ਸਾਡੇ ਸੱਤ ਦਫ਼ਤਰ, ਇਕੋ ਸਮੇਂ, ਸਾਰੇ ਪੰਜਾਬ ਵਿਚ ਤੋੜ ਭੰਨ ਦਿਤੇ ਗਏ। ਆਸ਼ੂਤੋਸ਼ ਨੂਰਮਹਿਲੀਏ ਦੀਆਂ ਚੇਲੀਆਂ ਨੂੰ ਅੱਗੇ ਲਾ ਕੇ ਇਹ ਕਾਰਾ ਕੀਤਾ ਗਿਆ। ਮੈਂ ਚਿੱਠੀ ਦੇ ਕੇ ਅਪਣੇ ਸੀਨੀਅਰ ਪੱਤਰਕਾਰ ਭਾਰਦਵਾਜ ਜੀ ਨੂੰ ਮੁੱਖ ਮੰਤਰੀ ਕੋਲ, ਸਮਾਂ ਲੈਣ ਲਈ ਭੇਜਿਆ ਤਾਕਿ ਸਾਰੀ ਗੱਲ ਦਸ ਕੇ, ਇਨਸਾਫ਼ ਮੰਗੀਏ। ਬਾਦਲ ਸਾਹਿਬ ਵਰਗਾ 'ਮਚਲਾ ਬਾਦਸ਼ਾਹ' ਸ਼ਾਇਦ ਹੀ ਕਿਸੇ ਨੇ ਵੇਖਿਆ ਹੋਵੇਗਾ। ਬੜੀ ਮਾਸੂਮੀਅਤ ਨਾਲ ਬੋਲੇ, ''ਕਾਕਾ ਜੀ, ਮੈਂ ਤਾਂ ਸ. ਜੋਗਿੰਦਰ ਸਿੰਘ ਦੀ ਬੜੀ ਕਦਰ ਕਰਦਾ ਹਾਂ ਤੇ ਮੈਨੂੰ ਤਾਂ ਉਨ੍ਹਾਂ ਨਾਲ ਮਿਲ ਕੇ ਖ਼ੁਸ਼ੀ ਹੀ ਹੋਵੇਗੀ ਪਰ ਡਰਦਾ ਹਾਂ ਇਨ੍ਹਾਂ 'ਜਥੇਦਾਰਾਂ' ਤੋਂ ਕਿ ਇਹ ਕਿਤੇ ਮੈਨੂੰ ਈ ਨਾ ਛੇਕ ਦੇਣ। ਥੋਨੂੰ ਤਾਂ ਪਤਾ ਈ ਏ, ਜਥੇਦਾਰਾਂ ਨੇ ਕਿਹਾ ਹੋਇਐ ਬਈ ਜਿਹੜਾ ਸ. ਜੋਗਿੰਦਰ ਸਿੰਘ ਨੂੰ ਮਿਲੇਗਾ, ਉਸ ਨੂੰ ਵੀ ਛੇਕ ਦਿਤਾ ਜਾਏਗਾ ਜੀ...।'' ਸਾਡਾ ਪੱਤਰਕਾਰ ਠਹਾਕਾ ਮਾਰ ਕੇ ਹਸਿਆ ਤੇ ਮੁੜ ਆਇਆ।
ਪਿਛਲੇ 10-12 ਸਾਲ ਤੋਂ ਪੰਜਾਬ ਸਰਕਾਰ ਨੇ ਸਾਨੂੰ 'ਅਛੂਤ' ਹੀ ਬਣਾਇਆ ਹੋਇਆ ਸੀ। ਨਾ ਸਾਡੇ ਨਾਲ ਕੋਈ ਗੱਲਬਾਤ ਹੋਣੀ, ਨਾ ਇਸ਼ਤਿਹਾਰ ਦੇਣੇ ਤੇ ਨਾ ਸਾਨੂੰ ਕਿਸੇ ਸਮਾਗਮ ਲਈ ਸੱਦਾ ਪੱਤਰ ਹੀ ਭੇਜਣਾ। ਚੰਡੀਗੜ੍ਹ ਦੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਹਵਾਈ ਜਹਾਜ਼ ਵਿਚ ਬਿਠਾ ਕੇ ਅੰਮ੍ਰਿਤਸਰ ਤੇ ਹੋਰ ਥਾਵਾਂ ਤੇ ਲਿਜਾਂਦੇ ਸਨ (ਸਮਾਗਮਾਂ ਵਿਚ) ਪਰ ਮੈਨੂੰ ਕੋਈ ਕਾਰਡ ਵੀ ਨਾ ਭੇਜਦਾ ਤੇ ਚੰਡੀਗੜ੍ਹ ਦੇ ਸਮਾਗਮਾਂ ਵਿਚ ਵੀ ਨਾ ਬੁਲਾਉਂਦੇ ਕਿਉਂਕਿ ਸਪੋਕਸਮੈਨ ਤੇ ਉਸ ਦਾ ਐਡੀਟਰ ਉਨ੍ਹਾਂ ਲਈ 'ਅਛੂਤ' ਹੀ ਤਾਂ ਸੀ। ਮੈਨੂੰ ਨਹੀਂ ਪਤਾ ਕਿਸੇ ਵੀ ਹੋਰ ਛੋਟੇ ਵੱਡੇ ਅਖ਼ਬਾਰ ਨੂੰ ਇਸ ਤਰ੍ਹਾਂ ਅਛੂਤ ਬਣਾ ਕੇ ਰਖਿਆ ਹੋਵੇ ਕਿਸੇ ਸਰਕਾਰ ਨੇ। ਠੀਕ ਹੈ, ਨਾਰਾਜ਼ਗੀਆਂ ਹੁੰਦੀਆਂ ਹਨ, ਕੁੱਝ ਸਮੇਂ ਲਈ ਅਖ਼ਬਾਰਾਂ ਦੇ ਇਸ਼ਤਿਹਾਰ ਵੀ ਸਰਕਾਰਾਂ ਰੋਕ ਲੈਂਦੀਆਂ ਹਨ ਪਰ ਜੋ ਸਲੂਕ ਸਾਡੇ ਨਾਲ ਲਗਾਤਾਰ 10 ਸਾਲ ਤਕ ਕੀਤਾ ਗਿਆ, ਉਸ ਦੀ ਤਾਂ ਕਿਸੇ ਲੋਕ-ਰਾਜੀ ਸਮਾਜ ਵਿਚ ਕੋਈ ਹੋਰ ਮਿਸਾਲ ਲਭਣੀ ਵੀ ਔਖੀ ਹੈ।
ਸਾਡੇ ਸੱਤ ਦਫ਼ਤਰ, ਇਕੋ ਸਮੇਂ, ਸਾਰੇ ਪੰਜਾਬ ਵਿਚ ਤੋੜ ਭੰਨ ਦਿਤੇ ਗਏ। ਆਸ਼ੂਤੋਸ਼ ਨੂਰਮਹਿਲੀਏ ਦੀਆਂ ਚੇਲੀਆਂ ਨੂੰ ਅੱਗੇ ਲਾ ਕੇ ਇਹ ਕਾਰਾ ਕੀਤਾ ਗਿਆ। ਪੁਲਿਸ ਨੂੰ ਹਦਾਇਤਾਂ ਸਨ ਕਿ ਸਪੋਕਸਮੈਨ ਦੇ ਕਿਸੇ ਦਫ਼ਤਰ 'ਚੋਂ ਫ਼ੋਨ ਆਵੇ ਤਾਂ ਇਕ ਘੰਟਾ ਫ਼ੋਨ ਨਹੀਂ ਚੁਕਣਾ। ਮਤਲਬ ਇਹ ਸੀ ਕਿ ਇਕ ਘੰਟਾ, ਹਮਲਾਵਰ ਫ਼ੌਜ ਨੂੰ ਖੁਲ੍ਹੀ ਛੁੱਟੀ ਦਈ ਰਖਣੀ ਹੈ। ਸ਼ਾਮ ਨੂੰ ਇਕ ਅਕਾਲੀ ਆਗੂ ਮੇਰੇ ਬਾਰੇ ਕਹਿ ਰਹੇ ਸੀ, ''ਹੁਣ ਜਾਂ ਤਾਂ ਪੰਜਾਬ ਛੱਡ ਕੇ ਭੱਜ ਜਾਏਗਾ ਨਹੀਂ ਤਾਂ ਬੰਦਾ ਬਣ ਜਾਏਗਾ ਤੇ ਬਾਦਲ ਸਾਹਿਬ ਦੇ ਪੈਰ ਫੜ ਲਵੇਗਾ।''
ਮੈਨੂੰ ਯਾਦ ਹੈ, ਉਸ ਵੇਲੇ ਅਸੀ ਫ਼ੈਸਲਾ ਕੀਤਾ ਸੀ ਕਿ ਅਖ਼ਬਾਰ ਦੇ ਸਾਰੇ ਟਰੱਸਟੀ, ਮੇਰੀ ਅਗਵਾਈ ਵਿਚ, ਮੁੱਖ ਮੰਤਰੀ ਨੂੰ ਮਿਲ ਕੇ ਇਕ ਮੈਮੋਰੰਡਮ (ਯਾਦ-ਪੱਤਰ) ਦੇ ਆਉਣ। ਮੈਂ ਚਿੱਠੀ ਦੇ ਕੇ ਅਪਣੇ ਸੀਨੀਅਰ ਪੱਤਰਕਾਰ ਭਾਰਦਵਾਜ ਜੀ ਨੂੰ ਮੁੱਖ ਮੰਤਰੀ ਕੋਲ, ਸਮਾਂ ਲੈਣ ਲਈ ਭੇਜਿਆ ਤਾਕਿ ਸਾਰੀ ਗੱਲ ਦਸ ਕੇ, ਇਨਸਾਫ਼ ਮੰਗੀਏ। ਬਾਦਲ ਸਾਹਿਬ ਵਰਗਾ 'ਮਚਲਾ ਬਾਦਸ਼ਾਹ' ਸ਼ਾਇਦ ਹੀ ਕਿਸੇ ਨੇ ਵੇਖਿਆ ਹੋਵੇਗਾ। ਬੜੀ ਮਾਸੂਮੀਅਤ ਨਾਲ ਬੋਲੇ, ''ਕਾਕਾ ਜੀ, ਮੈਂ ਤਾਂ ਸ. ਜੋਗਿੰਦਰ ਸਿੰਘ ਦੀ ਬੜੀ ਕਦਰ ਕਰਦਾ ਹਾਂ ਤੇ ਮੈਨੂੰ ਤਾਂ ਉਨ੍ਹਾਂ ਨਾਲ ਮਿਲ ਕੇ ਖ਼ੁਸ਼ੀ ਹੀ ਹੋਵੇਗੀ ਪਰ ਡਰਦਾ ਹਾਂ ਇਨ੍ਹਾਂ 'ਜਥੇਦਾਰਾਂ' ਤੋਂ ਕਿ ਇਹ ਕਿਤੇ ਮੈਨੂੰ ਈ ਨਾ ਛੇਕ ਦੇਣ। ਥੋਨੂੰ ਤਾਂ ਪਤਾ ਈ ਏ, ਜਥੇਦਾਰਾਂ ਨੇ ਕਿਹਾ ਹੋਇਐ ਬਈ ਜਿਹੜਾ ਸ. ਜੋਗਿੰਦਰ ਸਿੰਘ ਨੂੰ ਮਿਲੇਗਾ, ਉਸ ਨੂੰ ਵੀ ਛੇਕ ਦਿਤਾ ਜਾਏਗਾ ਜੀ...।''
ਸਾਡਾ ਪੱਤਰਕਾਰ ਠਹਾਕਾ ਮਾਰ ਕੇ ਹਸਿਆ ਤੇ ਮੁੜ ਆਇਆ। ਸਾਰੀ ਲਿਖਤੀ ਰੀਪੋਰਟ ਉਸ ਨੇ ਮੇਰੇ ਅੱਗੇ ਰੱਖ ਦਿਤੀ। ਖ਼ੈਰ, ਜੋ ਵੀ ਹੈ, ਬਾਦਲ ਸਾਹਬ ਨੇ ਸਰਕਾਰ ਅਤੇ ਸਾਡੇ ਵਿਚਕਾਰ ਇਕ ਖਾਈ ਪੁਟ ਦਿਤੀ। ਅਫ਼ਸਰ ਵੀ ਮੈਨੂੰ ਮਿਲਣੋਂ ਜਾਂ ਮੇਰੇ ਨਾਲ ਹੱਥ ਮਿਲਾਉਣੋਂ ਝਕਣ ਲੱਗੇ। ਜੇ ਕੋਈ ਮਿਲਣ ਆ ਵੀ ਜਾਂਦਾ ਤਾਂ ਇਹ ਕਹਿਣੋਂ ਨਾ ਰਹਿੰਦਾ, ''ਵੇਖਿਉ, ਬਾਦਲ ਸਾਹਬ ਨੂੰ ਪਤਾ ਨਹੀਂ ਲਗਣਾ ਚਾਹੀਦਾ ਕਿ ਮੈਂ ਤੁਹਾਨੂੰ ਕਦੇ ਮਿਲਿਆ ਵੀ ਸੀ ਨਹੀਂ ਤਾਂ ਮੇਰੇ ਲਈ ਮੁਸੀਬਤ ਬਣ ਜਾਏਗੀ।''
ਹੁਣ ਜਦ ਅਸੀ 12 ਸਾਲ ਪੂਰੇ ਕਰਨ ਮਗਰੋਂ ਸਾਲਾਨਾ ਸਮਾਗਮ ਦੀ ਗੱਲ ਕਰ ਰਹੇ ਸੀ ਤਾਂ ਅਚਾਨਕ ਇਕ ਸੁਝਾਅ ਆਇਆ ਕਿ 10-12 ਸਾਲ ਤੋਂ ਸਰਕਾਰ ਨਾਲੋਂ ਪੂਰੀ ਤਰ੍ਹਾਂ ਕੱਟੇ ਰਹਿਣ ਕਰ ਕੇ ਅਫ਼ਸਰ ਜਾਣਦੇ ਵੀ ਨਹੀਂ ਕਿ ਅਖ਼ਬਾਰ ਚਲਾ ਕੌਣ ਰਿਹਾ ਹੈ ਤੇ ਉਹ ਵੇਖਣ ਨੂੰ ਕਿਹੋ ਜਿਹਾ ਹੈ, ਇਸ ਲਈ ਸਾਲਾਨਾ ਸਮਾਗਮ ਤੋਂ ਪਹਿਲਾਂ 'ਇਕ ਸ਼ਾਮ ਸਰਕਾਰ ਨਾਲ' ਅਗਰ ਰੱਖ ਲਈ ਜਾਏ ਤਾਂ ਠੀਕ ਨਹੀਂ ਰਹੇਗਾ?
ਮੈਂ ਕਿਹਾ, ਠੀਕ ਤਾਂ ਰਹੇਗਾ ਪਰ ਸਾਡੇ ਬੁਲਾਵੇ ਤੇ ਕੀ ਸਰਕਾਰ ਆ ਵੀ ਜਾਏਗੀ? ਅਸੀ ਤਾਂ ਕਿਸੇ ਨੂੰ ਕਦੇ ਮਿਲੇ ਵੀ ਨਹੀਂ। ਨਿਮਰਤ ਕੌਰ, ਜਿਸ ਦੇ ਸੰਪਾਦਕੀਆਂ ਦੀਆਂ ਧੁੰਮਾਂ ਦੇਸ਼ ਵਿਦੇਸ਼ ਵਿਚ ਪਈਆਂ ਹੋਈਆਂ ਨੇ ਤੇ ਜਿਸ ਬਾਰੇ ਅੰਗਰੇਜ਼ੀ ਅਖ਼ਬਾਰਾਂ ਵਾਲੇ ਵੀ ਅਕਸਰ ਪੁਛਦੇ ਨੇ, ''ਪੰਜਾਬੀ ਵਿਚ ਏਨੇ ਵਧੀਆ ਸੰਪਾਦਕੀ ਲਿਖਣ ਵਾਲੀ ਇਹ ਕਲ ਦੀ 'ਵਿਦਿਆਰਥਣ' ਕੁੜੀ ਕਿਥੋਂ ਪੱਤਰਕਾਰੀ ਬਾਰੇ ਏਨਾ ਕੁੱਝ ਸਿਖ ਕੇ ਆ ਗਈ ਏ? ਸਾਨੂੰ ਤਾਂ ਅੰਗਰੇਜ਼ੀ ਵਿਚ ਵੀ ਏਨੇ ਵਧੀਆ ਸੰਪਾਦਕੀ ਲਿਖਣ ਵਾਲੇ ਨਹੀਂ ਮਿਲਦੇ'', ਉਸ ਨਿਮਰਤ ਨੇ ਕਿਹਾ, ''ਇਹ ਜ਼ਿੰਮੇਵਾਰੀ ਮੇਰੀ।'' ਮੁੱਖ ਮੰਤਰੀ ਨੇ ਹਾਂ ਤਾਂ ਕਰ ਦਿਤੀ ਪਰ ਦੋ ਦਿਨ ਮਗਰੋਂ ਦਾ ਸਮਾਂ ਦੇ ਦਿਤਾ। ਨਿਮਰਤ ਨੇ ਅਪਣੇ ਦਫ਼ਤਰ ਵਿਚ ਬੈਠ ਕੇ ਹੀ ਫ਼ੋਨ ਕਰਨੇ ਸ਼ੁਰੂ ਕਰ ਦਿਤੇ ਤੇ ਅਪਣੀ ਟੀਮ ਬਣਾ ਲਈ ਜਿਸ ਨੇ 48 ਘੰਟਿਆਂ ਵਿਚ ਵਧੀਆ ਸਮਾਗਮ ਰਚਾਉਣ ਦਾ ਸਾਰਾ ਜ਼ਿੰਮਾ ਅਪਣੇ ਉਪਰ ਲੈ ਲਿਆ। ਨਿਮਰਤ ਕੌਰ ਦਾ ਹੁਕਮ ਸਾਡੇ ਲਈ ਕੇਵਲ ਏਨਾ ਹੀ ਸੀ, ''ਨਾ ਤੁਸੀ ਕਿਸੇ ਅਪਣੇ ਬੰਦੇ ਨੂੰ ਸੱਦਾ ਪਤਰ ਭੇਜੋਗੇ, ਨਾ ਮੈਨੂੰ ਆਖੋਗੇ। ਮੈਂ ਸਿਰਫ਼ 'ਸਰਕਾਰ' ਨੂੰ ਬੁਲਾਵਾਂਗੀ ਤੇ ਮੇਰੇ ਕੰਮ ਵਿਚ ਕੋਈ ਦਖ਼ਲ ਨਹੀਂ ਦੇਵੇਗਾ। ਅਗਲਾ ਸਾਲਾਨਾ ਸਮਾਗਮ ਤੁਹਾਡਾ ਹੋਵੇਗਾ, ਉਦੋਂ ਤੁਸੀ ਜੋ ਚਾਹੋ ਕਰ ਲੈਣਾ।''