ਭਗਤ ਸਿੰਘ ਨਾ ਹੀ ਕਾਮਰੇਡ ਸੀ, ਨਾ ਨਾਸਤਕ
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਉਹ ਇਕ ਚੰਗਾ ਸਿੱਖ ਸੀ ਤੇ ਚੰਗੇ ਸਿੱਖ ਵਾਂਗ ਹੀ ਫਾਂਸੀ ’ਤੇ ਚੜਿ੍ਹਆ। ਕਮਿਊਨਿਸਟ ਉਸ ਨੂੰ ਵਰਤ ਜ਼ਰੂਰ ਗਏ ਪਰ ਉਸ ਨੂੰ ਕਾਮਰੇਡ ਨਾ ਬਣਾ ਸਕੇ
ਮੈਂ ਬੀ.ਏ. ਵਿਚ ਪੜ੍ਹਦਾ ਸੀ। ਜਿਥੇ ਮੈਂ ਖੜਾ ਹੁੰਦਾ, ਮੁੰਡਿਆਂ ਦੀ ਮਹਿਫ਼ਲ ਜੁੜ ਜਾਂਦੀ ਕਿਉਂਕਿ ਮੈਂ ਉਨ੍ਹਾਂ ਨੂੰ ਵਿਹਲੇ ਸਮੇਂ ਵਿਚ ਗੱਪਾਂ ਮਾਰਨ ਦੀ ਥਾਂ ਕਿਸੇ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਚਰਚਾ ਕਰਨ ਲਈ ਉਕਸਾਂਦਾ ਸੀ ਜਿਸ ਨਾਲ ਉੱਚੀ ਉੱਚੀ ਬਹਿਸ ਛਿੜ ਪੈਂਦੀ ਤੇ ਸਾਰੇ ਬੋਲਣ ਲੱਗ ਪੈਂਦੇ। ਦੂਰ-ਦੂਰ ਤਕ ਸਾਡੀ ਚਰਚਾ ਦੀ ਆਵਾਜ਼ ਪਹੁੰਚ ਜਾਂਦੀ। ਪ੍ਰਿੰਸੀਪਲ ਤਿਲਕ ਰਾਜ ਚੱਢਾ ਅਪਣੇ ਦਫ਼ਤਰ ਵਿਚੋਂ ਹੀ ਕਿਸੇ ਪ੍ਰੋਫ਼ੈਸਰ ਨੂੰ ਬਾਹਰ ਭੇਜਦੇ ਤੇ ਕਹਿੰਦੇ, ‘‘ਇਹ ਜ਼ਰੂਰ ਜੋਗਿੰਦਰ ਸਿੰਘ ਦੀ ਮਹਿਫ਼ਲ ਲੱਗੀ ਹੋਵੇਗੀ। ਜਾਉ ਉਨ੍ਹਾਂ ਨੂੰ ਕਹੋ, ਜ਼ਰਾ ਆਵਾਜ਼ ਹੌਲੀ ਕਰੋ ਜਾਂ ਪਰੇ ਜਾ ਕੇ ਮਜਮਾ ਲਗਾਉ।’’ ਪ੍ਰੋਫ਼ੈਸਰ ਸਾਹਿਬ ਮੁਸਕਰਾਉਂਦੇ ਹੋਏ ਆ ਕੇ ਸਾਡੇ ਅੱਗੇ ਹੱਥ ਜੋੜ ਦੇਂਦੇ ਤੇ ਅਸੀ ਚੁਪਚਾਪ ਉਥੋਂ ਹਟ ਜਾਂਦੇ।
ਪਰ ਇਕ ਦਿਨ ਪਤਾ ਲੱਗਾ ਕਿ ਸਾਡੀ ਗਿਆਨ ਚਰਚਾ ਦੇ ਮੁਕਾਬਲੇ ਸਤੀਸ਼ ਨਾਂ ਦੇ ਇਕ ਹੋਰ ਮੁੰਡੇ ਨੇ ਵੀ ‘ਲਾਲ ਚਰਚਾ’ ਸ਼ੁਰੂ ਕਰ ਦਿਤੀ ਸੀ। ਉਹ ਮੁੰਡਾ ਦਿੱਲੀ ਤੋਂ ਸਾਡੇ ਕਾਲਜ ਵਿਚ ਵਿਦਿਆਰਥੀ ਬਣ ਕੇ ਆਇਆ ਸੀ ਪਰ ਮੁੰਡਿਆਂ ਨੂੰ ਇਕੱਠਿਆਂ ਕਰਨ, ਚੁਟਕਲਿਆਂ ਦਾ ਦੌਰ ਸ਼ੁਰੂ ਕਰਨ ਅਤੇ ਅਖ਼ੀਰ ਵਿਚ ਕਮਿਊਨਿਜ਼ਮ ਦਾ ਪ੍ਰਚਾਰ ਕਰਨ ਦੀ ਚੰਗੀ ਟਰੇਨਿੰਗ ਲੈ ਕੇ ਆਇਆ ਲਗਦਾ ਸੀ। ਕਾਫ਼ੀ ਮੁੰਡੇ ਉਸ ਨੂੰ ਸੁਣਨ ਲਈ ਇਕੱਠੇ ਹੋ ਜਾਂਦੇ ਸਨ ਤੇ ਉਸ ਦੀਆਂ ਗੱਲਾਂ ਸੁਣ ਕੇ ਪ੍ਰਭਾਵਤ ਵੀ ਹੋਣ ਲੱਗ ਪਏ ਸਨ।
ਸੋ ਸਾਡਾ ਟਾਕਰਾ ਹੋਣਾ ਐਨ ਕੁਦਰਤੀ ਹੀ ਸੀ। ਟਾਕਰਾ ਹੋ ਗਿਆ। ਮੈਂ ਉਸ ਦੀ ਇਕ-ਇਕ ਗੱਲ ਦਾ ਜਵਾਬ ਦੇਣਾ ਸ਼ੁਰੂ ਕਰ ਦਿਤਾ। ਮੈਂ ਉਸ ਨੂੰ ਉਸ ਦੇ ਅੰਦਾਜ਼ ਵਿਚ ਹੀ ਜਵਾਬ ਦਿਤਾ ਕਿ ਪੂੰਜੀਵਾਦ ਉਸ ਅਫਰੇਵੇਂ ਵਰਗਾ ਹੈ ਜੋ ਸਾਡੇ ਪਿੰਡਾਂ ਵਿਚ ਜਾਨਵਰਾਂ ਨੂੰ, ਜ਼ਿਆਦਾ ਖਾਣ ਨਾਲ ਹੋ ਜਾਂਦਾ ਹੈ। ਇਸ ਅਫਰੇਵੇਂ ਨੂੰ ਠੀਕ ਕਰਨ ਲਈ ਨਾਲ ਰਾਹੀਂ ਜ਼ਬਰਦਸਤੀ ਉਸ ਜਾਨਵਰ ਦੇ ਗਲੇ ਵਿਚ ਖੱਟਾ ਅਚਾਰ ਸੁਟਿਆ ਜਾਂਦਾ ਹੈ ਜੋ ਅਫਰੇਵੇਂ ਨੂੰ ਦੋ ਤਿੰਨ ਘੰਟਿਆਂ ਵਿਚ ਖ਼ਤਮ ਕਰ ਦੇਂਦਾ ਹੈ ਤੇ ਜਾਨਵਰ ਠੀਕ ਹੋ ਜਾਂਦਾ ਹੈ ਜਿਸ ਮਗਰੋਂ ਉਸ ਜਾਨਵਰ ਨੂੰ ਅਚਾਰ ਨਹੀਂ ਖਵਾਇਆ ਜਾਂਦਾ ਸਗੋਂ ਆਮ ਚਾਰਾ ਹੀ ਦਿਤਾ ਜਾਂਦਾ ਹੈ। ਪੂੰਜੀਵਾਦ ਦੇ ਅਫਰੇਵੇਂ ਦਾ ਐਮਰਜੈਂਸੀ ਇਲਾਜ ਕਮਿਊਨਿਜ਼ਮ ਦਾ ਅਚਾਰ ਹੈ ਜੋ ਮਾਰਕਸ ਨੇ ਲਭਿਆ ਪਰ ਮੁਸ਼ਕਲ ਇਹ ਹੈ ਕਿ ਸਤੀਸ਼ ਵਰਗੇ ਸਿਆਣੇ ਕਮਿਊਨਿਸਟ ਚਾਹੁੰਦੇ ਹਨ ਕਿ ਸਾਰੇ ਲੋਕਾਂ ਨੂੰ ਕਮਿਊਨਿਜ਼ਮ ਦਾ ਆਚਾਰ ਧੱਕੇ ਨਾਲ, ਉਨ੍ਹਾਂ ਦੇ ਗਲੇ ਵਿਚ ਨਾਲ ਅੜਾ ਕੇ, ਖੁਆਇਆ ਜਾਂਦਾ ਰਹੇ ਤੇ ਕਮਿਊਨਿਜ਼ਮ ਦੇ ਆਚਾਰ ਨੂੰ ਖਵਾਣਾ ਕਦੇ ਵੀ ਬੰਦ ਨਾ ਕੀਤਾ ਜਾਏ।
ਤੁਸੀ ਦੱਸੋ ਬਈ ਦੋਸਤੋ, ਤੁਹਾਡੇ ’ਚੋਂ ਕੌਣ ਸਦਾ ਲਈ ਕਮਿਊਨਿਜ਼ਮ ਦਾ ਅਫਾਰਾ-ਉਤਾਰੂ ਅਚਾਰ ਖਾਣਾ ਪਸੰਦ ਕਰੇਗਾ? ਸਾਰੇ ਮੁੰਡਿਆਂ ਨੇ ਇਕ ਆਵਾਜ਼ ਨਾਲ ‘‘ਕਦੇ ਨਹੀਂ’’ ਕਹਿ ਦਿਤਾ ਤੇ ਸਤੀਸ਼ ਦੀ ਕਿਰਕਿਰੀ ਹੋ ਗਈ। ਹੁਣ ਉਹ ਮੇਰੇ ਨੇੜੇ ਆਉਣੋਂ ਵੀ ਹਿਚਕਚਾਉਣ ਲੱਗ ਪਿਆ। ‘ਲਾਲ ਮਜਮਾ’ ਤਾਂ ਲਗਾਂਦਾ ਸੀ ਪਰ ਜੇ ਉਹ ਮੈਨੂੰ ਉਧਰ ਆਉਂਦਾ ਵੇਖਦਾ ਤਾਂ ਇਕਦੰਮ ਤਿੱਤਰ ਬਿੱਤਰ ਹੋ ਜਾਂਦਾ। ਮੈਨੂੰ ਉਸ ਤੇ ਤਰਸ ਆ ਗਿਆ ਤੇ ਮੈਂ ਆਪ ਜਾ ਕੇ ਉਸ ਵਲ ਦੋਸਤੀ ਦਾ ਹੱਥ ਵਧਾ ਦਿਤਾ ਤੇ ਫ਼ੈਸਲਾ ਹੋਇਆ ਕਿ ਅਸੀ ਆਪਸ ਵਿਚ ਕਦੀ ਨਹੀਂ ਉਲਝਾਂਗੇ ਅਤੇ ਦੋਸਤੀ ਬਣਾਈ ਰੱਖਾਂਗੇ। ਸੋ ਦੋਸਤੀ ਦੇ ਇਸ ਦੌਰ ਵਿਚ ਇਕ ਦਿਨ ਮੈਨੂੰ ਕਹਿਣ ਲੱਗਾ, ‘‘ਤੂੰ ਕਮਿਊਨਿਜ਼ਮ ਨੂੰ ਤਾਂ ਪਸੰਦ ਨਹੀਂ ਕਰਦਾ ਪਰ ਭਗਤ ਸਿੰਘ ਦੇ ਜਨਮ ਦਿਨ ਦੇ ਸਮਾਗਮ ਵਿਚ ਕਿਉਂ ਸ਼ਾਮਲ ਹੁੰਦਾ ਹੈਂ? ਉਹ ਵੀ ਤਾਂ ਵੱਡਾ ਕਮਿਊਨਿਸਟ ਸੀ?’’
ਮੈਂ ਕਿਹਾ, ‘‘ਮੈਨੂੰ ਤਾਂ ਨਹੀਂ ਲਗਦਾ ਕਿ ਭਗਤ ਸਿੰਘ ਕਮਿਊਨਿਸਟ ਸੀ।’’
ਸਤੀਸ਼ ਹੈਰਾਨ ਜਿਹਾ ਹੋ ਕੇ ਬੋਲਿਆ, ‘‘ਫਿਰ ਕੀ ਸੀ ਉਹ?’’
ਮੈਂ ਕਿਹਾ, ‘‘ਜਿੰਨਾ ਮੈਂ ਭਗਤ ਸਿੰਘ ਨੂੰ ਜਾਣਦਾ ਹਾਂ, ਉਹ ਇਕ ਕੱਟੜ ਸਿੱਖ ਸੀ ਜੋ ਜੇਲਾਂ ਵਿਚ ਜਾ ਰਹੇ ਅਕਾਲੀ ਜੱਥਿਆਂ ਦੀ ਸੇਵਾ ਕਰਦਾ ਰਿਹਾ ਹੈ ਤੇ ਉਨ੍ਹਾਂ ਨੂੰ ਦੌੜ ਦੌੜ ਕੇ ਲੰਗਰ ਛਕਾਉਂਦਾ ਰਿਹਾ ਹੈ। ਉਹ ਨਿਜੀ ਚਿੱਠੀਆਂ ਲਿਖਣ ਲਗਿਆਂ ੴ ਸੱਭ ਤੋਂ ਉਪਰ ਲਿਖਦਾ ਰਿਹਾ ਹੈ। ਉਹ ਚਾਹੁੰਦਾ ਸੀ ਕਿ ਉਸ ਨੂੰ ਕੋਈ ਵੱਡਾ ਕੰਮ ਸੌਂਪਿਆ ਜਾਏ ਜਿਸ ਨਾਲ ਦੁਨੀਆਂ ਜਾਂ ਹਿੰਦੁਸਤਾਨ ਦੇ ਹਰ ਬੰਦੇ ਦੀ ਜ਼ਬਾਨ ਤੇ ਉਸ ਦਾ ਨਾਂ ਹੋਵੇ। ਪਰ ਸਿੱਖਾਂ (ਅਕਾਲੀਆਂ) ਨੇ ਉਸ ਦੀ ਗੱਲ ਬਿਲਕੁਲ ਨਾ ਸਮਝੀ। ਫਿਰ ਉਸ ਦਾ ਪ੍ਰਵਾਰ, ਹੋਰ ਬਹੁਤ ਸਾਰੇ ਸਿੱਖਾਂ ਵਾਂਗ ਆਰੀਆ ਸਮਾਜ ਲਹਿਰ ਤੋਂ ਪ੍ਰਭਾਵਤ ਹੋ ਗਿਆ ਤੇ ਭਗਤ ਸਿੰਘ ੴ ਦੇ ਨਾਲ ਚਿੱਠੀਆਂ ਤੇ ‘ਓਮ’ ਵੀ ਲਿਖਣ ਲੱਗ ਪਿਆ।
ਉਸ ਵੇਲੇ ਪੜ੍ਹੇ ਲਿਖੇ ਸਿੱਖ (ਖ਼ਾਸ ਤੌਰ ’ਤੇ ਲਾਹੌਰ ਦੇ ਆਸ ਪਾਸ) ਇਹੀ ਸਮਝਦੇ ਸਨ ਕਿ ਆਰੀਆ ਸਮਾਜ ਤੇ ਸਿੱਖੀ ਵਿਚ ਕੋਈ ਅੰਤਰ ਨਹੀਂ ਤੇ ਦੋਵੇਂ ਹਿੰਦੂ ਧਰਮ ਦੀਆਂ ਖ਼ਰਾਬੀਆਂ ਤੋਂ ਸਮਾਜ ਨੂੰ ਮੁਕਤ ਕਰਨ ਦਾ ਕੰਮ ਹੀ ਕਰਦੇ ਹਨ।’’ ਥੋੜਾ ਰੁਕ ਕੇ ਮੈਂ ਕਿਹਾ, ‘‘ਮੈਨੂੰ ਇਕ ਵੀ ਲਿਖਤ ਜਾਂ ਕਿਤਾਬ ਦਾ ਭਗਤ ਸਿੰਘ ਦਾ ਲਿਖਿਆ ਹੱਥ-ਲਿਖਤ ਖਰੜਾ ਵਿਖਾ ਦੇ ਜੋ ਭਗਤ ਸਿੰਘ ਨੇ ਕਦੇ ਜੇਲ ਤੋਂ ਬਾਹਰ ਰਹਿ ਕੇ ਧਰਮ ਵਿਰੁਧ ਤੇ ਮਾਰਕਸਵਾਦ ਦੇ ਹੱਕ ਵਿਚ ਲਿਖਿਆ ਹੋਵੇ। ਜੇਲ ਵਿਚ ਜਾਣ ਤੋਂ ਬਾਅਦ ਕਮਿਊਨਿਸਟ ਪਾਰਟੀ ਨੇ ਉਸ ਦੇ ਨਾਂ ਤੇ ਜੋ ਵੀ ਲਿਖਿਆ, ਉਹ ਮੈਨੂੰ ਸ਼ੱਕੀ ਲਗਦਾ ਹੈ, ਖ਼ਾਸ ਤੌਰ ’ਤੇ ਭਾਈ ਰਣਧੀਰ ਸਿੰਘ ਦੀਆਂ ‘ਜੇਲ੍ਹ ਚਿੱਠੀਆਂ’ ਪੜ੍ਹਨ ਮਗਰੋਂ ਜਿਨ੍ਹਾਂ ਵਿਚ ਦਸਿਆ ਗਿਆ ਹੈ ਕਿ ਭਗਤ ਸਿੰਘ ਨੇ ਗੱਲਬਾਤ ਵਿਚ ਇਕ ਵਾਰ ਵੀ ਮਾਰਕਸਵਾਦ ਜਾਂ ਕਮਿਊਨਿਜ਼ਮ ਬਾਰੇ ਕੋਈ ਗੱਲ ਨਾ ਕਹੀ ਤੇ ਅਖ਼ੀਰ ਵਿਚ ਕੇਸ ਕਟਵਾਉਣੇ ਬੰਦ ਕਰ ਕੇ ਪੱਕੇ ਸਿੱਖ ਵਜੋਂ ਫਾਂਸੀ ’ਤੇ ਚੜ੍ਹਨ ਦਾ ਸੰਕਲਪ ਕੀਤਾ। ਕੇਸ ਕੱਟਣ ਦਾ ਕਾਰਨ ਵੀ ਉਸ ਨੇ ਇਹ ਦਸਿਆ ਕਿ ਜੇ ਉਹ ਕੇਸ ਨਾ ਕਟਦਾ ਤਾਂ ਸਾਰੇ ਹਿੰਦੁਸਤਾਨ ਵਿਚ ਉਸ ਦਾ ਨਾਂ ਕਿਸੇ ਨੇ ਨਹੀਂ ਸੀ ਲੈਣਾ।’’
Bhai Randhir Singh
ਸਤੀਸ਼ ਕੋਲ ਕੋਈ ਜਵਾਬ ਨਹੀਂ ਸੀ। ਉਸ ਨੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਪੜ੍ਹਨ ਮਗਰੋਂ ਹੋਰ ਵਾਰਤਾਲਾਪ ਕਰਨ ਦੀ ਗੱਲ ਹੀ ਕਹੀ ਪਰ ਉਸ ਮਗਰੋਂ ਕਦੇ ਇਸ ਵਿਸ਼ੇ ’ਤੇ ਗੱਲ ਨਾ ਕੀਤੀ। ਕੁੱਝ ਮਹੀਨਿਆਂ ਬਾਅਦ ਉਹ ਅਚਾਨਕ ਕਾਲਜ ਛੱਡ ਕੇ, ਬਿਨਾਂ ਮੈਨੂੰ ਮਿਲੇ, ਪਤਾ ਨਹੀਂ ਕਿਥੇ ਚਲਾ ਗਿਆ।
ਇਸ ਘਟਨਾ ਦੇ 40 ਸਾਲ ਮਗਰੋਂ ਅਚਾਨਕ ਦਿੱਲੀ ਰੇਲਵੇ ਸਟੇਸ਼ਨ ਤੇ ਮੁਲਾਕਾਤ ਹੋ ਗਈ। ਮੈਂ ਉਸ ਨੂੰ ਪਛਾਣ ਵੀ ਨਾ ਸਕਿਆ। ਬਿਲਕੁਲ ਬੁੱਢਾ ਲੱਗ ਰਿਹਾ ਸੀ। ਉਸ ਨੇ ਮੈਨੂੰ ਪਛਾਣ ਲਿਆ ਤੇ ਜੱਫੀ ਵਿਚ ਲੈ ਕੇ ਬੋਲਿਆ, ‘‘ਤੂੰ ਤਾਂ ਬਿਲਕੁਲ ਕਾਲਜ ਵਾਲੇ ਜੁਗਿੰਦਰ ਵਰਗਾ ਹੀ ਲਗਦੈਂ।’’ ਮੈਂ ਕਿਹਾ, ‘‘ਪਰ ਤੂੰ ਅਪਣਾ ਸ੍ਰੀਰ ਕਿਉਂ ਨਹੀਂ ਸੰਭਾਲਿਆ?’’
ਕਹਿਣ ਲੱਗਾ, ‘‘ਲੰਮੀ ਕਹਾਣੀ ਹੈ ਪਰ ਤੈਨੂੰ ਜ਼ਰੂਰ ਇਕ ਵਾਰ ਮਿਲਣਾ ਚਾਹੁੰਦਾ ਸੀ। ਕਈਆਂ ਤੋਂ ਤੇਰੇ ਬਾਰੇ ਪੁਛਿਆ ਪਰ ਕਿਸੇ ਨੂੰ ਵੀ ਤੇਰੇ ਬਾਰੇ ਕੁੱਝ ਨਹੀਂ ਸੀ ਪਤਾ।.... ਖ਼ੈਰ ਮਿਲਣਾ ਇਸ ਲਈ ਚਾਹੁੰਦਾ ਸੀ ਕਿ ਤੈਨੂੰ ਦਸ ਸਕਾਂ ਕਿ 40 ਸਾਲ ਪਹਿਲਾਂ ਭਗਤ ਸਿੰਘ ਦੀਆਂ ਲਿਖਤਾਂ ਬਾਰੇ ਜੋ ਤੂੰ ਕਿਹਾ ਸੀ, ਉਹ ਕਾਫ਼ੀ ਹੱਦ ਤਕ ਠੀਕ ਸੀ। ਰੂਸੀ ਕਮਿਊਨਿਸਟ ਪਾਰਟੀ ਨੇ ਭਗਤ ਸਿੰਘ ਦਾ ਨਾਂ ਭਾਰਤ ਵਿਚ ਕਮਿਊਨਿਸਟ ਇਨਕਲਾਬ ਲਈ ਚੁਣਿਆ ਸੀ ਤੇ ਬਾਕੀ ਜੋ ਕੁੱਝ ਕੀਤਾ ਗਿਆ, ਉਹ ਪਾਰਟੀ ਵਲੋਂ ਕੀਤਾ ਗਿਆ। ਮੈਂ ਅੱਜ ਵੀ ਕਮਿਊਨਿਸਟ ਪਾਰਟੀ ਵਿਚ ਹਾਂ ਤੇ ਇਸ ਸੱਚ ਬਾਰੇ ਸੱਭ ਨੂੰ ਪਤਾ ਹੈ। ਇਹੀ ਤੈਨੂੰ ਦਸਣਾ ਚਾਹੁੰਦਾ ਸੀ। ਤੇਰੀ ਗੱਲ ਦੀ ਸਚਾਈ ਦੀ ਤਸਦੀਕ ਪਾਰਟੀ ਵਿਚ ਰਹਿ ਕੇ ਸੌਖਿਆਂ ਹੀ ਹੋ ਗਈ।’’ ਮੈਂ ਕਿਹਾ, ‘‘ਲਿਖ ਕੇ ਬਿਆਨ ਦੇ ਸਕਦਾ ਹੈਂ?’’
ਬੋਲਿਆ, ‘‘ਸਾਰੀ ਉਮਰ ਜਿਸ ਪਾਰਟੀ ਵਿਚ ਗੁਜ਼ਾਰੀ ਹੈ, ਉਸ ਦਾ ਕੋਈ ਵੀ ਰਾਜ਼ ਮੈਂ ਬਾਹਰ ਨਹੀਂ ਕੱਢ ਸਕਦਾ। ਪਰ ਛੋਟੇ ਹੁੰਦਿਆਂ ਦੇ ਇਕ ਦੋਸਤ ਨੂੰ ਸੱਚ ਦਸਣੋਂ ਮੈਂ ਅਪਣੇ ਆਪ ਨੂੰ ਰੋਕ ਵੀ ਨਹੀਂ ਸਕਿਆ। ਫਿਰ ਵੀ ਤੇਰੀ ਫ਼ਰਮਾਇਸ਼ ਬਾਰੇ ਸੋਚਾਂਗਾ ਜ਼ਰੂਰ।’’ ਗੱਡੀ ਆ ਗਈ ਤੇ ਉਹ ਧੱਕੇ ਮੁੱਕੀ ਵਿਚ ਗੱਡੀ ਚੜ੍ਹ ਗਿਆ। ਦੋ ਕੁ ਮਹੀਨੇ ਬਾਅਦ ਉਸ ਦੇ ਦੱਸੇ ਫ਼ੋਨ ਨੰਬਰ ਤੋਂ ਜਾਣਕਾਰੀ ਮਿਲੀ ਕਿ ਸਤੀਸ਼ ਤਾਂ 10 ਦਿਨ ਪਹਿਲਾਂ, ਹਸਪਤਾਲ ਵਿਚ ਦੰਮ ਤੋੜ ਗਿਆ ਸੀ। ਉਸ ਨੂੰ ਕਈ ਬੀਮਾਰੀਆਂ ਲਗੀਆਂ ਹੋਈਆਂ ਸਨ। ਇਹ ਪੁਰਾਣੀ ਯਾਦ ਉਦੋਂ ਤਾਜ਼ਾ ਹੋ ਗਈ ਜਦ ਮੈਂ ਅਖ਼ਬਾਰਾਂ ਵਿਚ ਭਗਤ ਸਿੰਘ ਬਾਰੇ ਚਰਚਾ ਪੜ੍ਹੀ। ਸੱਚ ਇਹੀ ਹੈ ਕਿ ਉਹ ਪੱਕਾ ਸਿੱਖ ਸੀ ਪਰ ਕੋਈ ਵੱਡਾ ਕੰਮ ਕਰ ਕੇ ਮਸ਼ਹੂਰ ਹੋਣਾ ਚਾਹੁੰਦਾ ਸੀ। ਉਹ ਜਾਨ ਦੇਣ ਨੂੰ ਵੀ ਤਿਆਰ ਰਹਿੰਦਾ ਸੀ।
ਅਖ਼ੀਰ ਉਸ ਦੇ ਜਜ਼ਬਾਤੀ ਹੋਣ ਦਾ ਫ਼ਾਇਦਾ ਉਠਾਉਣ ਦਾ ਫ਼ੈਸਲਾ, ਰੂਸੀ ਕਮਿਊਨਿਸਟ ਪਾਰਟੀ ਦੀ ਸਿਫ਼ਾਰਿਸ਼ ਤੇ ਭਾਰਤੀ ਕਮਿਊਨਿਸਟ ਪਾਰਟੀ ਨੇ ਕੀਤਾ। ਫ਼ੈਸਲਾ ਹੀ ਨਾ ਕੀਤਾ ਸਗੋਂ ਭਗਤ ਸਿੰਘ ਨੂੰ ਕਮਿਊਨਿਸਟ ਸਾਬਤ ਕਰਨ ਲਈ ਹਰ ਜਾਇਜ਼ ਨਾਜਾਇਜ਼ ਹਰਬਾ ਵਰਤਿਆ ਤੇ ਆਪ ਤਿਆਰ ਕਰਵਾਈਆਂ ਲਿਖਤਾਂ ਨੂੰ ਭਗਤ ਸਿੰਘ ਦੀਆਂ ਲਿਖਤਾਂ ਕਹਿ ਕੇ ਪ੍ਰਚਾਰਿਆ। ਪਰ ਅਖ਼ੀਰ ’ਤੇ ਜਾ ਕੇ ਫਾਂਸੀ ਦਾ ਸਮਾਂ ਨੇੜੇ ਆਉਣ ’ਤੇ ਜਦ ਉਸ ਨੇ ਜੇਲ ਵਿਚ ਹੀ ਬੰਦ ਭਾਈ ਰਣਧੀਰ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਅੰਦਰ ਤਾਂ ਸਿੱਖੀ ਦੀ ਅਗਨੀ ਪਹਿਲਾਂ ਦੀ ਤਰ੍ਹਾਂ ਹੀ ਪ੍ਰਜਵਲਿਤ ਹੈ ਤੇ ਕਮਿਊਨਿਸਟ ਪਾਰਟੀ ਵਾਲੇ, ਜੇਲ੍ਹ ਤੋਂ ਬਾਹਰ, ਉਸ ਬਾਰੇ ਹਜ਼ਾਰ ਹੁੱਜਤਾਂ ਘੜਨ ਦੇ ਬਾਵਜੂਦ ਉਸ ਨੂੰ ਕਾਮਰੇਡ ਨਹੀਂ ਸਨ ਬਣਾ ਸਕੇ।
ਸੰਖੇਪ ਵਿਚ ਭਗਤ ਸਿੰਘ ਇਕ ਸੱਚਾ ਸੁੱਚਾ ਸਿੱਖ ਸੀ ਜੋ ਅਪਣੇ ਆਦਰਸ਼ ਖ਼ਾਤਰ ਅਥਵਾ ਦੇਸ਼ ਲਈ ਜਾਨ ਵਾਰ ਦੇਣ ਨੂੰ ਛੋਟੀ ਗੱਲ ਸਮਝਦਾ ਸੀ। ਜੇ ਅਕਾਲੀ ਉਸ ਨੂੰ ਠੀਕ ਤਰ੍ਹਾਂ ਸਮਝ ਸਕਦੇ ਤਾਂ ਉਹ ਧਰਮ ਲਈ ਵੀ ਜਾਨ ਵਾਰ ਦੇਣ ਲਈ ਤਿਆਰ ਸੀ। ਉਹ ਲਫ਼ਜ਼ ਦੇ ਕਿਸੇ ਵੀ ਅਰਥ ਅਨੁਸਾਰ ‘ਸ਼ਹੀਦ’ ਸੀ ਤੇ ਉਸ ਦੇ ਸ਼ਹੀਦ ਨਾ ਹੋਣ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ (ਚੰਨਣ ਸਿੰਘ ਦੀ ਉਸ ਦੇ ਹੱਥੋਂ ਮੌਤ ਦੇ ਬਾਵਜੂਦ)। ਉਹ ਕਦੇ ਵੀ ਕਮਿਊਨਿਸਟ ਜਾਂ ਨਾਸਤਕ ਨਹੀਂ ਸੀ ਤੇ ਭਾਈ ਰਣਧੀਰ ਸਿੰਘ ਅਨੁਸਾਰ, ਉਹ ਫਾਂਸੀ ਲਗਾਏ ਜਾਣ ਤੋਂ ਪਹਿਲਾਂ ਪੱਕਾ ਸਿੱਖ ਹੋਣ ਦਾ ਐਲਾਨ ਕਰ ਕੇ ਗਿਆ ਸੀ। ਕਮਿਊਨਿਸਟ ਪਾਰਟੀ ਨੇ ਸਿੱਖਾਂ ਕੋਲੋਂ ਇਕ ਕਾਬਲ ਨੌਜੁਆਨ ਖੋਹ ਲਿਆ ਪਰ ਸਿੱਖ ਲੀਡਰ, ਇਸ ਗ਼ਲਤ ਸਾਜ਼ਸ਼ ਨੂੰ ਨੰਗਿਆਂ ਕਰਨ ਦੀ ਬਜਾਏ ਅਪਣਾ ਹੀਰਾ ਉਨ੍ਹਾਂ ਦੀ ਝੋਲੀ ਵਿਚ ਪਾ ਦੇਣ ਦੀ ਗ਼ਲਤੀ ਤੇ ਡਟੇ ਨਾ ਰਹਿਣ ਤੇ ਅਪਣੀ ਗ਼ਲਤ ਰਵਸ਼ ਵਿਚ ਸੁਧਾਰ ਕਰ ਲੈਣ ਤਾਂ ਠੀਕ ਹੀ ਹੋਵੇਗਾ।