ਆਉ, ਕਰਤਾਰਪੁਰ ਚਲੀਏ। ਇਸ ਗੱਲ ਦਾ ਕੋਈ ਫ਼ਿਕਰ ਨਾ ਕਰੋ ਕਿ ਕਰਤਾਰਪੁਰ ਇਸ ਵੇਲੇ ਪਾਕਿਸਤਾਨ ਵਿਚ ਹੈ। ਬਾਬੇ ਨਾਨਕ ਨੇ ਉਥੇ, ਜ਼ਿੰਦਗੀ ਦੇ ਆਖ਼ਰੀ 14 ਸਾਲ ਬਿਤਾਏ ਸਨ ਤੇ ਆਪ ਨੇ ਇਹ ਦਿਨ ਇਕ ਗੱਦੀ ਉਪਰ ਬੈਠ ਕੇ, ਲੋਕਾਂ ਨੂੰ, ਸਾਧਾਂ ਵਾਂਗ, ਵਰ ਸਰਾਪ ਦੇਂਦਿਆਂ ਨਹੀਂ ਸਨ ਬਿਤਾਏ ਸਗੋਂ 'ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ' ਦੇ ਅਪਣੇ ਅਸੂਲਾਂ ਨੂੰ ਅਮਲੀ ਰੂਪ ਦੇਂਦਿਆਂ ਬਿਤਾਏ ਸਨ। ਆਪ ਨੇ ਇਕ ਦਿਨ ਲਈ ਵੀ, ਲੋਕਾਂ ਵਲੋਂ ਦਿਤੀ ਮਾਇਆ ਜਾਂ ਭੋਜਨ ਨਾਲ ਜੀਵਨ ਨਿਰਬਾਹ ਨਹੀਂ ਸੀ ਕੀਤਾ ਸਗੋਂ ਆਪ ਹਰ ਰੋਜ਼ ਦਸਾਂ ਨਹੁੰਆਂ ਦੀ ਕਿਰਤ ਕਰ ਕੇ, ਕਿਰਤ-ਕਮਾਈ ਦੀ ਰੋਟੀ ਛਕਿਆ ਕਰਦੇ ਸਨ। ਅੱਜ ਵੀ ਕੋਈ ਜਾ ਕੇ ਲੱਭਣ ਦੀ ਕੋਸ਼ਿਸ਼ ਕਰੇ ਤਾਂ ਬਾਬੇ ਨਾਨਕ ਦੇ ਮੁੜ੍ਹਕੇ ਦੀ ਖ਼ੁਸ਼ਬੋ ਨੂੰ, ਉਥੋਂ ਦੇ ਖੇਤਾਂ ਵਿਚ ਲੱਭ ਸਕਦਾ ਹੈ ਤੇ ਬਾਬੇ ਨਾਨਕ ਦੀ ਕੋਈ ਨਾ ਕੋਈ ਅਸਲ ਯਾਦਗਾਰ, ਕਿਸੇ ਸ਼ਰਧਾਲੂ ਦੇ ਘਰੋਂ ਵੀ ਲੱਭ ਹੀ ਲਵੇਗਾ। ਮੈਨੂੰ ਤਾਂ ਇਹ ਵੀ ਦਸਿਆ ਗਿਆ ਹੈ ਕਿ ਬਾਬੇ ਨਾਨਕ ਦੀ ਹੱਥ ਲਿਖਤ 'ਪੋਥੀ' ਜੋ ਆਪ ਹਰ ਸਮੇਂ ਅਪਣੀ ਕੱਛ ਵਿਚ ਚੁੱਕੀ ਫਿਰਦੇ ਸਨ (ਆਸਾ ਹਥ ਕਿਤਾਬ ਕੱਛ), ਉਸ ਦੇ ਉਤਾਰੇ ਵੀ ਉਥੇ ਕੁੱਝ ਭਲੇ ਲੋਕਾਂ ਕੋਲ ਮੌਜੂਦ ਹਨ। ਇਹ ਉਤਾਰੇ ਬਿਰਧ ਬੀੜਾਂ ਦਾ ਸਸਕਾਰ ਕਰਨ ਵਾਲਿਆਂ ਦੀ ਨਜ਼ਰ ਤੋਂ ਬਚੇ ਕਿਵੇਂ ਰਹਿ ਗਏ, ਇਸ ਦਾ ਭੇਤ ਉਦੋਂ ਹੀ ਖੁਲ੍ਹੇਗਾ ਜਦੋਂ ਇਹ ਪ੍ਰਗਟ ਹੋ ਕੇ ਸਾਡੇ ਸਾਹਮਣੇ ਆ ਗਏ।ਖ਼ੈਰ, ਇਸ ਵੇਲੇ ਜਿਹੜਾ ਲਿਖਤੀ ਇਤਿਹਾਸ ਉਪਲਭਦ ਹੈ ਤੇ ਜਿਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ, ਉਹ ਇਹ ਹੈ ਕਿ ਬਾਬਾ ਨਾਨਕ, ਸਾਧ ਬਣਨ ਲਈ ਧਾਰੇ ਜਾਂਦੇ ਭੇਖ ਦੇ ਸਖ਼ਤ ਵਿਰੋਧੀ ਸਨ। ਉਦਾਸੀਆਂ (ਅਸਲ ਵਿਚ ਯਾਤਰਾਵਾਂ) ਖ਼ਤਮ ਕਰਨ ਮਗਰੋਂ, ਉੁਨ੍ਹਾਂ ਨੇ ਅਪਣਾ ਭੇਖ (ਚੋਲਾ) ਵਗਾਹ ਮਾਰਿਆ ਸੀ ਤੇ ਉਸ ਮਗਰੋਂ ਉੁਨ੍ਹਾਂ ਨੇ ਬਾਕੀ ਦਾ ਜੀਵਨ, ਇਕ ਸਾਧਾਰਣ ਮਨੁੱਖ ਵਾਲੇ ਕਪੜੇ ਪਾ ਕੇ ਹੀ, ਖੇਤੀ ਕੀਤੀ, ਅਸਲ ਧਰਮ ਦਾ ਪ੍ਰਚਾਰ ਕੀਤਾ ਤੇ ਵੰਡ ਕੇ ਛਕਣ ਦੀ ਜੀਵਨ ਜਾਚ ਦੱਸੀ। ਅਪਣੇ ਪੁੱਤਰਾਂ ਨੂੰ ਉੁਨ੍ਹਾਂ ਨੇ ਜਦੋਂ ਖੇਤਾਂ ਵਿਚ ਚਲ ਕੇ ਹੱਲ ਵਾਹੁਣ ਲਈ ਕਿਹਾ ਤਾਂ ਉੁਨ੍ਹਾਂ ਦਾ ਜਵਾਬ ਸੀ ਕਿ ਉਹ ਕਿਸਾਨ ਦੇ ਪੁੱਤਰ ਨਹੀਂ ਹਨ ਸਗੋਂ ਨਾਨਕ ਦੇ ਪੁੱਤਰ ਹਨ ਜਿਸ ਨੂੰ ਹਿੰਦੂ, ਅਪਣਾ ਗੁਰੂ ਤੇ ਮੁਸਲਮਾਨ ਅਪਣਾ ਪੀਰ ਸਮਝਦੇ ਸਨ, ਇਸ ਲਈ ਉੁਨ੍ਹਾਂ ਨੂੰ ਹੱਲ ਵਾਹੁਣ ਦੀ ਕੋਈ ਲੋੜ ਨਹੀਂ ਤੇ ਉਹ ਤਾਂ ਗੱਦੀ ਲਗਾ ਕੇ ਜਿਥੇ ਵੀ ਬੈਠ ਜਾਣਗੇ, ਉੁਨ੍ਹਾਂ ਅੱਗੇ ਮਨ-ਇੱਛਤ ਭੋਜਨਾਂ ਦੇ ਢੇਰ ਲੱਗ ਜਾਣਗੇ।