ਮੈਂ ਨਹੀਂ ਪੁੱਛਾਂਗਾ ਕਿ ਕਿਸ ਨੂੰ ਵੋਟ ਪਾਈ ਜੇ? ਪਰ ਇਹ ਜ਼ਰੂਰ ਪੁੱਛਾਂਗਾ ਕਿ ਤੁਸੀਂ ਜੋ ਵੀ ਅਪਣਾ ਲੀਡਰ ਚੁਣੋਗੇ, ਕੀ ਉਹ ਪੰਜਾਬ ਲਈ ਪ੍ਰਾਪਤੀਆਂ ਦਾ ਯੁਗ ਵੀ ਸ਼ੁਰੂ ਕਰ ਸਕੇਗਾ ਕਿ ਨਹੀਂ? ਪਿਛਲੀ ਅੱਧੀ ਸਦੀ ਵਿਚ ਇਕ ਵੀ 'ਰਾਜਸੀ' ਕਿਸਮ ਦੀ ਪ੍ਰਾਪਤੀ ਸਿੱਖਾਂ ਜਾਂ ਪੰਜਾਬ ਨੇ ਨਹੀਂ ਕੀਤੀ। ਲੰਮੀ ਦੇਰ ਤਕ ਅਪਣੇ ਘਰ ਤੋਂ ਵੀ ਦੂਰ ਰਹੀਏ ਤਾਂ ਮਕਾਨ, ਲੰਮੇ ਕਬਜ਼ੇ ਵਾਲੇ ਦਾ ਬਣ ਜਾਂਦਾ ਹੈ ਤੇ ਬਾਰਾਂ ਸਾਲ ਬਾਅਦ 'ਹਕ ਸ਼ੁਫ਼ਾ' ਸ਼ੁਰੂ ਹੋ ਜਾਂਦਾ ਹੈ। ਪਾਣੀ, ਡੈਮ ਤੇ ਰਾਜਧਾਨੀ ਵਰਗੇ ਅਰਬਾਂ-ਖਰਬਾਂ ਦੇ ਅਸਾਸੇ ਇਸੇ ਤਰ੍ਹਾਂ ਗਵਾ ਲਏ ਹਨ ਅਸੀਂ। ਹੋਰ ਕਿਸੇ ਸੂਬੇ ਨਾਲ ਇਸ ਤਰ੍ਹਾਂ ਨਹੀਂ ਹੋਇਆ। ਤੁਹਾਡੇ ਨਾਲ ਕਿਉਂ ਹੋਇਆ? ਤੁਸੀਂ ਜਾਗਦੇ ਲੋਕ ਨਹੀਂ, ਇਸ ਲਈ!! ਤੁਹਾਡੇ 'ਰਾਜੇ' ਗੱਦੀ ਤੇ ਬੈਠ ਕੇ ਸੱਭ ਕੁੱਝ ਭੁੱਲ ਜਾਂਦੇ ਹਨ ਤੇ ਅਪਣੇ ਨਿਜੀ ਹਿਤ ਪਾਲਣ ਲੱਗ ਜਾਂਦੇ ਹਨ ਤੇ ਅੱਧੀ ਅੱਧੀ ਸਦੀ ਤਕ ਕਰਦੇ ਰਹਿੰਦੇ ਹਨ ਤੇ ਤੁਸੀ ਚੁਪ ਚਾਪ ਵੇਖੀ ਜਾਂਦੇ ਹੋ।
ਵੋਟਾਂ ਪਾ ਆਏ ਹੋ ਪੰਜਾਬ ਦੇ ਪਾਠਕੋ? ਤੁਸੀਂ ਅਪਣੀ ਅਪਣੀ ਪਸੰਦ ਦੇ ਉਮੀਦਵਾਰਾਂ ਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਵੋਟ ਤਾਂ ਪਾ ਆਏ ਹੋ ਪਰ ਤੁਹਾਨੂੰ ਵੀ ਪਤਾ ਨਹੀਂ ਕਿ ਪੰਜਾਬ ਵਿਚ ਜਿੱਤੇਗਾ ਕੌਣ ਤੇ ਸਰਕਾਰ ਕੌਣ ਬਣਾਏਗਾ।ਇਸ ਵਾਰ ਦੀ ਤਿਕੋਣੀ ਚੋਣ ਲੜਾਈ ਦਾ ਮੁੱਖ ਪਹਿਲੂ ਇਹ ਰਿਹਾ ਹੈ ਕਿ ਤਿੰਨੇ ਹੀ ਵੱਡੀਆਂ ਪਾਰਟੀਆਂ ਇਸ ਹਾਲਤ ਵਿਚ ਨਹੀਂ ਸਨ ਕਿ ਛਾਤੀ ਠੋਕ ਕੇ ਕਹਿ ਸਕਣ ਕਿ 'ਪੰਜਾਬ ਦੇ ਲੋਕਾਂ ਦੀ ਬਹੁਗਿਣਤੀ ਸਾਡੇ ਨਾਲ ਹੈ'। ਨਹੀਂ, ਇਸ ਦੀ ਬਜਾਏ ਉਹ ਇਸ ਹਿਸਾਬ-ਕਿਤਾਬ ਵਿਚ ਹੀ ਲਗੀਆਂ ਹੋਈਆਂ ਹਨ ਕਿ ਫ਼ਲਾਣੇ ਹਲਕੇ ਵਿਚ 'ਏ' ਪਾਰਟੀ, 'ਬੀ' ਪਾਰਟੀ ਦੀਆਂ ਏਨੀਆਂ ਵੋਟਾਂ ਕੱਟ ਦੇਵੇਗੀ ਤੇ ਸਾਡੀਆਂ ਵੋਟਾਂ ਘੱਟ ਹੋਣ ਦੇ ਬਾਵਜੂਦ, ਦਾਅ ਸਾਡਾ ਲੱਗ ਜਾਏਗਾ। ਕੋਈ ਇਕ ਪਾਰਟੀ ਇਸ ਤਰ੍ਹਾਂ ਦਾ ਹਿਸਾਬ-ਕਿਤਾਬ ਨਹੀਂ ਲਾ ਰਹੀ ਸਗੋਂ ਸਾਰੀਆਂ ਦਾ ਹੀ ਹਾਲ ਇਹੀ ਚਲ ਰਿਹਾ ਹੈ। ਕਿਸੇ ਕੋਲ ਵੀ 'ਪੂਰਨ ਬਹੁਮਤ' ਨਹੀਂ ਪਰ ਤਿੰਨੇ ਹੀ ਇਸ ਉਮੀਦ ਉਤੇ 'ਜਿੱਤਣ' ਦੀ ਆਸ ਲਾਈ ਬੈਠੀਆਂ ਹਨ ਕਿ ਦੋ ਵਿਰੋਧੀ ਪਾਰਟੀਆਂ ਨੇ ਇਕ-ਦੂਜੇ ਦੀਆਂ ਏਨੀਆਂ ਕੁ ਵੋਟਾਂ ਕੱਟ ਦਿਤੀਆਂ ਤਾਂ ਅਪਣਾ ਕੰਮ ਜ਼ਰੂਰ ਬਣ ਜਾਏਗਾ। ਸੋ ਡੈਮੋਕਰੇਸੀ ਜਾਂ 'ਲੋਕ-ਰਾਜ' ਜੋ 'ਬਹੁਗਿਣਤੀ ਦੇ ਰਾਜ' ਦੇ ਸੰਕਲਪ ਵਜੋਂ ਸ਼ੁਰੂ ਹੋਇਆ ਸੀ, ਅੱਜ ਬਹੁਸੰਮਤੀ ਦਾ ਨਹੀਂ, ਘੱਟ-ਗਿਣਤੀ ਦਾ ਰਾਜ ਬਣ ਗਿਆ ਹੈ (ਮੋਦੀ ਸਰਕਾਰ 33 ਫ਼ੀ ਸਦੀ ਵੋਟਾਂ ਲੈ ਕੇ ਰਾਜ ਕਰ ਰਹੀ ਹੈ ਤੇ 67% ਵੋਟਾਂ ਲੈਣ ਵਾਲੀਆਂ ਪਾਰਟੀਆਂ, ਵੋਟਾਂ ਵੰਡੀਆਂ ਜਾਣ ਕਰ ਕੇ ਠੁੱਡੇ ਖਾ ਰਹੀਆਂ ਹਨ) ਤੇ ਨਤੀਜਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਪਣੇ ਵਿਰੋਧੀ ਉਮੀਦਵਾਰ ਦੀਆਂ ਵੋਟਾਂ ਦੋ ਤਿੰਨ ਥਾਈਂ ਵੰਡ ਦੇਣ ਦੀ ਤਕਨੀਕ ਕੌਣ ਕਿੰਨੀ ਚੁਸਤੀ ਨਾਲ ਵਰਤ ਲੈਂਦਾ ਹੈ। ਇਸ ਕੰਮ ਲਈ ਅਪਣੇ ਕੋਲੋਂ ਪੈਸੇ ਦੇ ਕੇ, ਵਿਰੋਧੀ ਦੀਆਂ ਵੋਟਾਂ ਵੰਡਣ ਲਈ, ਨਕਲੀ ਉਮੀਦਵਾਰ ਵੀ 'ਅਸਲੀ' ਬਣਾ ਕੇ ਖੜੇ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਕੰਮ ਕੇਵਲ ਵਿਰੋਧੀ ਉਮੀਦਵਾਰ ਦੀਆਂ ਵੱਧ ਤੋਂ ਵੱਧ ਵੋਟਾਂ ਖ਼ਰਾਬ ਕਰਨਾ ਹੀ ਹੁੰਦਾ ਹੈ। ਅੱਜ ਦੀਆਂ ਚੋਣਾਂ, ਹੋਰ ਜੋ ਕੁੱਝ ਵੀ ਹੋਣ ਪਰ ਜਨਤਾ ਦੀ ਸਹੀ ਰਾਏ ਜਾਣਨ ਦਾ ਇਕ ਸਾਧਨ ਨਹੀਂ ਰਹਿ ਗਈਆਂ ਸਗੋਂ ਕਈ ਤਕਨੀਕਾਂ ਵਰਤ ਕੇ ਜਨਤਾ ਦੀ ਅਸਲ ਰਾਏ ਨੂੰ ਵਿਗਾੜ ਕੇ ਪੇਸ਼ ਕਰਨ ਦੀ ਅਮੀਰਾਂ ਦੀ ਖੇਡ ਬਣ ਕੇ ਰਹਿ ਗਈਆਂ ਹਨ ਜਿਸ ਵਿਚ ਸਾਡੇ ਤੁਹਾਡੇ ਵਰਗਿਆਂ ਦੇ ਮਨਾਂ ਅੰਦਰ ਇਹ ਭੁਲੇਖਾ ਜ਼ਰੂਰ ਕਾਇਮ ਰਖਿਆ ਜਾਂਦਾ ਹੈ ਕਿ ਡੈਮੋਕਰੇਸੀ, 'ਲੋਕਾਂ ਦਾ, ਲੋਕਾਂ ਵਲੋਂ ਅਤੇ ਲੋਕਾਂ ਵਾਸਤੇ' ਰਾਜ ਹੁੰਦਾ ਹੈ ਤੇ ਫ਼ੈਸਲਾ 'ਅਸੀਂ' (ਆਮ ਲੋਕ) ਕਰਦੇ ਹਾਂ ਕਿ ਅਗਲਾ 'ਰਾਜਾ' ਕੌਣ ਹੋਵੇਗਾ। ਸਾਰੇ ਹਿੰਦੁਸਤਾਨ ਵਿਚ ਹੀ ਚੋਣਾਂ ਨੂੰ 'ਟਰਿੱਕਾਂ' ਜਾਂ ਚਾਲਬਾਜ਼ੀਆਂ ਦੀ ਖੇਡ ਬਣਾ ਦਿਤਾ ਗਿਆ ਹੈ ਜੋ 'ਲੋਕਾਂ' ਦੀਆਂ ਅੱਖਾਂ ਉਤੇ ਪੱਟੀ ਬੰਨ੍ਹ ਕੇ ਖੇਡੀ ਜਾਂਦੀ ਹੈ। ਜਿਹੜਾ ਜਿੰਨਾ ਜ਼ਿਆਦਾ 'ਟਰਿੱਕਾਂ' ਖੇਡ ਸਕਦਾ ਹੈ, ਚੋਣਾਂ ਵਿਚ ਉਹ ਓਨਾ ਹੀ ਜ਼ਿਆਦਾ ਸਫ਼ਲ ਹੁੰਦਾ ਹੈ।
ਚਲੋ 11 ਮਾਰਚ ਤਕ ਇੰਤਜ਼ਾਰ ਕਰ ਲਉ। ਉਸ ਦਿਨ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਲੋਕਾਂ ਨੇ ਸਿਆਣਪ ਨਾਲ ਅਪਣੀ ਵੋਟ ਦੀ ਵਰਤੋਂ ਕੀਤੀ ਹੈ ਜਾਂ 'ਟਰਿੱਕਾਂ' ਤੇ 'ਚਾਲਾਂ' ਖੇਡਣ ਵਾਲਿਆਂ ਦੇ ਮੋਹਰੇ ਹੀ ਬਣੇ ਹਨ। ਰਾਜਾ ਕੋਈ ਵੀ ਆ ਜਾਏ, ਮੇਰੀ ਦਿਲਚਸਪੀ ਇਹ ਜਾਣਨ ਵਿਚ ਹੈ ਕਿ ਆਮ ਵੋਟਰਾਂ ਦਾ ਚੁਣਿਆ ਨਵਾਂ 'ਰਾਜਾ' ਤੇ ਉਸ ਦੇ ਵਜ਼ੀਰ, ਪੰਜਾਬ ਲਈ ਪ੍ਰਾਪਤੀਆਂ ਦਾ ਕੋਈ ਨਵਾਂ ਬਾਬ ਸ਼ੁਰੂ ਕਰਨ ਦੀ ਸਮਰੱਥਾ ਰੱਖਣ ਵਾਲੇ ਵੀ ਹੋਣਗੇ ਜਾਂ ਨਹੀਂ? ਨਵਾਂ ਪੰਜਾਬ (ਪੰਜਾਬੀ ਸੂਬਾ) 1966 ਵਿਚ ਬਣਿਆ ਸੀ ਤੇ ਪਿਛਲੀ ਅੱਧੀ ਸਦੀ ਵਿਚ ਪੰਜਾਬ ਦੀ ਝੋਲੀ ਵਿਚ ਰਾਜਸੀ ਕਿਸਮ ਦੀ ਕੋਈ ਇਕ ਵੀ ਪ੍ਰਾਪਤੀ ਨਹੀਂ ਪੈ ਸਕੀ।
ਇੰਦਰਾ ਗਾਂਧੀ ਨੇ ਤਾਂ ਇਕ ਸਮੇਂ ਸਾਰੀਆਂ ਮੰਗਾਂ ਮੰਨਣ ਦੀ ਪੇਸ਼ਕਸ਼ ਵੀ ਕਰ ਦਿਤੀ ਸੀ ਤੇ ਡਾ. ਮਨਮੋਹਨ ਸਿੰਘ ਵੇਲੇ ਵੀ ਕਈ ਅਜਿਹੇ ਮੌਕਿਆਂ ਦਾ ਲਾਭ ਲੈਣੋਂ ਨਾਂਹ ਕਰ ਦਿਤੀ ਗਈ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜਹਾਂਗੀਰ ਨੇ ਦਿਤਾ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਪਿਤਾ ਦੇ ਕਾਤਲ ਨਾਲ ਦੋਸਤੀ ਪਾਉਣ ਨੂੰ ਹੀ 'ਰਾਜਨੀਤਕ ਸਿਆਣਪ' ਸਮਝਿਆ ਤੇ ਜਹਾਂਗੀਰ ਬਾਦਸ਼ਾਹ ਨਾਲ ਰਲ ਕੇ ਸ਼ਿਕਾਰ ਵੀ ਖੇਡਦੇ ਰਹੇ। ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਉਤੇ ਬੰਬ ਸੁਟ ਕੇ ਅਮਰੀਕਾ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਸੀ ਤੇ ਜਾਪਾਨ ਅੱਜ ਵੀ ਹਰ ਸਾਲ ਉਸ ਦੀ ਯਾਦ ਮਨਾਉਂਦਾ ਹੈ ਪਰ ਉਸ ਨੂੰ ਇਹ ਗੱਲ ਵੀ ਸਮਝ ਵਿਚ ਆ ਗਈ ਕਿ ਅਮਰੀਕਾ ਦੀ ਦੁਸ਼ਮਣ ਤਾਕਤ ਨਾਲ ਹੱਥ ਮਿਲਾਏ ਤਾਂ ਜਾਪਾਨ ਬਿਲਕੁਲ ਹੀ ਖ਼ਤਮ ਹੋ ਜਾਏਗਾ, ਇਸ ਲਈ ਅਮਰੀਕਾ ਨੂੰ ਹੀ ਦੋਸਤੀ ਲਈ ਚੁਣਿਆ ਤੇ ਏਸ਼ੀਆ ਦਾ ਸੱਭ ਤੋਂ ਅਮੀਰ ਅਤੇ ਆਧੁਨਿਕ ਦੇਸ਼ ਬਣ ਗਿਆ। ਇਹੀ ਕਹਾਣੀ ਇਜ਼ਰਾਈਲ ਦੀ ਹੈ। ਹਿਟਲਰ ਨੇ ਜਿਨ੍ਹਾਂ ਲੱਖਾਂ ਯਹੂਦੀਆਂ ਉਤੇ ਜ਼ੁਲਮ ਕੀਤੇ ਸਨ, ਉਨ੍ਹਾਂ ਨੂੰ ਮਾਰਨ ਲਈ ਅਮਰੀਕਾ ਸਮੇਤ, ਸਾਰੇ ਈਸਾਈ ਦੇਸ਼ਾਂ ਦੇ ਮੁਖੀ, ਖੁਲ੍ਹ ਕੇ ਹਿਟਲਰ ਦੀ ਮਦਦ ਕਰ ਰਹੇ ਸਨ। ਯਹੂਦੀ ਅੱਜ ਵੀ 'ਘੱਲੂਘਾਰੇ' ਦੀ ਯਾਦ ਮਨਾਉਂਦੇ ਹਨ ਪਰ ਦੋਸਤੀ ਦਾ ਹੱਥ ਫੜਨ ਦਾ ਮੌਕਾ ਆਇਆ ਤਾਂ ਅਮਰੀਕਾ ਤੇ ਜਰਮਨੀ ਦਾ ਹੱਥ ਹੀ ਫੜਿਆ ਜਿਸ ਸਦਕਾ ਯਹੂਦੀਆਂ ਦਾ ਨਵਾਂ ਦੇਸ਼ ਇਜ਼ਰਾਈਲ ਵੀ ਕਾਇਮ ਹੋ ਗਿਆ ਤੇ ਇਹ ਦੇਸ਼ ਦੁਨੀਆਂ ਦੇ ਪ੍ਰਭਾਵਸ਼ਾਲੀ, ਅਮੀਰ ਤੇ ਤਾਕਤਵਰ ਦੇਸ਼ਾਂ ਵਿਚ ਗਿਣਿਆ ਜਾਣ ਲੱਗਾ।