ਸਾਲਾਨਾ ਸਮਾਗਮ ਗੱਜ ਵੱਜ ਕੇ ਹੋਵੇਗਾ ਪਰ ਮੇਰੀ ਸ਼ਰਤ ਇਹ ਹੈ ਕਿ ਪਹਿਲਾਂ ਉਹ ਸਾਰੇ ਕੰਮ ਮੁਕੰਮਲ ਕਰ ਲਵੋ ਜੋ ਸਮਾਗਮ ਤੋਂ ਪਹਿਲਾਂ ਕਰਨੇ ਜ਼ਰੂਰੀ ਹਨ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ



ਜੋਗਿੰਦਰ ਸਿੰਘ
ਪਿਛਲੇ ਹਫ਼ਤੇ ਮੈਂ ਪਾਠਕਾਂ ਨੂੰ ਪੁਛਿਆ ਸੀ ਕਿ ਕਈ ਸਾਲਾਂ ਤੋਂ ਬੰਦ ਹੋਇਆ ਸਾਲਾਨਾ ਸਮਾਗਮ ਇਸ ਸਾਲ ਕਰ ਲਿਆ ਜਾਏ? ਪਾਠਕਾਂ ਨੇ ਇਕ ਆਵਾਜ਼ ਵਿਚ ਉੱਤਰ ਦਿਤਾ ਹੈ ਕਿ ਉਹ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਲਈ ਬੜੀ ਦੇਰ ਤੋਂ ਤਰਸ ਰਹੇ ਹਨ ਤੇ ਇਸ ਸਾਲ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਪਾਠਕਾਂ ਨੂੰ ਵੀ 'ਉੱਚਾ ਦਰ' ਬਾਰੇ ਕਾਫ਼ੀ ਸਾਰੀ ਜਾਣਕਾਰੀ ਮਿਲ ਜਾਏਗੀ ਜਿਨ੍ਹਾਂ ਨੇ ਅਜੇ ਤੀਕ ਇਸ ਨੂੰ ਵੇਖਿਆ ਨਹੀਂ ਤੇ ਕੇਵਲ ਅਖ਼ਬਾਰ ਵਿਚ ਹੀ ਇਸ ਬਾਰੇ ਪੜ੍ਹਿਆ ਹੈ। ਨਾਲੇ ਇਸ ਬਹਾਨੇ 'ਸਪੋਕਸਮੈਨ ਪ੍ਰਵਾਰ' ਜਾਂ ਹੁਣ 'ਉੱਚਾ ਦਰ ਪ੍ਰਵਾਰ' ਜਿਸ ਨੇ ਰਲ ਮਿਲ ਕੇ ਇਹ ਸਾਰਾ ਕੁੱਝ ਬਣਾਇਆ ਹੈ, ਦੇ ਜੀਆਂ ਨੂੰ ਆਪਸ ਵਿਚ ਮਿਲ ਬੈਠਣ ਤੇ ਇਕ ਦੂਜੇ ਨੂੰ ਵਧਾਈਆਂ ਦੇਣ ਦਾ ਮੌਕਾ ਵੀ ਮਿਲ ਜਾਏਗਾ ਤੇ ਅਮੀਨ ਮਲਿਕ ਸਮੇਤ ਕਈ ਪਾਕਿਸਤਾਨੀ ਲੇਖਕਾਂ ਦੇ ਵੀ ਸਾਖਿਆਤ ਦਰਸ਼ਨ ਹੋ ਜਾਣਗੇ। ਇਹ ਵੀ ਸੱਭ ਨੂੰ ਪਤਾ ਲੱਗ ਜਾਏਗਾ ਕਿ 'ਸਾਂਝੀ ਮਿਹਨਤ' ਨੂੰ ਹੁਣ ਤਕ ਕਿੰਨਾ ਕੁ ਫੱਲ ਲੱਗਾ ਹੈ। 'ਜਪੁ ਜੀ ਸਾਹਿਬ' ਦੀ ਵਿਆਖਿਆ ਸਮੇਤ ਕਈ ਨਵੀਆਂ ਕਿਤਾਬਾਂ ਵੀ ਸਮਾਗਮ ਵਿਚ ਪਹਿਲੀ ਵਾਰ ਮਿਲ ਸਕਣਗੀਆਂ ਤੇ ਵਿਦਵਾਨਾਂ ਦੇ ਵਿਚਾਰ ਸੁਣਨ ਦਾ ਮੌਕਾ ਵੀ ਮਿਲ ਜਾਏਗਾ। ਤੁਸੀ ਅਸੀ ਅੱਜ ਸ਼ਾਇਦ ਪੂਰੀ ਤਰ੍ਹਾਂ ਮਹਿਸੂਸ ਨਹੀਂ ਕਰ ਸਕਦੇ ਕਿ ਤੁਸਾਂ ਸਾਰਿਆਂ ਨੇ ਉੱਚਾ ਦਰ ਉਸਾਰ ਕੇ ਦੁਨੀਆਂ ਦੇ ਇਤਿਹਾਸ ਵਿਚ ਕਿੰਨਾ ਵੱਡਾ ਮਾਅਰਕਾ ਮਾਰਿਆ ਹੈ ਪਰ ਛੇਤੀ ਹੀ ਸੱਭ ਨੂੰ ਮਹਿਸੂਸ ਹੋਣ ਲੱਗ ਪਵੇਗਾ ਕਿ ਜੋ ਤੁਸੀ ਸਾਰਿਆਂ ਨੇ ਰਲ ਕੇ ਕੀਤਾ ਹੈ, ਸੰਸਾਰ ਵਿਚ ਉਹ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ।

ਮੈਂ ਪਾਠਕਾਂ ਨਾਲ ਪੂਰਨ ਸਹਿਮਤੀ ਰਖਦਾ ਹੋਇਆ ਐਲਾਨ ਕਰਦਾ ਹਾਂ ਕਿ ਮੈਂ 100 ਫ਼ੀ ਸਦੀ ਸਾਲਾਨਾ ਸਮਾਗਮ ਦੇ ਹੱਕ ਵਿਚ ਹਾਂ ਪਰ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਨ ਤੋਂ ਪਹਿਲਾਂ ਘੱਟੋ ਘੱਟ ਉਹ ਸਾਰੇ ਕੰਮ ਮੁਕੰਮਲ ਹੋਏ ਵੇਖਣਾ ਚਾਹੁੰਦਾ ਹਾਂ ਜਿਨ੍ਹਾਂ ਲਈ ਮੈਂ ਕਈ ਮਹੀਨਿਆਂ ਤੋਂ ਤਰਲੇ ਲੈ ਰਿਹਾ ਹਾਂ। ਭਾਵੇਂ ਪੂਰਾ ਪ੍ਰਾਜੈਕਟ ਮੁਕੰਮਲ ਕਰਨ ਲਈ ਅਜੇ ਵੀ 10-12 ਕਰੋੜ ਹੋਰ ਲੱਗ ਜਾਣਗੇ ਪਰ ਜੇ ਇਕ ਭਾਗ ਵੀ ਹਾਲੇ ਸ਼ੁਰੂ ਕਰਨਾ ਹੋਵੇ ਤਾਂ ਘੱਟੋ-ਘੱਟ ਦੋ ਸਵਾ ਦੋ ਕਰੋੜ ਦੇ ਉਹ ਕੰਮ, ਸਮਾਗਮ ਤੋਂ ਪਹਿਲਾਂ ਮੁਕੰਮਲ ਕਰ ਲਈਏ ਜਿਨ੍ਹਾਂ ਨੂੰ ਮੁਕੰਮਲ ਕੀਤੇ ਬਗ਼ੈਰ, ਸਮਾਗਮ ਬੁਲਾਉਣਾ ਨਾ ਬੁਲਾਉਣਾ ਇਕ ਬਰਾਬਰ ਹੋਵੇਗਾ। ਰੜੇ ਮੈਦਾਨ ਵਿਚ ਸਮਾਗਮ ਕੀਤਾ ਗਿਆ ਸੀ ਤਾਂ ਪਾਠਕਾਂ ਅੰਦਰ ਉਤਸ਼ਾਹ ਜਾਗ ਪਿਆ ਸੀ ਪਰ ਹੁਣ ਜੇ ਅੱਧੇ ਅਧੂਰੇ ਸੜਕਾਂ, ਪਾਣੀ, ਪਖ਼ਾਨਿਆਂ ਤੇ ਬਿਜਲੀ ਬਿਨਾਂ ਤੇ ਰਾਤ ਆਰਾਮ ਨਾਲ ਠਹਿਰਨ ਦੀ ਸਹੂਲਤ ਦਿਤੇ ਬਿਨਾਂ ਸਮਾਗਮ ਰਖਿਆ ਗਿਆ ਤਾਂ ਪਾਠਕਾਂ ਦਾ ਧਿਆਨ ਸਾਡੀ ਨਾਲਾਇਕੀ ਤੇ ਉਥੇ ਰਹਿ ਗਈਆਂ ਕਮੀਆਂ ਵਲ ਜ਼ਿਆਦਾ ਜਾਏਗਾ ਤੇ ਸਮਾਗਮ ਦਾ ਲਾਭ ਹੋਣ ਨਾਲੋਂ ਨੁਕਸਾਨ ਜ਼ਿਆਦਾ ਹੋ ਜਾਏਗਾ। ਇਹ ਸਾਰਾ ਕੰਮ ਦੋ ਮਹੀਨਿਆਂ ਵਿਚ ਪੂਰਾ ਹੋ ਸਕਦਾ ਹੈ, ਜੇ ਪੈਸੇ ਜੇਬ ਵਿਚ ਹੋਣ।

ਮੈਂ ਨਹੀਂ ਕਹਿੰਦਾ ਕਿ 12-15 ਕਰੋੜ ਚੁਕਣ ਮਗਰੋਂ ਕਰੀਏ ਪਰ ਜਿੰਨਾ ਬਣ ਚੁੱਕਾ ਹੈ, ਉਸ ਨੂੰ ਸਾਫ਼ ਸੁਥਰਾ ਕਰ ਕੇ ਤੇ ਪਾਠਕਾਂ ਦੀਆਂ ਅੱਖਾਂ ਨੂੰ ਠੰਢ ਪਹੁੰਚਾਉਣ ਵਾਲਾ ਬਣਾ ਕੇ ਹੀ ਸਮਾਗਮ ਕੀਤਾ ਜਾਣਾ ਚਾਹੀਦਾ ਹੈ। ਇਸ ਕੰਮ ਲਈ ਕਿਸੇ ਬਹੁਤ ਵੱਡੀ ਰਕਮ ਦੀ ਲੋੜ ਨਹੀਂ ¸ ਕੇਵਲ ਸਵਾ ਦੋ ਕਰੋੜ ਹੀ ਚਾਹੀਦੇ ਹਨ। ਮੈਂ ਤਾਂ ਪੇਸ਼ਕਸ਼ ਕੀਤੀ ਸੀ ਕਿ ਇਕ ਇਕ ਕਮਰੇ ਦੀਆਂ ਅੰਤਮ ਛੋਹਾਂ (ਫ਼ਰਸ਼, ਬਾਰੀਆਂ, ਫ਼ਾਲਸ ਸੀਲਿੰਗ, ਸਫ਼ੈਦੀਆਂ, ਬਿਜਲੀ, ਏ.ਸੀ., ਫ਼ਰਨੀਚਰ ਆਦਿ) ਦਾ ਕੰਮ ਇਕ ਇਕ ਸ਼ਰਧਾਲੂ ਲੈ ਲਵੇ। ਸੇਵਾ ਕਰਨ ਵਾਲੇ ਦਾ ਨਾਂ ਵੀ ਉਸ ਉਤੇ ਲਿਖ ਦਿਤਾ ਜਾਏਗਾ ਪਰ ਸੱਭ ਤੋਂ ਸਸਤੇ ਅਰਥਾਤ ਚਾਰ ਚਾਰ ਲੱਖ ਦੇ ਕੰਮਾਂ ਦਾ ਜ਼ਿੰਮਾ ਲੈਣ ਵਾਲੇ ਪਾਠਕ ਹੀ ਨਿਤਰੇ, ਉਹ ਵੀ ਕੇਵਲ ਤਿੰਨ। ਦੋ ਨੇ ਨਕਦ ਪੈਸੇ (ਅੱਠ ਲੱਖ) ਦੇ ਦਿਤੇ ਤੇ ਇਕ ਸੱਜਣ ਨੇ ਬਾਂਡ ਭੇਂਟ ਕਰ ਦਿਤਾ।
ਚਲੋ ਹੁਣ ਜੇ ਸਾਰੇ ਮੈਂਬਰ ਅਤੇ ਕੁੱਝ ਦੂਜੇ ਪਾਠਕ ਵੀ ਇਕ ਇਕ ਨਵਾਂ ਮੈਂਬਰ ਹੀ ਬਣਾ ਦੇਣ ਜਾਂ ਸਾਰੇ ਪਾਠਕ, ਬਾਬੇ ਨਾਨਕ ਦਾ ਨਾਂ ਲੈ ਕੇ 10-10 ਹਜ਼ਾਰ ਦਸਵੰਧ ਵਿਚੋਂ ਹੀ ਸੇਵਾ ਵਿਚ ਅਰਪਣ ਕਰ ਦੇਣ ਤਾਂ ਕਿਸੇ ਹੋਰ ਅੱਗੇ ਹੱਥ ਅੱਡਣ ਦੀ ਲੋੜ ਹੀ ਬਾਕੀ ਨਹੀਂ ਰਹਿ ਜਾਏਗੀ। 'ਅਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ' ਵਰਗੇ ਰੱਬੀ ਅਸੂਲ ਅਪਣਾਇਆਂ ਹੀ ਔਖੇ ਕੰਮ ਝਟਪਟ ਹੋ ਜਾਂਦੇ ਹਨ। ਇਸ ਅਸੂਲ ਉਤੇ ਟੇਕ ਰੱਖ ਕੇ ਹੀ ਅਸੀ ਉੱਚਾ ਦਰ ਵਰਗਾ, ਹਿਮਾਲੀਆ ਨੂੰ ਸਰ ਕਰਨ ਨਾਲੋਂ ਵੀ ਵੱਡਾ ਕੰਮ ਸ਼ੁਰੂ ਕਰ ਲਿਆ ਸੀ ਜੋ ਅੱਜ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਹੈ। ਮੈਨੂੰ ਪੂਰੀ ਆਸ ਹੈ ਕਿ ਜਿਨ੍ਹਾਂ ਨੇ 'ਕੱਖਾਂ ਤੋਂ ਕਰੋੜਾਂ' ਤਕ ਦਾ ਸਫ਼ਰ ਰਲ ਮਿਲ ਕੇ ਤੈਅ ਕਰ ਲਿਆ ਹੈ ਉਹ ਅੰਤਮ ਪੜਾਅ ਦੇ ਨੇੜੇ ਪੁਜ ਕੇ ਅਪਣੀ ਜ਼ਿੰਮੇਵਾਰੀ ਪ੍ਰਤੀ ਅਵੇਸਲੇ ਨਹੀਂ ਹੋਣਗੇ। ਜੇ ਅਵੇਸਲੇ ਹੋ ਗਏ ਤਾਂ ਸੌਦਾ ਸਾਧ ਵਰਗਿਆਂ ਨੂੰ ਹੀ ਕਾਮਯਾਬ ਹੋਣ ਦਾ ਮੌਕਾ ਮਿਲੇਗਾ। ਪਹਿਲਾਂ ਵੀ ਸਾਡੇ ਅਵੇਸਲੇਪਨ ਅਤੇ ਜ਼ਿੰਮੇਵਾਰੀ ਤੋਂ ਭੱਜਣ ਨੇ ਹੀ ਧਰਮ ਨੂੰ ਲੋਕਾਂ ਤੋਂ ਦੂਰ ਕਰ ਕੇ ਡੇਰੇਦਾਰਾਂ, ਪਖੰਡੀਆਂ ਤੇ ਬਾਬਿਆਂ ਦੇ ਪੰਜੇ ਵਿਚ ਫੜਫੜਾ ਰਹੀ ਚਿੜੀ ਵਰਗਾ ਬਣਾ ਛਡਿਆ ਹੈ।

ਅਵੇਸਲੀ ਕੌਮਇਕ ਪਾਸੇ ਚਰਚਾ ਚਲ ਰਹੀ ਹੈ ਕਿ ਸਿੱਖੀ ਵਿਚ ਡਾਢਾ ਨਿਘਾਰ ਆ ਗਿਆ ਹੈ ਤੇ 'ਬ੍ਰਾਹਮਣਵਾਦੀ' ਸ਼ਕਤੀਆਂ ਇਸ ਉਤੇ ਏਨਾ ਗ਼ਲਬਾ ਪਾ ਚੁਕੀਆਂ ਹਨ ਕਿ ਜੇ ਕੋਈ ਵੱਡਾ ਉਪਰਾਲਾ ਨਾ ਕੀਤਾ ਗਿਆ ਤਾਂ ਉਹ ਛੇਤੀ ਹੀ ਇਸ ਨੂੰ ਹੜੱਪ ਕਰ ਕੇ, ਅਪਣੇ ਵਿਚ ਸਮੋਅ ਲੈਣਗੀਆਂ। ਸੈਂਕੜੇ ਹੀ ਛੋਟੇ ਧਰਮਾਂ ਨੂੰ ਪਹਿਲਾਂ ਵੀ ਇਹ ਸ਼ਕਤੀਆਂ ਇਸ ਤਰ੍ਹਾਂ ਨਿਗਲ ਚੁਕੀਆਂ ਹਨ। ਸਿੱਖ ਸੱਭ ਕੁੱਝ ਜਾਣਦੇ ਹਨ ਪਰ ਦੂਜੇ ਪਾਸੇ, ਜੇ ਚਲ ਰਹੇ ਤੂਫ਼ਾਨ ਨੂੰ ਪੁੱਠਾ ਗੇੜਾ ਦੇਣ ਲਈ 'ਉੱਚਾ ਦਰ ਬਾਬੇ ਨਾਨਕ ਦਾ' ਵਰਗਾ ਕੋਈ ਯਤਨ ਕਰੇ ਤਾਂ ਉਸ ਦੀ ਪੂਰੀ ਮਦਦ ਕਰਨੋਂ ਵੀ ਪਿੱਛੇ ਹੱਟ ਕੇ, ਕੰਨ ਵਲ੍ਹੇਟ ਲਏ ਜਾਂਦੇ ਹਨ।

ਮੇਰਾ ਯਕੀਨ ਹੈ ਕਿ ਹੁਣ ਜਦ 'ਉੱਚਾ ਦਰ' ਅਪਣੀ ਮੰਜ਼ਲ ਦੇ ਆਖ਼ਰੀ ਸਿਰੇ ਕੋਲ ਪਹੁੰਚ ਚੁੱਕਾ ਹੈ ਤਾਂ 15 ਕਰੋੜ ਦੀ ਬਜਾਏ 2 ਕਰੋੜ ਦਾ ਯੋਗਦਾਨ (ਸਾਰੇ ਪਾਠਕਾਂ ਵਲੋਂ ਰਲ ਮਿਲ ਕੇ ਤੇ ਥੋੜਾ ਥੋੜਾ ਦੇ ਕੇ) ਪਾਉਣਾ, ਸਪੋਕਸਮੈਨ ਦੇ ਪਾਠਕਾਂ ਤੇ 'ਉੱਚਾ ਦਰ' ਦੇ ਮੈਂਬਰਾਂ ਲਈ ਕੋਈ ਵੱਡਾ ਕੰਮ ਨਹੀਂ ਹੋਵੇਗਾ। ਸੋ ਡੱਟ ਜਾਉ ਅੱਜ ਤੋਂ ਹੀ ਤੇ ਅਗਲੇ ਕੁੱਝ ਦਿਨਾਂ ਵਿਚ ਹੀ ਟੀਚਾ ਪੂਰਾ ਕਰ ਵਿਖਾਉ ਤਾਕਿ ਸਾਲਾਨਾ ਸਮਾਗਮ ਦੀਆਂ ਤਰੀਕਾਂ ਮੁਕਰਰ ਕੀਤੀਆਂ ਜਾ ਸਕਣ। ਪਰ ਅਵੇਸਲੇਪਨ ਨੂੰ ਇਹ ਕੌਮ ਤਿਆਗ ਵੀ ਸਕੇਗੀ?