ਦੋਸਤੀ ਵਿਚ ਵੀ ਸੌ 'ਚੋਂ ਸੌ ਨੰਬਰ, ਦੁਸ਼ਮਣੀ ਵਿਚੋਂ ਵੀ ਸੌ 'ਚੋਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਦੋਸਤੀ ਵਿਚ ਵੀ ਸੌ 'ਚੋਂ ਸੌ ਨੰਬਰ, ਦੁਸ਼ਮਣੀ ਵਿਚੋਂ ਵੀ ਸੌ 'ਚੋਂ ਸੌ

ਸੇਵਾਦਾਰ ਤੁਹਾਡਾ ਸਮਾਨ ਸਜਾ ਕੇ ਰੱਖ ਦਿੰਦੈ। ਕਿਸੇ ਚੀਜ਼ ਦੀ ਲੋੜ ਹੋਈ ਤਾਂ ਸੇਵਾਦਾਰ ਨੂੰ ਕਹਿ ਦੇਣਾ।''

ਮੈਂ  ਜ਼ਿੰਦਗੀ ਵਿਚ ਮਨੁੱਖਾਂ ਦੀਆਂ ਬੜੀਆਂ ਵਨਗੀਆਂ ਵੇਖੀਆਂ ਹਨ ਤੇ ਕਈ ਵਾਰ ਉਨ੍ਹਾਂ ਨੂੰ ਯਾਦ ਕਰ ਕੇ ਹੈਰਾਨ ਹੋ ਕੇ ਸੋਚਣ ਲਗਦਾ ਹਾਂ ਕਿ ਕੀ ਅਜਿਹੇ ਹੱਡ-ਚੰਮ ਦੇ ਬੰਦੇ ਵੀ ਮੈਂ ਸਚਮੁਚ ਹੀ ਵੇਖੇ ਸਨ? ਮਨਜੀਤ ਸਿੰਘ ਕਲਕੱਤਾ ਇਹੋ ਜਿਹਾ ਹੀ ਇਕ ਵਿਅਕਤੀ ਸੀ। ਮੈਨੂੰ ਪਹਿਲੀ ਵਾਰ ਮਿਲਿਆ ਤਾਂ ਤਾਰੀਫ਼ਾਂ ਦੇ ਢੇਰ ਹੀ ਲਾਈ ਜਾਵੇ, ''ਜਦ ਵੀ ਤੁਹਾਡਾ ਕੋਈ ਲੇਖ ਪੜ੍ਹਦਾ ਹਾਂ ਤਾਂ ਲਗਦਾ ਹੈ, ਤੁਸੀ ਮੇਰੇ ਦਿਲ ਵਿਚ ਉਸਲਵੱਟੇ ਲੈ ਰਹੀ ਗੱਲ ਨੂੰ ਕਾਗ਼ਜ਼ ਉਤੇ ਉਤਾਰ ਦਿਤਾ ਹੈ। ਮੇਰੇ ਤੋਂ ਛੋਟੇ ਹੋ ਪਰ ਮੈਂ ਦਿਲੋਂ ਮਨੋਂ ਤੁਹਾਡਾ ਭਗਤ ਹਾਂ।''
ਵਜ਼ੀਰ ਦੀ ਗੱਡੀ ਹਰ ਚੌਥੇ ਦਿਨ ਮੇਰੇ ਬੂਹੇ ਤੇਮਨਜੀਤ ਸਿੰਘ ਕਲਕੱਤਾ ਦਾ ਉਸ ਵੇਲੇ ਬੜਾ ਨਾਂ ਵਜਦਾ ਸੀ। ਕਈ ਵਾਰ ਮਿਲਣ ਆਉਣਾ ਤਾਂ ਨਾਲ ਫੱਲ ਚੁਕ ਲਿਆਉਣੇ। ਮੈਨੂੰ ਮੁਫ਼ਤ ਦੀ ਕੋਈ ਚੀਜ਼ ਲੈਂਦਿਆਂ ਪ੍ਰੇਸ਼ਾਨੀ ਹੁੰਦੀ ਹੈ, ਹਜ਼ਮ ਵੀ ਨਹੀਂ ਹੁੰਦੀ। ਬੜਾ ਰੋਕਣਾ ਪਰ ਕਲਕੱਤਾ ਜੀ ਨਾ ਰੁਕਦੇ। ਫਿਰ ਉਹ ਬਾਦਲ ਸਰਕਾਰ ਦੇ ਵਜ਼ੀਰ ਬਣ ਗਏ। ਹਫ਼ਤੇ ਵਿਚ ਇਕ ਦਿਨ ਜ਼ਰੂਰ, ਉਨ੍ਹਾਂ ਦੀ ਸਰਕਾਰੀ ਗੱਡੀ ਮੇਰੇ ਦਰਵਾਜ਼ੇ ਤੇ ਆ ਰੁਕਦੀ। ਘੰਟਾ ਘੰਟਾ, ਦੋ ਦੋ ਘੰਟੇ ਵਾਰਤਾਲਾਪ ਚਲਦਾ ਰਹਿੰਦਾ। ਕਹਿੰਦੇ, ''ਤੁਹਾਡੇ ਨਾਲ ਵਿਚਾਰ ਚਰਚਾ ਕਰ ਕੇ ਮਨ ਨੂੰ ਬੜੀ ਤਸੱਲੀ ਮਿਲਦੀ ਏ, ਇਸ ਲਈ ਆ ਜਾਂਦਾ ਹਾਂ। ਬਾਕੀ ਤਾਂ ਸੱਭ ਪਾਸੇ ਆਵਾ ਹੀ ਊਤਿਆ ਪਿਆ ਹੈ।''
ਇਕ ਵਜ਼ੀਰ ਦੀ ਗੱਡੀ ਘੰਟਾ ਘੰਟਾ, ਦੋ ਦੋ ਘੰਟੇ ਲਗਾਤਾਰ ਮੇਰੇ ਦਰਵਾਜ਼ੇ ਤੇ ਖੜੀ ਵੇਖ ਕੇ, ਮੁਹੱਲੇ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਵਜ਼ੀਰ ਨਾਲ ਮੇਰੀ ਕੋਈ 'ਭਾਈਵਾਲੀ' ਪੈ ਗਈ ਹੈ ਤੇ ਵਜ਼ੀਰ ਮੇਰੀ ਬੜੀ ਮਦਦ ਕਰਦਾ ਹੈ! ਮੈਂ ਤਾਂ ਉਸ ਕੋਲੋਂ ਕਦੇ ਪਾਣੀ ਦਾ ਗਲਾਸ ਵੀ ਉਦੋਂ ਤਕ ਨਹੀਂ ਸੀ ਪੀਤਾ।
ਇਕ ਦਿਨ ਮਨਜੀਤ ਸਿੰਘ ਕਲਕੱਤਾ ਸਚਮੁਚ ਮੇਰੇ ਲਈ 'ਚੰਗਾ ਚੋਖਾ ਮਾਲ' ਲੈ ਕੇ ਆ ਗਏ। ਉਨ੍ਹਾਂ ਨਾਲ ਇਕ ਹੋਰ ਵਜ਼ੀਰ, ਪਟਿਆਲੇ ਦੇ ਕੋਹਲੀ ਸਾਹਬ ਵੀ ਸਨ। ਦੋਹਾਂ ਨੇ ਇਕ ਵੱਡਾ ਬੈਗ ਮੇਰੇ ਸੋਫ਼ੇ ਉਤੇ ਰਖਿਆ ਤੇ ਬੋਲੇ, ''ਸਾਨੂੰ ਦੋ ਮਿੰਟ ਵਖਰੇ ਹੋ ਕੇ ਗੱਲ ਕਰ ਲੈਣ ਦਿਉ, ਫਿਰ ਅਸੀ ਚਲੇ ਜਾਵਾਂਗੇ।'' ਮੈਨੂੰ ਦਾਲ ਵਿਚ ਕੁੱਝ ਕਾਲਾ ਨਜ਼ਰ ਆਇਆ ਤੇ ਮੈਂ ਕਿਹਾ, ''ਨਹੀਂ, ਮੈਂ ਇਥੇ ਬੈਠੇ ਮਿੱਤਰਾਂ ਦੇ ਸਾਹਮਣੇ ਹੀ ਗੱਲ ਕਰਨਾ ਪਸੰਦ ਕਰਾਂਗਾ ਤਾਕਿ ਕਲ ਤੁਸੀ ਇਹ ਨਾ ਕਹਿ ਸਕੋ ਕਿ ਤੁਸੀ ਤਾਂ ਮੈਨੂੰ ਨੋਟਾਂ ਦੇ ਬੰਡਲ ਦੇ ਕੇ ਆਏ ਹੋ...।''
ਸਾਰੇ ਹੱਸ ਪਏ। ਇਨ੍ਹਾਂ ਸਾਰਿਆਂ ਵਿਚ ਜਨਰਲ ਨਰਿੰਦਰ ਸਿੰਘ ਤੇ ਦੋ ਤਿੰਨ ਹੋਰ ਪੰਥਕ ਸੋਚ ਵਾਲੇ ਸੱਜਣ ਵੀ ਸ਼ਾਮਲ ਸਨ।
40 ਪੰਨੇ ਦੇ ਸਰਕਾਰੀ ਇਸ਼ਤਿਹਾਰ ਕਲਕੱਤਾ ਜੀ ਬੋਲੇ, ''ਨਹੀਂ ਅਜਿਹੀ ਗੁਪਤ ਗੱਲ ਅਸੀ ਵੀ ਕੋਈ ਨਹੀਂ ਕਰਨੀ। ਬਸ ਛੇਤੀ ਵਾਪਸ ਚਲੇ ਜਾਣਾ ਹੈ, ਇਸ ਲਈ ਵਖਰੇ ਹੋ ਕੇ ਗੱਲ ਕਰਨੀ ਚਾਹੀ ਸੀ ਤਾਕਿ ਤੁਸੀ ਅਪਣੇ ਸਾਥੀਆਂ ਨਾਲ ਵਾਰਤਾਲਾਪ ਜਾਰੀ ਰੱਖ ਸਕੋ।''
ਫਿਰ ਉਹ ਅਸਲ ਗੱਲ ਵਲ ਆਏ, ''ਅਸੀ ਕਾਫ਼ੀ ਦੇਰ ਤੋਂ ਸੋਚ ਰਹੇ ਸੀ ਕਿ ਸਪੋਕਸਮੈਨ, ਪੰਥ ਦੀ ਸੇਵਾ ਕਰਨ ਵਾਲਾ ਸਿਰਮੌਰ ਬਲਕਿ ਇਕੋ ਇਕ ਰਸਾਲਾ ਹੈ ਪਰ ਸਾਡੀ ਪੰਥਕ ਸਰਕਾਰ ਦਾ ਇਕ ਵੀ ਇਸ਼ਤਿਹਾਰ ਇਸ ਵਿਚ ਕਦੇ ਨਹੀਂ ਛਪਿਆ। ਸੋ ਮੈਂ ਤੇ ਕੋਹਲੀ ਸਾਹਿਬ ਨੇ ਰਲ ਕੇ, 40 ਮਹਿਕਮਿਆਂ ਦੇ 40 ਪੰਨੇ ਇਸ਼ਤਿਹਾਰ ਇਕੱਠੇ ਕਰ ਕੇ ਲਿਆਂਦੇ ਹਨ। ਤੁਸੀ ਕੁੱਝ ਨਹੀਂ ਕਰਨਾ, ਬੱਸ ਇਨ੍ਹਾਂ ਨੂੰ ਛਾਪ ਕੇ ਬਿਲ ਮੈਨੂੰ ਦੇ ਦੇਣੇ। ਮੈਂ ਆਪੇ ਇਨ੍ਹਾਂ ਦੇ ਚੈੱਕ ਇਕੱਠੇ ਕਰ ਕੇ ਤੁਹਾਨੂੰ ਦੇ ਜਾਵਾਂਗਾ।''
ਮੈਂ ਕਿਹਾ, ''ਤੁਹਾਡੀ ਹੌਸਲਾ-ਅਫ਼ਜ਼ਾਈ ਦਾ ਧਨਵਾਦ ਪਰ ਤੁਹਾਨੂੰ ਪਤਾ ਹੈ, ਅਸੀ ਸਹੁੰ ਖਾਧੀ ਹੋਈ ਹੈ ਕਿ ਜਦ ਤਕ ਸਪੋਕਸਮੈਨ ਰੋਜ਼ਾਨਾ ਅਖ਼ਬਾਰ ਨਹੀਂ ਬਣ ਜਾਂਦਾ, ਅਸੀ ਸਰਕਾਰੀ ਇਸ਼ਤਿਹਾਰ ਨਹੀਂ ਲਵਾਂਗੇ।''
ਕਲਕੱਤਾ ਜੀ ਬੋਲੇ, ''ਉਹ ਸਾਨੂੰ ਪਤਾ ਹੈ ਪਰ ਇਹ ਇਸ਼ਤਿਹਾਰ ਤੁਸੀ ਤਾਂ ਨਹੀਂ ਮੰਗੇ, ਇਹ ਅਸੀ ਅਪਣੀ ਸ਼ਰਧਾ ਪ੍ਰਗਟ ਕਰਨ ਲਈ ਆਪ ਲੈ ਕੇ ਆਏ ਹਾਂ। ਇਨ੍ਹਾਂ ਨੂੰ ਨਾਂਹ ਨਾ ਕਹਿਣੀ। ਇਹ ਹੁਣ ਅਪਣੇ ਮਿੱਤਰਾਂ ਦੀ ਲਾਜ ਰੱਖਣ ਵਾਲੀ ਗੱਲ ਵੀ ਬਣ ਗਈ ਏ...।''
ਮੈਂ ਜਨਰਲ ਨਰਿੰਦਰ ਸਿੰਘ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਚਲੋ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਘਰ ਵਿਚ ਹੋਇਆ ਪਿਆ ਹੈ। ਆਉ ਸਾਰੇ ਰਲ ਕੇ ਪਹਿਲਾਂ ਅਰਦਾਸ ਕਰ ਲਈਏ ਕਿ 'ਸੱਚੇ ਪਾਤਸ਼ਾਹ ਤੇਰੇ ਅੱਗੇ ਚੁੱਕੀ ਸਹੁੰ ਦੀ ਲਾਜ ਫਿਰ ਕਦੇ ਸਹੀ ਪਰ ਇਸ ਵੇਲੇ ਮਿੱਤਰਾਂ ਦੀ ਲਾਜ ਰਖਣੀ ਜ਼ਰੂਰੀ ਹੋ ਗਈ ਹੈ, ਇਸ ਲਈ ਸਾਨੂੰ ਮਾਫ਼ ਕਰ ਦਈਂ...।''
ਕਲਕੱਤਾ ਜੀ ਘਬਰਾ ਗਏ ਤੇ ਬੋਲੇ, ''ਇਹ ਤਾਂ ਤੁਸੀ ਧਰਮ ਸੰਕਟ ਖੜਾ ਕਰ ਦਿਤੈ। ਕੋਈ ਹੋਰ ਰਾਹ ਕੱਢੋ।''
ਜਨਰਲ ਨਰਿੰਦਰ ਸਿੰਘ ਬੋਲੇ, ''ਤੁਹਾਡਾ ਵਾਹ ਬੜੇ ਡਾਢੇ ਬੰਦੇ ਨਾਲ ਪੈ ਗਿਐ। ਇਹਨੇ ਅਪਣਾ ਪ੍ਰਣ ਕੋਈ ਨਹੀਂ ਤਿਆਗਣਾ, ਇਸ ਲਈ ਤੁਸੀ ਹੀ ਮੰਨ ਜਾਉ।''
ਕਲਕੱਤਾ ਜੀ ਬੋਲੇ, ''ਅਸੀ ਤਾਂ ਇਹ ਸਾਰੇ ਕਾਗ਼ਜ਼ ਇਥੇ ਰੱਖ ਕੇ ਚੱਲੇ ਜੇ, ਤੁਸੀ ਇਨ੍ਹਾਂ ਨਾਲ ਜੋ ਮਰਜ਼ੀ ਕਰ ਲੈਣਾ।''
ਮੈਂ ਕਿਹਾ, ''ਇੰਜ ਨਾ ਕਰਿਉ, ਮੇਰਾ ਕੰਮ ਨਾ ਵਧਾ ਦੇਣਾ। ਮੈਂ ਛਾਪਣੇ ਤਾਂ ਹਨ ਕੋਈ ਨਹੀਂ ਪਰ ਚਾਲੀ ਦਫ਼ਤਰਾਂ ਵਿਚ ਬੰਦੇ ਭੇਜ ਕੇ ਇਸ਼ਤਿਹਾਰ ਵਾਪਸ ਕਰਨ ਤੇ ਮੇਰਾ ਵਾਧੂ ਦਾ ਖ਼ਰਚਾ ਕਰਵਾ ਦਿਉਗੇ।''
ਉਹ ਸਮਝ ਗਏ ਕਿ ਗੱਲ ਨਹੀਂ ਬਣਨੀ, ਸੋ ਬੈਗ ਬੰਦ ਕਰ ਕੇ ਗੱਡੀ ਵਿਚ ਰਖਵਾ ਦਿਤਾ ਤੇ ਫ਼ਤਹਿ ਬੁਲਾ ਕੇ ਚਲਦੇ ਬਣੇ।
ਦਰਬਾਰ ਸਾਹਿਬ ਵਿਚ ਆਉ-ਭਗਤ
ਸਾਡਾ ਮਨ ਕੀਤਾ, ਦਰਬਾਰ ਸਾਹਿਬ ਦੇ ਦਰਸ਼ਨ ਕਰ ਆਈਏ। ਮਨਜੀਤ ਸਿੰਘ ਕਲਕੱਤਾ ਨਾਲ ਐਵੇਂ ਸੁਭੌਕੀ ਗੱਲਬਾਤ ਕਰਦਿਆਂ ਕਹਿ ਦਿਤਾ ਕਿ ਦੋ ਦਿਨ ਅੰਮ੍ਰਿਤਸਰ ਠਹਿਰਨ ਦਾ ਮਨ ਬਣਿਆ ਹੈ। ਕਹਿਣ ਲੱਗੇ, ''ਆ ਜਾਉ, ਸਾਰਾ ਪ੍ਰਬੰਧ ਮੇਰੇ ਤੇ ਛੱਡ ਦਿਉ।''
ਨਾਨਾ ਜੀ ਦੇ ਹੁੰਦਿਆਂ, ਹਰ ਸਾਲ ਅੰਮ੍ਰਿਤਸਰ ਜਾਇਆ ਕਰਦਾ ਸੀ ਪਰ ਉਨ੍ਹਾਂ ਮਗਰੋਂ ਕਦੇ ਉਥੇ ਜਾਣ ਦਾ ਸਬੱਬ ਹੀ ਨਹੀਂ ਸੀ ਬਣਿਆ। ਮਨ ਵਿਚ ਚਾਅ ਬੜਾ ਸੀ ਪਰ ਵਾਕਫ਼, ਰਿਸ਼ਤੇਦਾਰ ਹੁਣ ਕੋਈ ਨਹੀਂ ਸੀ ਰਹਿੰਦਾ ਉਥੇ। ਦਰਬਾਰ ਸਾਹਿਬ ਮੱਥਾ ਟੇਕ ਕੇ ਕਲਕੱਤਾ ਜੀ ਬਾਰੇ ਪੁਛਦੇ ਪੁਛਦੇ, ਉਨ੍ਹਾਂ ਦੇ ਦਫ਼ਤਰ ਪੁੱਜ ਗਏ। ਉਹ ਜੱਫੀ ਪਾ ਕੇ ਮਿਲੇ ਤੇ ਬੋਲੇ, ''ਮੈਂ ਸਵੇਰ ਦਾ ਤੁਹਾਨੂੰ ਲੱਭ ਲੱਭ ਫਾਵਾ ਹੋਈ ਜਾਨਾਂ। ਤੁਸੀ ਚਲੇ ਕਿਥੇ ਗਏ ਸੀ ਤੇ ਸਿੱਧੇ ਮੇਰੇ ਕੋਲ ਕਿਉਂ ਨਾ ਆ ਗਏ? ਤੁਹਾਨੂੰ ਲੈਣ ਲਈ ਜੀਪ ਬੱਸ ਸਟੈਂਡ ਤੇ ਭੇਜੀ ਸੀ। ਤੁਸੀ ਉਥੇ ਵੀ ਕਿਤੇ ਨਾ ਲੱਭੇ...।''
ਮੈਂ ਆਪ ਹੀ ਫ਼ੈਸਲਾ ਕੀਤਾ ਸੀ ਕਿ ਜੀਪ ਵਿਚ ਬੰਦ ਹੋ ਕੇ ਜਾਣ ਦੀ ਬਜਾਏ, ਰਿਕਸ਼ੇ ਵਿਚ ਬੈਠ ਕੇ, ਅੰਮ੍ਰਿਤਸਰ ਦੀਆਂ ਸੜਕਾਂ ਤੇ, ਅਪਣੀ ਮਰਜ਼ੀ ਨਾਲ ਘੁੰਮਾਂਗਾ ਤੇ ਵੇਖਾਂਗਾ ਕਿ ਮੇਰੇ ਬਚਪਨ ਵੇਲੇ ਦਾ ਅੰਮ੍ਰਿਤਸਰ ਹੁਣ ਵੀ ਉਹੋ ਜਿਹਾ ਹੀ ਹੈ ਜਾਂ ਬਦਲ ਗਿਆ ਹੈ। ਮੈਂ ਚਾਹੁੰਦਾ ਸੀ ਕਿ ਜਦੋਂ ਦਿਲ ਕਰੇ, ਰਿਕਸ਼ੇ ਤੋਂ ਹੇਠਾਂ ਉਤਰ ਕੇ, ਮੁੰਗੀ ਦੇ ਖੱਟੇ ਮਿੱਠੇ ਲੱਡੂ (ਇਮਲੀ ਤੇ ਦਹੀਂ ਵਾਲੇ) ਲੈ ਕੇ ਖਾ ਲਵਾਂ, ਗਨੇਰੀਆਂ ਚੂਪਦਾ ਜਾਵਾਂ ਤੇ... ਬਚਪਨ ਦੀਆਂ ਸਾਰੀਆਂ ਯਾਦਾਂ ਨਾਲ ਇਕ ਵਾਰ ਫਿਰ ਜੱਫੀਉਂ ਜੱਫੀ ਹੋ ਲਵਾਂ।ਕਲਕੱਤਾ ਜੀ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਮੇਰੇ 'ਸਵਾਗਤ' ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਗਲ ਵਿਚ ਫੁੱਲਾਂ ਵਿਚ ਪਰੁੱਚੇ ਨੋਟਾਂ ਵਾਲਾ ਹਾਰ ਪਾਇਆ, ਸਿਰੋਪਾਉ ਤੇ ਕਿਤਾਬਾਂ ਦਿਤੀਆਂ, ਤਕਰੀਰ ਕੀਤੀ ਤੇ ਫਿਰ ਸਾਰੇ ਸਟਾਫ਼ ਨੇ ਕਈ ਕਿਸਮ ਦੀਆਂ ਮਠਿਆਈਆਂ ਮੇਰੇ ਨਾਲ ਰਲ ਕੇ ਛਕੀਆਂ। ਮੈਂ ਸੋਚ ਰਿਹਾ ਸੀ ਕਿ ਕਿਸੇ ਹੋਟਲ ਵਿਚ ਕਮਰਾ ਬੁਕ ਕਰਨ ਦੀ ਗੱਲ ਕਰ ਲਵਾਂ ਕਿਉਂਕਿ ਮੈਨੂੰ ਕਿਸੇ ਗੁਰਦਵਾਰੇ ਦੀ ਸਰਾਂ ਵਿਚ ਰਾਤ ਰਹਿਣ ਦੀ ਕਦੇ ਲੋੜ ਹੀ ਨਹੀਂ ਸੀ ਪਈ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਉਥੇ ਦੇ ਕੀ ਨਿਯਮ ਹੁੰਦੇ ਹਨ। ਅਚਾਨਕ ਕਲਕੱਤਾ ਜੀ ਬੋਲੇ, ''ਅੱਜ ਪ੍ਰਧਾਨ ਜੀ (ਟੌਹੜਾ ਸਾਹਿਬ) ਦਾ ਵਿਸ਼ੇਸ਼ ਕਮਰਾ ਤੁਹਾਡੇ ਲਈ ਸਾਫ਼ ਕਰਵਾ ਦਿਤੈ। ਸੇਵਾਦਾਰ ਤੁਹਾਡਾ ਸਮਾਨ ਸਜਾ ਕੇ ਰੱਖ ਦਿੰਦੈ। ਕਿਸੇ ਚੀਜ਼ ਦੀ ਲੋੜ ਹੋਈ ਤਾਂ ਸੇਵਾਦਾਰ ਨੂੰ ਕਹਿ ਦੇਣਾ।''
ਵੀ.ਆਈ.ਪੀ. ਲੰਗਰ
ਪ੍ਰਧਾਨ ਜੀ ਦਾ ਕਮਰਾ ਬਹੁਤ ਵਧੀਆ ਸੀ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਕਿਸੇ ਖ਼ਾਸ ਵਿਅਕਤੀ ਦੇ ਆਉਣ ਤੇ ਖੋਲ੍ਹ ਦਿਤਾ ਜਾਂਦਾ ਸੀ। ਮੈਨੂੰ ਭੁੱਖ ਲੱਗ ਗਈ ਸੀ ਤੇ ਸੋਚ ਰਿਹਾ ਸੀ ਕਿ ਲੰਗਰ ਹਾਲ ਵਿਚ ਜਾ ਕੇ ਲੰਗਰ ਛੱਕ ਆਵਾਂ। ਸਾਹਮਣੇ ਵੇਖਿਆ, ਸੇਵਾਦਾਰ ਰੋਟੀ ਦਾ ਵੱਡਾ ਥਾਲ, ਉਪਰੋਂ ਵੱਡੇ ਕਪੜੇ ਨਾਲ ਢਕਿਆ ਹੋਇਆ, ਚੁੱਕੀ ਆ ਰਿਹਾ ਸੀ, ''ਲਉ, ਗਰਮ ਗਰਮ ਲੰਗਰ ਛੱਕ ਲਉ ਜੀ।'' ਮਟਰ ਪਨੀਰ, ਸਾਗ, ਦਾਲ, ਰਾਇਤਾ ਤੇ ਸਲਾਦ। ਨਾਲ ਚਾਵਲ ਤੇ ਰੋਟੀਆਂ। ਉਪਰੋਂ ਸੇਵਾਦਾਰ ਨੇ ਦੇਸੀ ਘਿਉ ਦੀ ਇਕ ਡੱਬੀ ਮੇਰੇ ਹਵਾਲੇ ਕਰਦਿਆਂ ਆਖਿਆ, ''ਦੇਸੀ ਘਿਉ ਅਪਣੀ ਲੋੜ ਮੁਤਾਬਕ ਆਪੇ ਪਾ ਲੈਣਾ ਜੀ।''
ਮੈਂ ਹੱਸ ਕੇ ਕਿਹਾ, ''ਸੇਵਾਦਾਰ ਜੀ, ਮੈਂ ਪੰਜ ਸਾਲ ਦਾ ਸੀ ਜਦ ਪਾਕਿਸਤਾਨ ਬਣ ਗਿਆ ਤੇ ਮੈਂ ਰੀਫ਼ੀਊਜੀ ਬਣ ਕੇ ਇਧਰ ਆ ਗਿਆ। ਉਦੋਂ ਤੋਂ ਅੱਜ ਤਕ ਖ਼ਾਲਸ ਡਾਲਡਾ ਖਾ ਕੇ ਹੀ ਵੱਡਾ ਹੋਇਆ ਹਾਂ, ਖ਼ਾਲਸ ਦੇਸੀ ਘਿਉ ਮੈਨੂੰ ਕਿਥੇ ਪਚਣੈ? ਇਹ ਵਾਪਸ ਲੈ ਜਾਉ ਕ੍ਰਿਪਾ ਕਰ ਕੇ। ਡਾਲਡੇ ਦੇ ਬਣੇ ਸ੍ਰੀਰਾਂ ਨੂੰ ਨਾ ਵਿਗਾੜੋ ਦੇਸੀ ਘਿਉਆਂ ਨਾਲ।'' ਸੇਵਾਦਾਰ ਵੀ ਹਸਦਾ ਹਸਦਾ, ਪਾਣੀ ਲੈਣ ਚਲਾ ਗਿਆ। ਖ਼ੂਬ ਸੇਵਾ ਕਰਵਾ ਕੇ ਚੰਡੀਗੜ੍ਹ ਪੁੱਜਾ ਤਾਂ 'ਜਥੇਦਾਰ' ਅਕਾਲ ਤਖ਼ਤ ਪ੍ਰੋ. ਮਨਜੀਤ ਸਿੰਘ ਦਾ ਫ਼ੋਨ ਆ ਗਿਆ ਕਿ ''ਆਪ ਨੂੰ ਵਰਲਡ ਸਿੱਖ ਕੌਂਸਲ ਦੀ ਕਾਰਜਕਾਰਨੀ ਦਾ ਮੈਂਬਰ ਲੈ ਲਿਆ ਗਿਆ ਹੈ, ਪ੍ਰਵਾਨਗੀ ਭੇਜਣ ਦੀ ਖੇਚਲ ਕਰਨਾ।''
ਇਸ ਦੇ ਪਿੱਛੇ ਵੀ ਮੈਨੂੰ ਕਲਕੱਤਾ ਜੀ ਦਾ ਹੱਥ ਹੀ ਦਿਸਿਆ, ਭਾਵੇਂ ਉਨ੍ਹਾਂ ਇਸ ਬਾਰੇ ਮੇਰੇ ਨਾਲ ਕਦੇ ਕੋਈ ਜ਼ਿਕਰ ਨਹੀਂ ਸੀ ਕੀਤਾ। ਅੱਜ ਮੈਂ ਕਲਕੱਤਾ ਜੀ ਦੀ ਦੋਸਤੀ ਦੀਆਂ ਕੁੱਝ ਝਲਕਾਂ ਹੀ ਵਿਖਾਈਆਂ ਹਨ। ਬਾਅਦ ਵਿਚ ਇਹ ਦੋਸਤੀ, ਦੁਸ਼ਮਣੀ ਵਿਚ ਬਦਲ ਗਈ। ਅਗਲੇ ਹਫ਼ਤੇ, ਉਸ ਦੀਆਂ ਝਲਕਾਂ ਵੀ ਵਿਖਾਵਾਂਗਾ।