ਬਾਦਲ-ਰਾਜ ਦੇ 'ਪੰਥਕ ਸਮਾਗਮਾਂ' ਅਤੇ ਪੰਥਕ ਚੋਣ-ਰਾਜਨੀਤੀ ਦੇ 'ਹੀਰੇ' ਆਸਾਰਾਮ ਤੇ ਸੌਧਾ ਸਾਧ, ਬਲਾਤਕਾਰ ਦੇ ਦੋਸ਼ੀ ਬਣ ਕੇ ਜੇਲਾਂ ਵਿਚ ਕਿਉਂ ਬੈਠੇ ਹਨ?
ਸੌਦਾ ਸਾਧ ਨੇ ਤਾਂ ਮੈਨੂੰ ਵੀ ਅਕਾਲ ਤਖ਼ਤ ਵਿਰੁਧ ਸਾਂਝਾ ਮੋਰਚਾ ਬਣਾਉਣ ਦੀ ਦਾਅਵਤ ਦਿਤੀ ਸੀ...
ਜੋਗਿੰਦਰ ਸਿੰਘ
ਸ਼੍ਰੋ ਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਕਲਕੱਤਾ ਮੇਰੇ ਕੋਲ ਬੈਠੇ ਸਨ। ਮੈਂ ਉਨ੍ਹਾਂ ਨੂੰ ਗਿਲਾ ਕੀਤਾ ਕਿ ਸਿੱਖ
ਧਰਮ
ਤਾਂ ਕਿਰਤੀਆਂ, ਮਿਹਨਤਕਸ਼ਾਂ ਤੇ ਸੋਚਵਾਨ ਜਾਂ ਵਿਦਵਾਨ ਲੋਕਾਂ ਦਾ 'ਧਰਮ' ਹੈ ਪਰ ਅਜਕਲ
ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਸਮਾਗਮ ਹੁੰਦੇ ਹਨ, ਸਟੇਜਾਂ ਉਤੇ ਸਿਆਸਤਦਾਨਾਂ ਤੋਂ
ਇਲਾਵਾ ਸਾਰੇ ਹੀ ਵਿਹਲੜ ਬਾਬੇ ਸਜੇ ਹੋਏ ਹੁੰਦੇ ਹਨ ਤੇ ਮਿਹਨਤਕਸ਼ ਜਾਂ ਵਿਦਵਾਨ ਤਾਂ ਦੂਰ
ਦੂਰ ਵੀ ਕੋਈ ਨਜ਼ਰ ਨਹੀਂ ਆਉਂਦਾ। ਉਹ ਜਵਾਬ ਦੇਣ ਲਗਿਆਂ ਥਥਲਾ ਜਹੇ ਗਏ ਤੇ ਬੜੀ ਮੁਸ਼ਕਲ
ਨਾਲ ਬੋਲ ਸਕੇ, ''ਨਹੀਂ ਨਹੀਂ, ਅਸੀ ਕੋਸ਼ਿਸ਼ ਤਾਂ ਕਰਦੇ ਹਾਂ ਕਿ ਸਾਰੇ ਆਉਣ ਪਰ...।''
ਇਹ
ਉਹ ਭਲਾ ਸਮਾਂ ਸੀ ਜਦੋਂ 'ਟੌਹੜਾ ਰਾਜ' ਅਜੇ ਸ਼੍ਰੋਮਣੀ ਕਮੇਟੀ ਵਿਚ ਚਲ ਰਿਹਾ ਸੀ ਤੇ ਕਈ
ਵਿਦਵਾਨ ਕਿਸਮ ਦੇ ਲੋਕ ਵੀ ਜਥੇਦਾਰ ਟੌਹੜਾ ਦੇ ਸਾਥੀ ਬਣੇ ਹੋਏ ਸਨ। ਪਰ ਜਥੇਦਾਰ ਟੌਹੜਾ
ਤੋਂ ਬਾਅਦ ਤਾਂ ਹਾਲਤ ਇਹ ਹੋ ਗਈ ਕਿ ਬਾਦਲ ਰਾਜ ਵਿਚ ਹੁੰਦੇ ਹਰ 'ਪੰਥਕ' ਸਮਾਗਮ ਵਿਚ ਹੋਰ
ਕੋਈ ਸਿੱਖ ਧਾਰਮਕ ਹਸਤੀ ਸਟੇਜ ਤੇ ਹੋਵੇ ਨਾ ਹੋਵੇ, ਤਿੰਨ ਗ਼ੈਰ-ਸਿੱਖ ਜ਼ਰੂਰ ਹੁੰਦੇ ਸਨ ¸
ਆਸਾ ਰਾਮ, ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਇਕ ਦੋ ਬੀ.ਜੇ.ਪੀ. ਦੇ ਲੀਡਰ। ਬੋਲਣ ਵੀ ਕੇਵਲ
ਇਨ੍ਹਾਂ ਨੂੰ ਹੀ ਦਿਤਾ ਜਾਂਦਾ ਸੀ ਤੇ ਇਹ ਭਾਵੇਂ ਅਕਸਰ ਹੀ, ਸਿੱਖ ਸਟੇਜਾਂ ਤੋਂ, ਸਿੱਖਾਂ
ਨੂੰ ਦੁਖੀ ਕਰਨ ਵਾਲੀਆਂ ਗੱਲਾਂ ਕਰ ਜਾਂਦੇ ਸਨ ਪਰ ਕਿਸੇ ਦੀ ਮਜਾਲ ਨਹੀਂ ਸੀ ਹੁੰਦੀ ਕਿ
ਉਹ ਇਨ੍ਹਾਂ ਨੂੰ ਟੋਕ ਸਕੇ। ਮਗਰੋਂ ਦੂਜੇ ਸਿੱਖ, ਉਨ੍ਹਾਂ ਵਿਰੁਧ ਅਖ਼ਬਾਰੀ ਬਿਆਨ ਦੇ ਕੇ
ਅਪਣੀ 'ਜ਼ਬਾਨ ਦਾ ਚਸਕਾ' ਪੂਰਾ ਕਰ ਲੈਂਦੇ ਸਨ ਤੇ ਬਸ!
ਅਕਾਲੀ ਸਟੇਜ ਉਤੇ ਉਪਰ ਦੱਸੇ
ਬਾਬੇ ਤੇ ਬੀ.ਜੇ.ਪੀ. ਦੇ ਮੋਦੀ, ਸੁਸ਼ਮਾ ਸਵਰਾਜ ਜਾਂ ਨਿਤਿਨ ਗਡਕਰੀ ਆਦਿ ਤਾਂ ਸੁਭਾਇਮਾਨ
ਹੁੰਦੇ ਹੀ ਸਨ ਪਰ ਇਕ ਬਾਬਾ ਐਸਾ ਵੀ ਸੀ ਜੋ ਅਕਾਲੀ ਸਮਾਗਮਾਂ ਵਿਚ ਆਪ ਤਾਂ ਨਹੀਂ ਸੀ
ਆਉਂਦਾ ਪਰ ਅਕਾਲੀ ਲੀਡਰਾਂ ਨੂੰ ਅਪਣੇ ਦਰਬਾਰ ਵਿਚ ਹਾਜ਼ਰੀਆਂ ਲਵਾਉਣ ਲਈ ਬਾਕਾਇਦਾ
ਬੁਲਾਉਂਦਾ ਰਹਿੰਦਾ ਸੀ ¸ ਤੁਹਾਡਾ ਇਸ ਸਮੇਂ ਜੇਲ੍ਹ ਵਿਚ ਬੈਠਾ ਗੁਰਮੀਤ ਰਾਮ ਰਹੀਮ ਅਰਥਾਤ
ਸੌਦਾ ਸਾਧ। ਉਹ ਆਪ ਉੱਚੇ ਮਚਾਨ ਤੇ ਬੈਠ ਕੇ, ਅਕਾਲੀ ਲੀਡਰਾਂ ਨੂੰ ਹੇਠਾਂ ਨੀਵੀਂ ਥਾਂ
ਤੇ ਬੈਠ ਕੇ ਮੱਥਾ ਟੇਕਣ ਲਈ ਮਜਬੂਰ ਕਰਦਾ ਸੀ। ਮਾਸਕੋ ਵਿਚ ਲੈਨਿਨ ਦਾ ਮਕਬਰਾ ਵੀ ਇਸ
ਤਰ੍ਹਾਂ ਬਣਿਆ ਹੋਇਆ ਹੈ ਕਿ ਜਿਹੜਾ ਵੀ ਉਥੇ ਜਾਂਦਾ ਹੈ, ਉਹ ਸਿਰ ਨੀਵਾਂ ਕਰ ਕੇ ਹੀ
ਲੈਨਿਨ ਦਾ ਮਕਬਰਾ (ਕਬਰ) ਵੇਖ ਸਕਦਾ ਹੈ। ਬਾਬੇ ਨੇ ਸ਼ਿਕਾਰੀਆਂ ਵਾਲਾ ਮਚਾਨ ਇਸ ਤਰ੍ਹਾਂ
ਬਣਾਇਆ ਹੋਇਆ ਹੈ ਕਿ ਹਰ ਸਿਆਸਤਦਾਨ ਪਹਿਲਾਂ ਮੱਥਾ ਟੇਕੇ, ਫਿਰ ਸਾਧ ਦਾ 'ਹੁਕਮ' ਪ੍ਰਾਪਤ
ਕਰੇ। ਅਕਾਲੀ ਲੀਡਰ ਖ਼ੁਸ਼ੀ ਖ਼ੁਸ਼ੀ ਇਹ ਸੇਵਾ ਨਿਭਾਉਂਦੇ ਸਨ ਤੇ ਇਸ 'ਜ਼ਲਾਲਤ' ਵਾਲੇ ਸਲੂਕ
ਨੂੰ ਵੀ, ਮੱਥੇ ਤੇ ਵੱਟ ਪਾਏ ਬਿਨਾ, ਸਿਰ ਮੱਥੇ ਸਹਿ ਲੈਂਦੇ ਸਨ ਤਾਕਿ ਬਾਬੇ ਦੇ ਮੂੰਹੋਂ
ਇਹ ਇਕ ਫ਼ਿਕਰਾ ਸੁਣ ਸਕਣ ਕਿ, ''ਜਾਉ ਸਿਆਸੀ ਬੱਚੋ! ਮੇਰੇ ਪ੍ਰੇਮੀ ਇਸ ਬਾਰ ਵੋਟ ਤੁਮ ਕੋ
ਹੀ ਦੇਂਗੇ ਔਰ ਸਰਕਾਰ ਤੁਮਹਾਰੀ ਹੀ ਬਨਵਾ ਦੇਂਗੇ।''
ਬਸ ਇਹ ਫ਼ਿਕਰਾ ਸੁਣ ਕੇ ਹੀ 'ਪੰਥ
ਦੇ ਮਾਲਕ' ਨਚਦੇ ਟਪਦੇ ਤੇ ਇਕ ਦੂਜੇ ਨੂੰ ਵਧਾਈਆਂ ਦੇਂਦੇ ਬਾਹਰ ਆ ਜਾਂਦੇ ਤੇ ਬਾਹਰ ਆ
ਕੇ ਗੇਟ ਟੱਪਣ ਤੋਂ ਪਹਿਲਾਂ ਬਾਬੇ ਦੀ 'ਗੁਫ਼ਾ' ਨੂੰ ਵੀ ਝੁਕ ਝੁਕ ਕੇ ਸੌ ਸਲਾਮਾਂ ਕਰਨੋਂ
ਨਾ ਚੂਕਦੇ।
ਸੋ ਪਿਛਲੇ ਕਈ ਦਹਾਕਿਆਂ ਤੋਂ ਇਹੀ ਲੋਕ ਪੰਥਕ ਤੇ ਸਰਕਾਰੀ ਸਟੇਜਾਂ ਦੇ
'ਹੀਰੋ' ਬਣੇ ਚਲੇ ਆ ਰਹੇ ਹਨ ਜੋ ਪੰਥ ਦੇ ਘਰ ਵਿਚ ਆ ਕੇ ਵੀ ਪੰਥ ਨੂੰ ਜੋ ਬੁਰਾ ਭਲਾ
ਕਹਿਣਾ ਚਾਹੁੰਦੇ, ਕਹਿ ਜਾਂਦੇ ਪਰ ਫਿਰ ਵੀ ਪੰਥਕ ਸਟੇਜਾਂ ਦੇ ਹੀਰੋ ਬਣੇ ਰਹਿੰਦੇ। ਕਿਸੇ
ਸਿੱਖ ਵਿਦਵਾਨ ਨੂੰ ਉਸ ਸਮੇਂ, ਨੇੜੇ ਤੇੜੇ ਵੀ ਨਹੀਂ ਸੀ ਬਹਿਣ ਦਿਤਾ ਜਾਂਦਾ ਮਤੇ ਉਹ
ਕੁੱਝ ਬੋਲ ਹੀ ਨਾ ਦੇਵੇ। ਯਕੀਨ ਨਾ ਆਵੇ ਤਾਂ ਅੰਮ੍ਰਿਤਸਰ ਦੀ ਸਥਾਪਨਾ ਸ਼ਤਾਬਦੀ ਸਮਾਗਮਾਂ,
ਗੁਰੂ ਗ੍ਰੰਥ ਸਾਹਿਬ ਤ੍ਰਿਸ਼ਤਾਬਦੀ ਸਮਾਗਮਾਂ, ਵਿਰਾਸਤ-ਏ-ਖ਼ਾਲਸਾ ਉਦਘਾਟਨੀ ਸਮਾਗਮਾਂ
ਸਮੇਂ ਕਿਸੇ ਵੀ ਵੱਡੇ ਸਮਾਗਮ ਦੀ ਫ਼ਿਲਮ ਕੱਢ ਕੇ ਚਲਵਾ ਲਉ ਤੇ ਵੇਖ ਲਉ ਕਿ ਸੱਚ ਕੀ ਹੈ।
ਅੱਜ 'ਉੱਚਾ ਦਰ ਬਾਬੇ ਨਾਨਕ ਦਾ' ਦਾ ਟੀ.ਵੀ. ਚੈਨਲ ਸ਼ੁਰੂ ਹੋ ਗਿਆ ਹੁੰਦਾ ਤਾਂ ਅਸੀ ਆਪ
ਇਹ ਸੇਵਾ ਕਰ ਦੇਣੀ ਸੀ ਤੇ ਨਾਲ ਹੀ 'ਪੰਥ ਦੇ ਮਾਲਕਾਂ' ਨੂੰ ਕਹਿਣਾ ਸੀ ਕਿ ਇਕ ਮਤਾ ਪਾਸ
ਕਰਨ ਕਿ :
''ਜਿਹੜੇ ਜਿਹੜੇ ਵੱਡੇ 'ਬਾਬੇ' ਪੰਥ ਦੀਆਂ ਸਟੇਜਾਂ ਦਾ ਸ਼ਿੰਗਾਰ ਬਣਦੇ ਹਨ
ਜਾਂ ਪੰਥ ਨੂੰ ਵੋਟਾਂ ਦਿਵਾ ਕੇ ਜਿਤਾਉਂਦੇ ਹਨ, ਉਨ੍ਹਾਂ ਉਤੇ ਸੋਚੀ ਸਮਝੀ ਸਾਜ਼ਸ਼ ਅਧੀਨ
ਬਲਾਤਕਾਰ ਜਿਹੇ ਘਿਨਾਉਣੇ ਦੋਸ਼ ਲਾ ਕੇ ਉਨ੍ਹਾਂ ਨੂੰ ਜੇਲ੍ਹ ਵਿਚ ਸੁਟ ਦਿਤਾ ਜਾਂਦਾ ਹੈ
ਜਦਕਿ ਹਜ਼ਾਰਾਂ ਦੂਜੇ ਬਾਬੇ ਵੀ ਕਈ ਗੰਭੀਰ ਅਪਰਾਧ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਕੋਈ
ਹੱਥ ਵੀ ਨਹੀਂ ਲਾਉਂਦਾ। ਪੰਥ ਨਾਲ ਕੀਤਾ ਜਾਂਦਾ ਇਹ ਧੱਕਾ ਬਰਦਾਸ਼ਤ ਕਰਨਾ ਔਖਾ ਹੋ ਰਿਹਾ
ਹੈ ਤੇ ਪੰਥ ਦੇ ਮਾਲਕਾਂ ਦਾ ਇਹ ਇਕੱਠ ਮੰਗ ਕਰਦਾ ਹੈ ਕਿ ਪੰਥਕ ਸਟੇਜ ਦੇ ਚਮਕਦੇ
ਸਿਤਾਰਿਆਂ ਵਿਰੁਧ ਤੁਰਤ ਸਾਰੇ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਐਸਾ
ਨਾ ਹੋਵੇ ਕਿ ਮਜਬੂਰ ਹੋ ਕੇ ਪੰਥ ਨੂੰ ਕੋਈ ਵੱਡਾ ਮੋਰਚਾ ਲਾ ਕੇ ਜੇਲ੍ਹ ਵਿਚ ਗਏ ਮਹਾਨ
ਬਾਬਿਆਂ ਅਰਥਾਤ ਸ੍ਰੀ 108 ਆਸਾ ਰਾਮ ਜੀ ਤੇ ਸ੍ਰੀ 216 ਗੁਰਮੀਤ ਰਾਮ ਜੀ ਆਦਿ ਦੀ ਰਿਹਾਈ
ਲਈ ਯਤਨ ਕਰਨੇ ਪੈਣ ਤੇ ਕਿਸੇ ਹੋਰ ਬਾਬੇ ਨੂੰ ਜੇਲ੍ਹ ਵਿਚ ਭੇਜਣ ਦੀ ਸਾਜ਼ਸ਼ ਨੂੰ ਨਾਕਾਮ
ਕਰਨ ਲਈ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਣ।''
ਬੜਾ ਦੁਖ ਹੁੰਦਾ ਸੀ ਜਦੋਂ 'ਪੰਥ ਦੇ
ਮਹਾਨ ਨੇਤਾਵਾਂ' ਨੂੰ ਨੀਲੀਆਂ ਪੱਗਾਂ, ਖੁਲ੍ਹੇ ਦਾਹੜਿਆਂ ਤੇ ਪ੍ਰਮਾਤਮਾ ਤੋਂ ਬਿਨਾਂ
ਕਿਸੇ ਹੋਰ ਅੱਗੇ ਸਿਰ ਨਾ ਝੁਕਾਉਣ ਦੀਆਂ ਪ੍ਰਤੀਕ ਕ੍ਰਿਪਾਨਾਂ ਧਾਰਨ ਕਰ ਕੇ ਬਾਬੇ ਅੱਗੇ,
ਵੋਟਾਂ ਖ਼ਾਤਰ ਲੇਲ੍ਹੜੀਆਂ ਕਢਦੇ ਵੇਖਦੇ ਸੀ। ਜਿਉਂ ਜਿਉਂ ਇਨ੍ਹਾਂ ਲੀਡਰਾਂ ਨੂੰ ਪਤਾ ਲਗਦਾ
ਸੀ ਕਿ ਸਿੱਖ ਵੋਟਰ ਇਨ੍ਹਾਂ ਤੋਂ ਦੂਰ ਹੋ ਰਹੇ ਹਨ, ਇਹ ਸਿੱਖ ਵੋਟਰਾਂ ਨੂੰ ਅਪਣੇ ਨੇੜੇ
ਲਿਆਉਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਬਾਬਿਆਂ, ਸਿੱਖ ਵਿਰੋਧੀਆਂ ਤੇ ਸਿੱਖੀ ਦੇ ਦੁਸ਼ਮਣਾਂ ਦੇ
ਨੇੜੇ ਹੁੰਦੇ ਜਾਂਦੇ ਸਨ ਤਾਕਿ ਸਿੱਖ ਵੋਟ ਦੀ ਕਮੀ ਨੂੰ, ਉਹ ਲੋਕ ਪੂਰੀ ਕਰ ਦੇਣ। ਪੰਥ
ਦੇ ਇਨ੍ਹਾਂ 'ਮਾਲਕਾਂ' ਨੂੰ ਮੈਂ ਕਦੇ ਵੀ ਸਿੱਖ ਵੋਟਰਾਂ, ਸਿੱਖੀ ਵਿਚ ਪ੍ਰਪੱਕ ਲੋਕਾਂ ਤੇ
ਸਿੱਖ ਵਿਦਵਾਨਾਂ ਦੇ ਪਿੱਛੇ ਦੌੜਦਿਆਂ ਨਹੀਂ ਵੇਖਿਆ। ਜਦ ਵੀ ਵੇਖਿਆ, ਸੌਦਾ ਸਾਧ, ਆਸਾ
ਰਾਮ, ਸ਼੍ਰੀ ਸ਼੍ਰੀ ਰਵੀ ਤੇ 'ਹਿੰਦੂਤਵੀ' ਲੀਡਰਾਂ ਪਿੱਛੇ ਹੀ ਦੌੜਦਿਆਂ ਵੇਖਿਆ।
ਹੁਣ
ਵੀ ਜਦ ਸੌਦਾ ਸਾਧ ਦੇ ਕਾਫ਼ੀ ਸਾਰੇ ਚੇਲਿਆਂ ਨੇ ਸਾਧ ਨੂੰ ਗਿੜਗੜਾਉਂਦਿਆਂ ਤੇ ਰੋਂਦਿਆਂ
ਵੇਖ ਕੇ, ਉਸ ਨੂੰ ਬੇਦਾਵਾ ਦੇਣ ਦਾ ਕਾਰਜ ਸ਼ੁਰੂ ਕਰ ਦਿਤਾ ਹੈ ਤਾਂ ਆਰ.ਐਸ.ਐਸ. ਨੇ ਇਕ
ਜ਼ੋਰਦਾਰ ਪ੍ਰੋਗਰਾਮ ਤਿਆਰ ਕਰ ਲਿਆ ਹੈ ਕਿ ਬਾਬੇ ਦੇ ਸਾਰੇ ਹਿੰਦੂ ਪੈਰੋਕਾਰਾਂ ਨੂੰ
ਆਰ.ਐਸ.ਐਸ. ਦੇ ਪ੍ਰਭਾਵ ਹੇਠ ਲਿਆਂਦਾ ਜਾਵੇ ਤੇ ਜੋ ਕੁੱਝ ਉਨ੍ਹਾਂ ਨੂੰ ਬਾਬੇ ਕੋਲੋਂ
ਮਿਲਦਾ ਸੀ, ਉਹ ਆਰ.ਐਸ.ਐਸ. ਦੇ ਸਹਿਯੋਗੀ ਸੰਗਠਨਾਂ ਕੋਲੋਂ ਦਿਵਾ ਦਿਤਾ ਜਾਏ ਤੇ ਇਸ
ਤਰ੍ਹਾਂ ਮਜ਼ਬੂਤ ਹਿੰਦੂ 'ਵੋਟ ਗੜ੍ਹ' ਕਾਇਮ ਕਰ ਲਿਆ ਜਾਏ।
ਕੀ ਕਿਸੇ ਸਿੱਖ ਲੀਡਰ ਨੇ
ਵੀ ਸੋਚਿਆ ਹੈ ਕਿ ਪੰਥ ਤੋਂ ਦੂਰ ਜਾ ਚੁੱਕੇ, ਬਾਬਿਆਂ ਦੇ ਚੇਲਿਆਂ ਨੂੰ ਵਾਪਸ ਲਿਆਉਣ ਲਈ
ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾਏ? ਇਸ ਬਾਰੇ ਕੋਈ ਨਹੀਂ ਸੋਚੇਗਾ ਕਿਉਂਕਿ ਇਹ ਜਾਣਦੇ
ਹਨ, ਬਦਲੇ ਵਿਚ ਜੋ ਕੁੱਝ ਪੱਕੇ ਸਿੱਖ ਇਨ੍ਹਾਂ ਤੋਂ ਮੰਗਣਗੇ, ਉਹ ਇਨ੍ਹਾਂ ਨੇ ਦੇ ਨਹੀਂ
ਸਕਣਾ। ਸੋ ਸੌਖਾ ਰਾਹ ਇਹੀ ਹੈ ਕਿ ਗ਼ੈਰ-ਸਿੱਖਾਂ, ਸਿੱਖ ਵਿਰੋਧੀਆਂ ਤੇ ਸਿੱਖੀ ਦੇ
ਦੁਸ਼ਮਣਾਂ ਦਾ ਸਾਥ ਲੈਣ ਵਲ ਹੀ ਸਾਰਾ ਧਿਆਨ ਲਾਇਆ ਜਾਏ ਤੇ ਸਿੱਖਾਂ ਨੂੰ ਰੱਬ ਦੇ ਆਸਰੇ
ਛੱਡ ਦਿਤਾ ਜਾਏ। ਇਸ ਨਾਲ ਦਿੱਲੀ ਵਾਲੇ ਵੀ ਖ਼ੁਸ਼ ਰਹਿਣਗੇ ਤੇ ਠਾਠ ਵੀ ਬਣੀ ਰਹੇਗੀ।
ਕੁਰਬਾਨੀ ਵਾਲੇ ਲੀਡਰ ਤਾਂ ਸਿੱਖਾਂ ਕੋਲ ਰਹਿ ਹੀ ਨਹੀਂ ਗਏ। ਹੋਰ ਜ਼ਿਆਦਾ ਧਨ ਇਕੱਠਾ ਕਰਨ
ਦੇ ਹਾਬੜੇ ਨਾਲ ਮਾਰੇ ਹੋਏ ਲੀਡਰ, ਕੌਮ ਲਈ ਸੋਚਣ ਵਾਸਤੇ ਇਕ ਪਲ ਵੀ ਨਹੀਂ ਕਢ ਸਕਦੇ, ਬਸ
ਅਪਣੇ ਬਾਰੇ ਹੀ ਸੋਚਦੇ ਰਹਿੰਦੇ ਹਨ।
ਮੈਨੂੰ ਅਪਣੀ ਗੱਲ ਯਾਦ ਆ ਜਾਂਦੀ ਹੈ। ਮੈਂ
'ਪੁਜਾਰੀਵਾਦ' ਵਿਰੁਧ ਸਖ਼ਤ ਲੜਾਈ ਲੜ ਰਿਹਾ ਸੀ ਅਤੇ ਹਰ ਕਿਸੇ ਨੂੰ ਲਗਦਾ ਸੀ ਕਿ ਮੈਂ
ਬਹੁਤੀ ਦੇਰ ਤਕ ਲੜ ਨਹੀਂ ਸਕਾਂਗਾ ਤੇ ਏਨੀਆਂ ਵੱਡੀਆਂ ਤਾਕਤਾਂ ਦਾ ਮੁਕਾਬਲਾ ਨਹੀਂ ਕਰ
ਸਕਾਂਗਾ। ਸਰਕਾਰ ਨੰਗੀ ਹੋ ਕੇ ਮੈਨੂੰ ਤੇ ਅਖ਼ਬਾਰ ਨੂੰ ਫ਼ੇਲ ਕਰਨ ਲਈ ਡੱਟ ਗਈ ਸੀ। ਇਧਰ
ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਕਰ ਕੇ, ਸੌਦਾ ਸਾਧ ਵੀ ਅਕਾਲ ਤਖ਼ਤ ਦਾ ਸ਼ਿਕਾਰ ਹੋ
ਗਿਆ।
ਸੌਦਾ ਸਾਧ ਦੇ ਪੰਜ ਵੱਡੇ ਆਗੂ ਇਕੱਠੇ ਹੋ ਕੇ ਮੇਰੇ ਕੋਲ ਆਏ ਤੇ ਬੜੀਆਂ
ਮਿੱਠੀਆਂ ਮਿੱਠੀਆਂ ਗੱਲਾਂ ਕਰਨ ਮਗਰੋਂ ਪੇਸ਼ਕਸ਼ ਕੀਤੀ ਕਿ ''ਤੁਸੀ ਵੀ ਅਕਾਲ ਤਖ਼ਤ ਦੇ ਸਤਾਏ
ਹੋਏ ਹੋ ਤੇ ਸਾਡੇ ਗੁਰੂ ਜੀ ਨੂੰ ਵੀ ਅਕਾਲ ਤਖ਼ਤ ਵਾਲੇ ਤੰਗ ਕਰ ਰਹੇ ਨੇ। ਜੇ ਤੁਸੀ ਅਤੇ
ਅਸੀ ਰਲ ਕੇ ਲੜਾਈ ਲੜੀਏ ਤਾਂ ਅਸੀ ਬਹੁਤ ਥੋੜੇ ਸਮੇਂ ਵਿਚ ਜਿੱਤ ਜਾਵਾਂਗੇ। ਖ਼ਰਚਾ ਸਾਰਾ
ਗੁਰੂ ਜੀ ਦੇਣਗੇ।''
ਮੈਂ ਕਿਹਾ, ''ਮੇਰੀ ਲੜਾਈ ਪੁਜਾਰੀਵਾਦ ਤੇ ਬਾਬਾਵਾਦ ਨਾਲ ਹੈ,
ਅਕਾਲ ਤਖ਼ਤ ਨਾਲ ਨਹੀਂ। ਅਕਾਲ ਤਖ਼ਤ ਉਤੇ ਪੁਜਾਰੀਵਾਦ ਤੇ ਸੰਪਰਦਾਈਆਂ ਦਾ ਕਬਜ਼ਾ ਹੈ ਤੇ ਉਹ
ਇਸ ਨੂੰ ਪੱਥਰ ਯੁਗ ਵਲ ਲਿਜਾ ਰਹੇ ਹਨ, ਇਸ ਲਈ ਅਸੀ ਅਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਵੀ
ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਧਰਮ, ਪੁਰਾਣੇ ਯੁਗ ਦਾ ਨਹੀਂ, ਅੱਜ ਦੇ ਯੁਗ ਦਾ ਧਰਮ ਬਣਿਆ
ਰਹੇ। ਇਸ ਨਾਲ ਅਕਾਲ ਤਖ਼ਤ ਦਾ ਵਕਾਰ ਵੀ ਹੁਣ ਨਾਲੋਂ ਕਈ ਗੁਣਾਂ ਵੱਧ ਜਾਏਗਾ। ... ਪਰ
ਤੁਹਾਡੀ ਜਿੱਤ ਦਾ ਮਤਲਬ ਹੈ, ਬਾਬਾਵਾਦ ਦੀ ਜਿੱਤ, ਜਿਸ ਦਾ ਮੈਂ ਕੱਟੜ ਵਿਰੋਧੀ ਹਾਂ। ਇਸ
ਲਈ ਤੁਹਾਡੇ ਨਾਲ ਰਲ ਕੇ ਲੜਨ ਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ।''
ਉਹ ਚੁੱਪ ਕਰ ਕੇ
ਚਲੇ ਗਏ ਪਰ ਕੁੱਝ ਸਮੇਂ ਬਾਅਦ ਫਿਰ ਆ ਗਏ ਤੇ ਬੜੀ ਨਿਮਰਤਾ ਨਾਲ ਬੋਲੇ, ''ਅਸੀ ਆਪ ਦੇ
ਵਿਚਾਰ ਗੁਰੂ ਜੀ ਤਕ ਪਹੁੰਚਾ ਦਿਤੇ ਸਨ। ਅੱਜ ਫਿਰ ਆਏ ਹਾਂ ਕਿਉਂਕਿ ਅਸੀ ਚਾਹੁੰਦੇ ਹਾਂ
ਕਿ ਆਪ ਇਕ ਵਾਰ ਗੁਰੂ ਜੀ ਨਾਲ ਆਹਮਣੇ ਸਾਹਮਣੇ ਹੋ ਕੇ ਗੱਲ ਕਰੋ। ਕੁੱਝ ਨਾ ਕੁੱਝ ਚੰਗਾ
ਨਤੀਜਾ ਜ਼ਰੂਰ ਨਿਕਲੇਗਾ।''
ਮੈਂ ਕਿਹਾ, ''ਮੈਂ ਜ਼ਿੰਦਗੀ ਵਿਚ ਕਦੇ ਕਿਸੇ ਡੇਰੇ ਵਿਚ
ਨਹੀਂ ਗਿਆ। ਹਾਂ ਜੇ ਕੋਈ ਡੇਰੇਦਾਰ ਮੇਰੇ ਕੋਲ ਆਉਣਾ ਚਾਹੇ ਤਾਂ ਮੈਂ ਉਸ ਦਾ ਸਵਾਗਤ ਕਰਦਾ
ਹਾਂ ਤੇ ਕੋਈ ਕੌੜੀ ਗੱਲ ਨਹੀਂ ਕਹਿੰਦਾ। ਤੁਹਾਡੇ ਗੁਰੂ ਜੀ ਵੀ ਮੈਨੂੰ ਮਿਲਣਾ ਚਾਹੁਣ
ਤਾਂ ਆ ਜਾਣ ਮੇਰੇ ਕੋਲ। ਇਥੇ ਮੁੱਖ ਮੰਤਰੀ, ਮੰਤਰੀ, ਵਿਦਵਾਨ, ਸੰਤ ਬਾਬੇ, ਸੱਭ ਆਉਂਦੇ
ਹਨ। ਤੁਹਾਡੇ ਗੁਰੂ ਜੀ ਵੀ ਗੱਲਬਾਤ ਲਈ ਆਉਣਾ ਚਾਹੁਣ ਤਾਂ ਜੀਅ ਆਇਆਂ ਆਖਾਂਗਾ।''
ਉਸ
ਤੋਂ ਬਾਅਦ ਉਹ ਮੁੜ ਕੇ ਕਦੇ ਮੇਰੇ ਕੋਲ ਨਾ ਆਏ। ਪਰ ਸਾਡੇ 'ਪੰਥ ਦੇ ਮਾਲਕ' ਤਾਂ ਆਪ ਜਾ
ਕੇ ਉਥੇ ਵਾਰ ਵਾਰ ਜ਼ਲੀਲ ਹੋਣਾ ਪਸੰਦ ਕਰਦੇ ਹਨ। ਇਨ੍ਹਾਂ ਤੋਂ ਕੀ ਆਸ ਰਖੀਏ?