ਅੰਮ੍ਰਿਤਸਰ ਦੀ ਹਵਾ ਵਿਚ ਪਹਿਲੀ ਵਾਰ ਜਦ ਮੈਂ ਸਾਹ ਲਿਆ ਤਾਂ ਇਹ ਉਹ ਦਿਨ ਸੀ ਜਦ ਪਾਕਿਸਤਾਨ ਨੇ ਮੈਨੂੰ ਤੇ ਮੇਰੇ ਮਾਪਿਆਂ ਨੂੰ ਅਪਣੇ ਦੇਸ਼ ਵਿਚੋਂ 'ਛੇਕ' ਦਿਤਾ ਸੀ ਤੇ ਗੋਲੀਆਂ ਦੀ ਵਾਛੜ ਹੇਠ ਦੌੜਦੇ-ਦੌੜਦੇ ਅਸੀ ਇਕ ਗੱਡੀ ਵਿਚ ਸਵਾਰ ਹੋਣ ਵਿਚ ਤਾਂ ਸਫ਼ਲ ਹੋ ਗਏ ਪਰ ਸਾਡੇ ਕੋਲ ਖਾਣ ਪੀਣ ਲਈ ਕੁੱਝ ਵੀ ਨਹੀਂ ਸੀ, ਨਾ ਕੋਈ ਕਪੜਾ ਲੱਤਾ ਹੀ ਸੀ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਗੱਡੀ ਰੁਕੀ ਤਾਂ ਚਾਰੇ ਪਾਸਿਉਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ''ਭੁੱਜੇ ਛੋਲੇ ਲੈ ਲਉ ਜੀ, ਚਾਹ ਲੈ ਲਉ ਜੀ... ਲੰਗਰ ਛੱਕ ਲਉ ਜੀ...।''ਲੰਮੇ ਦਾੜ੍ਹਿਆਂ ਵਾਲੇ ਦਰਸ਼ਨੀ ਸਿੱਖ, ਖਾਣ ਪੀਣ ਦੀਆਂ ਚੀਜ਼ਾਂ ਘੁੰਮ ਘੁੰਮ ਕੇ ਵੰਡ ਰਹੇ ਸਨ। ਮੈਂ ਉਸ ਵੇਲੇ 5 ਸਾਲ ਦਾ ਸੀ ਤੇ ਕੱਚੀ ਜਮਾਤ ਵਿਚ ਕੁੱਝ ਮਹੀਨੇ ਪਹਿਲਾਂ ਹੀ ਮਦਰੱਸੇ ਜਾਣਾ ਸ਼ੁਰੂ ਕੀਤਾ ਸੀ। ਸਾਡੇ ਇਲਾਕੇ ਵਿਚ, ਪਾਕਿਸਤਾਨ ਵਿਚ, ਮਦਰੱਸੇ ਹੀ ਹੋਇਆ ਕਰਦੇ ਸਨ, ਸਰਕਾਰੀ ਜਾਂ ਦੂਜੇ ਸਕੂਲ ਕੋਈ ਨਹੀਂ ਸਨ ਹੁੰਦੇ। ਮੈਨੂੰ ਪਤਾ ਸੀ, ਅਸੀ ਉਸ ਵੇਲੇ ਖ਼ਾਲੀ ਹੱਥ ਸੀ ਤੇ ਭੁੱਜੇ ਛੋਲੇ ਵੀ ਨਹੀਂ ਸੀ ਖ਼ਰੀਦ ਸਕਦੇ। ਮੈਂ ਮਾਂ ਨੂੰ ਪੁਛਿਆ, 'ਭੁੱਜੇ ਛੋਲੇ ਲੈਣ ਜੋਗੇ ਪੈਸੇ ਤਾਂ ਸਾਡੇ ਕੋਲ ਹੈ ਨਹੀਂ...।'' ਮਾਂ ਨੇ ਦਸਿਆ, ''ਨਹੀਂ ਪੁੱਤਰ, ਇਹ ਲੋਕ, ਛੋਲਿਆਂ ਬਦਲੇ ਪੈਸੇ ਨਹੀਂ ਲੈਂਦੇ। ਮੁਫ਼ਤ ਸੇਵਾ ਕਰ ਰਹੇ ਨੇ। ਅੰਬਰਸਰ ਦੇ ਲੋਕ, ਗੁਰੂ ਰਾਮ ਦਾਸ ਦੇ ਸਰੋਵਰ ਦੇ ਛੱਟੇ ਰੋਜ਼ ਮੂੰਹ ਤੇ ਮਾਰਦੇ ਨੇ ਤੇ ਅੰਮ੍ਰਿਤ ਦੀਆਂ ਚੁੱਲੀਆਂ ਭਰ-ਭਰ ਪੀਂਦੇ ਨੇ, ਇਸ ਲਈ ਬੜੇ ਚੰਗੇ ਲੋਕ ਨੇ। ਇਨ੍ਹਾਂ ਨੂੰ ਸਾਡੀ ਤਕਲੀਫ਼ ਦਾ ਪਤਾ ਹੈ, ਇਸ ਲਈ ਹਰ ਚੀਜ਼ ਮੁਫ਼ਤ ਦੇ ਰਹੇ ਨੇ...।'' ਇਹ ਸੀ ਅੰਮ੍ਰਿਤਸਰ ਨਾਲ ਕਰਵਾਈ ਗਈ ਮੇਰੀ ਪਹਿਲੀ ਜਾਣ-ਪਛਾਣ।
ਏਨੇ ਨੂੰ ਨਾਨਾ ਜੀ ਸਾਨੂੰ ਲਭਦੇ ਲਭਦੇ ਸਾਹਮਣੇ ਦਿਸ ਪਏ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਅਸੀ ਇਸ ਗੱਡੀ ਵਿਚ ਆ ਰਹੇ ਹਾਂ। ਉਹ ਸਵੇਰ ਤੋਂ ਸ਼ਾਮ ਤਕ, ਹਰ ਰੋਜ਼, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਆਉਣ ਵਾਲੀ ਹਰ ਗੱਡੀ ਨੂੰ ਫਰੋਲਦੇ ਕਿ ਕੋਈ ਤਾਂ ਗੱਡੀ ਹੋਵੇਗੀ ਜਿਸ ਵਿਚ ਉਨ੍ਹਾਂ ਦੀ ਬੇਟੀ (ਮੇਰੀ ਮਾਂ), ਉਨ੍ਹਾਂ ਦਾ ਜਵਾਈ (ਮੇਰੇ ਪਿਤਾ) ਤੇ ਮੈਂ ਤੇ ਛੋਟੀ ਭੈਣ ਬੈਠੇ ਮਿਲ ਜਾਵਾਂਗੇ। ਸਾਰੇ ਰੋ ਰੋ ਕੇ ਤੇ ਜੱਫੀਆਂ ਪਾ ਕੇ ਮਿਲੇ। ਨਾਨਾ ਜੀ ਸਾਨੂੰ ਘਰ ਲੈ ਗਏ। ਸਾਡੀ ਨਾਨੀ ਤਾਂ ਕਈ ਸਾਲ ਪਹਿਲਾਂ ਮਰ ਚੁੱਕੀ ਸੀ। ਘਰ ਵਿਚ ਇਕ ਆਸਾਮੀ ਸੇਵਾਦਾਰਨੀ ਘਰ ਦਾ ਸਾਰਾ ਕੰਮ ਕਰਦੀ ਸੀ। ਉਸ ਨੇ ਨਾਨਾ ਜੀ ਨੂੰ ਤਰਲੇ ਕੀਤੇ ਕਿ ਉਸ ਨੂੰ ਉਥੇ ਹੀ ਰਹਿ ਕੇ ਸੇਵਾ ਕਰਦੇ ਰਹਿਣ ਦਿਤਾ ਜਾਏ ਕਿਉਂਕਿ ਪਿਛਲੇ 15-20 ਸਾਲਾਂ ਤੋਂ ਉਸ ਦਾ ਆਸਾਮ ਨਾਲ ਕੋਈ ਨਾਤਾ ਨਹੀਂ ਸੀ ਰਿਹਾ ਤੇ ਉਸ ਦੀ ਕੋਈ ਔਲਾਦ ਵੀ ਨਹੀਂ ਸੀ। ਨਾਨਾ ਜੀ ਬੜੇ ਨਰਮ-ਦਿਲ ਤੇ ਸੰਤ-ਸੁਭਾਅ ਮਨੁੱਖ ਸਨ। ਉਹ ਮੰਨ ਗਏ। ਹੌਲੀ ਹੌਲੀ ਬੱਚੇ ਉਸ ਨੂੰ 'ਨਾਨੀ ਜੀ' ਕਹਿ ਕੇ ਬੁਲਾਉਣ ਲੱਗ ਪਏ ਤੇ ਉਸ ਨਕਲੀ ਨਾਨੀ ਨੇ ਸੱਭ ਕੁੱਝ ਅਪਣੇ ਨਾਂ ਕਰਵਾ ਲਿਆ। ਜਦ ਅਸੀ ਘਰ ਪਹੁੰਚੇ ਤਾਂ ਨਾਨੀ ਦੇ ਮੱਥੇ ਤੇ ਤਿਊੜੀਆਂ ਵੇਖ ਕੇ ਸਾਰੇ ਘਬਰਾ ਗਏ। ਬੋਲੀ, ''ਹੁਣੇ ਹੁਣੇ ਸਰਕਾਰ ਦਾ ਬੰਦਾ ਗਲੀ ਵਿਚ ਆ ਕੇ ਸਰਕਾਰੀ ਐਲਾਨ ਸੁਣਾ ਕੇ ਗਿਐ ਕਿ ਕਿਸੇ ਰਿਸ਼ਤੇਦਾਰ ਨੂੰ ਘਰ ਵਿਚ ਰੱਖਣ ਦੀ ਆਗਿਆ ਨਹੀਂ। ਜਿਹੜਾ ਬਾਹਰੋਂ ਆਏ ਕਿਸੇ ਰਿਸ਼ਤੇਦਾਰ ਨੂੰ ਘਰ ਵਿਚ ਰੱਖੇਗਾ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ। ਇਨ੍ਹਾਂ ਨੂੰ ਛੇਤੀ ਛੇਤੀ ਦਾਲ ਫੁਲਕਾ ਖਵਾ ਕੇ ਦਰਬਾਰ ਸਾਹਿਬ ਛੱਡ ਆਉ, ਮੈਂ ਘਰ ਵਿਚ ਰੱਖ ਕੇ ਕੋਈ ਮੁਸੀਬਤ ਨਹੀਂ ਸਹੇੜ ਸਕਦੀ।''ਨਾਨਾ ਜੀ ਨੇ ਬੜਾ ਸਮਝਾਇਆ ਕਿ ਇਹ ਮੇਰੇ ਧੀ ਜਵਾਈ ਨੇ, ਇਨ੍ਹਾਂ ਨੂੰ ਘਰ ਵਿਚ ਰਖਣੋਂ ਕੋਈ ਨਹੀਂ ਰੋਕਦਾ, ਸਰਕਾਰ ਤਾਂ ਬਸ ਏਨਾ ਹੀ ਚਾਹੁੰਦੀ ਹੈ ਕਿ ਅਣਜਾਣੇ ਸ਼ਰਾਰਤੀ ਲੋਕ, ਬਾਹਰੋਂ ਆ ਕੇ ਰਿਸ਼ਤੇਦਾਰੀ ਦਾ ਪੱਜ ਪਾ ਕੇ, ਘਰਾਂ ਵਿਚ ਨਾ ਠਹਿਰ ਸਕਣ। ਅਪਣੇ ਬੱਚਿਆਂ ਨੂੰ ਘਰ ਵਿਚ ਰੱਖਣ ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ। ਪਰ ਮਤਰਈ ਨਾਨੀ ਤੇ ਕੋਈ ਅਸਰ ਨਾ ਹੋਇਆ ਤੇ ਉਹ ਤਣ ਕੇ, ਆਸਾਮੀ ਅੰਦਾਜ਼ ਵਿਚ ਬੋਲੀ, ''ਇਨ੍ਹਾਂ ਨੂੰ ਦਰਬਾਰ ਸਾਹਿਬ ਛੱਡ ਆ ਬੰਦਿਆ ਨਹੀਂ ਤਾਂ ਮੈਂ ਪੁਲੀਸ ਨੂੰ ਖ਼ਬਰ ਕਰ ਦਿਆਂਗੀ।''ਸੰਤ-ਸੁਭਾਅ ਨਾਨਾ ਜੀ ਰੋਂਦੇ ਰੋਂਦੇ ਸਾਨੂੰ ਦਰਬਾਰ ਸਾਹਿਬ ਲੈ ਗਏ। ਪਰਕਰਮਾ ਵਿਚ ਸੈਂਕੜੇ ਲੋਕ ਚਾਦਰਾਂ ਵਿਛਾ ਕੇ ਰਾਤ ਕੱਟਣ ਲਈ ਥਾਂ ਲੱਭ ਰਹੇ ਸਨ। ਅਧਖੜ ਉਮਰ ਦੇ ਇਕ ਸਰਦਾਰ ਜੀ ਆ ਕੇ ਨਾਨਾ ਜੀ ਨੂੰ ਪੁੱਛਣ ਲਗੇ, ''ਪਾਕਿਸਤਾਨੋਂ ਆਏ ਹੋ? ਛੋਟੇ ਬੱਚਿਆਂ ਨਾਲ ਇਥੇ ਕਿਵੇਂ ਰਹੋਗੇ? ਔਹ ਸਾਹਮਣੇ ਮੇਰਾ ਘਰ ਹੈ। ਮੇਰੀ ਪਤਨੀ ਪੇਕੇ ਗਈ ਹੋਈ ਹੈ। ਚਾਹੋ ਤਾਂ ਹਫ਼ਤਾ ਭਰ ਮੇਰੇ ਕੋਲ ਰਹਿ ਸਕਦੇ ਹੋ।''ਘਰ ਕੀ ਸੀ, ਨਿਰਾ ਸਵਰਗ ਸੀ। ਰੋਟੀ ਪਾਣੀ ਦੀ ਚੰਗੀ ਸੇਵਾ ਉਨ੍ਹਾਂ ਕੀਤੀ। ਮਾਂ ਨੇ ਚੌਕਾ ਸੰਭਾਲ ਲਿਆ। ਰਾਤ ਮੰਜੇ ਤੇ ਪਏ ਤਾਂ ਦਰਬਾਰ ਸਾਹਿਬ ਵਿਚ ਹੋ ਰਿਹਾ ਕੀਰਤਨ ਸਾਫ਼ ਸੁਣਾਈ ਦੇਂਦਾ ਸੀ ਤੇ ਸਵਰਗ-ਨਾਦ ਵਾਂਗ ਲਗਦਾ ਸੀ। ਸਵੇਰੇ ਉਠਦੇ ਤਾਂ ਵੀ ਕੀਰਤਨ ਦੀਆਂ ਧੁਨੀਆਂ ਮਨ ਨੂੰ ਮੋਹ ਲੈਂਦੀਆਂ ਸਨ। 70 ਸਾਲ ਮਗਰੋਂ ਵੀ ਮੈਂ ਅੱਜ ਤਕ ਕੀਰਤਨ ਦਾ ਉਹ ਸਵਾਦ ਨਹੀਂ ਭੁਲ ਸਕਿਆ। ਇੰਜ ਲਗਦਾ ਸੀ ਜਿਵੇਂ ਸਵਰਗ ਦੇ ਝੂਟੇ ਦਿਵਾਉਣ ਲਈ ਹੀ ਰੱਬ ਨੇ ਰੀਫ਼ੀਊਜੀ ਬਣਾਇਆ ਸੀ। ਮਾਂ ਬੜੀ ਖ਼ੁਸ਼ ਹੋ ਕੇ ਮੈਨੂੰ ਕਹਿੰਦੀ, ''ਮੈਂ ਤੈਨੂੰ ਕਹਿੰਦੀ ਸੀ ਨਾ, ਅੰਮ੍ਰਿਤਸਰ ਦੇ ਲੋਕ ਬੜੇ ਚੰਗੇ ਨੇ। ਇਥੋਂ ਰੋਜ਼ ਚਰਨਾਮਰਤ ਲੈਣ ਵਾਲੇ, ਕਦੇ ਕਿਸੇ ਬੁਰੀ ਗੱਲ ਬਾਰੇ ਸੋਚ ਹੀ ਨਹੀਂ ਸਕਦੇ। ਲੜਦੇ ਤਾਂ ਬਿਲਕੁਲ ਵੀ ਨਹੀਂ। ਨਾਨਾ ਜੀ ਨੂੰ ਤਾਂ ਤੂੰ ਵੇਖ ਈ ਲਿਐ, ਨਾਨੀ ਨਾਲ ਲੜੇ ਨਹੀਂ ਭਾਵੇਂ ਉਸ ਦੇ ਕਲੇਜੇ ਵਿਚ ਠੰਢ ਪਾਉਣ ਲਈ, ਬੱਚਿਆਂ ਨੂੰ ਦਰਬਾਰ ਸਾਹਿਬ, ਗੁਰੂ ਰਾਮ ਦਾਸ ਦੇ ਹਵਾਲੇ ਵੀ ਕਰਨਾ ਪਿਆ ਤਾਂ ਕਰ ਦਿਤਾ। ਇਥੇ ਲੜਨਾ ਕਿਸੇ ਨੂੰ ਆਉਂਦਾ ਹੀ ਨਹੀਂ।''