ਮੇਰੀ ਨਿਜੀ ਡਾਇਰੀ ਦੇ ਪੰਨੇ
ਜੋਗਿੰਦਰ ਸਿੰਘ
'ਉੱਚਾ ਦਰ ਬਾਬੇ ਨਾਨਕ ਦਾ' ਮੇਰੀ ਜਾਂ ਕਿਸੇ ਹੋਰ ਦੀ ਨਿਜੀ ਜਾਇਦਾਦ ਨਹੀਂ ਸਗੋਂ ਕੌਮੀ ਜਾਇਦਾਦ ਹੈ ਜਿਸ ਨੂੰ ਸਪੋਕਸਮੈਨ ਤੇ ਇਸ ਦੇ ਪਾਠਕਾਂ ਨੇ ਰਲ ਕੇ ਬਣਾਉਣ ਦਾ ਫ਼ੈਸਲਾ ਕੀਤਾ ਸੀ¸ਕਿਸੇ ਲਾਭ ਲਈ ਨਹੀਂ ਸਗੋਂ ਬਾਬੇ ਨਾਨਕ ਦੇ ਜਗਾਏ ਦੀਵੇ ਦੀ ਰੌਸ਼ਨੀ ਤੇਜ਼ ਕਰਨ ਲਈ ਅਤੇ ਸਾਰਾ ਦਾ ਸਾਰਾ (100 ਫ਼ੀ ਸਦੀ) ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇ ਦੇਣ ਲਈ। ਸਪੋਕਸਮੈਨ ਵਲੋਂ ਜਿੰਨਾ ਹਿੱਸਾ ਪਾਇਆ ਜਾਣਾ ਸੀ, ਉਸ ਤੋਂ ਵੱਧ ਪਾ ਦਿਤਾ ਗਿਆ ਹੈ ਪਰ ਪਾਠਕਾਂ ਨੇ ਅਜੇ ਅਪਣੇ ਬਣਦੇ ਹਿੱਸੇ ਦਾ ਮਸਾਂ ਅੱਧ ਹੀ ਪਾਇਆ ਹੈ।
ਚਲੋ ਪਿਛਲੀਆਂ ਗੱਲਾਂ ਛੱਡੋ, ਇਸ ਵੇਲੇ ਕੋਈ ਵੀ ਆ ਕੇ ਵੇਖ ਸਕਦਾ ਹੈ ਕਿ 80 ਫ਼ੀ ਸਦੀ ਕੰਮ ਹੋ ਚੁੱਕਾ ਹੈ ਤੇ ਕੇਵਲ 20% ਜਾਂ ਉਸ ਤੋਂ ਵੀ ਥੋੜਾ ਘੱਟ ਕੰਮ ਕਰਨ ਵਾਲਾ ਰਹਿ ਗਿਆ ਹੈ। ਕੌਣ ਪੂਰਾ ਕਰੇਗਾ ਇਸ ਨੂੰ? ਜੇ ਤਾਂ ਅਸੀ ਸਾਰੀ ਉਮਰ ਦੀ ਅਪਣੀ ਮਿਹਨਤ ਅਤੇ ਬੰਦਗੀ ਨੂੰ ਲੱਗੇ ਇਸ ਫੱਲ ਨੂੰ ਅਪਣੀ ਮਲਕੀਅਤ ਜਾਂ ਅਪਣੀ ਜਾਇਦਾਦ ਬਣਾ ਲਿਆ ਹੁੰਦਾ, ਫਿਰ ਤਾਂ ਸਾਰਾ ਕੁੱਝ ਅਸੀ ਹੀ ਕਰਨਾ ਸੀ ਪਰ ਅਸੀ ਤਾਂ ਅਪਣਾ ਇਕ ਰੁਪਏ ਜਿੰਨਾ ਵੀ ਹਿੱਸਾ ਇਸ ਵਿਚ ਨਹੀਂ ਰਖਿਆ। ਕਿਉਂ ਨਹੀਂ ਰਖਿਆ? ਤਾਕਿ ਬਾਬੇ ਨਾਨਕ ਦਾ ਹਰ ਸੱਚਾ ਸਿੱਖ ਮਹਿਸੂਸ ਕਰੇ ਕਿ ਇਸ ਅਜੂਬੇ ਦਾ ਮਾਲਕ ਉਹ ਆਪ ਹੈ ਤੇ ਬਾਕੀ ਦਾ ਸਾਰਾ ਕੰਮ ਉਸ ਨੇ ਹੀ ਕਰਨਾ ਹੈ।
ਮੈਂ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਇਸ ਦੀ ਉਸਾਰੀ ਅਤੇ ਤਿਆਰੀ ਵਿਚ ਸਾਰੇ ਨਾਨਕ-ਲੇਵਾ ਸਿੱਖ ਰਲ ਕੇ ਹਿੱਸਾ ਪਾਉਣ ਤਾਕਿ ਕੋਈ ਹੰਕਾਰ ਵਿਚ ਆ ਕੇ ਇਹ ਨਾ ਆਖ ਸਕੇ ਕਿ ''ਇਹ ਸਾਰਾ ਮੈਂ ਬਣਾਇਆ ਹੈ।'' ਬਾਬੇ ਨਾਨਕ ਦਾ 'ਉੱਚਾ ਦਰ' ਸਾਰੇ ਸਿੱਖਾਂ ਦੇ ਮੁੜ੍ਹਕੇ ਪਸੀਨੇ ਦੀ ਕਮਾਈ ਨਾਲ ਹੀ ਬਣਨਾ ਚਾਹੀਦਾ ਹੈ ਤੇ ਉਹੀ ਇਸ ਦੇ ਮਾਲਕ, ਕਰਤਾ ਧਰਤਾ ਹੋਣੇ ਚਾਹੀਦੇ ਹਨ।
ਮੈਂ ਜਿਵੇਂ
ਸੋਚਿਆ ਸੀ (ਗ਼ਲਤ ਜਾਂ ਠੀਕ) ਉਵੇਂ ਹੀ ਕੀਤਾ ਹਾਲਾਂਕਿ ਬਹੁਤੇ ਪਾਠਕ ਤੇ ਮੈਂਬਰ ਮੇਰੇ ਉਤੇ
ਜ਼ੋਰ ਪਾਉਂਦੇ ਰਹੇ ਕਿ ਇਸ ਨੂੰ ਅਪਣੀ ਮਲਕੀਅਤ ਵਿਚ ਹੀ ਰਖਣਾ, ਕਿਸੇ ਹੋਰ ਨੇ ਇਸ ਨੂੰ
ਨਹੀਂ ਚਲਾ ਸਕਣਾ, ਨਾ ਹੀ ਇਸ ਦੀ ਵਿਚਾਰਧਾਰਾ ਉਤੇ ਪਹਿਰਾ ਦੇ ਸਕਣਾ ਹੈ। ਕਿਸੇ ਹੋਰ ਦੀ
ਗੱਲ ਸੁਣਨ ਦੀ ਬਜਾਏ, ਮੈਂ ਅਪਣੀ ਆਤਮਾ ਦੀ ਆਵਾਜ਼ ਸੁਣੀ ਕਿਉਂਕਿ ਮੈਨੂੰ ਯਕੀਨ ਸੀ ਕਿ
ਸਪੋਕਸਮੈਨ ਦੇ ਪਾਠਕ, ਮੇਰੀ ਮਿਹਨਤ ਨੂੰ ਜ਼ਾਇਆ ਨਹੀਂ ਜਾਣ ਦੇਣਗੇ ਤੇ ਸਗੋਂ ਮੇਰੇ ਨਾਲੋਂ
ਵੀ ਜ਼ਿਆਦਾ ਚੰਗੀ ਤਰ੍ਹਾਂ ਅਤੇ ਲਗਨ ਨਾਲ ਇਸ ਦੀ ਸੇਵਾ ਸੰਭਾਲ ਕਰਨਗੇ। ਲਗਨ ਨਾਲ ਕੰਮ ਕਰਨ
ਅਤੇ ਮਾਲਕਾਂ ਵਾਂਗ ਕੰਮ ਕਰਨ ਦਾ ਪਹਿਲਾ ਅਰਥ ਹੀ ਇਹ ਹੈ ਕਿ ਇਸ ਸੰਸਥਾ ਦੀ ਹਰ ਲੋੜ ਦਾ
ਪ੍ਰਬੰਧ ਕਰਨਾ ਮੇਰੀ ਜਾਂ ਸਾਡੀ ਜ਼ਿੰਮੇਵਾਰੀ ਹੈ।
ਇਥੇ ਆ ਕੇ ਮੈਂ ਥੋੜਾ ਜਿਹਾ ਨਿਰਾਸ਼ ਹੋਇਆ ਹਾਂ। ਚਿੱਠੀਆਂ ਲਿਖੀਦੀਆਂ ਹਨ ਤਾਂ ਜਵਾਬ ਵੀ ਕੋਈ ਨਹੀਂ ਦੇਂਦਾ, ਅਖ਼ਬਾਰ ਵਿਚ ਅਪੀਲ ਕਰੀਦੀ ਹੈ ਤਾਂ ਪੜ੍ਹ ਕੇ ਕੰਨ ਵਲ੍ਹੇਟ ਲਏ ਜਾਂਦੇ ਹਨ। ਮਾਲਕਾਂ ਤੇ ਲਗਨ ਵਾਲਿਆਂ ਦਾ ਰਵਈਆ ਇਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ। ਤੁਸੀ ਅਪਣਾ ਮਕਾਨ ਬਣਾ ਰਹੇ ਹੋਵੋ ਤੇ ਤੁਹਾਨੂੰ ਤੁਹਾਡੇ ਠੇਕੇਦਾਰ ਦਾ ਫ਼ੋਨ ਆ ਜਾਂਦਾ ਹੈ ਕਿ ''ਅੱਜ ਪੰਜ ਲੱਖ ਦਾ ਸਮਾਨ ਹੋਰ ਚਾਹੀਦਾ ਹੈ ਤੇ 4 ਲੱਖ ਲੇਬਰ ਦੇ ਦੇਣੇ ਹਨ। 9 ਲੱਖ ਦਾ ਤੁਰਤ ਇੰਤਜ਼ਾਮ ਕਰ ਦਿਉ ਸਰਦਾਰ ਜੀ।'' ਤੁਹਾਡੀ ਜੇਬ ਵਿਚ ਪੈਸਾ ਨਹੀਂ ਹੁੰਦਾ ਤਾਂ ਕੀ ਤੁਸੀ ਉਹਨੂੰ ਇਹ ਕਹਿੰਦੇ ਹੋ ਕਿ ''ਮੇਰੇ ਕੋਲ ਤਾਂ ਪੈਸਾ ਹੈ ਨੀ।'' ਨਹੀਂ, ਤੁਸੀ ਇਹੀ ਕਹਿੰਦੇ ਹੋ ਕਿ ''ਅਛਾ, ਕੁੱਝ ਕਰਦਾ ਹਾਂ ਪ੍ਰਬੰਧ ਪਰ ਕੰਮ ਨਹੀਂ ਰੁਕਣਾ ਚਾਹੀਦਾ।'' ਉਸ ਤੋਂ ਬਾਅਦ ਤੁਸੀ ਸੌ ਥਾਈਂ ਫ਼ੋਨ ਕਰ ਕੇ ਤੇ ਸੌ ਲੋਕਾਂ ਦੇ ਤਰਲੇ ਮਿੰਨਤਾਂ ਕਰ ਕੇ ਪੈਸੇ ਦਾ ਪ੍ਰਬੰਧ ਕਰਨ ਲੱਗ ਜਾਂਦੇ ਹੋ। ਇਸੇ ਨੂੰ ਹੀ ਤਾਂ 'ਮਾਲਕੀ' ਤੇ ਜ਼ਿੰਮੇਵਾਰੀ ਕਹਿੰਦੇ ਹਨ।
ਪਰ ਜਿਨ੍ਹਾਂ ਨੂੰ 'ਉੱਚਾ ਦਰ' ਦੀ ਮਾਲਕੀ ਸੰਭਾਲਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ 'ਚੋਂ ਕੁੱਝ ਕੁ ਨੂੰ ਫ਼ੋਨ ਕਰੀਦਾ ਹੈ ਤਾਂ ਉਹ ਸਾਫ਼ ਜਵਾਬ ਦੇ ਦੇਂਦੇ ਹਨ, ''ਨਹੀਂ ਜੀ ਪੈਸਾ ਤਾਂ ਹੈ ਨੀ ਮੇਰੇ ਕੋਲ।'' ਜਵਾਬ ਇਸ ਤਰ੍ਹਾਂ ਦੇਂਦੇ ਹਨ ਜਿਵੇਂ ਮੇਰਾ ਮਕਾਨ ਬਣ ਰਿਹਾ ਹੋਵੇ ਤੇ ਮੈਂ ਉਨ੍ਹਾਂ ਕੋਲੋਂ ਮਦਦ ਮੰਗ ਰਿਹਾ ਹੋਵਾਂ। ਮੈਂਬਰਾਂ ਤੇ ਪਾਠਕਾਂ ਨੂੰ ਚਿੱਠੀਆਂ ਲਿਖੀਦੀਆਂ ਹਨ ਤਾਂ 90% ਦਾ ਜਵਾਬ ਲਗਭਗ ਇਸ ਤਰ੍ਹਾਂ ਦਾ ਹੁੰਦਾ ਹੈ ਕਿ ''ਨਹੀਂ ਬਣਦਾ ਤਾਂ ਨਾ ਬਣੇ ਉੱਚਾ ਦਰ। ਮੈਂ ਕੁੱਝ ਨਹੀਂ ਦੇ ਸਕਦਾ।'' ਜਿਨ੍ਹਾਂ ਨੇ ਪਿੱਛੇ ਪੈਸੇ ਦਿਤੇ ਹੁੰਦੇ ਹਨ ਉਹ ਤਾਂ ਬੜੀ ਖਰ੍ਹਵੀ ਬੋਲੀ ਬੋਲ ਕੇ ਕਹਿੰਦੇ ਹਨ, ''ਨਾ ਜੀ, ਮੇਰੇ ਪੈਸੇ ਤਾਂ ਤੁਸੀ ਹੁਣੇ ਦੇ ਦਿਉ।'' ਜਦੋਂ ਕਹੀਦਾ ਹੈ ਕਿ ''ਬਿਲਡਿੰਗ ਉਤੇ ਲੱਗ ਚੁੱਕਾ ਪੈਸਾ ਕਿਵੇਂ ਵਾਪਸ ਕਰੀਏ? ਠੀਕ ਤਰੀਕਾ ਤਾਂ ਇਹੀ ਹੈ ਕਿ ਇਹਨੂੰ ਚਾਲੂ ਹੋ ਲੈਣ ਦਿਉ, ਫਿਰ ਇਸ ਦੀ ਕਮਾਈ ਵਿਚੋਂ ਲੈ ਲੈਣਾ।'' ਤਾਂ ਜਵਾਬ ਤੜੱਕ ਕਰ ਕੇ ਮੂੰਹ ਤੇ ਮਾਰਿਆ ਜਾਂਦਾ ਹੈ, ''ਤੁਸੀ ਅਪਣਾ ਵਾਅਦਾ ਪੂਰਾ ਕਰਨ ਦੀ ਗੱਲ ਕਰੋ, ਹੋਰ ਮੈਂ ਕੋਈ ਗੱਲ ਨਹੀਂ ਸੁਣਨੀ। ਤੁਹਾਡਾ ਵਾਅਦਾ ਇਸ ਮਹੀਨੇ ਪੈਸੇ ਵਾਪਸ ਕਰਨ ਦਾ ਸੀ, ਬੱਸ ਉਹਨੂੰ ਪੂਰਾ ਕਰੋ।''
ਗੱਲ ਕੌੜੀ ਹੈ ਪਰ ਸੱਭ ਤੋਂ
ਵੱਡਾ ਸੱਚ ਤਾਂ ਇਹੀ ਹੈ ਕਿ ਜੇ ਪਾਠਕ 30 ਕਰੋੜ ਦਾ ਅਪਣਾ ਹਿੱਸਾ ਦੇਣ ਦਾ ਵਾਅਦਾ ਵੀ ਉਸੇ
ਤਰ੍ਹਾਂ ਪੂਰਾ ਕਰ ਦੇਂਦੇ ਜਿਵੇਂ ਅਸੀ ਕੀਤਾ ਹੈ ਤਾਂ ਉੱਚਾ ਦਰ ਵੀ 3-4 ਸਾਲ ਪਹਿਲਾਂ
ਸ਼ੁਰੂ ਹੋ ਜਾਣਾ ਸੀ ਤੇ ਉਧਾਰ ਦੇਣ ਵਾਲਿਆਂ ਦੇ ਪੈਸੇ ਵੀ 4 ਸਾਲ ਪਹਿਲਾਂ ਹੀ ਉਨ੍ਹਾਂ ਨੂੰ
ਵਾਪਸ ਮਿਲ ਚੁੱਕੇ ਹੋਣੇ ਸਨ। ਉਹ ਇਕ ਵਾਅਦਾ (ਪਾਠਕਾਂ ਵਲੋਂ) ਕੀ ਟੁੱਟਾ ਕਿ ਸਾਰੀਆਂ
ਚੂਲਾਂ ਹੀ ਹਿਲ ਗਈਆਂ ਤੇ 'ਉੱਚਾ ਦਰ' ਦੀ ਉਸਾਰੀ ਵੀ ਲੇਟ ਹੋ ਗਈ, ਉੱਚਾ ਦਰ ਦੀ ਲਾਗਤ
(ਦੇਰੀ ਕਾਰਨ) ਵੀ ਦੁਗਣੀ ਹੋ ਗਈ, ਵਾਧੂ ਵਿਆਜ ਵੀ ਦੇਣਾ ਪੈ ਗਿਆ ਤੇ ਕਈਆਂ ਦੇ ਪੈਸੇ ਅਜੇ
ਵੀ ਦੇਣੇ ਬਾਕੀ ਹਨ।
ਚਲੋ ਜੋ ਹੋ ਗਿਆ ਸੋ ਹੋ ਗਿਆ। ਪਰ ਹੁਣ ਜਦ 80-85 ਫ਼ੀ ਸਦੀ ਕੰਮ ਪੂਰਾ ਹੋ ਗਿਆ ਹੈ ਤਾਂ ਹੁਣ ਤਾਂ ਮੈਂਬਰਾਂ ਤੇ ਪਾਠਕਾਂ ਨੂੰ ਮਾਲਕਾਂ ਵਾਂਗ ਅਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਕਿਸੇ ਇਕ ਨੂੰ ਨਹੀਂ, ਸਾਰੇ ਹੀ ਪਾਠਕਾਂ ਤੇ ਸਾਰੇ ਹੀ ਮੈਂਬਰਾਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਜੇ ਉਹ ਬਾਬੇ ਨਾਨਕ ਵਿਚ ਸੱਚੀ ਸ਼ਰਧਾ ਰਖਦੇ ਹਨ ਤਾਂ ਅਗਲੇ ਦੋ ਮਹੀਨਿਆਂ ਵਿਚ, ਵੱਧ ਤੋਂ ਵੱਧ ਜੋ ਕੁੱਝ ਉਹ 'ਉੱਚਾ ਦਰ' ਨੂੰ ਮੁਕੰਮਲ ਕਰਨ ਲਈ ਦੇ ਸਕਦੇ ਹਨ, ਜ਼ਰੂਰ ਦੇਣਗੇ। ਭਾਵੇਂ ਕੋਈ ਪੰਜ ਸੌ ਰੁਪਿਆ ਦੇਵੇ ਤੇ ਭਾਵੇਂ ਪੰਜ ਲੱਖ ਪਰ ਹਰ ਪਾਠਕ ਤੇ ਹਰ ਮੈਂਬਰ ਨੂੰ ਇਸ ਆਖ਼ਰੀ ਪੜਾਅ ਉਤੇ ਆ ਕੇ ਜ਼ਰੂਰ ਅਪਣਾ ਹਿੱਸਾ (ਮਾਲਕਾਂ ਵਾਂਗ) ਪਾਉਣਾ ਚਾਹੀਦਾ ਹੈ।
ਦੁਨੀਆਂ ਵਿਚ ਹੋਰ ਕੋਈ ਏਨਾ ਵੱਡਾ ਅਜੂਬਾ ਨਹੀਂ ਜੋ
ਇਕ ਸਰਕਾਰੀ ਜਬਰ ਦੇ ਵਾਰ ਸਹਿੰਦੀ ਹੋਈ ਅਖ਼ਬਾਰ ਤੇ ਉਸ ਦੇ ਪਾਠਕਾਂ ਨੇ ਪੈਸਾ ਪੈਸਾ ਜੋੜ
ਕੇ ਬਣਾਇਆ ਹੋਵੇ। ਆਖ਼ਰੀ ਪੜਾਅ ਤੇ, ਅਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰਿਉ
(ਕੋਈ ਇਕ ਵੀ ਪਾਠਕ ਤੇ ਇਕ ਵੀ ਮੈਂਬਰ ਨਹੀਂ) ਨਹੀਂ ਤਾਂ ਇਹ ਖੀਰ ਬਣਾ ਕੇ, ਉਸ ਉਤੇ ਸਵਾਹ
ਮਿੱਟੀ ਧੂੜ ਦੇਣ ਵਾਲੀ ਗੱਲ ਬਣ ਜਾਵੇਗੀ ਤੇ ਦੁਨੀਆਂ ਤੁਹਾਡੀ ਤਾਰੀਫ਼ ਕਰਨ ਦੀ ਬਜਾਏ
ਤੁਹਾਡਾ ਮਜ਼ਾਕ ਹੀ ਉਡਾਏਗੀ।
ਅਗਲੀ ਵਾਰ ਮੈਂ ਤੁਹਾਨੂੰ ਕੁੱਝ ਲਗਨ ਵਾਲੇ ਪਾਠਕਾਂ ਦੀ
ਗੱਲ ਸੁਣਾਵਾਂਗਾ ਜਿਨ੍ਹਾਂ ਨੇ ਪਿਛਲੇ ਇਕ-ਦੋ ਮਹੀਨਿਆਂ ਵਿਚ ਮੈਨੂੰ ਚਿੱਠੀਆਂ ਲਿਖ ਕੇ,
ਮੇਰੇ ਅੰਦਰ ਦੀ ਨਿਰਾਸ਼ਾ ਨੂੰ ਆਸ਼ਾ ਦੀ ਕਿਰਨ ਵੀ ਵਿਖਾਈ ਤੇ ਮੈਂ ਮਹਿਸੂਸ ਕੀਤਾ ਕਿ ਸਾਡੇ
ਪਾਠਕਾਂ ਤੇ ਮੈਂਬਰਾਂ 'ਚੋਂ ਸਾਰੇ ਨਹੀਂ ਸੁੱਤੇ ਹੋਏ, ਬਹੁਤ ਹਨ ਜੋ ਅਜੇ ਵੀ ਜਾਗਦੇ ਹਨ,
ਬਸ ਹਰਕਤ ਵਿਚ ਨਹੀਂ ਆ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਹੀ ਹਰਕਤ ਵਿਚ ਆ
ਜਾਉ, ਸਾਰੇ ਹੀ ਲਗਨ ਨਾਲ ਡਟ ਜਾਉ ਤਾਕਿ ਬਾਕੀ ਬਚਦਾ 15-20% ਕੰਮ ਵੀ ਅਗਲੇ ਦੋ ਮਹੀਨਿਆਂ
ਵਿਚ ਪੂਰਾ ਕਰ ਵਿਖਾਈਏ।