ਮਾਸਕ
ਸਪੋਕਸਮੈਨ ਨੇ ਸਾਲਾਨਾ ਸਮਾਗਮਾਂ ਦੀ ਪ੍ਰਥਾ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਸੀ। ਪਾਠਕਾਂ
ਵਲੋਂ ਵਿਖਾਏ ਗਏ ਜੋਸ਼ ਨੇ ਸਾਡੇ ਹੌਸਲੇ ਵਧਾਏ ਤੇ ਮੈਨੂੰ ਕਲ ਵਾਂਗ ਯਾਦ ਹੈ ਕਿ ਜਦ
ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੇ 'ਛੇਕੇ ਜਾਣ' ਵਿਰੁਧ ਚਾਰ-ਪੰਜ ਸੰਸਥਾਵਾਂ ਨੇ ਰਲ ਕੇ
2003 ਵਿਚ ਵਰਲਡ ਸਿੱਖ ਕਨਵੈਨਸ਼ਨ ਬੁਲਾਈ ਤਾਂ 'ਖ਼ੂਨ ਖ਼ਰਾਬੇ' ਦੀਆਂ ਧਮਕੀਆਂ ਕਾਰਨ ਹੋਰ
ਲੋਕ ਤਾਂ ਉਸ ਵਿਚ ਸ਼ਾਮਲ ਨਾ ਹੋਏ ਪਰ 80 ਫ਼ੀ ਸਦੀ ਦੇ ਕਰੀਬ ਸਪੋਕਸਮੈਨ ਦੇ ਪਾਠਕ ਹੀ ਉਸ
ਵਿਚ ਛਾਏ ਹੋਏ ਦਿਸਦੇ ਸਨ।
ਬਾਕੀ ਦੇ 20% ਗਿਆਨ ਗੁਰਮਤਿ ਮਿਸ਼ਨਰੀ ਕਾਲਜ, ਲੁਧਿਆਣਾ ਦੇ ਵਿਦਿਆਰਥੀ ਤੇ ਸਾਬਕਾ ਵਿਦਿਆਰਥੀ ਸਨ। ਬੜਾ ਪ੍ਰਭਾਵਸ਼ਾਲੀ ਸਮਾਗਮ ਸੀ। ਉਥੇ ਹੀ ਮੈਂ ਸਟੇਜ ਤੋਂ ਕਿਹਾ ਸੀ, ''ਮਾਸਕ ਸਪੋਕਸਮੈਨ ਨੂੰ ਇਕ ਰੋਜ਼ਾਨਾ ਅਖ਼ਬਾਰ ਬਣਾਉਣ ਵਿਚ ਸਾਡੀ ਮਦਦ ਕਰੋ, ਫਿਰ ਪੁਜਾਰੀਵਾਦ ਕਿਸੇ ਸੱਚੇ ਸਿੱਖ ਨਾਲ ਧੱਕਾ ਨਹੀਂ ਕਰ ਸਕੇਗਾ ਤੇ ਬਾਬੇ ਨਾਨਕ ਦੀ ਅਸਲ ਸਿੱਖੀ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਜਾਏਗਾ।''
ਰੋਜ਼ਾਨਾ ਸਪੋਕਸਮੈਨ, ਦੋ ਸਾਲ ਬਾਅਦ ਅਰਥਾਤ 2005 ਵਿਚ, ਹੋਂਦ ਵਿਚ ਆ ਗਿਆ ਹਾਲਾਂਕਿ ਪੁਜਾਰੀਵਾਦੀਆਂ ਨੇ ਗੁਰਦਵਾਰਾ ਸਟੇਜ, ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ, ਇਹ ਸੁਨੇਹਾ ਬੜੇ ਜ਼ੋਰ ਸ਼ੋਰ ਨਾਲ ਦਿਤਾ ਕਿ 'ਅਕਾਲ ਤਖ਼ਤ ਦੇ ਵਿਰੋਧੀਆਂ' ਨੂੰ ਅਖ਼ਬਾਰ ਕੱਢਣ ਵਿਚ ਕੋਈ ਮਦਦ ਨਾ ਦਿਤੀ ਜਾਏ। ਫਿਰ ਅਖ਼ਬਾਰ ਵਿਚ ਪੁਜਾਰੀਵਾਦ ਦਾ 'ਹੁਕਮਨਾਮਾ' ਵੀ ਆ ਗਿਆ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ ਵਿਚ ਨੌਕਰੀ ਨਾ ਕਰੇ ਤੇ ਕੋਈ ਹੋਰ ਸਹਿਯੋਗ ਨਾ ਦਿਤਾ ਜਾਵੇ। ਹਵਾ ਵਿਚ ਬਾਹਵਾਂ ਉਲਾਰ ਉਲਾਰ ਕੇ ਦਾਅਵੇ ਕੀਤੇ ਜਾਣ ਲੱਗੇ ਕਿ ਅਖ਼ਬਾਰ ਛੇ ਮਹੀਨੇ ਨਹੀਂ ਚਲ ਸਕੇਗਾ, ਸਾਲ ਨਹੀਂ ਕੱਢ ਸਕੇਗਾ। ਅਖ਼ਬਾਰ ਨੂੰ ਬੰਦ ਕਰਾਉਣ ਲਈ ਸਰਕਾਰੀ ਇਸ਼ਤਿਹਾਰ ਬੰਦ ਕਰਾ ਦਿਤੇ ਗਏ, ਸਾਡੇ ਦਫ਼ਤਰਾਂ ਉਤੇ ਹਮਲੇ ਕੀਤੇ ਗਏ, ਥਾਂ ਥਾਂ ਐਡੀਟਰ ਵਿਰੁਧ ਕੇਸ ਰਜਿਸਟਰ ਕਰ ਦਿਤੇ ਗਏ ਤੇ ਦਮਨ ਦੀ ਹਨੇਰੀ ਜਹੀ ਚਲਾ ਦਿਤੀ ਗਈ।
ਉਸ ਵੇਲੇ ਅਸੀ ਸਾਲਾਨਾ ਸਮਾਗਮ ਕਰਨੇ ਲਾਜ਼ਮੀ ਬਣਾ ਦਿਤੇ। ਪਾਠਕਾਂ ਨੇ ਚੰਗਾ ਹੁੰਗਾਰਾ ਦਿਤਾ। ਸਾਡੇ ਹੌਸਲੇ ਤਾਂ ਇਨ੍ਹਾਂ ਸਦਕਾ ਵੱਧ ਹੀ ਜਾਂਦੇ ਸਨ, ਨਾਲ ਹੀ ਸਾਡੇ ਵਿਰੋਧੀ ਲਾਣੇ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਸਪੋਕਸਮੈਨ ਦੀਆਂ ਜੜ੍ਹਾਂ ਲੋਕਾਂ ਅੰਦਰ ਲੱਗ ਚੁਕੀਆਂ ਹਨ ਜਿਸ ਕਰ ਕੇ, ਇਸ ਦੇ ਇਕ ਇਸ਼ਾਰੇ ਤੇ, 40-50 ਹਜ਼ਾਰ ਦਾ ਇਕੱਠ ਹੋ ਜਾਂਦਾ ਹੈ ਜਦਕਿ ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਵੀ ਇਸ ਤੋਂ ਅੱਧਾ ਜਾਂ ਚੌਥਾ ਹਿੱਸਾ ਇਕੱਠ ਕਰਨ ਲਈ ਵੀ ਬੰਦੇ ਆਪ ਢੋਹ ਕੇ ਲਿਆਣੇ ਪੈਂਦੇ ਹਨ ਤੇ ਭਾਰੀ ਖ਼ਰਚਾ ਕਰਨਾ ਪੈਂਦਾ ਹੈ।
ਪਾਠਕਾਂ ਦੇ ਇਸ ਪਿਆਰ ਸਦਕਾ ਹੀ, ਅਸੀ ਨਾ ਕੇਵਲ ਅਖ਼ਬਾਰ ਨੂੰ ਹੀ ਚੜ੍ਹਦੀ ਕਲਾ ਵਿਚ ਲਿਜਾਣ ਵਿਚ ਸਫ਼ਲ ਹੋ ਗਏ ਬਲਕਿ ਅਖ਼ਬਾਰ ਤੇ ਇਸ ਦੇ ਪਾਠਕਾਂ ਵਲੋਂ ਬਾਬੇ ਨਾਨਕ ਦੀ ਇਕ 60 ਕਰੋੜੀ ਵਿਲੱਖਣ ਯਾਦਗਾਰ 'ਉੱਚਾ ਦਰ ਬਾਬੇ ਨਾਨਕ ਦਾ' ਵੀ ਉਸਾਰਨ ਦਾ ਐਲਾਨ ਕਰ ਦਿਤਾ। ਹਰ ਸਾਲ ਸਾਲਾਨਾ ਸਮਾਗਮ ਹੁੰਦੇ ਤੇ ਜੇ ਇਨ੍ਹਾਂ ਦਾ ਵੇਰਵਾ ਲਿਖੀਏ ਤਾਂ ਵੇਖਾਂਗੇ ਕਿ ਹਰ ਸਾਲਾਨਾ ਸਮਾਗਮ, ਇਕ ਨਵਾਂ ਸੁਨੇਹਾ ਦੇ ਜਾਂਦਾ ਸੀ, ਇਕ ਨਵਾਂ ਉਤਸ਼ਾਹ ਭਰ ਜਾਂਦਾ ਸੀ ਤੇ ਇਕ ਨਵਾਂ ਇਤਿਹਾਸ ਸਿਰਜ ਜਾਂਦਾ ਸੀ। ਰੋਜ਼ਾਨਾ ਸਪੋਕਸਮੈਨ ਦੀ ਸਫ਼ਲਤਾ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਕਾਇਮੀ ਵਿਚ, ਅਖ਼ਬਾਰ ਦੇ ਸਾਲਾਨਾ ਸਮਾਗਮਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿਚ ਅਸੀ 5-5 ਲੱਖ ਦੀਆਂ ਕਿਤਾਬਾਂ ਇਕ ਦਿਨ ਵਿਚ ਵਿਕਦੀਆਂ ਵੇਖੀਆਂ। ਇਨ੍ਹਾਂ ਸਮਾਗਮਾਂ ਦੀ ਰੌਣਕ, ਇੰਗਲੈਂਡ ਤੋਂ ਸਾਡੇ ਹਰਮਨ ਪਿਆਰੇ ਪੰਜਾਬੀ ਲੇਖਕ ਅਮੀਨ ਮਲਿਕ ਤੇ ਹੋਰ ਵਿਦੇਸ਼ੀ ਪ੍ਰਸ਼ੰਸਕ ਵੀ ਵਧਾਉਂਦੇ ਰਹੇ।
ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਸਾਲਾਨਾ ਸਮਾਗਮ ਹੋਣੇ ਬੰਦੇ ਹੋ ਗਏ ਕਿਉਂਕਿ ਹਰ ਸਮਾਗਮ ਦੇ ਲੰਗਰ, ਚਾਹ, ਕੁਰਸੀਆਂ, ਮੇਜ਼ਾਂ, ਟੈਂਟਾਂ, ਸਟੇਜ ਅਤੇ ਹੋਰ ਖ਼ਰਚੇ ਕੁਲ ਮਿਲਾ ਕੇ 25-30 ਲੱਖ ਦੇ ਤਾਂ ਹੋ ਹੀ ਜਾਂਦੇ ਸਨ। ਅਸੀ ਫ਼ੈਸਲਾ ਕੀਤਾ ਕਿ ਹਰ ਪਾਸਿਉਂ ਪੈਸਾ ਬਚਾ ਕੇ ਪਹਿਲਾਂ 'ਉੱਚਾ ਦਰ' ਦੀ ਇਮਾਰਤ ਮੁਕੰਮਲ ਕੀਤੀ ਜਾਏ ਤੇ ਬਾਕੀ ਸਾਰੇ ਖ਼ਰਚੇ ਬੰਦ ਕਰ ਦਿਤੇ ਜਾਣ। ਇਹ ਸਰਫ਼ੇ ਦੀ ਲਹਿਰ 'ਉੱਚਾ ਦਰ' ਮੁਕੰਮਲ ਹੋਣ ਤਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਪਰ ਪਾਠਕ ਬੜੀ ਦੇਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਾਲਾਨਾ ਸਮਾਗਮ
ਜ਼ਰੂਰ ਕੀਤੇ ਜਾਇਆ ਕਰਨ। ਮੇਰੀ ਸ਼ਰਤ ਸੀ ਕਿ ਸਮਾਗਮ ਤਾਂ ਹੁਣ ਕੇਵਲ ਤੇ ਕੇਵਲ 'ਉੱਚਾ ਦਰ
ਬਾਬੇ ਨਾਨਕ ਦਾ' ਵਿਚ ਹੀ ਹੋਣਗੇ, ਹੋਰ ਕਿਧਰੇ ਨਹੀਂ ਤੇ ਉਥੇ ਵੀ ਉਦੋਂ ਹੀ ਹੋਣਗੇ ਜਦੋਂ
ਅਸੀ ਬਾਬੇ ਨਾਨਕ ਦੇ ਘਰ ਆਉਣ ਵਾਲੇ ਸਾਰੇ ਨਾਨਕ-ਪ੍ਰੇਮੀਆਂ ਨੂੰ ਲੋੜੀਂਦੀਆਂ ਸੁੱਖ
ਸਹੂਲਤਾਂ ਦੇ ਸਕਾਂਗੇ, ਉਨ੍ਹਾਂ ਨੂੰ ਸਾਫ਼ ਸੁਥਰੇ ਵਾਤਾਵਰਣ ਵਿਚ ਬਿਠਾ ਸਕਾਂਗੇ ਤੇ 'ਉੱਚਾ
ਦਰ' ਦੇ ਤਿਆਰ ਹੋ ਚੁੱਕੇ ਭਾਗ ਦੀ ਚੰਗੀ ਝਲਕ ਵਿਖਾ ਸਕਾਂਗੇ। ਪਿਛਲੇ ਦੋ ਵੱਡੇ ਇਕੱਠ
ਅਸੀ ਉਦੋਂ ਕੀਤੇ ਸਨ ਜਦ 'ਉੱਚਾ ਦਰ' ਨਿਰਾ ਰੜਾ ਮੈਦਾਨ ਹੁੰਦਾ ਸੀ ਤੇ ਉਸਾਰੀ ਅਜੇ ਸ਼ੁਰੂ
ਨਹੀਂ ਸੀ ਹੋਈ ਕਿਉਂਕਿ ਸਰਕਾਰ ਦੀ ਪ੍ਰਵਾਨਗੀ ਮਿਲਣ ਅਤੇ ਨਕਸ਼ੇ ਪਾਸ ਕਰਵਾਏ ਜਾਣ ਮਗਰੋਂ
ਹੀ ਉਸਾਰੀ ਸ਼ੁਰੂ ਕੀਤੀ ਜਾ ਸਕਦੀ ਹੈ।
ਦੋ ਕੁ ਸਾਲ, ਉਸੇ ਦੌੜ ਭੱਜ ਕਾਰਨ, ਕੰਮ ਰੁਕਿਆ
ਰਿਹਾ। ਹੁਣ ਉਹ ਸਾਰਾ ਢਾਂਚਾ ਬਣ ਚੁੱਕਾ ਹੈ ਜਿਸ ਨੂੰ ਦੋ ਕਰੋੜ ਦੀ ਲਾਗਤ ਨਾਲ ਸਾਫ਼
ਸੁਥਰਾ, ਲਿਸ਼ਕਦਾ ਪੁਸ਼ਕਦਾ ਤੇ ਜ਼ਰੂਰੀ ਸਹੂਲਤਾਂ ਨਾਲ ਲੈਸ ਹੋਇਆ ਬਣਾ ਕੇ ਪਾਠਕਾਂ ਨੂੰ ਪੇਸ਼
ਕਰ ਸਕਦੇ ਹਾਂ। ਗਵਰਨਿੰਗ ਕੌਂਸਲ ਦੇ ਮੈਂਬਰ ਸ. ਬਲਵਿੰਦਰ ਸਿੰਘ ਅੰਬਰਸਰੀਆ ਵਰਗੇ
ਉਤਸ਼ਾਹੀ ਆਗੂਆਂ ਨੇ ਜ਼ਿੰਮਾ ਲਿਆ ਹੈ ਕਿ 100-200 ਵੱਡੇ ਸਮਰਥਕਾਂ ਨੂੰ ਪ੍ਰੇਰ ਕੇ ਇਸ
ਲੁੜੀਂਦੇ ਖ਼ਰਚੇ ਦਾ ਪ੍ਰਬੰਧ ਕਰ ਲੈਣਗੇ। ਸਾਡੇ ਸਮਰੱਥ ਪਾਠਕਾਂ ਨੂੰ ਵੀ ਬੇਨਤੀ ਹੈ ਕਿ
ਉਨ੍ਹਾਂ ਨੂੰ ਪੂਰਾ ਸਹਿਯੋਗ ਦਿਉ।
ਕੌਣ ਕੌਣ ਆਉਣਗੇ?
ਸੱਭ ਤੋਂ ਵੱਧ ਉਤਸ਼ਾਹ
ਅਮੀਨ ਮਲਿਕ ਤੇ ਉਨ੍ਹਾਂ ਦੀ ਪਤਨੀ, ਰਾਣੀ ਮਲਿਕ ਨੇ ਵਿਖਾਇਆ ਹੈ। ਅਮੀਨ ਸਾਹਿਬ ਚਾਹੁੰਦੇ
ਨੇ ਕਿ ਦੁਨੀਆਂ ਜਹਾਨ ਛੱਡਣ ਤੋਂ ਪਹਿਲਾਂ (ਇਸ ਵੇਲੇ 78 ਸਾਲ ਦੇ ਹੋ ਚੁੱਕੇ ਹਨ) ਇਕ ਵਾਰ
ਸਪੋਕਸਮੈਨ ਰਾਹੀਂ ਬਣੇ ਅਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਨੇੜਿਉਂ ਹੋ ਕੇ ਵੇਖ ਲੈਣ।
ਪਿਛਲੇ ਸਾਲ ਵੀ ਮੈਂ ਉਨ੍ਹਾਂ ਨੂੰ ਕਹਿ ਬੈਠਾ ਕਿ ਸਾਲਾਨਾ ਸਮਾਗਮ ਜ਼ਰੂਰ ਹੋਵੇਗਾ। ਉਹ ਵਾਰ
ਵਾਰ ਮੈਨੂੰ ਫ਼ੋਨ ਕਰਦੇ ਕਿ ''ਤਰੀਕ ਦੱਸੋ, ਸਾਨੂੰ ਤਿਆਰੀ ਲਈ ਵੀ ਸਮਾਂ ਚਾਹੀਦੈ।'' ਏਧਰ
ਪੈਸੇ ਮੁੱਕੇ ਪਏ ਸਨ, ਇਸ ਲਈ ਉਸਾਰੀ ਵੀ ਢੇਚੂੰ ਢੇਚੂੰ ਕਰ ਕੇ ਚਲ ਰਹੀ ਸੀ। ਆਖ਼ਰ ਮੈਨੂੰ
ਮਲਿਕ ਸਾਹਿਬ ਨੂੰ ਦਸਣਾ ਪਿਆ ਕਿ ਪੈਸੇ ਦੀ ਕਮੀ ਹੈ, ਇਸ ਲਈ ਸਾਲਾਨਾ ਸਮਾਗਮ ਇਸ ਸਾਲ
(ਮਤਲਬ ਪਿਛਲੇ ਸਾਲ) ਵੀ ਨਹੀਂ ਕਰ ਸਕਾਂਗੇ। ਹੁਣ ਉਨ੍ਹਾਂ ਨੇ ਦੋ ਵਾਰ ਫ਼ੋਨ ਕਰ ਕੇ ਪੁਛਿਆ
ਹੈ ਕਿ ''ਇਸ ਸਾਲ ਸਮਾਗਮ ਕਰ ਰਹੇ ਹੋ ਕਿ ਨਹੀਂ?'' ਮੈਂ ਕਹਿ ਦਿਤਾ ਕਿ ਇਸ ਸਾਲ ਅਸੀ
25-30 ਹਜ਼ਾਰ ਪਾਠਕਾਂ ਦੀ ਸੇਵਾ-ਸੰਭਾਲ ਕਰਨ ਜੋਗੇ ਹੋ ਗਏ ਹਾਂ, ਇਸ ਲਈ ਸਮਾਗਮ ਜ਼ਰੂਰ
ਹੋਵੇਗਾ।
ਅਮੀਨ ਮਲਿਕ ਹੁਰਾਂ ਹੀ ਦਸਿਆ ਹੈ ਕਿ ਪਾਕਿਸਤਾਨ ਵਿਚ ਮਾਂ-ਬੋਲੀ ਪੰਜਾਬੀ ਲਈ ਹਾਅ ਦਾ ਨਾਹਰਾ ਮਾਰਨ ਵਾਲੇ ਦੋ ਤਿੰਨ ਹੋਰ 'ਜਰਨੈਲ' ਵੀ ਇਸ ਸਮਾਗਮ ਵਿਚ ਆਉਣਾ ਚਾਹੁੰਦੇ ਹਨ। ਇਨ੍ਹਾਂ 'ਚੋਂ ਇਕ ਤਾਂ ਆਪ ਗ਼ਰੀਬੀ ਵਿਚ ਰਹਿ ਕੇ, ਪੰਜਾਬੀ ਦਾ ਰੋਜ਼ਾਨਾ ਅਖ਼ਬਾਰ ਵੀ ਕੱਢ ਰਿਹੈ। ਸਾਨੂੰ ਅਜਿਹੇ ਜੁਝਾਰੂ ਪੰਜਾਬੀਆਂ ਦਾ ਪਤਾ ਜ਼ਰੂਰ ਹੋਣਾ ਚਾਹੀਦੈ ਜੋ ਪਾਕਿਸਤਾਨ ਵਿਚ ਰਹਿ ਕੇ ਵੀ ਨੰਗੇ ਧੜ, ਪੰਜਾਬੀ ਲਈ ਕੁਰਬਾਨੀ ਕਰ ਰਹੇ ਹਨ ਜਦਕਿ ਉਥੋਂ ਦੀ ਸਰਕਾਰ, ਉਰਦੂ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਦੀ ਤਰਫ਼ਦਾਰੀ ਕਰਨ ਵਾਲਿਆਂ ਨਾਲ ਨਫ਼ਰਤ ਕਰਦੀ ਹੈ ਤੇ ਕੱਟੜਵਾਦੀ ਮੌਲਾਣੇ ਪੰਜਾਬੀ ਦੇ ਇਨ੍ਹਾਂ ਸ਼ੈਦਾਈਆਂ ਨੂੰ 'ਕਾਫ਼ਰ' ਕਹਿਣ ਤਕ ਵੀ ਚਲੇ ਜਾਂਦੇ ਹਨ।
ਇਸੇ ਤਰ੍ਹਾਂ ਭਾਈ ਮਰਦਾਨਾ ਦੇ ਵੰਸ਼ਜ ਅੱਜ ਵੀ ਨਾਨਕ-ਬਾਣੀ ਦਾ ਗਾਇਨ
ਕਰਨ ਲਈ ਆਉਣਾ ਚਾਹੁੰਦੇ ਹਨ। ਪਾਕਿਸਤਾਨ ਵਿਚ ਉਨ੍ਹਾਂ ਨੂੰ ਵੀ ਬਹੁਤਾ ਕਰ ਕੇ ਨਫ਼ਰਤ ਦੀ
ਨਿਗਾਹ ਨਾਲ ਹੀ ਵੇਖਿਆ ਜਾਂਦਾ ਹੈ ਤੇ ਕੱਟੜਵਾਦੀ ਇਹੀ ਕਹਿੰਦੇ ਹਨ ਕਿ ਕੁਰਾਨ ਨੂੰ ਛੱਡ
ਕੇ ਇਹ 'ਕਾਫ਼ਰ' ਸਿੱਖਾਂ ਦੀ ਕਿਤਾਬ ਦੇ ਦੀਵਾਨੇ ਬਣੇ ਹੋਏ ਹਨ। ਉਹ ਵਿਚਾਰੇ ਰੋਟੀ ਰੋਜ਼ੀ
ਲਈ ਕੂਚੀਆਂ ਫੜ ਕੇ ਸਫ਼ੈਦੀ ਕਰਨ ਦਾ ਕੰਮ ਕਰਦੇ ਹਨ ਤੇ ਜਦੋਂ ਇਧਰੋਂ ਉਨ੍ਹਾਂ ਨੂੰ ਕੋਈ
ਸੱਦਾ ਦੇਂਦਾ ਹੈ ਤਾਂ ਬਹੁਤ ਖ਼ੁਸ਼ ਹੋ ਜਾਂਦੇ ਹਨ। ਉਹ ਵੀ ਆਉਣਗੇ।
ਪੰਜਾਬ ਦੇ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦੀ ਵੀ ਪੂਰੀ ਉਮੀਦ ਹੈ। ਹੋਰਨਾਂ ਬਾਰੇ ਮਗਰੋਂ
ਪਤਾ ਲੱਗੇਗਾ। ਅਜੇ ਤਾਰੀਖ਼ ਦਾ ਫ਼ੈਸਲਾ ਹੋਣਾ ਵੀ ਬਾਕੀ ਹੈ ਤੇ ਕਿਸੇ ਨਾਲ ਗੱਲ ਵੀ ਨਹੀਂ
ਕੀਤੀ ਗਈ ਪਰ ਉਮੀਦ ਹੈ ਕਿ ਕਈ ਹਸਤੀਆਂ ਵੀ ਇਸ ਸਮਾਗਮ ਵਿਚ ਸ਼ਾਮਲ ਹੋਣਗੀਆਂ।
ਕਿਤਾਬਾਂ
ਇਸ
ਮੌਕੇ ਕੁੱਝ ਨਵੀਆਂ ਕਿਤਾਬਾਂ ਵੀ ਜਾਰੀ ਕੀਤੀਆਂ ਜਾਣਗੀਆਂ। ਅਮੀਨ ਮਲਿਕ ਦੀ ਬੇਹੱਦ
ਮਕਬੂਲ ਹੋਈ ਤੇ ਪੰਜਾਬੀ ਸਾਹਿਤ ਵਿਚ ਨਵੇਂ ਮੀਲ-ਪੱਥਰ ਗੱਡਣ ਵਾਲੀ 'ਅਥਰੀ', ਕਿਤਾਬ ਰੂਪ
ਵਿਚ ਤੁਹਾਡੇ ਸਾਹਮਣੇ ਆਵੇਗੀ। ਮੈਂ 'ਜਪੁਜੀ ਸਾਹਿਬ' ਦਾ ਸੌਖੀ ਭਾਸ਼ਾ ਵਿਚ ਅਨੁਵਾਦ ਪੇਸ਼
ਕਰਨ ਦਾ ਅਪਣਾ ਵਾਅਦਾ ਨਿਭਾਉਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗਾ। 'ਨਿਜੀ ਡਾਇਰੀ' ਦੇ ਕੁੱਝ
ਚੋਣਵੇਂ ਲੇਖਾਂ ਨੂੰ ਵੀ ਕਿਤਾਬੀ ਰੂਪ ਵਿਚ ਪਹਿਲੀ ਵਾਰ ਪੇਸ਼ ਕੀਤਾ ਜਾਵੇਗਾ।
ਸਮਾਗਮ
ਦੀਆਂ ਤਰੀਕਾਂ ਬਾਰੇ ਛੇਤੀ ਹੀ ਫ਼ੈਸਲਾ ਕਰ ਲਿਆ ਜਾਏਗਾ। ਮੇਰਾ ਦਿਲ ਕਰਦਾ ਹੈ ਕਿ ਇਸ ਵਾਰ
ਸਵੇਰੇ ਸ਼ਾਮ ਦੇ ਦੋ ਸਮਾਗਮ ਕੀਤੇ ਜਾਣ ਜੋ ਰਾਤ 10 ਵਜੇ ਸਮਾਪਤ ਹੋਣ।
ਜਿਹੜੇ ਰਾਤ ਰਹਿਣਾ
ਚਾਹੁਣ, ਉਨ੍ਹਾਂ ਲਈ ਠਹਿਰਨ ਤੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਪਵੇਗਾ ਪਰ ਦੋ ਤਿੰਨ ਘੰਟੇ
ਵਿਚ ਸਾਰੀ ਗੱਲ ਨਹੀਂ ਕੀਤੀ ਜਾ ਸਕਦੀ, ਨਾ ਸਾਰਿਆਂ ਨੂੰ ਸੁਣਿਆ ਹੀ ਜਾ ਸਕਦਾ ਹੈ।
'ਨਾਨਕੀ ਸੰਦੇਸ਼' ਅਤੇ 'ਪੰਜਾਬੀ ਦੁਨੀਆ' ਦੇ ਦੋ ਵਖਰੇ ਵਖਰੇ (ਸਵੇਰੇ ਸ਼ਾਮ) ਪ੍ਰੋਗਰਾਮ
ਹੋਣੇ ਚਾਹੀਦੇ ਹਨ ਕਿਉਂਕਿ ਹੁਣ ਅਸੀ ਇਸ ਕਾਬਲ ਹੋ ਗਏ ਹਾਂ ਕਿ ਦੋ ਵਕਤ ਦੇ ਲੰਗਰ ਵੀ ਲਾ
ਸਕੀਏ ਤੇ ਰਾਤ ਰਹਿਣ ਵਾਲਿਆਂ ਲਈ ਰਹਿਣ ਦਾ ਪ੍ਰਬੰਧ ਵੀ ਕਰ ਸਕੀਏ।
ਇਹ ਸਾਰਾ ਜਲਵਾ
ਸਪੋਕਸਮੈਨ ਤੇ ਉਸ ਦੇ ਪਾਠਕਾਂ ਦਾ ਸਾਂਝਾ ਜਲਵਾ ਹੈ। ਅਸੀ ਰੀਂਗ ਰੀਂਗ ਕੇ ਚਲਦੇ ਹੋਏ,
ਪੈਸੇ ਪੈਸੇ ਤੋਂ ਤੰਗ ਰਹਿ ਕੇ, ਅਖ਼ੀਰ ਮੰਜ਼ਿਲ ਦੇ ਨੇੜੇ ਪੁਜ ਗਏ ਲਗਦੇ ਹਾਂ। ਪਾਠਕਾਂ ਨੂੰ
ਮੇਰੀ ਇਲਤਜਾ ਹੈ ਕਿ ਇਸ ਆਖ਼ਰੀ ਪੜਾਅ ਤੇ ਜ਼ਰਾ ਖੁਲ੍ਹਦਿਲੀ ਨਾਲ ਸਹਾਇਤਾ ਭੇਜੋ ਤਾਕਿ
ਆਖ਼ਰੀ ਪੜਾਅ ਵਿਚੋਂ ਵੀ ਸੁਰਖ਼ਰੂ ਹੋ ਕੇ ਨਿਕਲ ਸਕੀਏ। ਕੋਈ ਪਾਠਕ ਅਜਿਹਾ ਨਹੀਂ ਰਹਿਣਾ
ਚਾਹੀਦਾ ਜੋ ਅੰਤਮ ਪੜਾਅ ਤੇ ਪੁਜ ਕੇ ਅਪਣਾ ਹਿੱਸਾ ਪਾਉਣੋਂ ਰਹਿ ਜਾਏ¸ਭਾਵੇਂ ਜਿੰਨਾ ਵੀ
ਠੀਕ ਸਮਝੇ, ਹਿੱਸਾ ਪਾ ਸਕਦਾ ਹੈ। ਸਮਾਗਮ ਦੀ ਸਫ਼ਲਤਾ ਦਾ ਅਰਥ ਹੋਵੇਗਾ, ਅਸੀ ਉੱਚਾ ਦਰ
ਨੂੰ ਚਾਲੂ ਕਰਨ ਦਾ ਬਿਗਲ ਵਜਾਣ ਲਈ ਤਿਆਰ ਹੋ ਗਏ ਹਾਂ। ਅਸੀ ਦਾ ਮਤਲਬ ਹੈ ਅਸੀ ਤੁਸੀ
ਅਰਥਾਤ ਸਾਰੇ ਪਾਠਕ।
ਜੋਗਿੰਦਰ ਸਿੰਘ