ਸਿੱਧਾਂ ਨੇ ਬਾਬਾ ਨਾਨਕ ਨੂੰ ਪੁਛਿਆ, ''ਤੁਹਾਡਾ ਗੁਰੂ ਕੌਣ ਹੈ?'' ਇਹ ਉਹ ਸਮਾਂ ਸੀ ਜਦ ਧਰਮ ਕਰਮ ਦੀ ਗੱਲ ਕਰਨ ਵਾਲੇ ਹਰ ਉੱਚ ਜਾਤੀ ਵਾਲੇ ਬੰਦੇ (ਅਖੌਤੀ) ਨੂੰ ਪੁਛਿਆ ਜਾਂਦਾ ਸੀ, ''ਤੇਰਾ ਗੁਰੂ ਕੌਣ ਹੈ?'' ਕਿਉਂਕਿ 'ਨਿਗੁਰੇ' ਨਾਲ ਧਰਮ ਕਰਮ ਦੀ ਗੱਲ ਕਰਨੀ ਉਸ ਸਮੇਂ ਠੀਕ ਨਹੀਂ ਸੀ ਸਮਝੀ ਜਾਂਦੀ। ਬਾਬੇ ਨਾਨਕ ਨੇ ਸਾਧਾਰਣ ਭਾਸ਼ਾ ਵਿਚ ਕਿਹਾ, ''ਨਾ ਕੋਈ ਸ੍ਰੀਰ ਕਿਸੇ ਦਾ ਗੁਰੂ ਹੋ ਸਕਦਾ ਹੈ, ਨਾ ਸ੍ਰੀਰ ਕਿਸੇ ਦੂਜੇ ਸ੍ਰੀਰ ਦਾ ਚੇਲਾ ਹੋ ਸਕਦਾ ਹੈ।''ਇਹ ਬੜੀ ਰਮਜ਼ ਵਾਲੀ ਗੱਲ ਸੀ। ਨਾ ਸ੍ਰੀਰ ਗੁਰੂ ਹੋ ਸਕਦਾ ਹੈ, ਨਾ ਸ੍ਰੀਰ ਚੇਲਾ ਹੋ ਸਕਦਾ ਹੈ¸ਇਹ ਕੀ ਗੱਲ ਹੋਈ ਭਲਾ? ਭਾਰਤ ਭਰਿਆ ਪਿਆ ਸੀ 'ਗੁਰੂਆਂ' ਨਾਲ। ਸਾਰੇ ਹੀ ਸ੍ਰੀਰ ਸਨ। ਭਾਰਤ ਭਰਿਆ ਪਿਆ ਸੀ ਚੇਲਿਆਂ ਨਾਲ। ਸਾਰੇ ਹੀ ਚੇਲੇ ਸ੍ਰੀਰ ਸਨ। 'ਉੱਚ ਜਾਤੀ' ਦਾ ਕੋਈ ਬੰਦਾ ਸੰਪੂਰਨ ਹੀ ਨਹੀਂ ਸੀ ਮੰਨਿਆ ਜਾਂਦਾ ਜਦ ਤਕ ਉਸ ਨੇ ਕਿਸੇ ਸ੍ਰੀਰ ਨੂੰ ਗੁਰੂ ਨਾ ਧਾਰਿਆ ਹੋਵੇ। ਬਾਬਾ ਨਾਨਕ ਨੇ ਹੱਸ ਕੇ ਉੱਤਰ ਦਿਤਾ, ''ਤਾਂ ਹੀ ਤਾਂ ਹਨੇਰ ਮਚਿਆ ਹੋਇਆ ਹੈ। ਸਾਰੇ ਪ੍ਰਾਣੀਆਂ ਦਾ ਗੁਰੂ ਇਕ ਹੈ¸ਅਕਾਲ ਪੁਰਖ ਤੇ ਉਸ (ਅਕਾਲ ਪੁਰਖ) ਦਾ ਸ਼ਬਦ (ਹੁਕਮ) ਜੋ ਸ੍ਰਿਸ਼ਟੀ ਨੂੰ ਸਾਜਣ ਵੇਲੇ ਉਚਾਰਿਆ ਗਿਆ ਸੀ ਤੇ ਅੱਜ ਤਕ ਉਸ ਨੂੰ ਚਲਾ ਰਿਹਾ ਹੈ। ਇਸ ਲਈ ਮੇਰਾ ਹੀ ਨਹੀਂ, ਸਾਰੀ ਸ੍ਰਿਸ਼ਟੀ ਦਾ ਗੁਰੂ ਉਹ ਸ਼ਬਦ ਹੈ (ਪ੍ਰਮਾਤਮਾ ਦਾ, ਸ਼੍ਰਿਸ਼ਟੀ ਨੂੰ ਸਾਜਣ ਵੇਲੇ ਜਾਰੀ ਕੀਤਾ ਇਕੋ ਇਕ ਸ਼ਬਦ ਜਾਂ ਹੁਕਮ) ਅਤੇ ਉਸ ਦਾ ਚੇਲਾ ਵੀ ਕੋਈ ਮਨੁੱਖੀ ਸ੍ਰੀਰ ਨਹੀਂ ਹੋ ਸਕਦਾ ਕਿਉਂਕਿ ਇਹ ਤਾਂ ਥੋੜੀ ਦੇਰ ਚਲਣ ਵਾਲਾ ਚਾਬੀ ਦਾ ਖਿਡੌਣਾ ਹੈ ਜਿਸ ਨੇ ਇਕ ਦਿਨ ਬੰਦ ਹੋ ਜਾਣਾ ਹੈ, ਬੇ-ਜਾਨ ਤੇ ਬੇ-ਆਵਾਜ਼ ਹੋ ਜਾਣਾ ਹੈ ਤੇ ਘਰਦਿਆਂ ਨੇ
ਹੀ ਇਸ ਨੂੰ ਅੱਗ ਵਿਚ ਸੁਟ ਦੇਣਾ ਹੈ ਜਾਂ ਜ਼ਮੀਨ ਹੇਠਾਂ ਦੱਬ ਦੇਣਾ ਹੈ। 'ਗੁਰੂ' ਤਾਂ ਫਿਰ ਅਕਾਲ ਪੁਰਖ ਦਾ ਇਕੋ ਇਕ ਹੁਕਮ ਜਾਂ ਸ਼ਬਦ ਹੀ ਹੋਇਆ ਜੋ ਅਕਾਲ ਪੁਰਖ ਦੀ ਸਾਜੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਪਰ ਫਿਰ ਚੇਲਾ ਕੌਣ ਹੋਇਆ? ਚੇਲਾ ਵੀ ਤਾਂ ਗੁਰੂ ਵਾਂਗ, 'ਮਰ ਜਾਣ' ਵਾਲਾ ਨਹੀਂ ਹੋਣਾ ਚਾਹੀਦਾ। ਹਾਂ ਮੈਂ ਚੇਲਾ ਨਹੀਂ, ਮੇਰੇ ਸ੍ਰੀਰ ਅੰਦਰ ਜਿਹੜੀ ਪ੍ਰਮਾਤਮਾ ਦੀ ਬਖ਼ਸ਼ੀ 'ਸੁਰਤਿ' ਹੈ ਤੇ ਜਿਸ ਸੁਰਤਿ ਦੀ ਧੁਨੀ ਤੁਹਾਨੂੰ ਸੁਣਾਈ ਦੇ ਰਹੀ ਹੈ, ਇਹੀ 'ਸੁਰਤਿ' ਉਸ ਪ੍ਰਮਾਤਮਾ ਦਾ ਚੇਲਾ ਜਾਂ ਚੇਲੀ ਹੈ। ਨਾ ਇਸ 'ਗੁਰੂ' (ਪ੍ਰਮਾਤਮਾ) ਨੇ ਕਦੇ ਮਰਨਾ ਹੈ, ਨਾ 'ਸੁਰਤਿ' ਚੇਲੇ ਨੇ।'' ਇਹ ਰਮਜ਼ ਭਰੀ ਗੱਲ ਸਿੱਧਾਂ ਨੂੰ ਸਮਝ ਆ ਗਈ ਪਰ ਪੁਜਾਰੀ ਸ਼੍ਰੇਣੀ ਨੂੰ ਆਮ ਤੌਰ ਤੇ ਨਹੀਂ ਸਮਝ ਆਉਂਦੀ, ਜਾਂ ਫਿਰ ਉਹ ਜਾਣਬੁੱਝ ਕੇ ਸਮਝਣਾ ਨਹੀਂ ਚਾਹੁੰਦੀ।
ਅੱਜ ਜਦ ਪੰਜਾਬ ਦੀਆਂ ਚੋਣਾਂ ਬਾਰੇ ਕੁੱਝ ਸੋਚਣ ਲੱਗਾ ਤਾਂ ਬਾਬੇ ਨਾਨਕ ਦੀ ਆਖੀ ਹੋਈ ਗੱਲ ਯਾਦ ਆ ਗਈ। ਕਲ ਜਿਹੜਾ ਬਾਦਲ ਨੂੰ ਰੱਬ ਵਾਂਗ ਪੂਜਦਾ ਸੀ, ਅੱਜ ਕੇਜਰੀਵਾਲ ਨੂੰ 'ਮਸੀਹਾ' ਕਹਿ ਰਿਹਾ ਹੈ ਤੇ ਕਲ ਜਿਹੜਾ ਕੇਜਰੀਵਾਲ ਨੂੰ ਪੰਜਾਬ ਦਾ ਹੀਰੋ ਦਸ ਰਿਹਾ ਸੀ, ਅੱਜ ਕਹਿ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਨੂੰ ਬਚਾ ਸਕਦਾ ਹੈ।
ਹਕੀਕਤ ਕੀ ਹੈ? ਇਹੀ ਕਿ ਧਰਮ ਵਾਂਗ, ਸਿਆਸਤ ਵਿਚ ਵੀ ਨਾ ਕੋਈ ਗੁਰੂ ਹੁੰਦਾ ਹੈ, ਨਾ ਕੋਈ ਚੇਲਾ। ਬਸ ਸਾਡਾ 'ਸਵਾਰਥ' ਹੁੰਦਾ ਹੈ ਜੋ ਅੱਜ ਸਾਨੂੰ ਇਕ ਲੀਡਰ ਨੂੰ ਅਪਣਾ 'ਗੁਰੂ' ਮੰਨਣ ਲਈ ਤਿਆਰ ਕਰਦਾ ਹੈ ਤੇ ਕਲ ਦੂਜੇ ਲੀਡਰ ਨੂੰ। ਅੱਜ ਅਸੀ ਇਕ ਆਗੂ ਦੇ ਚੇਲੇ ਬਣ ਜਾਂਦੇ ਹਾਂ ਤੇ ਕਲ ਅਪਣੇ ਸਵਾਰਥ ਦੀ ਖ਼ਾਤਰ ਦੂਜੇ ਦੇ ਚੇਲੇ ਬਣ ਜਾਂਦੇ ਹਾਂ। ਪਿਛਲੇ ਕੁੱਝ ਹਫ਼ਤਿਆਂ ਵਿਚ ਰੋਜ਼ ਵੇਖਦੇ ਆ ਰਹੇ ਹਾਂ ਕਿ ਸਾਡੇ 'ਟਿਕਟਾਂ ਦੇ ਚਾਹਵਾਨਾਂ' ਦੇ 'ਗੁਰੂ' ਵੀ ਰੋਜ਼ ਬਦਲ ਜਾਂਦੇ ਹਨ ਤੇ ਸਿਆਸੀ ਲੀਡਰਾਂ ਦੇ 'ਚੇਲੇ' ਵੀ, ਪੱਤਰਕਾਰਾਂ ਸਾਹਮਣੇ ਫ਼ੋਟੋ ਖਿਚਵਾ ਕੇ ਐਲਾਨ ਕਰ ਦੇਂਦੇ ਹਨ ਕਿ, 'ਅੱਜ ਤੋਂ, ਅਸੀ ਪੁਰਾਣਾ (ਸਿਆਸੀ) ਗੁਰੂ ਛਡਿਆ ਤੇ ਨਵਾਂ ਧਾਰਨ ਕਰ ਲਿਆ ਹੈ।''ਇਸ ਤਬਦੀਲੀ ਦਾ ਕਾਰਨ ਨਿਰਾ ਸਵਾਰਥ ਹੁੰਦਾ ਹੈ ਕਿਉਂਕਿ ਇਹ ਸ੍ਰੀਰ ਨਾਲ ਜੁੜਿਆ ਹੋਇਆ ਹੈ। ਜਿਹੜੇ ਸਿਆਸੀ ਲੋਕ ਸ੍ਰੀਰਾਂ ਨਾਲ ਨਹੀਂ, ਪਾਰਟੀ ਦੇ ਸਿਧਾਂਤਾਂ ਨਾਲ ਜੁੜੇ ਹੁੰਦੇ ਹਨ, ਉਹ 'ਸਿਧਾਂਤ ਦੇ ਚੇਲੇ' ਬਣ ਕੇ ਅਪਣਾ ਕਿੱਲਾ ਨਹੀਂ ਛਡਦੇ, ਭਾਵੇਂ ਕਿੰਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ। ਨਵਜੋਤ ਸਿੰਘ ਸਿਧੂ ਲਈ ਪਰਸੋਂ ਬੀ.ਜੇ.ਪੀ. ਹੀ 'ਗੁਰੂ ਸੀ', ਕਲ 'ਆਪ' ਗੁਰੂ ਬਣਦੀ ਨਜ਼ਰ ਆਈ ਤੇ ਅੱਜ ਸ਼ਾਇਦ ਕਾਂਗਰਸ 'ਗੁਰੂ' ਹੈ।
ਬਹੁਤੇ ਸਿਆਸਤਦਾਨ ਸਿਧਾਂਤ ਨਾਲ ਨਹੀਂ ਜੁੜਦੇ, ਸ੍ਰੀਰਾਂ ਜਾਂ ਉਸ ਤੋਂ ਵੀ ਛੋਟੀਆਂ ਚੀਜ਼ਾਂ ਨਾਲ ਜੁੜਦੇ ਹਨ ਤੇ ਇਨ੍ਹਾਂ ਨਾਲ ਜੁੜਨ ਦਾ ਮਤਲਬ ਸਵਾਰਥ ਨਾਲ ਜੁੜਨਾ ਹੀ ਹੁੰਦਾ ਹੈ।ਅਜਿਹੀ ਹਾਲਤ ਵਿਚ ਮੈਂ ਕਿਸ ਦੀ ਹਮਾਇਤ ਕਰਾਂ? 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਵਿਚ ਪੈ ਕੇ ਅਤੇ ਬਾਬੇ ਨਾਨਕ ਦੀ ਬਾਣੀ ਦੀ ਸਰਲ ਵਿਆਖਿਆ ਲਿਖਣੀ ਸ਼ੁਰੂ ਕਰਨ ਮਗਰੋਂ ਹੁਣ ਮੈਨੂੰ ਕਿਸੇ ਵੀ ਸ੍ਰੀਰ ਦੀ ਹਮਾਇਤ ਕਰਨੀ ਹੀ ਅਜੀਬ ਲਗਦੀ ਹੈ। ਮੈਂ ਕੇਵਲ ਸਿਧਾਂਤ ਦੀ ਹਮਾਇਤ ਕਰ ਸਕਦਾ ਹਾਂ। ਮੈਂ ਆਪ ਵੀ ਸਿਧਾਂਤ ਦੀ ਪ੍ਰੀਖਿਆ ਵਿਚ ਪੇਸ਼ ਹੋ ਚੁੱਕਾ ਹਾਂ। ਹਾਕਮਾਂ ਨੇ ਕਿਹਾ, ''ਇਕ ਮਿੰਟ ਲਈ ਪੁਜਾਰੀਆਂ ਸਾਹਮਣੇ ਪੇਸ਼ ਹੋ ਜਾਉ, ਕਰੋੜਾਂ ਰੁਪਏ ਦੇ ਦਿਆਂਗੇ ਤੇ ਹੋਰ ਜੋ ਚਾਹੋਗੇ, ਉਹ ਵੀ ਮਿਲ ਜਾਏਗਾ।'' ਮੈਂ ਚਾਹੁੰਦਾ ਤਾਂ ਇਕ ਦਿਨ ਵਿਚ 'ਉੱਚਾ ਦਰ' ਲਈ ਸਾਰੇ ਖ਼ਰਚੇ ਦਾ ਪ੍ਰਬੰਧ, ਸਿਧਾਂਤ ਨੂੰ ਪਿਠ ਵਿਖਾ ਕੇ ਲੈ ਸਕਦਾ ਸੀ। ਪਰ ਮੇਰੀ ਜਾਗੀ ਹੋਈ 'ਸੁਰਤਿ' ਨੇ ਕਿਹਾ, ''ਪੈਸਾ ਹੀ ਕਮਾਉਣਾ ਸੀ ਤਾਂ ਬਾਪ ਦੇ ਕਾਰਖ਼ਾਨੇ ਵਿਚ ਹੀ ਟਿਕਿਆ ਰਹਿੰਦਾ ਪਰ ਤੂੰ ਤਾਂ ਸਿਧਾਂਤ ਦਾ ਝੰਡਾ ਚੁੱਕਣ ਦੀ ਸਹੁੰ ਖਾਧੀ ਸੀ...।''ਮੈਂ ਜਵਾਬ ਦੇ ਦਿਤਾ, ''ਸਿਧਾਂਤ ਇਹੀ ਹੈ ਕਿ ਗੁਰਦਵਾਰੇ ਵਿਚ ਜਾ ਕੇ ਮੈਂ ਕਿਸੇ ਸ੍ਰੀਰ ਅੱਗੇ ਪੇਸ਼ ਨਹੀਂ ਹੋ ਸਕਦਾ ਤੇ ਨਾ ਹੀ ਕਿਸੇ ਸ੍ਰੀਰ ਅੱਗੇ ਪੱਤਰਕਾਰੀ ਨੂੰ ਜਵਾਬਦੇਹ ਬਣਾ ਸਕਦਾ ਹਾਂ। ਈਸਾਈ ਧਰਮ ਵਿਚ ਮਾਰਟਨ ਲੂਥਰ ਨੇ 500 ਸਾਲ ਪਹਿਲਾਂ ਇਹ ਗੱਲ ਮਨਵਾ ਲਈ ਸੀ ਜਿਸ ਕਾਰਨ ਉਹ ਧਰਮ ਬਚ ਗਿਆ ਤਾਂ ਮੈਂ ਕਿਉਂ ਨਹੀਂ ਸੱਚ ਦਾ ਝੰਡਾ ਚੁੱਕਣ ਬਦਲੇ ਕੁੱਝ ਨੁਕਸਾਨ ਸਹਿ ਸਕਦਾ?'' ਨੁਕਸਾਨ ਤਾਂ ਬਹੁਤ ਸਹਿਣਾ ਪਿਆ ਪਰ 'ਉਸ' ਨੇ ਡੋਲਣੋਂ ਡਿਗਣੋਂ ਸਦਾ ਬਚਾਈ ਰਖਿਆ। ਇਹ ਪ੍ਰਾਪਤੀ ਵੀ ਛੋਟੀ ਤਾਂ ਨਹੀਂ ਮੰਨੀ ਜਾਣੀ ਚਾਹੀਦੀ। ਚੋਣਾਂ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਕੁੱਝ ਦਿਨ ਪਹਿਲਾਂ ਆਏ ਕੁੱਝ 'ਪੰਥਕ' ਕਿਸਮ ਦੇ ਸੱਜਣਾਂ ਦੀ ਗੱਲ ਵੀ ਯਾਦ ਆਉਣੀ ਹੀ ਸੀ। ਕਹਿਣ ਲੱਗੇ, ''ਪਿਛਲੀਆਂ ਚੋਣਾਂ ਵਿਚ ਤੁਸੀ ਇਕ ਪਾਰਟੀ ਦੇ ਹੱਕ ਵਿਚ ਬੜੇ ਉਤਸ਼ਾਹ ਨਾਲ ਭੁਗਤੇ ਸੀ, ਇਸ ਵਾਰ ਕੁੱਝ ਨਹੀਂ ਲਿਖ ਰਹੇ...?''ਮੈਂ ਕਿਹਾ, ''ਮੇਰੀ ਛੱਡੋ, ਅਪਣੀ ਦੱਸੋ ਕਿ ਤੁਸੀ ਕਿਸ ਪਾਰਟੀ ਦੇ ਹੱਕ ਵਿਚ ਭੁਗਤ ਰਹੇ ਹੋ ਤੇ ਕਿਉਂ?''ਕਹਿਣ ਲੱਗੇ, ''ਆਪ ਪਾਰਟੀ ਦੀ ਹੀ ਹਮਾਇਤ ਕਰ ਰਹੇ ਹਾਂ। ਬਾਦਲਾਂ ਨੇ ਕੌਮ ਅਤੇ ਪੰਜਾਬ ਦਾ ਬੜਾ ਨੁਕਸਾਨ ਕਰ ਦਿਤਾ ਹੈ ਅਤੇ ਇਨ੍ਹਾਂ ਤੋਂ ਛੁਟਕਾਰਾ ਹਾਸਲ ਕਰਨ ਦਾ ਇਸ ਤੋਂ ਸਿਵਾ ਤਰੀਕਾ ਹੀ ਕੋਈ ਨਹੀਂ ਕਿ ਆਪ ਨੂੰ ਜਿਤਾਉ ਤੇ ਪੰਜਾਬ, ਪੰਥ ਨੂੰ ਬਚਾਉ।''ਮੈਂ ਕਿਹਾ, ਬਾਦਲ ਸਰਕਾਰ ਦੇ ਮਾਰੂ ਵਾਰ ਜਦ ਮੈਂ ਅਪਣੇ ਪਿੰਡੇ ਉਤੇ ਸਹਿ ਰਿਹਾ ਸੀ, ਉਸ ਵੇਲੇ ਮੈਂ ਖੁਲ੍ਹ ਕੇ ਆਖਿਆ ਸੀ, ਬਾਦਲ ਦੀਆਂ ਗ਼ਲਤੀਆਂ ਗਿਣਨ ਵਿਚ ਹੀ ਨਾ ਲੱਗੇ ਰਹੋ, ਇਕ ਮੁਕਾਬਲੇ ਦਾ ਅਕਾਲੀ ਦਲ ਕਾਇਮ ਕਰ ਲਵੋ ਜੋ ਪਿੰਡ ਪਿੰਡ ਵਿਚ ਇਕਾਈ ਸਥਾਪਤ ਕਰ ਕੇ, ਹਰ ਸਿੱਖ ਨੂੰ ਅਪਣੇ ਨਾਲ ਜੋੜੇ। ਉਨ੍ਹਾਂ ਦੇ ਕੰਮ ਵੀ ਕਰੇ ਤੇ ਉਨ੍ਹਾਂ ਨੂੰ ਯਕੀਨ ਕਰਵਾਏ ਕਿ ਤੁਸੀ ਹੀ ਅਸਲ ਅਕਾਲੀ ਹੋ। ਬਾਦਲ ਦਾ ਬਦਲ, ਤੁਹਾਡੇ ਵਿਚੋਂ ਵੇਖਣ ਦੀ ਗੱਲ ਫਿਰ ਹੀ ਕੋਈ ਕਰੇਗਾ। ਤੁਸੀ ਅਖ਼ਬਾਰੀ ਬਿਆਨਾਂ ਦੇ ਸਿਰ ਤੇ ਲੀਡਰ ਬਣਨਾ ਚਾਹੁੰਦੇ ਹੋ। ਇਹ ਯਤਨ ਕਾਮਯਾਬ ਨਹੀਂ ਹੋਣਗੇ। ਫਿਰ ਤੁਸੀ ਚੋਣਾਂ ਦੇ ਨੇੜੇ ਪੁਜ ਕੇ, ਇਕ 'ਜਥੇਬੰਦੀ' ਰਚ ਕੇ ਚੋਣਾਂ ਵਿਚ ਵੋਟਾਂ ਮੰਗਣ ਲੱਗ ਜਾਉਗੇ। ਉਦੋਂ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣਨੀ। ਉਹੀ ਹੋਇਆ। ਅਖ਼ਬਾਰੀ ਬਿਆਨਬਾਜ਼ੀ ਤੋਂ ਅੱਗੇ ਕੋਈ ਨਾ ਨਿਤਰਿਆ। ਭਾਈ ਮੋਹਕਮ ਸਿੰਘ ਨੇ 'ਯੂਨਾਈਟਿਡ ਅਕਾਲੀ ਦਲ' ਬਣਾਇਆ ਤਾਂ ਪਿਛਲੇ ਸਾਲ ਮੇਰੇ ਕੋਲ ਆਏ ਤੇ ਕਹਿਣ ਲੱਗੇ, ''ਸਪੋਕਸਮੈਨ ਸਾਡੀ ਮਦਦ ਕਰ ਦੇਵੇ, ਬਸ ਮੋਰਚਾ ਫ਼ਤਿਹ।''ਮੈਂ ਬੇਕਿਰਕ ਹੋ ਕੇ ਕਿਹਾ, ''ਹੁਣ ਚੋਣਾਂ ਦੇ ਨੇੜੇ ਆ ਕੇ ਨਿਕਲੇ ਹੋ, ਕੋਈ ਜੱਥਾ ਤੁਸੀ ਨਹੀਂ ਬਣਾਇਆ, ਕੋਈ ਲੋਕਾਂ ਨਾਲ ਦੁੱਖ ਸੁੱਖ ਤੁਸੀ ਸਾਂਝੇ ਨਹੀਂ ਕੀਤੇ, ਹੁਣ ਇਸ ਸਮੇਂ ਤੁਹਾਡੀ ਕਿਸੇ ਨੇ ਨਹੀਂ ਸੁਣਨੀ। ਜੇ ਤੁਸੀ ਬਾਦਲ ਵਿਰੁਧ ਲੋਕਾਂ ਨੂੰ ਅਪਣੀ ਗੱਲ ਸੁਣਾਉਣੀ ਹੈ ਤਾਂ ਪੰਜ ਸਾਲ ਲੋਕਾਂ ਵਿਚ ਕੰਮ ਕਰੋ, ਉਨ੍ਹਾਂ ਦੇ ਦੁਖ-ਸੁੱਖ ਦੇ ਸਾਥੀ ਬਣੋ। ਫਿਰ ਉਹ ਤੁਹਾਨੂੰ ਕਹਿਣਗੇ ਕਿ 'ਤੁਸੀ ਚੋਣਾਂ ਲੜੋ, ਅਸੀ ਤੁਹਾਡਾ ਸਾਥ ਦਿਆਂਗੇ।' ਉਦੋਂ ਉਹ ਬਾਦਲ ਵਿਰੁਧ ਤੁਹਾਡੀ ਗੱਲ ਸੁਣਨਗੇ।''ਪਰ ਇਹ ਔਖਾ ਪੈਂਡਾ ਸਰ ਕਰਨਾ ਕਿਸੇ ਨੇ ਪ੍ਰਵਾਨ ਨਾ ਕੀਤਾ ਤੇ ਅਖ਼ਬਾਰਾਂ ਵਿਚ ਖ਼ਬਰਾਂ ਲਵਾ ਕੇ ਹੀ ਕੰਮ ਸਾਰਨਾ ਠੀਕ ਸਮਝਿਆ। ਅਖ਼ੀਰ ਉਨ੍ਹਾਂ ਨੂੰ ਸਮਝ ਆ ਗਈ ਕਿ ਉਹ ਇਸ ਆਖ਼ਰੀ ਵੇਲੇ ਦੇ ਹੱਲੇ ਨਾਲ ਹੀ ਚੋਣਾਂ ਨਹੀਂ ਜਿੱਤ ਸਕਦੇ ਅਤੇ ਉਨ੍ਹਾਂ ਫ਼ੈਸਲਾ ਕੀਤਾ ਕਿ ਕੇਜਰੀਵਾਲ ਦੀ ਮਦਦ ਕਰ ਕੇ ਉਸ ਨੂੰ ਬੇਨਤੀ ਕੀਤੀ ਜਾਏ ਕਿ ਉਹ ਸਾਨੂੰ ਆ ਕੇ ਛੁਡਵਾਏ ਤੇ ਬਚਾਏ। ਅਪਣੇ ਜਜ਼ਬਾਤੀ ਸੁਭਾਅ ਲਈ ਮੰਨੇ ਜਾਂਦੇ ਪੰਜਾਬੀ ਬਹੁਤ ਚੰਗੇ ਤੇ ਸਿਆਣੇ ਲੋਕ ਹਨ ਪਰ ਸਿਆਸਤ ਦੀ ਗਲੀ ਵਿਚ, ਹਰ ਮੋੜ ਤੇ ਆ ਕੇ 'ਸਫ਼ਲਤਾ' ਦਾ ਅਤਾ ਪਤਾ ਭੁੱਲ ਜਾਂਦੇ ਹਨ ਤੇ ਬਾਅਦ ਵਿਚ ਕਹਿਣ ਲੱਗ ਜਾਂਦੇ ਹਨ, ''ਕੀ ਕਰੀਏ ਜੀ, ਸਾਡੇ ਲੀਡਰ ਹੀ ਨਾਲਾਇਕ ਸਨ।''
ਜਿਹੜੇ ਸੱਜਣ ਮੇਰੇ ਕੋਲ ਆ ਕੇ ਕੇਜਰੀਵਾਲ ਨੂੰ ਬਾਦਲਾਂ ਤੋਂ ਬਚਾਉਣ ਦੀ ਤਾਕਤ ਰੱਖਣ ਵਾਲਾ ਹੀਰੋ ਮੰਨ ਕੇ ਬੁਲਾਉਣ ਦੀ ਗੱਲ ਕਹਿੰਦੇ ਹਨ, ਉਹ ਨਾਲ ਹੀ ਇਹ ਵੀ ਕਹਿ ਦੇਂਦੇ ਹਨ ਕਿ ''ਅਸੀ ਤਾਂ ਸਪੋਕਸਮੈਨ ਪੜ੍ਹ ਪੜ੍ਹ ਕੇ ਹੀ ਕੇਜਰੀਵਾਲ ਦੇ ਹਮਾਇਤੀ ਬਣੇ ਸੀ।'' ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਮੈਂ ਅੱਜ ਵੀ ਕੇਜਰੀਵਾਲ ਦਾ ਹਮਾਇਤੀ ਹਾਂ ਕਿਉਂਕਿ ਉਹ ਕੁੱਝ ਨਵਾਂ ਕਰ ਕੇ ਵਿਖਾ ਰਿਹਾ ਹੈ ਪਰ ਜਦ ਤੁਸੀ ਇਹ ਕਹਿੰਦੇ ਹੋ ਕਿ ਤੁਸੀ ਕਿਸੇ ਬਾਹਰਲੇ ਨੂੰ ਬੁਲਾ ਕੇ ਇਸ ਲਈ ਉਸ ਦੀ ਮਦਦ ਲੈਣਾ ਚਾਹੁੰਦੇ ਹੋ ਕਿ ਉਹ ਤੁਹਾਨੂੰ ਬਾਦਲਾਂ ਤੋਂ ਛੁਟਕਾਰਾ ਦਿਵਾਵੇ ਤੇ ਸਿੱਖੀ, ਪੰਜਾਬ ਨੂੰ ਬਚਾਏ ਤਾਂ ਮੈਨੂੰ ਤੁਸੀ ਬਹੁਤ ਬੁਜ਼ਦਿਲ ਲੱਗਣ ਲੱਗ ਜਾਂਦੇ ਹੋ। ਯਾਦ ਰੱਖੋ, ਅਪਣੀ ਸਹਾਇਤਾ ਲਈ ਬਾਹਰੋਂ ਕਿਸੇ ਤਾਕਤਵਰ ਨੂੰ ਬੁਲਾਉਣ ਵਾਲਿਆਂ ਨੂੰ ਇਸ ਦੇਸ਼ ਵਿਚ 'ਜੈਚੰਦੀਏ' ਕਹਿੰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਦ ਰਾਜਗੱਦੀ ਅਪਣੇ ਘਰ ਵਿਚ ਰੱਖਣ ਲਈ ਸਿੱਖ ਸਰਦਾਰਾਂ ਤੋਂ ਹਮਾਇਤ ਨਾ ਮਿਲੀ ਤਾਂ ਉਸ ਨੇ ਬਾਹਰਲਿਆਂ (ਡੋਗਰਿਆਂ) ਨੂੰ ਸੱਦ ਕੇ, ਸਿੱਖ ਦਰਬਾਰ ਉਨ੍ਹਾਂ ਦੇ ਹਵਾਲੇ ਕਰ ਦਿਤਾ। ਬਾਹਰਲੇ ਜਦ ਅਪਣੀ ਹਮਾਇਤ ਦੀ ਕੀਮਤ ਮੰਗਦੇ ਹਨ, ਉਦੋਂ ਹੀ ਪਤਾ ਲਗਦਾ ਹੈ ਕਿ ਸੌਦਾ ਕਿੰਨੇ ਘਾਟੇ ਵਾਲਾ ਕੀਤਾ ਗਿਆ ਸੀ। ਡੋਗਰਿਆਂ ਨੇ ਰਾਜਗੱਦੀ ਵੀ ਰਣਜੀਤ ਸਿੰਘ ਦੇ ਪ੍ਰਵਾਰ ਕੋਲ ਨਾ ਰਹਿਣ ਦਿਤੀ, ਸਿੱਖ ਰਾਜ ਵੀ ਖ਼ਤਮ ਕਰ ਦਿਤਾ ਤੇ ਆਪ, ਇਨਾਮ ਵਜੋਂ ਕਸ਼ਮੀਰ ਅੰਗਰੇਜ਼ਾਂ ਕੋਲੋਂ ਲੈ ਗਏ। ਸੋ ਕੇਜਰੀਵਾਲ ਦੀ ਪਾਰਟੀ, ਗੁਣਾਂ ਦੇ ਆਧਾਰ ਤੇ ਪੰਜਾਬ ਲਈ ਚੰਗੀ ਹੈ ਤਾਂ ਕਰੋ ਉਸ ਦੀ ਮਦਦ ਪਰ ਇਹ ਨਾ ਆਖੋ ਕਿ ਬਾਦਲਾਂ ਤੋਂ ਉਹੀ ਛੁਟਕਾਰਾ ਦਿਵਾ ਸਕਦਾ ਹੈ ਤੇ ਪੰਥ, ਪੰਜਾਬ ਨੂੰ ਉਹੀ ਬਚਾ ਸਕਦਾ ਹੈ, ਇਸ ਲਈ ਵੋਟ ਉਸ ਨੂੰ ਦੇਣੀ ਹੈ। ਹੁਣੇ ਹੁਣੇ ਖ਼ਬਰ ਆਈ ਹੈ ਕਿ ਸ. ਬਾਦਲ ਦਾ ਰਾਜ ਖ਼ਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਲੰਬੀ ਵਿਚ ਬਾਦਲ ਵਿਰੁਧ, ਚੋਣ ਲੜਨਗੇ। ਤਾਂ ਕੀ ਹੁਣ 'ਪੰਥਕ' ਲੇਬਲ ਵਾਲੇ, ਕੈਪਟਨ ਅਮਰਿੰਦਰ ਸਿੰਘ ਦੀ ਪਿਠ ਤੇ ਖੜੇ ਹੋ ਜਾਣਗੇ?ਏਨੀ ਬੁਜ਼ਦਿਲੀ ਵਿਖਾਣ ਨਾਲੋਂ, ਮੈਂ ਤਾਂ ਸਮਝਦਾ ਹਾਂ ਕਿ ਮਰ ਜਾਣਾ ਜ਼ਿਆਦਾ ਚੰਗਾ ਹੋਵੇਗਾ ਕਿਉਂਕਿ ਜੇ ਅਸੀ ਅਪਣੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਨ ਜੋਗੀ ਹਿੰਮਤ ਅਪਣੇ ਅੰਦਰੋਂ ਹੀ ਪੈਦਾ ਨਹੀਂ ਕਰ ਸਕਦੇ ਤਾਂ ਸਾਡਾ ਜੀਣਾ ਵੀ ਕਾਹਦਾ ਜੀਣਾ ਹੋਇਆ? ਮੈਂ ਜਦ ਬਾਦਲ ਸਰਕਾਰ ਦੇ ਹਰ 'ਵਾਰ' ਦਾ ਇਕੱਲਿਆਂ ਮੁਕਾਬਲਾ ਕਰ ਰਿਹਾ ਸੀ, ਥਾਣਿਆਂ, ਕਚਹਿਰੀਆਂ ਵਿਚ ਵੀ ਚੱਕਰ ਕਟ ਰਿਹਾ ਸੀ ਤੇ ਰੁਪਏ ਪੈਸੇ ਵਲੋਂ ਵੀ ਫਾਂਗ ਹੋ ਚੁੱਕੇ ਸੀ ਤਾਂ ਕਈਆਂ ਪਾਸਿਆਂ ਤੋਂ ਆਵਾਜ਼ ਆਈ ਕਿ ਫ਼ਲਾਣੀ ਵੱਡੀ ਧਿਰ ਨਾਲ ਜੁੜ ਜਾਉ, ਸੱਭ ਔਕੜਾਂ ਠੀਕ ਹੋ ਜਾਣਗੀਆਂ। ਮੈਂ ਤੇ ਮੇਰੀ ਪਤਨੀ ਜਗਜੀਤ ਕੌਰ, ਹਰ ਰਾਤ ਨੂੰ ਸੌਣ ਵੇਲੇ ਤੇ ਸਵੇਰ ਉਠ ਕੇ, ਇਕ ਦੂਜੇ ਨਾਲ ਬੈਠ ਕੇ ਰੋ ਧੋ ਲੈਂਦੇ ਸੀ ਤੇ ਕਈ ਵਾਰ ਸੋਚਦੇ ਸੀ ਕਿ ਸ਼ਾਇਦ ਹੁਣ ਅਸੀ ਅਖ਼ਬਾਰ ਨੂੰ ਬਚਾ ਨਾ ਸਕੀਏ ਪਰ ਕਿਸੇ ਕੋਲ ਮਦਦ ਲਈ ਤਾਂ ਅਸੀ ਨਹੀਂ ਸੀ ਗਏ। ਜੇ ਕਿਸੇ ਕੋਲੋਂ ਅਸੀ ਮਦਦ ਲਈ ਹੋਵੇ ਤਾਂ ਖੁਲ੍ਹ ਕੇ ਦਸ ਦੇਵੇ। ਅਸੀ ਇਹੀ ਕਹਿ ਕੇ ਗੱਲ ਮੁਕਾ ਦਿਆ ਕਰਦੇ ਸੀ, ''ਚਲੋ ਫਿਰ ਰੱਬ ਦੀ ਇਹੀ ਮਰਜ਼ੀ ਹੈ ਤਾਂ ਇੰਜ ਹੀ ਸਹੀ, ਉਸੇ ਉਤੇ ਡੋਰ ਸੁਟ ਦਈਏ।''ਉਸ ਮਗਰੋਂ ਜੋ ਹੋਇਆ, ਪਾਠਕਾਂ ਨੂੰ ਪਤਾ ਹੀ ਹੈ। ਅਖ਼ਬਾਰ ਵੀ ਚਲ ਰਹੀ ਹੈ, ਉੱਚਾ ਦਰ ਵੀ 80% ਬਣ ਗਿਆ ਹੈ, ਅਕਾਲ ਤਖ਼ਤ ਦੇ 'ਜਥੇਦਾਰ' ਨੇ ਆਪ ਟੈਲੀਫ਼ੋਨ ਕਰ ਕੇ ਮੈਨੂੰ ਕਿਹਾ ਕਿ, ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਕਹਿ ਰਿਹਾ ਹਾਂ ਕਿ ਤੁਸੀ ਕੋਈ ਭੁਲ ਨਹੀਂ ਸੀ ਕੀਤੀ ਤੇ ਹੁਕਮਨਾਮਾ ਜਾਰੀ ਕਰ ਕੇ ਭੁੱਲ ਜੋਗਿੰਦਰ ਸਿੰਘ ਵੇਦਾਂਤੀ ਨੇ ਕੀਤੀ ਸੀ ਜਿਸ ਨੇ ਕਾਲਾ ਅਫ਼ਗਾਨਾ ਦੀ ਮਦਦ ਕਰਨ ਦਾ ਬਦਲਾ ਤੁਹਾਡੇ ਤੋਂ ਲਿਆ ਸੀ'' ਅਤੇ ਬਾਦਲ ਸਰਕਾਰ ਨੇ ਵੀ 10 ਸਾਲ ਬਾਅਦ, ਸਰਕਾਰੀ ਇਸ਼ਤਿਹਾਰ ਵੀ, 'ਹੁਕਮਨਾਮੇ' ਦੇ ਬਾਵਜੂਦ ਆਪ ਦੇਣੇ ਸ਼ੁਰੂ ਕਰ ਦਿਤੇ। ਕੀ ਇਸ ਤੋਂ ਵੱਡੀ ਤੇ ਇਤਿਹਾਸਕ ਜਿੱਤ ਵੀ ਹੋ ਸਕਦੀ ਹੈ ਤੇ ਕੀ ਕਿਸੇ ਦੂਜੇ ਦੀਆਂ ਵੈਸਾਖੀਆਂ ਦੇ ਸਹਾਰੇ ਚਲਣ ਦੀ ਕੋਸ਼ਿਸ਼ ਕਰ ਕੇ, ਕੁੱਝ ਵੀ ਪ੍ਰਾਪਤ ਕੀਤਾ ਜਾ ਸਕਦਾ ਸੀ?