'ਉੱਚੇ ਦਰ' ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ, ਇਸ ਦੀ ਖ਼ੁਸ਼ਬੂ, ਵਿਦੇਸ਼ੀਆਂ ਤੇ ਗ਼ੈਰ-ਸਿੱਖਾਂ ਤਕ ਵੀ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਇਸ ਨਾਲ ਮੇਰਾ ਹੌਸਲਾ ਬਹੁਤ ਵਧ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਛੇਤੀ ਤੋਂ ਛੇਤੀ 'ਉੱਚਾ ਦਰ' ਹੋਂਦ ਵਿਚ ਆ ਜਾਏ ਤਾਕਿ ਗੱਲਾਂ ਕਰਨ ਦੀ ਬਜਾਏ, ਉਨ੍ਹਾਂ ਨੂੰ ਬਾਬੇ ਨਾਨਕ ਦੀ ਅਪਣੀ ਉਚਾਰੀ ਬਾਣੀ 'ਚੋਂ ਬਾਬੇ ਨਾਨਕ ਦੇ ਦੀਦਾਰ ਕਰਵਾਏ ਜਾਣ ਤੇ ਫਿਰ ਪੁਛਿਆ ਜਾਏ ਕਿ ਕੀ ਇਹੀ ਕੁੱਝ ਨਹੀਂ ਸੀ ਜਿਸ ਨੂੰ ਵੇਖਣ ਸੁਣਨ ਲਈ ਉਹ ਬੜੀ ਦੇਰ ਤੋਂ ਭਟਕ ਰਹੇ ਸਨ?
ਬਾਬਾ ਨਾਨਕ ਦੀ ਬਾਣੀ ਪੜ੍ਹਦਿਆਂ, ਜਿਥੇ ਮਾਨਵਤਾ ਦੇ ਇਸ ਸੱਭ ਤੋਂ ਵੱਡੇ ਗਿਆਨਵਾਨ ਮਹਾਂਪੁਰਸ਼ ਦੀ ਵਿਦਵਤਾ ਦਾ ਕਾਇਲ ਹੋਣਾ ਪੈਂਦਾ ਹੈ, ਉਥੇ ਇਹ ਵੀ ਲੱਗਣ ਲੱਗ ਪੈਂਦਾ ਹੈ ਕਿ ਬਾਬੇ ਨਾਨਕ ਨੇ ਤਾਂ ਜਿਵੇਂ ਸੋਚ ਸਮਝ ਕੇ ਅਤੇ ਨਿਸ਼ਚਾ ਧਾਰ ਕੇ ਹੀ, ਸਾਰਾ ਸੱਚ ਇਕੋ ਵਾਰ ਬੋਲਣ ਦਾ ਫ਼ੈਸਲਾ ਕਰਨ ਮਗਰੋਂ ਕਲਮ ਚੁੱਕੀ ਸੀ ਤੇ ਇਕ ਵਾਰ ਕਲਮ ਚੁਕ ਲਈ ਤਾਂ ਫਿਰ ਕਿਸੇ ਦਾ ਲਿਹਾਜ਼ ਨਹੀਂ ਸੀ ਕੀਤਾ, ਨਾ ਇਹ ਹੀ ਸੋਚਿਆ ਸੀ ਕਿ ਫ਼ਲਾਣਾ ਨਰਾਜ਼ ਹੋ ਜਾਏਗਾ ਤੇ ਫ਼ਲਾਣਾ ਔਖਾ ਹੋ ਜਾਏਗਾ। ਕੋਈ ਵੀ ਪ੍ਰਸ਼ਨ ਲੈ ਕੇ ਬਾਬੇ ਨਾਨਕ ਦੀ ਬਾਣੀ ਪੜ੍ਹਨ ਲੱਗ ਜਾਉ--- ਸਿੱਧੇ ਸਪਾਟ ਉੱਤਰ ਮਿਲਦੇ ਹਨ ਤੇ ਬਹੁਤੀ ਵਾਰ ਇਹੀ ਕਿਹਾ ਹੁੰਦਾ ਹੈ ਕਿ 'ਨਹੀਂ, ਫ਼ਲਾਣੀ ਸੋਚ ਵੀ ਝੂਠ ਹੈ ਤੇ ਫ਼ਲਾਣਾ ਕਰਮ-ਕਾਂਡ ਵੀ ਪਖੰਡ ਹੈ ਤੇ ਸੱਚ ਬਿਲਕੁਲ ਹੋਰ ਹੈ। ਹਿੰਦੂ, ਮੁਸਲਿਮ, ਜੈਨ, ਯੋਗੀ, ਬੋਧੀ, ਪੰਡਤ, ਮੁੱਲਾਂ, ਜੋਤਸ਼ੀ, ਦੇਵੀ ਦੇਵਤੇ, ਮੂਰਤੀ ਪੂਜਾ, ਅਪਣੇ ਆਪ ਨੂੰ ਦੂਜੇ ਮਨੁੱਖਾਂ ਨਾਲੋਂ ਵੱਡੇ, ਮਹਾਨ ਤੇ ਪਵਿੱਤਰ ਆਤਮਾ ਦੱਸਣ ਵਾਲੇ ਧਰਮ-ਆਗੂਆਂ --- ਕਿਸੇ ਬਾਰੇ ਵੀ ਬਾਬਾ ਨਾਨਕ ਦੇ ਵਿਚਾਰ ਪੜ੍ਹੋ ਤਾਂ ਵੇਖੋਗੇ ਕਿ ਬਿਨਾਂ ਕੋਈ ਲਿਹਾਜ਼ ਕੀਤੇ, ਸਖ਼ਤ ਭਾਸ਼ਾ ਵਰਤ ਕੇ, ਦਸਿਆ ਗਿਆ ਹੈ ਕਿ ਝੂਠ ਨੂੰ ਹੀ, ਧਰਮ ਦਾ ਨਾਂ ਦੇ ਕੇ, ਲੋਕਾਂ ਨੂੰ ਫਾਹਿਆ ਜਾ ਰਿਹਾ ਹੈ ਤੇ ਸੱਚ ਨੂੰ ਲੁਕਾਇਆ ਜਾ ਰਿਹਾ ਹੈ ਜਦਕਿ ਜਿਸ ਰੱਬ ਦੇ ਨਾਂ 'ਤੇ ਇਹ ਕੀਤਾ ਜਾ ਰਿਹਾ ਹੈ, ਉਸ ਨੂੰ ਤਾਂ ਉਹ ਕੋਈ ਵੀ ਚੀਜ਼ ਪਸੰਦ ਹੀ ਨਹੀਂ ਜਿਸ ਨੂੰ ਧਰਮ ਦਾ ਨਾਂ ਦੇ ਕੇ ਵੇਚਿਆ ਜਾ ਰਿਹਾ ਹੈ। ਰੱਬ ਨੂੰ ਮਿਲਣ ਤੇ ਉਸ ਨੂੰ ਪ੍ਰਾਪਤ ਕਰਨ ਦਾ ਰਸਤਾ ਹੀ ਬੜਾ ਸੌਖਾ ਹੈ -- ਬਸ ਇਕ ਝੂਠੀ ਜਹੀ ਕੰਧ (ਕਿਵ ਕੂੜੇ ਤੁਟੇ ਪਾਲ) ਉਸ ਨੇ ਸਾਡੇ ਅਤੇ ਅਪਣੇ ਵਿਚਕਾਰ ਕਾਇਮੀ ਰੱਖੀ ਹੋਈ ਹੈ, ਜਿਸ ਨੂੰ ਢਾਹ ਦੇਣਾ ਬਹੁਤ ਹੀ ਸੌਖਾ ਹੈ ਤੇ ਹਰ ਮਨੁੱਖ ਦੀ ਪਹੁੰਚ ਵਿਚ ਹੈ, ਕਿਸੇ ਹੋਰ ਦੀ ਮਦਦ ਜਾਂ ਅਗਵਾਈ ਦੀ ਲੋੜ ਹੀ ਨਹੀਂ।
ਬਾਬੇ ਨਾਨਕ ਵਲੋਂ ਬਾਣੀ ਵਿਚ ਆਖੀਆਂ ਗਈਆਂ ਕੁੱਝ ਗੱਲਾਂ ਨੂੰ ਸੌਖੀ ਪੰਜਾਬੀ ਭਾਸ਼ਾ ਵਿਚ ਪੇਸ਼ ਕਰੀਏ ਤਾਂ ਇਸ ਤਰ੍ਹਾਂ ਦਾ ਚਿੱਤਰ ਸਾਹਮਣੇ ਆਵੇਗਾ :
J ਕੋਈ ਬ੍ਰਹਮਾ ਤੇ ਕੋਈ ਵਿਸ਼ਨੂੰ ਜਾਂ ਕੋਈ ਦੇਵਤਾ ਤੇ ਧਰਮ-ਗੁਰੂ ਵੀ, ਦੂਜੇ ਸਾਰੇ ਮਨੁੱਖਾਂ ਨਾਲੋਂ ਵੱਡਾ ਨਹੀਂ ਤੇ ਧਰਤੀ ਉਤੇ, ਮਾਂ ਦੀ ਕੁੱਖ ਵਿਚੋਂ ਜਨਮ ਲੈਣ ਵਾਲੇ ਸਾਰੇ ਮਨੁੱਖ, ਇਕ ਬਰਾਬਰ ਹਨ। ਵੱਡਾ ਕੇਵਲ ਇਨ੍ਹਾਂ ਦਾ ਸਿਰਜਣਹਾਰ ਪ੍ਰਮਾਤਮਾ ਹੀ ਹੈ।
J ਇਹ ਭੇਖ ਧਾਰ ਕੇ, ਮੱਥੇ ਉਤੇ ਤਿਲਕ ਲਗਾ ਕੇ, ਗਲ ਵਿਚ ਮਾਲਾ ਲਟਕਾ ਕੇ ਤੇ ਧੋਤੀ ਪਾ ਕੇ ਜਿਹੜੇ ਲੋਕ ਵੱਡੇ ਧਰਮੀ ਅਖਵਾਉੁਂਦੇ ਹਨ, ਉਹ ਨਿਰੇ ਪਖੰਡੀ ਤੇ ਭੇਖਧਾਰੀ ਹਨ। ਮਾਇਆ ਕਾਰਨ, ਇਹ ਦੁਨੀਆਂ ਸਾਹਮਣੇ ਭੇਖ ਧਾਰਦੇ ਹਨ ਪਰ ਗਿਆਨ ਇਨ੍ਹਾਂ ਕੋਲ ਜ਼ਰਾ ਵੀ ਨਹੀਂ।
J ਇਹ ਜੋ ਕਹਿੰਦੇ ਸਨ ਕਿ ਇਹ ਜਦ ਮੰਤਰ ਪੜ੍ਹਨਗੇ ਤਾਂ ਦੁਸ਼ਮਣ ਅੰਨ੍ਹਾ ਹੋ ਜਾਏਗਾ, ਇਹ ਝੂਠ ਬੋਲਦੇ ਸਨ। ਮੁਗ਼ਲਾਂ ਨੇ ਹਿੰਦੁਸਤਾਨ ਉਤੇ ਧਾਵਾ ਬੋਲ ਦਿਤਾ ਤੇ ਸੱਭ ਕੁੱਝ ਲੁਟ ਲਿਆ। ਇਹ ਮੰਤਰ ਪੜ੍ਹਦੇ ਰਹੇ ਪਰ ਕੀ ਕੋਈ ਮੁਗ਼ਲ ਅੰਨ੍ਹਾ ਹੋਇਆ ਸੀ? ਮੰਤਰ ਪੜ੍ਹਨ ਨਾਲ ਕੁੱਝ ਨਹੀਂ ਹੁੰਦਾ।
J ਇਹ ਪ੍ਰੋਹਿਤ ਕਹਿੰਦੇ ਹਨ ਕਿ ਦਾਨ ਵਿਚ ਇਨ੍ਹਾਂ ਨੂੰ ਦਿਤਾ ਧਨ ਮਾਲ, ਮਰ ਚੁੱਕੇ ਪਿਤਰਾਂ ਨੂੰ ਸਵਰਗ ਵਿਚ ਪਹੁੰਚ ਜਾਏਗਾ। ਜੇ ਕਿਸੇ ਚੋਰ ਦਾ ਦਿਤਾ ਧਨ, ਉਸ ਦੇ ਪਿਤਰ ਕੋਲ ਪਹੁੰਚ ਗਿਆ ਤੇ ਉਥੇ ਹੀ ਉਹ ਵੀ ਪਹੁੰਚ ਗਿਆ ਜਿਸ ਦਾ ਧਨ ਚੋਰੀ ਕਰ ਕੇ, ਚੋਰ ਨੇ ਪ੍ਰੋਹਿਤ ਨੂੰ ਦਿਤਾ ਸੀ ਤਾਂ ਚੋਰ ਦੇ ਪਿਤਰ ਦਾ ਕੀ ਹਾਲ ਹੋ ਜਾਏਗਾ?
J ਇਹ ਦੂਜਿਆਂ ਨੂੰ ਕਹਿੰਦੇ ਨੇ, ਠਾਕਰ (ਮੂਰਤੀ) ਦੀ ਪੂਜਾ ਕਰੋ ਤਾਂ ਠਾਕਰ ਧਨ, ਮਾਲ ਨਾਲ ਘਰ ਭਰ ਦੇਵੇਗਾ। ਅਜਿਹਾ ਕਹਿਣ ਵਾਲੇ, ਫਿਰ ਅਪਣੇ ਪੇਟ ਦੀ ਅੱਗ ਬੁਝਾਣ ਲਈ, ਘਰ ਘਰ ਜਾ ਕੇ ਭਿਛਿਆ ਮੰਗਣ ਲੱਗ ਪੈਂਦੇ ਹਨ। ਬਾਹਰ ਜਾਣ ਦੀ ਲੋੜ ਹੀ ਕੀ ਹੈ, ਘਰ ਵਿਚ 'ਠਾਕਰ' (ਪੱਥਰ ਦੀ ਮੂਰਤੀ) ਪਿਆ ਹੈ, ਉਸ ਕੋਲੋਂ ਕਿਉੁਂ ਨਹੀਂ ਮੰਗ ਲੈਂਦੇ?
J ਬ੍ਰਾਹਮਣ ਉਹ ਨਹੀਂ ਹੁੰਦਾ ਜੋ....
J ਮੁਸਲਮਾਨ ਉਹ ਨਹੀਂ ਹੁੰਦਾ ਜੋ....
J ਮਾਸ ਖਾਈਏ ਕਿ ਨਾ? ਮੂਰਖ ਝਗੜਦੇ ਨੇ ਅਜਿਹੇ ਸਵਾਲਾਂ ਨੂੰ ਲੈ ਕੇ। ਪਹਿਲਾਂ ਸਮਝ ਤਾਂ ਲੈ ਕਿ ਧਰਮ ਦਾ ਪੱਲਾ ਤੂੰ ਫੜਿਆ ਕਾਹਦੇ ਲਈ ਹੈ? ਮਾਸ ਖਾਣ ਜਾਂ ਨਾ ਖਾਣ ਬਾਰੇ ਜਾਣਕਾਰੀ ਲੈਣ ਲਈ? ਨਹੀਂ, ਧਰਮ ਤਾਂ ਤੈਨੂੰ ਚੰਗੀ ਜੀਵਨ ਜਾਚ ਬਾਰੇ ਹੀ ਅਗਵਾਈ ਦੇ ਸਕਦੈ। ਮੇਰੀ ਮੰਨ ਤੇ ਉਹ ਸੱਭ ਕੁੱਝ ਖਾ ਲੈ ਜਿਸ ਦੇ ਖਾਣ ਨਾਲ ਤੇਰੇ ਤਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਹੁੰਦੀ ਤੇ ਮਨ ਵਿਚ ਕੋਈ ਬੁਰਾਈ ਦਾਖ਼ਲ ਨਹੀਂ ਹੁੰਦੀ। ਧਰਮ ਨੂੰ ਤੇਰੇ ਸ੍ਰੀਰ ਨਾਲ ਕੋਈ ਸਰੋਕਾਰ ਨਹੀਂ, ਕੇਵਲ ਤੇਰੇ ਮਨ ਨਾਲ ਹੈ। ਬਾਕੀ ਸੰਸਾਰ ਦੀ ਹਰ ਵਸਤੂ ਹੀ 'ਮਾਸ' ਹੈ ਤੇ ਮਾਸ ਤੋਂ ਬਿਨਾਂ ਕੁੱਝ ਵੀ ਨਹੀਂ। ਤੂੰ ਇਸ ਝਗੜੇ ਵਿਚ ਪਏ ਬਿਨਾਂ, ਤਨ ਨੂੰ ਅਰੋਗ ਤੇ ਮਨ ਨੂੰ ਵਿਕਾਰ-ਰਹਿਤ ਰੱਖਣ ਦੀ ਸੋਚ ਤੇ ਬੱਸ!!
ਸੰਸਾਰ ਭਰ ਦੀ ਧਾਰਮਕ ਗੀਤਾਂ ਜਾਂ ਭਜਨਾਂ ਦੀ ਜਿਹੜੀ ਵੀ ਰਚਨਾ, ਗ੍ਰੰਥਾਂ ਵਿਚ ਕਵਿਤਾ ਰੂਪ ਵਿਚ ਮਿਲਦੀ ਹੈ, ਉਹ ਮੁੱਖ ਤੌਰ 'ਤੇ ਚਾਰ ਪ੍ਰਕਾਰ ਦੀ ਹੁੰਦੀ ਹੈ :
(1) ਬੇਨਤੀ ਰੂਪ ਵਾਲੀ : ਕਿ ਹੇ ਰੱਬ, ਹੇ ਦੇਵਤਾ, ਹੇ ਗੁਰੂ, ਇਥੇ ਉਥੇ ਤੂੰ ਹੀ ਮੇਰੀ ਰਾਖੀ ਕਰਨੀ ਹੈ ਤੇ ਮੇਰੀ ਖ਼ਾਲੀ ਝੋਲੀ ਭਰਨੀ ਹੈ। ਵੇਦਾਂ ਵਿਚ ਇਸ ਬੇਨਤੀ ਭਜਨਾਵਲੀ ਨੂੰ ਹੀ 'ਮੰਤਰ' ਕਿਹਾ ਗਿਆ ਹੈ ਅਤੇ ਯਕੀਨ ਕਰਵਾਇਆ ਗਿਆ ਹੈ ਕਿ ਇਨ੍ਹਾਂ ਮੰਤਰਾਂ ਦਾ ਵਾਰ-ਵਾਰ ਰਟਨ ਕਰਨ ਨਾਲ ਸਾਰੇ ਕੰਮ ਅਪਣੇ ਆਪ ਹੋ ਜਾਂਦੇ ਹਨ।
(2) ਪ੍ਰਮਾਤਮਾ, ਦੇਵਤੇ, ਸਾਧ ਤੇ ਗੁਰੂ ਦੇ ਖ਼ੁਸ਼ ਹੋਣ ਨਾਲ ਪ੍ਰਾਪਤ ਹੁੰਦੇ ਲਾਭ : ਦੂਜੀ ਪ੍ਰਕਾਰ ਦੀ ਧਾਰਮਕ ਭਜਨਾਵਲੀ ਇਹੀ ਬਖਾਨ ਕਰਦੀ ਹੈ ਕਿ ਪ੍ਰਮਾਤਮਾ, ਦੇਵਤੇ, ਗੁਰੂ ਜਾਂ ਸਾਧ ਦੀ ਪ੍ਰਾਪਤੀ ਨਾਲ ਸਾਰੀਆਂ ਖ਼ੁਸ਼ੀਆਂ ਤੇ ਪਾਤਸ਼ਾਹੀਆਂ ਮਿਲ ਜਾਂਦੀਆਂ ਹਨ।
(3) ਸਾਧਾਂ, ਮਹਾਂਪੁਰਸ਼ਾਂ ਦੀ ਉਪਮਾ
(4) ਵਖਰੀ ਵਖਰੀ ਮਰਿਆਦਾ ਜੋ ਸ਼ਰਧਾਲੂਆਂ ਲਈ ਮੰਨਣੀ ਲਾਜ਼ਮੀ ਹੁੰਦੀ ਹੈ।
ਬਾਬਾ ਨਾਨਕ ਦੀ ਸਾਰੀ ਬਾਣੀ, ਇਨ੍ਹਾਂ ਚਾਰੇ ਕਿਸਮਾਂ ਤੋਂ ਵਖਰੀ ਹੈ ਜੋ ਮਨੁੱਖ ਨੂੰ ਰੱਬ ਨਾਲ ਮਿਲਾਪ ਦਾ ਸੌਖਾ ਤੇ ਇਕੋ ਇਕ ਰਾਹ ਦੱਸਣ ਤੋਂ ਇਲਾਵਾ, ਧਰਮ ਦੇ ਨਾਂ 'ਤੇ ਮਨੁੱਖ ਨੂੰ ਕਈ ਪ੍ਰਕਾਰ ਦੇ 'ਧਾਰਮਕ ਸੰਗਲਾਂ' ਦੀ ਜਕੜ ਤੋਂ 'ਮੁਕੰਮਲ ਆਜ਼ਾਦੀ' (total emancipation) ਦੇਣ ਵਾਲੀ ਇਨਕਲਾਬੀ ਬਾਣੀ ਹੈ ਜੋ ਰੱਬ ਤੋਂ ਬਿਨਾਂ, ਕਿਸੇ ਹੋਰ ਨੂੰ ਮਾਨਤਾ ਹੀ ਨਹੀਂ ਦੇਂਦੀ ਤੇ ਅਪਣੇ ਆਪ ਨੂੰ 'ਮਹਾਨ' ਦੱਸਣ ਵਾਲੇ ਪੁਜਾਰੀ ਤਬਕੇ ਨੂੰ ਪਖੰਡੀ ਤੇ ਪਾਪੀ ਕਹਿੰਦੀ ਹੈ। ਇਸ ਹਿਸਾਬ ਨਾਲ, ਬਾਬੇ ਨਾਨਕ ਦੀ ਬਾਣੀ, ਸੰਸਾਰ ਦੀ ਸਾਰੀ ਧਾਰਮਕ ਭਜਨਾਵਲੀ ਤੇ ਗ੍ਰੰਥਾਂ ਦੀ ਰਚਨਾ ਨਾਲੋਂ ਵਖਰੀ ਹੈ ਤੇ ਇਸ ਲਈ, ਬਹੁਤਿਆਂ ਨੂੰ ਚੁਭਦੀ ਵੀ ਹੈ। ਸੱਚ, ਸ਼ੁਰੂ ਵਿਚ ਸਾਰਿਆਂ ਨੂੰ ਹੀ ਚੁਭਦਾ ਹੈ ਤੇ ਉਦੋਂ ਤਕ ਚੁਭਦਾ ਰਹਿੰਦਾ ਹੈ ਜਦ ਤਕ ਇਸ ਦੀ ਪੂਰੀ ਸਮਝ ਨਹੀਂ ਆ ਜਾਂਦੀ। ਪੂਰੀ ਸਮਝ ਸਾਰਿਆਂ ਨੂੰ ਇਕਦੰਮ ਨਹੀਂ ਆ ਜਾਂਦੀ। ਕਈਆਂ ਨੂੰ ਜਲਦੀ ਆ ਜਾਂਦੀ ਹੈ ਤੇ ਕਈਆਂ ਨੂੰ ਸਮਾਂ ਪਾ ਕੇ। ਉਂਜ ਬੀਤੇ ਨੂੰ ਰੱਦ ਕਰਨ ਤੇ ਵਿਹੜਾ ਸਾਫ਼ ਕਰਦੇ ਰਹਿਣ ਨਾਲ ਹੀ ਦੁਨੀਆਂ ਅੱਗੇ ਵਧਦੀ ਹੈ ਨਹੀਂ ਤਾਂ 'ਸਾਡਾ ਦਿਲ ਦੁਖਦਾ ਹੈ' ਕਹਿਣ ਵਾਲੇ ਤਾਂ ਦੁਨੀਆਂ ਨੂੰ ਪੁਰਾਤਨਤਾ ਦੇ ਇਕੋ ਕਿੱਲੇ ਨਾਲ ਬੰਨ੍ਹ ਕੇ ਰੱਖ ਦੇਣ ਤੇ ਸਾਰੀ ਤਰੱਕੀ ਹੀ ਰੋਕ ਦੇਣ।
ਬਾਬੇ ਨਾਨਕ ਦੇ ਮੁਖ 'ਚੋਂ ਨਿਕਲੇ ਸੱਚ ਨੂੰ ਪਹਿਲੀ ਵਾਰੀ 'ਨਾਕਾਬਲੇ ਬਰਦਾਸ਼ਤ' ਬਟਾਲੇ ਦੇ ਉੁਨ੍ਹਾਂ ਲੋਕਾਂ ਨੇ ਕਿਹਾ ਜਿਨ੍ਹਾਂ ਸਾਹਮਣੇ ਨੌਜੁਆਨ ਨਾਨਕ ਨੇ, ਦੇਵੀ-ਦੇਵਤਿਆਂ ਤੇ ਹੋਰ ਪੁਰਾਤਨ 'ਧਾਰਮਕ' ਰਹੁ-ਰੀਤਾਂ ਨੂੰ ਨਿੰਦਿਆ ਸੀ। ਕੋਸ਼ਿਸ਼ ਕੀਤੀ ਗਈ ਕਿ ਬਟਾਲੇ ਦੀ ਕੁੜੀ ਦਾ ਵਿਆਹ ਅਜਿਹੇ 'ਨਾਸਤਕ' ਬੰਦੇ ਨਾਲ ਹੋਣੋਂ ਰੁਕਵਾ ਲਿਆ ਜਾਵੇ ਪਰ ਜਦ ਸਹੁਰਾ ਪ੍ਰਵਾਰ ਨਾ ਮੰਨਿਆ ਤਾਂ ਬਾਬੇ ਨਾਨਕ ਨੂੰ, ਇਕ ਕੱਚੀ ਕੰਧ ਥੱਲੇ ਬਿਠਾਣ ਦਾ ਪ੍ਰਬੰਧ ਕਰ ਕੇ, ਮਾਰਨ ਦਾ ਵੀ ਯਤਨ ਕੀਤਾ ਗਿਆ ਤਾਕਿ ਇਹ 'ਨਾਸਤਕ' ਬਟਾਲੇ ਦਾ ਜਵਾਈ ਨਾ ਬਣ ਸਕੇ। ਗੁ. ਕੰਧ ਸਾਹਿਬ, ਬਟਾਲਾ ਵਿਖੇ ਜਾ ਕੇ, ਗਵਾਹੀ ਪ੍ਰਤੱਖ ਵੇਖੀ ਜਾ ਸਕਦੀ ਹੈ।
ਇਸੇ ਤਰ੍ਹਾਂ, ਮੈਨੂੰ ਯਾਦ ਹੈ ਕਿ ਜਦ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ, 'ਨਿਰੰਕਾਰੀਆਂ ਦੇ ਗ੍ਰੰਥ' ਵਿਚੋਂ ਕੁੱਝ 'ਇਤਰਾਜ਼ਯੋਗ ਲਿਖਤਾਂ' ਦਾ ਬਿਉਰਾ ਲੈ ਕੇ ਉਸ ਵੇਲੇ ਦੇ ਪ੍ਰਧਾਨ ਮੰਤਰੀ, ਮੁਰਾਰਜੀ ਡੇਸਾਈ ਕੋਲ ਪੁੱਜੇ ਤੇ ਮੰਗ ਕੀਤੀ ਕਿ 'ਨਿਰੰਕਾਰੀਆਂ ਦੇ ਗ੍ਰੰਥ ਨੂੰ ਜ਼ਬਤ ਕੀਤਾ ਜਾਏ ਕਿਉੁਂਕਿ ਇਸ ਵਿਚ ਲਿਖੀਆਂ ਗਈਆਂ ਗੱਲਾਂ ਨਾਲ ਸਿੱਖਾਂ ਦਾ ਮਨ ਦੁਖਦਾ ਹੈ' --- ਤਾਂ ਮੁਰਾਰਜੀ ਡੇਸਾਈ ਦਾ ਉੱਤਰ ਸੀ, ''ਪਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਤਾਂ ਬੜੀਆਂ ਇਹੋ ਜਹੀਆਂ ਗੱਲਾਂ ਲਿਖੀਆਂ ਹੋਈਆਂ ਹਨ ਜਿਹੜੀਆਂ ਹਿੰਦੂਆਂ ਵਲੋਂ ਪਵਿੱਤਰ ਕਰ ਕੇ ਮੰਨੀਆਂ ਜਾਂਦੀਆਂ 'ਮਰਿਆਦਾਵਾਂ' ਦੀ ਆਲੋਚਨਾ ਕਰਦੀਆਂ ਹਨ ਜਿਵੇਂ ਕਿ ਗੰਗਾ ਇਸ਼ਨਾਨ, ਜਨੇਊ ਧਾਰਨ, ਸਾਧ ਬਣ ਕੇ ਗ੍ਰਹਿਸਤੀ ਜੀਵਨ ਦਾ ਤਿਆਗ ਕਰਨ, ਮੂਰਤੀ-ਪੂਜਾ, ਦੇਵ-ਪੂਜਾ, ਹਵਨ ਅਤੇ ਸ਼ਰਾਧ ਆਦਿ ਆਦਿ। ਕੀ ਫਿਰ ਹਿੰਦੂ ਵੀ ਇਹ ਮੰਗ ਕਰਨ ਲੱਗ ਪੈਣ ਕਿ ਗੁਰੂ ਗ੍ਰੰਥ ਸਾਹਿਬ ਉਤੇ ਪਾਬੰਦੀ ਲਾ ਦਿਤੀ ਜਾਵੇ?''
ਅਕਾਲੀ ਲੀਡਰ ਇਸ ਜਵਾਬੀ ਹਮਲੇ ਲਈ ਤਿਆਰ ਹੋ ਕੇ ਨਹੀਂ ਸਨ ਗਏ, ਇਸ ਲਈ ਨਿਰੁੱਤਰ ਹੋ ਕੇ ਵਾਪਸ ਪਰਤ ਆਏ। ਮੁ²ਗ਼ਲ ਰਾਜ ਵਿਚ, ਮੁਗ਼ਲਾਂ ਨੇ ਵੀ ਤਾਂ ਸ਼ਿਕਾਇਤ ਕੀਤੀ ਸੀ ਕਿ 'ਮਿਟੀ ਮੁਸਲਮਾਨ ਕੀ ਪੈੜੇ ਪਈ ਘੁਮਿਆਰ' ਲਿਖ ਕੇ, ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦਾ ਅਪਮਾਨ ਕੀਤਾ ਗਿਆ ਹੈ। ਜੋ ਜਵਾਬ ਦੇ ਕੇ, ਮਾਮਲਾ ਰਫ਼ਾ ਦਫ਼ਾ ਕੀਤਾ ਗਿਆ, ਉਹ ਇਕ ਵਖਰੀ ਜਹੀ ਕਹਾਣੀ ਹੈ ਪਰ ਹੈ ਤਾਂ ਇਹ ਸੱਚ ਹੀ ਕਿ ਗੁਰੂ ਗ੍ਰੰਥ ਸਾਹਿਬ ਵਿਚ, ਲਿਖਿਆ ਤਾਂ ਉਹੀ ਮਿਲਦਾ ਹੈ ਜਿਸ ਨੂੰ ਮੁਗ਼ਲ ਹਕੂਮਤ ਨੇ 'ਇਤਰਾਜ਼ਯੋਗ' ਕਿਹਾ ਸੀ। ਬਾਬਾ ਨਾਨਕ ਦੀ ਤਾਂ ਸਾਰੀ ਉਮਰ ਹੀ ਵਿਰੋਧਤਾ ਹੁੰਦੀ ਰਹੀ ਤੇ ਕਈ ਵਾਰ ਇਹ ਹਿੰਸਕ ਰੂਪ ਵੀ ਧਾਰ ਜਾਂਦੀ ਰਹੀ।
ਮੈਂ ਸੋਚਦਾ ਹਾਂ, ਬਾਬੇ ਨਾਨਕ ਨੇ ਚੰਗਾ ਕੀਤਾ, ਪੂਰਾ ਸੱਚ ਉਦੋਂ ਲਿਖ ਦਿਤਾ ਵਰਨਾ ਜੇ ਉਦੋਂ ਨਾ ਲਿਖਦੇ ਤੇ ਇੰਤਜ਼ਾਰ ਕਰਦੇ ਕਿ ਸਿੱਖਾਂ ਦੀ 'ਪੰਥਕ ਸਰਕਾਰ' ਬਣ ਲਵੇ, ਫਿਰ ਲਿਖਾਂਗੇ--- ਤਾਂ ਗੱਲ ਗੱਲ 'ਤੇ, ਪੰਥਕ ਸਰਕਾਰ ਨੇ ਬਾਬੇ ਨਾਨਕ ਉਤੇ ਏਨੇ ਕੇਸ ਪਾ ਦੇਣੇ ਸਨ ਕਿ ਉੁਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਜਾਣੀ ਸੀ। ਅਖ਼ੀਰ 'ਤੇ, ਅਦਾਲਤ ਨੇ ਵੀ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲੈਣਾ ਸੀ ਤੇ ਵਿਦੇਸ਼ਾਂ ਵਿਚ 'ਉਦਾਸੀਆਂ' ਲਈ ਜਾਣੋਂ ਵੀ ਰੋਕ ਲੈਣਾ ਸੀ। ਅੱਜ ਸਾਨੂੰ ਏਨਾ ਤਾਂ ਹੌਸਲਾ ਹੈ ਕਿ ਜਿਹੜਾ ਸੱਚ ਅਸੀ ਅੱਜ ਕਹਿਣਾ ਚਾਹੁੰਦੇ ਹਾਂ, ਉਸ ਦੇ ਹੱਕ ਵਿਚ ਬਾਬੇ ਨਾਨਕ ਦੀ 'ਬਾਣੀ' ਪੇਸ਼ ਕਰ ਕੇ, ਅਗਲਿਆਂ ਨੂੰ ਨਿਰੁੱਤਰ ਤਾਂ ਕਰ ਸਕਦੇ ਹਾਂ। ਧਰਮ ਦੇ ਖੇਤਰ ਵਿਚ, ਜਿਸ ਕਿਸੇ ਨੇ ਵੀ ਸੱਚ ਬੋਲਣਾ ਤੇ ਲਿਖਣਾ ਹੈ, ਉਸ ਨੂੰ ਬਾਬੇ ਨਾਨਕ ਦੀ ਬਾਣੀ ਦਾ ਆਸਰਾ ਲੈ ਕੇ ਹੀ ਬੋਲਣਾ ਚਾਹੀਦਾ ਹੈ ਵਰਨਾ ਅੱਜ 'ਧਰਮ ਦੇ ਵਪਾਰੀ' ਬਾਬੇ ਨਾਨਕ ਦੇ ਵੇਲੇ ਨਾਲੋਂ ਜ਼ਿਆਦਾ ਕੱਟੜ, ਬੇਦਲੀਲੇ ਅਤੇ ਲੱਠਮਾਰ ਬਣ ਚੁੱਕੇ ਹਨ ਤੇ ਉਹ ਕਿਸੇ ਵੀ ਸੱਚ ਦਾ ਜਵਾਬ ਭਾਵੇਂ ਨਾ ਦੇ ਸਕਦੇ ਹੋਣ ਪਰ ਪੁਲਿਸ ਅਤੇ ਕਾਨੂੰਨ ਦੀਆਂ ਜਾਬਰ ਧਾਰਾਵਾਂ ਦਾ ਸਹਾਰਾ ਲੈ ਕੇ ਤੁਹਾਨੂੰ ਡਰਾਉਣ ਜ਼ਰੂਰ ਲਗਦੇ ਹਨ। ਪਿੱਛੇ ਜਿਹੇ ਤੁਸੀ, ਲੰਦਨ (ਇੰਗਲੈਂਡ) ਤੋਂ ਆਏ ਪ੍ਰਸਿੱਧ ਕਾਨੂੰਨਦਾਨ, ਲਾਰਡ ਲੈਸਟਰ ਦੇ ਉਹ ਵਿਚਾਰ ਤਾਂ ਸਪੋਕਸਮੈਨ ਵਿਚ ਪੜ੍ਹ ਹੀ ਲਏ ਹੋਣਗੇ ਜਿਸ ਵਿਚ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਅੰਗਰੇਜ਼ੀ ਸਰਕਾਰ ਨੇ ਤਾਂ 'ਗ਼ੁਲਾਮਾਂ' ਨੂੰ ਕਾਬੂ ਹੇਠ ਰੱਖਣ ਲਈ 295-ਏ ਵਰਗੇ ਕਾਨੂੰਨ ਬਣਾਏ ਸਨ ਪਰ ਆਜ਼ਾਦ ਹਿੰਦੁਸਤਾਨ ਦੀ ਸਰਕਾਰ ਨੂੰ ਇਹੋ ਜਹੇ 'ਬਸਤੀਵਾਦੀ' ਕਾਨੂੰਨਾਂ ਦੀ ਵਰਤੋਂ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਣ ਲਈ ਨਹੀਂ ਕਰਨੀ ਚਾਹੀਦੀ ਤੇ ਸਗੋਂ ਸਾਰੇ ਹੀ 'ਇੰਡੀਅਨ ਪੀਨਲ ਕੋਡ' ਨੂੰ ਦੁਬਾਰਾ ਲਿਖਣਾ ਚਾਹੀਦਾ ਹੈ ਤਾਕਿ ਲੱਗੇ ਕਿ ਇਹ ਆਜ਼ਾਦ ਦੇਸ਼ ਦੇ ਆਜ਼ਾਦ ਲੋਕਾਂ ਵਲੋਂ ਆਜ਼ਾਦੀ ਮਾਣਨ ਲਈ ਬਣਾਇਆ ਗਿਆ 'ਕੋਡ' ਹੈ ਨਾਕਿ ਵਿਦੇਸ਼ੀ ਹਾਕਮਾਂ ਵਲੋਂ, ਗ਼ੁਲਾਮ ਲੋਕਾਂ ਨੂੰ ਲਿਖਣ ਬੋਲਣ ਦੀ ਆਜ਼ਾਦੀ ਦਾ ਹੱਕ ਮੰਗਣ ਤੋਂ ਰੋਕਣ ਦਾ ਕੋਡ!
ਬਹਿਸ ਤਾਂ ਚਲਦੀ ਰਹੇਗੀ ਪਰ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਜਿਸ ਬਾਬੇ ਨਾਨਕ ਨੇ ਮਨੁੱਖ ਦੀ ਮੁਕੰਮਲ ਆਜ਼ਾਦੀ (total emancipation) ਦਾ ਨਾਹਰਾ, ਸੰਸਾਰ ਵਿਚ ਪਹਿਲੀ ਵਾਰ ਲਾਇਆ ਸੀ, ਦੁਨੀਆਂ ਵਾਲੇ, ਉਸ ਦੇ 'ਸਿੱਖ' ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਵੀ ਜਦੋਂ ਬਾਬੇ ਨਾਨਕ ਦੇ ਸੰਦੇਸ਼ ਨੂੰ ਭੁਲਾ ਕੇ, ਮਨੁੱਖੀ ਆਜ਼ਾਦੀਆਂ ਨੂੰ ਬੇਰਹਿਮੀ ਨਾਲ ਕੁਚਲਣ ਅਤੇ ਅਜਿਹੀ ਆਜ਼ਾਦੀ ਦੀ ਆਰਜ਼ੂ ਕਰਨ ਵਾਲਿਆਂ ਨੂੰ ਦਬਾ ਦੇਣ ਲਈ ਪੁਲਿਸ ਅਤੇ ਸਰਕਾਰੀ ਤਾਕਤ ਦੀ ਵਰਤੋਂ ਕਰਦੇ ਵੇਖਦੇ ਹੋਣਗੇ ਤਾਂ ਉਹ ਬਾਬੇ ਨਾਨਕ ਨੂੰ ਗੰਭੀਰਤਾ ਨਾਲ ਕਿਵੇਂ ਲੈਣਗੇ? ਬਾਬੇ ਨਾਨਕ ਦੀ ਤਾਂ ਇਕ ਵੀ ਗੱਲ, ਅੱਜ ਦੇ 'ਸਿੱਖਾਂ' ਵਲੋਂ ਨਹੀਂ ਮੰਨੀ ਜਾ ਰਹੀ।ਬੜੇ ਲੈਕਚਰ ਦਿਤੇ ਜਾ ਚੁੱਕੇ ਹਨ ਤੇ ਬੜੇ ਲੇਖ ਲਿਖੇ ਜਾ ਚੁੱਕੇ ਹਨ। ਹੁਣ 'ਉੱਚਾ ਦਰ ਬਾਬੇ ਨਾਨਕ ਦਾ' ਇਕ ਨਿਮਾਣਾ ਜਿਹਾ ਯਤਨ, ਬਾਬੇ ਨਾਨਕ ਦੇ ਉਨ੍ਹਾਂ ਗ਼ਰੀਬ ਸਿੱਖਾਂ ਵਲੋਂ ਕੀਤਾ ਜਾ ਰਿਹਾ ਹੈ ਜੋ ਚਾਹੁੰਦੇ ਹਨ ਕਿ ਜਿਹੜਾ ਕੋਈ ਅਪਣੇ ਆਪ ਨੂੰ 'ਸਿੱਖ' ਕਹਿੰਦਾ ਹੈ, ਉਹ ਬਾਬੇ ਨਾਨਕ ਵਲੋਂ ਦਿਤੇ ਗਏ ਉਪਦੇਸ਼ਾਂ ਤੋਂ ਰਾਈ ਭਰ ਵੀ ਇਧਰ ਉਧਰ ਨਾ ਹੋਵੇ ਤੇ ਅਪਣੇ ਅਮਲੀ ਜੀਵਨ ਨੂੰ ਸ਼ੀਸ਼ੇ ਵਿਚ ਉਤਾਰ ਕੇ ਵਿਖਾ ਦੱਸੇ ਕਿ ਬਾਬੇ ਨਾਨਕ ਦੀ ਬਾਣੀ ਨਾਲ ਜੁੜਿਆਂ, ਮਨੁੱਖ ਕਿਹੋ ਜਿਹਾ ਬਣ ਜਾਂਦਾ ਹੈ। ਇਸ ਵੇਲੇ ਚਾਰੇ ਪਾਸੇ ਨਜ਼ਰ ਦੌੜਾਈ ਜਾਏ ਤਾਂ ਹਿੰਦੁਸਤਾਨ ਵਿਚ, ਆਟੇ ਵਿਚ ਲੂਣ ਜਿੰਨੇ ਵੀ 'ਸੱਚੇ ਸਿੱਖ' ਨਹੀਂ ਮਿਲ ਸਕਦੇ ਪਰ ਹਿੰਦੁਸਤਾਨ ਤੋਂ ਬਾਹਰ, 'ਨਾਨਕ' ਦੇ ਨਾਂ ਤੋਂ ਵੀ ਅਣਜਾਣ ਬਹੁਤ ਲੋਕ ਅਜਿਹੇ ਹਨ ਜੋ ਇਸ ਸਮੇਂ ਵੀ ਬਾਬੇ ਨਾਨਕ ਦੇ 'ਸੱਚੇ ਸਿੱਖਾਂ' ਵਰਗਾ ਜੀਵਨ ਹੀ ਬਤੀਤ ਕਰਦੇ ਹਨ। ਮੈਨੂੰ ਯਕੀਨ ਹੈ ਕਿ 'ਉੱਚਾ ਦਰ ਬਾਬੇ ਨਾਨਕ ਦਾ' ਇਨ੍ਹਾਂ ਸਾਰਿਆਂ ਨੂੰ ਉਹ ਵਿਚਾਰਧਾਰਕ ਪਲੇਟਫ਼ਾਰਮ ਦੇ ਸਕੇਗਾ ਜੋ ਇਸ ਵੇਲੇ ਉਨ੍ਹਾਂ ਕੋਲ ਨਹੀਂ ਹੈ ਤੇ ਜਿਸ ਦੀ ਉਨ੍ਹਾਂ ਨੂੰ ਤਲਾਸ਼ ਹੈ। ਇਸ ਤਲਾਸ਼ ਸਦਕਾ, ਉਹ ਕਦੀ ਏਧਰ ਦੌੜਦੇ ਹਨ ਤੇ ਕਦੀ ਔਧਰ ਅਰਥਾਤ ਉਨ੍ਹਾਂ ਨੂੰ ਜਿਸ ਪਾਸਿਉਂ ਵੀ ਕੁੱਝ ਹੋਣ ਦਾ ਪਤਾ ਲਗਦਾ ਹੈ, ਉਧਰ ਹੀ ਦੌੜ ਪੈਂਦੇ ਹਨ ਪਰ ਹਰ ਥਾਂ, ਨਿਰਾਸ਼ਾ ਹੀ ਉਨ੍ਹਾਂ ਦੇ ਪੱਲੇ ਪੈਂਦੀ ਹੈ। ਸਿੱਖ ਧਰਮ ਦੇ ਨੇੜੇ ਵੀ ਉਨ੍ਹਾਂ 'ਚੋਂ ਕਈ ਲੋਕ ਆਏ ਪਰ ਇਥੇ ਵੀ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿਉੁਂਕਿ 'ਨਾਨਕ' ਬਾਰੇ ਤਾਂ ਇਥੇ ਦਸਿਆ ਹੀ ਕੁੱਝ ਨਹੀਂ ਜਾਂਦਾ ਤੇ ਪੁਰਾਣਿਆਂ ਦੀ ਥਾਂ, ਨਵੇਂ ਕਰਮ-ਕਾਂਡਾਂ ਦੇ ਹੀ, ਉਨ੍ਹਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਉਨ੍ਹਾਂ 'ਚੋਂ ਕਈਆਂ ਨੇ ਹੁਣ ਮੇਰੇ ਨਾਲ ਮੁੜ ਤੋਂ ਰਾਬਤਾ ਕਰ ਕੇ, 'ਉੱਚਾ ਦਰ ਬਾਬੇ ਨਾਨਕ ਦਾ' ਬਾਰੇ ਜਾਣਕਾਰੀ ਮੇਰੇ ਕੋਲੋਂ ਮੰਗੀ ਹੈ। 'ਉੱਚੇ ਦਰ' ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ, ਇਸ ਦੀ ਖ਼ੁਸ਼ਬੂ, ਵਿਦੇਸ਼ੀਆਂ ਤੇ ਗ਼ੈਰ-ਸਿੱਖਾਂ ਤਕ ਵੀ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਇਸ ਨਾਲ ਮੇਰਾ ਹੌਸਲਾ ਬਹੁਤ ਵੱਧ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਛੇਤੀ ਤੋਂ ਛੇਤੀ 'ਉੱਚਾ ਦਰ' ਹੋਂਦ ਵਿਚ ਆ ਜਾਏ ਤਾਕਿ ਗੱਲਾਂ ਕਰਨ ਦੀ ਬਜਾਏ, ਉਨ੍ਹਾਂ ਨੂੰ ਬਾਬੇ ਨਾਨਕ ਦੀ ਅਪਣੀ ਉਚਾਰੀ ਬਾਣੀ 'ਚੋਂ ਬਾਬੇ ਨਾਨਕ ਦੇ ਦੀਦਾਰ ਕਰਵਾਏ ਜਾਣ ਤੇ ਫਿਰ ਪੁਛਿਆ ਜਾਏ ਕਿ ਕੀ ਇਹੀ ਕੁੱਝ ਨਹੀਂ ਸੀ ਜਿਸ ਨੂੰ ਵੇਖਣ ਸੁਣਨ ਲਈ ਉਹ ਬੜੀ ਦੇਰ ਤੋਂ ਭਟਕ ਰਹੇ ਸਨ? ਮੈਨੂੰ ਯਕੀਨ ਹੈ ਕਿ, ਉਨ੍ਹਾਂ ਦੀ ਬਹੁਗਿਣਤੀ ਦੀ ਤਸੱਲੀ ਇਥੇ ਹੀ ਹੋ ਜਾਏਗੀ। ਤੁਸੀ ਇਹ ਕਾਰਜ ਸਿਰੇ ਚੜ੍ਹਾਉਣ ਲਈ ਜੋ ਵੀ ਕਰ ਸਕਦੇ ਹੋ, ਅੱਜ ਹੀ ਕਰਨ ਦਾ ਪ੍ਰਣ ਕਰ ਲਵੋ ਤੇ ਵਾਰ ਵਾਰ ਨਾ ਅਖਵਾਇਉ। ਨਤੀਜੇ, ਤੁਹਾਡੀ ਵੀ ਤੇ ਮੇਰੀ ਵੀ ਆਸ ਤੋਂ ਕਿਤੇ ਜ਼ਿਆਦਾ ਚੰਗੇ ਨਿਕਲਦੇ ਨਜ਼ਰ ਆਉਂਦੇ ਪ੍ਰਤੀਤ ਹੋਣ ਲੱਗ ਪਏ ਹਨ।