਹੁਤ ਪੈਸਾ ਦਿਤਾ ਹੈ। ਰਾਜਸ਼ੇਖ਼ਰ ਜੀ, ਸੱਚ ਇਹ ਹੈ ਕਿ ਚਾਹੋ ਤਾਂ ਮੇਰੇ ਦਫ਼ਤਰ ਵਿਚ ਬੈਠ ਕੇ ਆਪ ਹਿਸਾਬ ਕਿਤਾਬ ਵੇਖ ਸਕਦੇ ਹੋ, ਮੈਂ ਇਕ ਪੈਸਾ ਵੀ ਦਾਨ ਵਜੋਂ ਨਹੀਂ ਲਿਆ। ਜੇ ਮੈਂ ‘ਮਦਦ’ ਜਾਂ ‘ਦਾਨ’ ਮੰਗਦਾ ਤਾਂ ਮੈਨੂੰ ਦੋ ਚਾਰ ਲੱਖ ਤੋਂ ਵੱਧ ਨਹੀਂ ਸੀ ਮਿਲ ਸਕਣਾ। ਮੈਂ ਸੱਭ ਤੋਂ ਪਹਿਲਾਂ ਅਪਣਾ ਸੱਭ ਕੁੱਝ ਅਖ਼ਬਾਰ ਸ਼ੁਰੂ ਕਰਨ ਲਈ ਅਰਪਿਤ ਕਰ ਦਿਤਾ ਤੇ ਫਿਰ ਪਾਠਕਾਂ ਨੂੰ ਕਿਹਾ ਕਿ ਥੋੜੀ ਜਹੀ ਕਮੀ ਰਹਿ ਗਈ ਹੈ, ਉਹ ਤੁਸੀ ਦੇ ਦਿਉ।

ਮੈਂ ਕਿਹਾ ਕਿ ਮੈਂ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨਾ ਹੈ ਜੋ ਪੰਜਾਬ ਅਤੇ ਸਿੱਖਾਂ ਦਾ ਕੇਸ ਸਹੀ ਢੰਗ ਨਾਲ ਪੇਸ਼ ਕਰੇਗਾ ਪਰ ਮੈਨੂੰ ਮਦਦ ਨਾ ਦਿਉ, ਉਧਾਰ ਦਿਉ ਤੇ ਮੈਂ ਤੁਹਾਨੂੰ 5 ਸਾਲ ਵਿਚ ਦੁਗਣਾ ਵਾਪਸ ਕਰ ਦਿਆਂਗਾ। ਮੈਂ ਪੰਜ ਕਰੋੜ ਰੁਪਿਆ ਮੰਗਿਆ, ਮੈਨੂੰ ਪੌਣੇ ਪੰਜ ਕਰੋੜ ਮਿਲ ਗਿਆ। ਬੈਂਕ ਤੋਂ ਵੀ ਅਸੀ ਪੰਜ ਕਰੋੜ ਵੱਖ ਲੈ ਲਿਆ।’’ਰਾਜਸ਼ੇਖਰ ਜੀ ਦਾ ਅਗਲਾ ਸਵਾਲ ਸੀ ਕਿ ਪਾਠਕਾਂ ਕੋਲੋਂ ਲਿਆ ਪੈਸਾ ਦੁਗਣਾ ਕਰ ਕੇ ਵਾਪਸ ਕਿਵੇਂ ਕੀਤਾ? ਮੈਂ ਕਿਹਾ, ‘‘ਜਿਵੇਂ ਬੈਂਕ ਦਾ ਕਰਦੇ ਹਾਂ। ਬੈਂਕ ਦਾ ਵੀ ਲਗਭਗ ਦੁਗਣਾ ਹੀ ਬਣ ਜਾਂਦਾ ਹੈ। ਪਰ ਉਸ ਬਾਰੇ ਮੈਂ ਤੁਹਾਨੂੰ ਪੂਰੀ ਕਹਾਣੀ ਸੁਣਾਵਾਂਗਾ, ਤਾਂ ਹੀ ਗੱਲ ਸਪੱਸ਼ਟ ਹੋ ਸਕੇਗੀ।’’

ਪੀ.ਡੀ. ਮਹਿੰਦਰਾ ਦੀ ਠੀਕ ਸਲਾਹ
ਮੈਂ ਦਸਿਆ ਕਿ ਅੰਗਰੇਜ਼ੀ ਟਰੀਬਿਊਨ ਦਾ ਇਕ ਸੀਨੀਅਰ ਪੱਤਰਕਾਰ ਪੀ.ਡੀ. ਮਹਿੰਦਰਾ ਮੇਰਾ ਦੋਸਤ ਸੀ। ਇਕ ਦਿਨ ਉਸ ਨੇ ਮੈਨੂੰ ਤੇ ਇਕ ਹੋਰ ਐਡੀਟਰ ਨੂੰ ਖਾਣੇ ਤੇ ਅਪਣੇ ਘਰ ਬੁਲਾਇਆ। ਮੈਂ ਅਜੇ ਮਾਸਕ ਪਰਚਾ ਹੀ ਕਢਦਾ ਸੀ ਪਰ ਉਸ ਵਿਚ ਵੀ ਘਾਟਾ ਪੈ ਰਿਹਾ ਸੀ ਕਿਉਂਕਿ ਸਾਨੂੰ ਇਸ਼ਤਿਹਾਰ ਨਹੀਂ ਸਨ ਮਿਲਦੇ ਜਾਂ ਸਾਨੂੰ ਇਸ਼ਤਿਹਾਰ ਲੈਣ ਦੀ ਜਾਚ ਨਹੀਂ ਸੀ ਆਉਂਦੀ। ਮਹਿੰਦਰਾ ਮੇਰੇ ਪਰਚੇ ਦੀ ਬਹੁਤ ਤਾਰੀਫ਼ ਕਰਿਆ ਕਰਦਾ ਸੀ ਤੇ ਜਦ ਮੈਂ ਉਸ ਨੂੰ ਕਹਿਣਾ ਕਿ ਮੈਂ ਇਸ ਨੂੰ ਇਕ ਦਿਨ ਰੋਜ਼ਾਨਾ ਅਖ਼ਬਾਰ ਬਣਾ ਕੇ ਹੀ ਸਾਹ ਲਵਾਂਗਾ ਤਾਂ ਉਹ ਕਹਿੰਦਾ ਸੀ, ‘‘ਪੰਜਾਬੀ ਵਿਚ ਸਿਰਫ਼ ਇਕ ਹੀ ਬੰਦਾ ਹੈ ਜੋ ਸਫ਼ਲ ਪੰਜਾਬੀ ਅਖ਼ਬਾਰ ਚਲਾ ਸਕਦਾ ਹੈ ਤੇ ਉਹ ਹੈ ਜੋਗਿੰਦਰ ਸਿੰਘ। ਮੇਰੇ ਕੋਲੋਂ ਲਿਖਵਾ ਲਉ, ਤੁਹਾਡਾ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਬਹੁਤ ਸਫ਼ਲ ਹੋਵੇਗਾ।’’

ਗੱਲਾਂਬਾਤਾਂ ਵਿਚ ਮੈਂ ਮਿਸਟਰ ਮਹਿੰਦਰਾ ਨੂੰ ਇਕ ਸਵਾਲ ਕਰ ਦਿਤਾ, ‘‘ਇਹ ਦੱਸੋ ਤੁਹਾਡੇ ਅੰਗਰੇਜ਼ੀ ਅਖ਼ਬਾਰ ਸੌ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਚਲਦੇ ਆ ਰਹੇ ਨੇ ਤੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਰਹੇ ਨੇ ਪਰ ਪੰਜਾਬੀ ਦੇ ਅਖ਼ਬਾਰ 25-30 ਸਾਲ ਬਾਅਦ ਲੜਖੜਾਉਣ ਲੱਗ ਪੈਂਦੇ ਨੇ ਤੇ ਜੇ ਪੂਰੀ ਤਰ੍ਹਾਂ ਸਰਕਾਰ ਦੀ ਝੋਲੀ ਵਿਚ ਨਹੀਂ ਜਾ ਡਿਗਦੇ ਤਾਂ ਇਕ ਬੰਦੇ ਦੇ ਮਰ ਜਾਣ ਨਾਲ ਹੀ ਬੰਦ ਵੀ ਹੋ ਜਾਂਦੇ ਨੇ। ਕੀ ਅਸੀ ਵੀ ਅੰਗਰੇਜ਼ੀ ਅਖ਼ਬਾਰਾਂ ਵਰਗਾ ਸਦਾ ਰਹਿਣ ਵਾਲਾ ਪਰ ਪੂਰੀ ਤਰ੍ਹਾਂ ਨਿਰਪੱਖ ਅਤੇ ਆਜ਼ਾਦ ਅਖ਼ਬਾਰ ਨਹੀਂ ਚਾਲੂ ਕਰ ਸਕਦੇ ਜੋ ਸਰਕਾਰਾਂ ਉਤੇ ਬਿਲਕੁਲ ਵੀ ਨਿਰਭਰ ਨਾ ਕਰਦਾ ਹੋਵੇ?’’

‘‘ਨਹੀਂ ਤੁਸੀ ਇਹੋ ਜਿਹਾ ਅਖ਼ਬਾਰ ਕਦੇ ਵੀ ਨਹੀਂ ਕੱਢ ਸਕੋਗੇ।’’ ਇਹ ਨਿਰਣਾ ਸੀ ਪੂਰੀ ਤਰ੍ਹਾਂ ਨਿਰਪੱਖ ਪੱਤਰਕਾਰ ਪੀ.ਡੀ. ਮਹਿੰਦਰਾ ਦਾ। 
ਮੈਂ ਪੁਛਿਆ, ‘‘ਕਿਉਂ?’’ ਮਹਿੰਦਰਾ ਦਾ ਜਵਾਬ ਬਿਲਕੁਲ ਸਪੱਸ਼ਟ ਸੀ, ‘‘ਵੇਖੋ, ਅਜਕਲ ਅਖ਼ਬਾਰਾਂ ਨੂੰ ਕਾਮਯਾਬ ਹੋਣ ਲਈ ਵੱਡੇ ਪੈਸੇ ਦੀ ਲੋੜ ਰਹਿੰਦੀ ਹੀ ਰਹਿੰਦੀ ਹੈ। ਇਸੇ ਲਈ ਵੱਡੀਆਂ ਕੰਪਨੀਆਂ ਹੀ ਵੱਡੇ ਅਖ਼ਬਾਰ ਕਢ ਸਕਦੀਆਂ ਹਨ। ਕੰਪਨੀਆਂ ਅਪਣੇ ਖ਼ਰਚਿਆਂ ਵਿਚ 2 ਤੋਂ 5 ਫ਼ੀ ਸਦੀ ਤਕ ਇਸ਼ਤਿਹਾਰਬਾਜ਼ੀ ਦਾ ਖ਼ਰਚਾ ਪਾ ਦੇਂਦੀਆਂ ਨੇ, ਜੋ ਕਰੋੜਾਂ ਵਿਚ ਜਾ ਬੈਠਦਾ ਹੈ।

ਕੰਪਨੀਆਂ ਨੂੰ ਇਸ਼ਤਿਹਾਰਬਾਜ਼ੀ ਲਈ ਖ਼ਰਚੇ ਪੈਸੇ ਉਤੇ ਇਨਕਮ ਟੈਕਸ ਵੀ ਬੱਚ ਜਾਂਦਾ ਹੈ। ਇਹ ਕਰੋੜਾਂ ਵਿਚ ਪੈਸਾ ਉਹ ਅਪਣੇ ਅਖ਼ਬਾਰ ਨੂੰ ਇਸ਼ਤਿਹਾਰਾਂ ਦੇ ਰੂਪ ਵਿਚ ਦੇ ਦੇਂਦੀਆਂ ਨੇ। ਮਿਸਾਲ ਦੇ ਤੌਰ ਤੇ ‘ਹਿੰਦੁਸਤਾਨ ਟਾਈਮਜ਼’ ਬਿਰਲਿਆਂ ਦਾ ਅਖ਼ਬਾਰ ਹੈ ਤੇ ਬਿਰਲੇ ਦੀਆਂ ਸਾਰੀਆਂ ਕੰਪਨੀਆਂ ਇਸ ਅਖ਼ਬਾਰ ਦੀ ਅਸਲ ਤਾਕਤ ਹਨ। ਇਸੇ ਤਰ੍ਹਾਂ ਬੈਨਿਟ ਕਾਲਮੈਨ ਕੰਪਨੀ, ਟਾਈਮਜ਼ ਆਫ਼ ਇੰਡੀਆ ਦੀ ਮਾਲਕ ਹੈ। ‘ਟਾਈਮਜ਼ ਆਫ਼ ਇੰਡੀਆ’ ਦੀ ਅਸਲ ਤਾਕਤ ਬੈਨੇਟ ਕਾਲਮੈਨ ਕੰਪਨੀ ਹੀ ਹੈ। ਉਨ੍ਹਾਂ ਦਾ ਵੀ ਵਪਾਰ ਅਰਬਾਂ ਰੁਪਏ ਦਾ ਹੈ।

ਪੰਜਾਬ ਦਾ ‘ਟਰੀਬਿਊਨ’ ਭਾਵੇਂ ਕਿਸੇ ਕੰਪਨੀ ਦਾ ਅਖ਼ਬਾਰ ਤਾਂ ਨਹੀਂ ਪਰ ਸ਼ੁਰੂ ਤੋਂ ਹੀ ਪੰਜਾਬ ਦਾ ਹਿੰਦੂ ਕਾਰਖ਼ਾਨੇਦਾਰ ਤੇ ਵਪਾਰੀ ਇਸ ਅਖ਼ਬਾਰ ਦਾ ਪੱਕਾ ‘ਸੁਰੱਖਿਆ ਗਾਰਡ’ ਬਣਿਆ ਚਲਿਆ ਆ ਰਿਹਾ ਹੈ¸ਲਾਹੌਰ ਦੇ ਦਿਨਾਂ ਤੋਂ ਹੀ। ਪਰ ਜਿਹੜਾ ਤੁਸੀ ਘਟ-ਗਿਣਤੀਆਂ ਜਾਂ ਦਲਿਤਾਂ ਦੀ ਗੱਲ ਕਰਨ ਵਾਲਾ ਅਖ਼ਬਾਰ, ਸਰਕਾਰ ਵਲ ਵੇਖੇ ਬਗ਼ੈਰ ਕਢਣਾ ਚਾਹੁੰਦੇ ਹੋ, ਉਸ ਦੀ ਪੁਸ਼ਤ-ਪਨਾਹੀ ਕਰਨ ਵਾਲਾ ਕੋਈ ਵੱਡੇ ਤੋਂ ਵੱਡਾ ਸਿੱਖ ਕਾਰਖ਼ਾਨੇਦਾਰ ਵੀ ਤੁਹਾਨੂੰ ਨਹੀਂ ਮਿਲਦਾ। ਉਹ ਤਾਂ ਤੁਹਾਡੇ ਨਾਲ ਖੜਾ ਵੀ ਨਜ਼ਰ ਨਹੀਂ ਆਉਣਾ ਚਾਹੇਗਾ ਕਿਉਂਕਿ ਉਸ ਦਾ ‘ਵੱਡਾ ਵਪਾਰ’ ਸਰਕਾਰੀ ਮਿਹਰਬਾਨੀ ਸਦਕਾ ਹੀ ਵੱਡਾ ਹੈ ਤੇ ਜੇ ਉਹ ਤੁਹਾਡੀ ਮਦਦ ਕਰਦਾ ਵੇਖਿਆ ਵੀ ਗਿਆ ਤਾਂ ਸਰਕਾਰ ਉਸ ਦੀ ਗਿੱਚੀ ਮਰੋੜ ਦੇਵੇਗੀ।

ਹਿੰਦੂ ਕਾਰਖ਼ਾਨੇਦਾਰ, ਤੁਹਾਡੇ ਵਿਚਾਰਾਂ ਤੋਂ ਵਾਕਫ਼ ਹੋਣ ਮਗਰੋਂ, ਤੁਹਾਡਾ ਸਾਥ ਉਂਜ ਹੀ ਨਹੀਂ ਦੇਵੇਗਾ। ਸੋ, ਜਦ ਅਖ਼ਬਾਰ ਦੀ ਅਸਲ ਤਾਕਤ ਬਣਨ ਵਾਲਾ ਕੋਈ ਵੱਡਾ ਵਪਾਰ ਘਰਾਣਾ, ਕੰਪਨੀ ਜਾਂ ਸਰਕਾਰ ਤੁਹਾਨੂੰ ਢਾਸਣਾ ਨਹੀਂ ਦੇਂਦੇ, ਤੁਹਾਡੇ ਲਈ ਅਖ਼ਬਾਰ ਚਾਲੂ ਰਖਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਤੁਸੀ ਸਰਕਾਰ ਦੇ ਚਮਚੇ ਬਣਨ ਲਈ ਮਜਬੂਰ ਹੋ ਜਾਂਦੇ ਹੋ।’’ ਰਾਜਸ਼ੇਖਰ ਜੀ ਸਾਰੀ ਗੱਲ ਸੁਣ ਕੇ ਬਹੁਤ ਪ੍ਰਭਾਵਤ ਹੋਏ ਤੇ ਕਹਿਣ ਲੱਗੇ, ‘‘ਗੱਲਾਂ ਤਾਂ ਸਾਰੀਆਂ ਠੀਕ ਨੇ ਪਰ ਫਿਰ ਹੱਲ ਕੀ ਨਿਕਲੇ?’’

ਮੈਂ ਕਿਹਾ, ‘‘ਮਿਸਟਰ ਮਹਿੰਰਦਾ ਦੀਆਂ ਗੱਲਾਂ ਸੁਣ ਕੇ ਮੈਂ ਜੋ ਹੱਲ ਕਢਿਆ, ਉਹ ਇਹ ਸੀ ਕਿ ਮੋਹਾਲੀ ਵਿਚ 2 ਕਰੋੜ ਦੀ ਵਧੀਆ ਆਫ਼ਸੈੱਟ ਪ੍ਰੈੱਸ ਲਗਾ ਦਿਤੀ। ਪੰਜਾਬ ਫ਼ਾਈਨਾਂਸ਼ਲ ਕਾਰਪੋਰੇਸ਼ਨ ਨੇ ਕਰਜ਼ਾ ਦੇ ਦਿਤਾ ਸੀ। ਹੁਣ ਪ੍ਰੈੱਸ ਵਿਚ ਅਸੀ ਪਿ੍ਰੰਟਿੰਗ ਦਾ ਕੰਮ ਏਨਾ ਕਰਦੇ ਸੀ ਕਿ ਉਸ ਨਾਲ ਪਾਠਕਾਂ ਦਾ ਕਰਜ਼ਾ ਤੇ ਪੀ.ਐਫ਼.ਸੀ. ਦਾ ਕਰਜ਼ਾ ਵੀ ਸੂਦ ਸਮੇਤ ਵਾਪਸ ਹੋ ਗਿਆ ਤੇ ਸਾਡੇ ਦੋ ਪਰਚੇ (ਅੰਗਰੇਜ਼ੀ ਤੇ ਪੰਜਾਬੀ ਵਿਚ) ਮੁਫ਼ਤ ਵਿਚ ਛਪਦੇ ਰਹੇ। ਅਸੀ ਅਪਣੇ ਲਈ ਕੇਵਲ ਇਕ ਮਾਮੂਲੀ ਜਹੀ ਤਨਖ਼ਾਹ ਹੀ ਲੈਂਦੇ ਸੀ ਤੇ ਬਾਕੀ ਸਾਰਾ ਮੁਨਾਫ਼ਾ ਕਰਜ਼ੇ ਲਾਹੁਣ ਤੇ ਪਰਚਾ ਚਲਾਉਣ ਲਈ ਹੀ ਖ਼ਰਚ ਕਰ ਦੇਂਦੇ ਸੀ। ਆਪ ਅਸੀ ਅਪਣਾ ਮਕਾਨ ਵੀ ਨਹੀਂ ਬਣਾ ਸਕੇ।’’

ਰਾਜਸ਼ੇਖ਼ਰ ਜੀ ਸਾਰੀ ਕਥਾ ਵਿਚ ਬੜੀ ਦਿਲਚਸਪੀ ਲੈ ਰਹੇ ਸਨ। ਪੁੱਛਣ ਲਗੇ, ‘‘ਪਰ ਰੋਜ਼ਾਨਾ ਸਪੋਕਸਮੈਨ ਦਾ ਖ਼ਰਚਾ ਤਾਂ ਇਕ ਵੱਡੀ ਪ੍ਰੈੱਸ ਵੀ ਨਹੀਂ ਦੇ ਸਕਦੀ। ਇਸ ਦਾ ਕੀ ਕਰੋਗੇ?’’ ਮੈਂ ਜਵਾਬ ਦਿਤਾ ਕਿ ਅਸੀ ਅਪਣੇ ਸਹਾਰਾ ਬਣਨ ਵਾਲੀ ਬਿਰਲਿਆਂ ਜਾਂ ਟਾਟਿਆਂ ਵਰਗੀ ਕੋਈ ਕੰਪਨੀ ਤਾਂ ਨਹੀਂ ਦੇ ਸਕਦੇ ਪਰ ਓਨੀ ਹੀ ਤਾਕਤਵਰ ਉੱਚਾ ਦਰ ਬਾਬੇ ਨਾਨਕ ਦਾ ਦੀ ਸੰਸਥਾ ਦੇਣ ਦੀ ਸੋਚ ਰਹੇ ਹਾਂ ਤਾਕਿ ਅਖ਼ਬਾਰ ਨੂੰ ਸਰਕਾਰ ਵਲ ਝਾਕਣ ਦੀ ਲੋੜ ਹੀ ਨਾ ਰਹੇ ਤੇ ਇਹ ਆਜ਼ਾਦ, ਨਿਰਪੱਖ ਪੱਤਰਕਾਰੀ ਦੇ ਸਕੇ। ਪ੍ਰੈੱਸ ਤਾਂ ਮੈਗਜ਼ੀਨ ਦਾ ਭਾਰ ਹੀ ਚੁਕ ਸਕਦੀ ਸੀ,

ਪਰ ਰੋਜ਼ਾਨਾ ਅਖ਼ਬਾਰ ਲਈ ਅਸੀ ‘ਉੱਚਾ ਦਰ ਬਾਬੇ ਨਾਨਕ ਦਾ’ ਨਾਂ ਵਾਲਾ ਇਕ ਬਹੁਤ ਵੱਡਾ ਅਦਾਰਾ ਉਸਾਰਨ ਜਾ ਰਹੇ ਹਾਂ ਜੋ ਬਿਰਲਿਆਂ ਤੇ ਬੈਨਟ ਕਾਲਮੈਨ ਵਾਂਗ ਇਕ ਚੰਗੇ ਅਖ਼ਬਾਰ ਨੂੰ ਅਪਣੇ ਸਹਾਰੇ ਹੀ ਸਦਾ ਲਈ ਕਾਇਮ ਰੱਖ ਸਕੇਗਾ। ਚਾਲੂ ਹੋਣ ਤੋਂ ਬਾਅਦ, ਅਖ਼ਬਾਰ ਵੀ ਉੱਚਾ ਦਰ ਅਦਾਰੇ ਨੂੰ ਦੇ ਦਿਆਂਗਾ ਤੇ ‘ਉੱਚਾ ਦਰ’ ਉਸ ਨੂੰ ਸਦਾ ਲਈ ਚਲਦਾ ਰੱਖ ਸਕੇਗਾ। ਇਹੀ ਮੇਰੀ ਵਿਉਂਤਬੰਦੀ ਹੈ। ਇਸ ਵਿਚ ਮੁਸ਼ਕਲ ਕੇਵਲ ਇਹ ਹੈ ਕਿ ‘ਉੱਚਾ ਦਰ’ ਚਾਲੂ ਹੋਣ ਤਕ ਉਧਾਰ ਦੇਣ ਵਾਲਿਆਂ ਨੂੰ ਸਬਰ ਕਰਨਾ ਪਵੇਗਾ ਕਿਉਂਕਿ ਉਧਾਰ ਦੇਣ ਵਾਲੇ ਬਹੁਤੇ ਲੋਕ ਇਹ ਨਹੀਂ ਵੇਖਦੇ ਕਿ ਪੈਸਾ ਕਿਸੇ ਇਤਿਹਾਸਕ ਤੇ ਮਨੁੱਖੀ ਭਲੇ ਦੇ ਕੰਮ ਉਤੇ ਲੱਗਾ ਹੋਇਆ ਹੈ ਤੇ ਉਸ ਦੇ ਮੁਕੰਮਲ ਹੋਣ ਤੋਂ ਪਹਿਲਾਂ ਨਹੀਂ ਕਢਣਾ ਚਾਹੀਦਾ।

ਉਧਾਰ ਦੇਣ ਵਾਲੇ, ਕਈ ਵਾਰ ਇਹ ਸੱਭ ਸੋਚਣ ਦੀ ਬਜਾਏ, ‘‘ਮੇਰਾ ਪੈਸਾ, ਮੇਰਾ ਸੂਦ’’ ਕਹਿ ਕੇ ਦੁਹਾਈ ਦੇਣ ਲੱਗ ਪੈਂਦੇ ਹਨ ਪਰ ਚੰਗੇ ਬੰਦੇ ਵੀ ਕਾਫ਼ੀ ਹੁੰਦੇ ਹਨ ਤੇ ਉਨ੍ਹਾਂ ਦੇ ਸਹਾਰੇ ਮੈਂ ਇਹ ਵੱਡਾ ਕੰਮ ਵੀ ਸ਼ੁਰੂ ਕਰਨ ਵਾਲਾ ਹਾਂ। ਬਾਕੀ ਪ੍ਰਮਾਤਮਾ ਦੀ ਮਰਜ਼ੀ।’’ਮਿ. ਰਾਜਸ਼ੇਖਰ ਸਾਰੀ ਗੱਲ ਸੁਣ ਕੇ ਬਹੁਤ ਖ਼ੁਸ਼ ਹੋਏ ਤੇ ਕਹਿਣ ਲੱਗੇ, ‘‘ਸਾਰੇ ਹਿੰਦੁਸਤਾਨ ਵਿਚ ਤੁਹਾਡੇ ਇਸ ਉੱਦਮ ਦੀ ਕਾਮਯਾਬੀ ਵੇਖਣ ਉਤੇ ਨਜ਼ਰਾਂ ਲਗੀਆਂ ਹੋਈਆਂ ਹਨ। ਜਦ ਤੁਸੀ ਕਾਮਯਾਬ ਹੋ ਜਾਉ ਤਾਂ ‘ਦਲਿਤ ਵਾਇਸ’ ਨੂੰ  ਰੋਜ਼ਾਨਾ ਅਖ਼ਬਾਰ ਬਣਾਉਣ ਵਿਚ ਸਾਡੀ ਕੁੱਝ ਮਦਦ ਜ਼ਰੂਰ ਕਰ ਦੇਣਾ ਕਿਉਂਕਿ ਤੁਹਾਡੇ ਵਰਗੀ ਵੱਡੀ ਵਿਉਂਤਬੰਦੀ ਕਰਨ ਦੇ ਸਾਧਨ ਸਾਡੇ ਕੋਲ ਬਿਲਕੁਲ ਵੀ ਨਹੀਂ।’’

ਫਿਰ ਉਨ੍ਹਾਂ ਅਗਲੇ ਦਿਨ ਅਪਣੀ ਅਖ਼ਬਾਰ ਦੇ ਸਿਲਵਰ ਜੁਬਲੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦੁਹਰਾਇਆ ਤੇ ਵਿਦਾ ਲਈ। ਅਗਲੇ ਦਿਨ ਮੈਂ ਸਮਾਗਮ ਵਿਚ ਵੀ ਪਹੁੰਚਿਆ ਤੇ ਸ੍ਰੋਤਿਆਂ ਨੂੰ ਵੀ ਸੰਬੋਧਨ ਕੀਤਾ। ਉਹ ਸਾਰੇ ਹੀ ਸਪੋਕਸਮੈਨ ਦੇ ਚੰਗੇ ਕਦਰਦਾਨ ਲੱਗ ਰਹੇ ਸਨ ਤੇ ਹੁਣ ਤਕ ਵੀ ਸਾਡੇ ਨਾਲ ਚਲ ਰਹੇ ਹਨ। ਰਾਜਸ਼ੇਖ਼ਰ ਜੀ ਨੂੰ ਜੋ ਮੈਂ ਦਸਿਆ, ਉਸੇ ਤਰ੍ਹਾਂ ਚਲਦਾ ਆ ਰਿਹਾ ਹੈ। ਉੱਚਾ ਦਰ ਵੀ ਲਗਭਗ ਚਾਲੂ ਹੋਣ ਦੇ ਨੇੜੇ ਪੁੱਜ ਗਿਆ ਹੈ। ਕਈ ਪਾਠਕਾਂ ਨੇ ਉੱਚਾ ਦਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਪਣਾ ਪੈਸਾ ਮੰਗ ਲਿਆ।

ਮੈਂ ਬੜਾ ਰੋਕਿਆ, ਇਹ ਨਾ ਕਰੋ, ਉੱਚਾ ਦਰ ਰੁਕ ਜਾਏਗਾ। 3-4 ਫ਼ੀ ਸਦੀ ਹੀ ਮੰਨੇ। ਨਤੀਜੇ ਵਜੋਂ ਉੱਚਾ ਦਰ ਮੁਕੰਮਲ ਹੋਣ ਤੋਂ ਪਹਿਲਾਂ ਹੀ ਸਾਨੂੰ 50 ਕਰੋੜ ਰੁਪਏ ਇਨ੍ਹਾਂ ਕਾਹਲੇ ਪਏ ਲੋਕਾਂ ਨੂੰ ਦੇਣੇ ਪਏ। ਉਧਾਰ ਦੇਣ ਵਾਲੇ ਸਾਰੇ ਪਾਠਕ ਸਾਡੀ ਗੱਲ ਮੰਨ ਲੈਂਦੇ ਤਾਂ ਉੱਚਾ ਦਰ ਵੀ ਤਿੰਨ-ਚਾਰ ਸਾਲ ਪਹਿਲਾਂ ਹੀ ਬਣ ਜਾਂਦਾ ਤੇ ਉਨ੍ਹਾਂ ਦੇ ਪੈਸੇ ਵੀ ਵਾਪਸ ਹੋ ਗਏ ਹੁੰਦੇ। ਪਰ ‘‘ਨਹੀਂ ਜੀ ਮੈਂ ਨਹੀਂ ਜਾਣਦਾ ਉੱਚਾ ਦਰ ਨੂੰ, ਮੈਨੂੰ ਤਾਂ ਹੁਣੇ ਪੈਸੇ ਵਾਪਸ ਚਾਹੀਦੇ ਨੇ’’ ਵਾਲੀ ਦਲੀਲ ਹਰ ਇਕ ਦੇ ਮੂੰਹ ਤੇ ਸੁਣ ਕੇ ਮੈਨੂੰ ਲੱਗਾ ਕਿ ਸਾਡੇ ਵਿਚੋਂ 90-95% ਲੋਕ ਅਪਣਾ ਅਖ਼ਬਾਰ ਸਦਾ ਲਈ ਚਲਦਾ ਰੱਖਣ ਵਿਚ ਵੀ ਕੋਈ ਦਿਲਚਸਪੀ ਨਹੀਂ ਰਖਦੇ ਤੇ ਨਾ ਹੀ ਉੱਚਾ ਦਰ ਵਰਗਾ ਕੋਈ ‘ਕੌਮੀ ਸਰਮਾਇਆ’ ਹੀ ਉਨ੍ਹਾਂ ਨੂੰ ਅਪਣੇ ‘ਵਿਆਜ’ ਤੇ ‘ਹੁਣੇ ਰਕਮ ਵਾਪਸੀ’ ਨਾਲੋਂ ਵੱਡਾ ਲਗਦਾ ਹੈ।

‘ਦਲਿਤ ਵਾਇਸ’ ਦੇ ਸੰਪਾਦਕ ਰਾਜਸ਼ੇਖ਼ਰ ਦਾ ਕਹਿਣਾ ਸੀ ਕਿ ਦਲਿਤ ਲੋਕ ਵੀ ਅਜਿਹੇ ਸਿੱਖਾਂ ਵਾਂਗ ਹੀ ਸੋਚਦੇ ਹਨ। ਇਸੇ ਲਈ ਉਨ੍ਹਾਂ ਦਾ ਵੀ ਕੁੱਝ ਨਹੀਂ ਬਣਿਆ। ਉਹ ਮੈਨੂੰ ਵਧਾਈਆਂ ਦੇ ਰਹੇ ਸਨ ਕਿ ‘‘ਇਨ੍ਹਾਂ ਹਾਲਾਤ ਵਿਚ ਵੀ ਤੁਸੀ ਕਾਫ਼ੀ ਕੁੱਝ ਕਰਨ ਵਿਚ ਕਾਮਯਾਬ ਹੋ ਗਏ ਹੋ ਤੇ ਇਹ ਬਹੁਤ ਵੱਡੀ ਗੱਲ ਹੈ।’’ ਹਾਂ, 2-4 ਫ਼ੀ ਸਦੀ ਬਹੁਤ ਚੰਗੇ ਸਿੱਖਾਂ ਦੀ ਮਦਦ ਨਾਲ ਹੀ ਮੈਂ ਕਾਫ਼ੀ ਕੁੱਝ ਪ੍ਰਾਪਤ ਕਰਨ ਵਿਚ ਕਾਮਯਾਬ ਹੋਇਆ ਹਾਂ-- ਅਪਣੇ ਲਈ ਕੁੱਝ ਵੀ ਨਹੀਂ ਪਰ ਚਲੋ ਕੌਮ ਲਈ ਤੇ ਇਨਸਾਨੀਅਤ ਲਈ ਹੀ ਸਹੀ। ਮੈਂ ਤਾਂ ਕੌਮ ਨੂੰ ਇਹ ਕਹਿਣਾ ਨਹੀਂ ਛੱਡਾਂਗਾ ਕਿ ਜੇ ਕੌਮ ਲਈ, ਅਪਣੀ ਅਗਲੀ ਪਨੀਰੀ ਲਈ ਤੇ ਮਨੁੱਖਤਾ ਲਈ ਕੁੱਝ ਵੱਡਾ ਪ੍ਰਾਪਤ ਕਰਨ ਲਈ ਪੈਸਾ ਕਢਦੇ ਹੋ ਤਾਂ ਫਿਰ ਉਦੋਂ ਤਕ ਵਾਪਸ ਨਾ ਮੰਗੋ ਜਦ ਤਕ ਟੀਚਾ ਸਰ ਨਾ ਹੋ ਜਾਏ।

ਵੱਡੇ ਕੰਮਾਂ ਵਿਚ ਅਣਕਿਆਸੀਆਂ ਰੁਕਾਵਟਾਂ ਵੀ ਆ ਖੜੀਆਂ ਹੁੰਦੀਆਂ ਹਨ ਤੇ ਦੇਰ ਵੀ ਹੋ ਸਕਦੀ ਹੈ। ਸਬਰ ਰੱਖਣ ਵਾਲੇ ਲੋਕ ਹੀ ਕੁੱਝ ਹਾਸਲ ਕਰ ਸਕਦੇ ਹਨ। ਹਾਂ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਪੈਸੇ ਦੀ ਮਿਥੇ ਨਿਸ਼ਾਨੇ ਲਈ ਨਹੀਂ ਸਗੋਂ ਕਿਸੇ ਹੋਰ ਪਾਸੇ ਵਰਤੋਂ ਹੋ ਰਹੀ ਹੈ ਤਾਂ ਟੁਟ ਕੇ ਪੈ ਜਾਉ ਤੇ ਗ਼ਲਤ ਕੰਮ ਕਰਨ ਵਾਲੇ ਨੂੰ ਥੱਲੇ ਲਾਹ ਦਿਉ ਪਰ ਜੇ ਸੱਭ ਠੀਕ ਹੋ ਰਿਹਾ ਹੈ ਤਾਂ ਪੈਸੇ ਦਾ ਲਾਲਚ ਛੱਡ ਕੇ, ਵੱਡੇ ਕਾਰਜ ਦੀ ਸਫ਼ਲਤਾ ਦਾ ਲਾਲਚ ਕਰਨਾ ਚਾਹੀਦੈ। ਪੈਸਾ ਕਿਧਰੇ ਨਹੀਂ ਜਾਂਦਾ।
(ਰੋਜ਼ਾਨਾ ਸਪੋਕਸਮੈਨ,
12 ਨਵੰਬਰ, 2007 ਦੇ ਪਰਚੇ ’ਚੋਂ)