'ਉੱਚਾ ਦਰ' ਦਾ 88% ਕੰਮ ਹੋ ਜਾਣ ਮਗਰੋਂ : ਮੇਰਾ ਦਿਲ ਵੀ ਕਰਦਾ ਹੈ ਕਿ 8-10 ਸੱਜਣ ਨਿਤਰਨ ਜੋ 88% ਕੰਮ ਕਰਨ ਵਾਲਿਆਂ ਦੀ ਕਦਰ ਪਾਉਂਦੇ ਹੋਏ, ਕਹਿ ਦੇਣ, 'ਬਾਕੀ ਦਾ 10-12% ਕੰਮ ਅਸੀ ਕਰਾਂਗੇ-ਤੁਸੀ ਟੀ.ਵੀ. ਚੈਨਲ ਵਲ ਸਾਰਾ ਜ਼ੋਰ ਲਾ ਦਿ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਕਸਰ ਸੁਣਨ ਨੂੰ ਮਿਲਦਾ ਹੈ ਕਿ ਸਿੱਖੀ ਨੂੰ ਜਿੰਨਾ ਬਾਹਰਲਿਆਂ ਤੋਂ ਖ਼ਤਰਾ ਹੈ, ਉਸ ਤੋਂ ਕਿਤੇ ਜ਼ਿਆਦਾ ਖ਼ਤਰਾ ਇਸ ਨੂੰ ਅਪਣਿਆਂ ਤੋਂ ਪੈਦਾ ਹੋ ਗਿਆ ਹੈ। ਅਪਣਿਆਂ ਤੋਂ ਕਿਉਂ? ਕਿਉਂਕਿ ਗ਼ਲਤ ਜਾਂ ਠੀਕ, ਸਿੱਖੀ ਗੁਰਦਵਾਰਿਆਂ ਨਾਲ ਜੁੜ ਗਈ ਹੈ ਅਤੇ ਗੁਰਦਵਾਰਿਆਂ ਉਤੇ ਸਿਆਸਤਦਾਨਾਂ ਤੇ ਕਰਮ-ਕਾਂਡੀ ਟੋਲੇ ਦਾ ਕਬਜ਼ਾ ਹੋ ਗਿਆ ਹੈ ਜਿਨ੍ਹਾਂ ਦੇ ਹੁੰਦਿਆਂ 'ਧਰਮ ਪੰਖ ਕਰ ਊਡਰਿਆ' ਵਾਲੀ ਹਾਲਤ ਬਣ ਚੁੱਕੀ ਹੈ। ਬਾਬੇ ਨਾਨਕ ਨੇ, ਅਪਣੇ ਜੀਵਨ-ਕਾਲ ਵਿਚ ਗੁਰਦਵਾਰਾ ਬਣਨ ਹੀ ਨਹੀਂ ਸੀ ਦਿਤਾ ਤੇ 'ਧਰਮਸਾਲਾ' ਦਾ ਆਰੰਭ ਕੀਤਾ ਸੀ ਅਰਥਾਤ ਉਹ ਵਿਉਂਤਬੰਦੀ ਜਿਸ ਅਧੀਨ ਹਰ ਘਰ ਵਿਚ ਸ਼ਬਦ-ਵਿਚਾਰ, ਸੰਗਤੀ ਰੂਪ ਵਿਚ ਵਾਰੀ-ਵਾਰੀ ਹੋਵੇ ਤੇ ਪੁਜਾਰੀ ਸ਼੍ਰੇਣੀ ਨੂੰ ਕਿਤੇ ਵੀ ਨੇੜੇ ਨਾ ਆਉਣ ਦਿਤਾ ਜਾਵੇ।

ਹੁਣ ਤਾਂ ਘਰਾਂ ਵਿਚ ਵੀ ਕੀਰਤਨ, ਅਖੰਡ ਪਾਠ ਜਾਂ ਸਹਿਜ ਪਾਠ ਕਰਵਾਏ ਜਾਂਦੇ ਹਨ ਤਾਂ ਘਰ ਵਾਲੇ ਕੇਵਲ ਰਸਦ ਪਾਣੀ ਦਾ ਪ੍ਰਬੰਧ ਹੀ ਕਰਦੇ ਹਨ, ਬਾਕੀ ਦਾ ਸਾਰਾ ਕੰਮ ਤਾਂ ਗ੍ਰੰਥੀ, ਭਾਈ, ਕੀਰਤਨੀਏ ਹੀ ਕਰਦੇ ਰਹਿੰਦੇ ਹਨ ਤੇ ਜੋ ਹੁਕਮ ਉਹ ਕਰਦੇ ਹਨ, ਘਰ ਵਾਲੇ 'ਸਤਿ ਬਚਨ' ਕਹੀ ਜਾਂਦੇ ਹਨ। ਪਰ ਬਾਬੇ ਨਾਨਕ ਦੀ 'ਘਰ ਘਰ ਅੰਦਰ ਧਰਮਸਾਲ' ਵਾਲੀ ਵਿਉਂਤਬੰਦੀ ਵਿਚ ਰਸਮਾਂ ਹੁੰਦੀਆਂ ਹੀ ਕੋਈ ਨਹੀਂ ਸਨ, ਸੰਗਤ ਕੇਵਲ ਵਿਚਾਰਾਂ ਹੀ ਕਰਦੀ ਸੀ। ਅੱਜ ਕੇਵਲ 'ਰਾਧਾ ਸਵਾਮੀ' ਹੀ ਬਾਬੇ ਨਾਨਕ ਦੀ ਇਸ ਵਿਉਂਤ ਨੂੰ ਅਪਣੇ ਢੰਗ ਨਾਲ, ਅਪਣਾਉਂਦੇ ਵੇਖੇ ਜਾ ਸਕਦੇ ਹਨ ਤੇ ਇਸ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਵੀ ਹੋਇਆ ਹੈ।

ਗੁਰਦਵਾਰਾ ਭਾਵੇਂ ਛੋਟਾ ਹੈ ਜਾਂ ਵੱਡਾ, ਉਥੇ ਤਾਂ ਮੰਦਰਾਂ ਵਾਲਾ ਸਿਸਟਮ ਹੀ ਮਾੜੀ ਮੋਟੀ ਤਬਦੀਲੀ ਨਾਲ, ਚਲ ਰਿਹਾ ਹੈ ਤੇ ਨਵੀਂ ਕਿਸਮ ਦਾ ਕਰਮ-ਕਾਂਡ ਭਾਰੂ ਹੈ।
ਖ਼ੈਰ, ਬਾਬੇ ਨਾਨਕ ਤੋਂ ਬਾਅਦ ਗੁਰਦਵਾਰੇ ਹੋਂਦ ਵਿਚ ਆ ਗਏ ਤੇ ਹੌਲੀ-ਹੌਲੀ ਸਿੱਖੀ ਦੇ ਕੇਂਦਰ ਬਣਦੇ ਗਏ। ਜਦ ਫ਼ਸਲ ਉਗਦੀ ਹੈ ਤਾਂ ਤੇਲਾ, ਸੁੰਡੀ ਤੇ ਇਹੋ ਜਹੇ ਕਿਰਮ ਅਪਣੇ ਆਪ ਹਵਾ ਵਿਚੋਂ ਪੈਦਾ ਹੋ ਜਾਂਦੇ ਹਨ ਜੋ ਉਸ ਫ਼ਸਲ ਨੂੰ ਖਾਣ ਲਗਦੇ ਹਨ। ਠੀਕ, ਇਸੇ ਤਰ੍ਹਾਂ ਮੰਦਰ, ਮਸਜਿਦ, ਚਰਚ ਜਾਂ ਗੁਰਦਵਾਰੇ ਬਣਾਏ ਤਾਂ ਭਾਵੇਂ ਸ਼ੁਭ ਇਰਾਦੇ ਨਾਲ ਹੀ ਜਾਂਦੇ ਹਨ ਪਰ ਰਸਮਾਂ, ਰੀਤਾਂ ਦੀ ਪੰਡ ਚੁੱਕੀ, ਪੁਜਾਰੀ ਸ਼੍ਰੇਣੀ, ਹਵਾ ਵਿਚੋਂ ਪੈਦਾ ਹੋ ਕੇ ਹੀ, ਆ ਪੈਰ ਜਮਾਉਂਦੀ ਹੈ ਤੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਕਈ ਪ੍ਰਕਾਰ ਦੇ ਅੰਧ-ਵਿਸ਼ਵਾਸਾਂ ਦੀ ਤਾਬਿਆਦਾਰੀ ਕਰਨ ਤੇ ਲਾ ਦੇਂਦੀ ਹੈ ਤੇ ਅਪਣੇ ਲਈ ਮਾਇਆ ਦੇ ਢੇਰ ਇਕੱਠੇ ਕਰਨ ਲੱਗ ਜਾਂਦੀ ਹੈ। ਜਿਥੇ ਮਾਇਆ ਕੇਂਦਰੀ ਥਾਂ ਹੀ ਮਲ ਲਵੇ ਤੇ ਸਾਰਾ ਕੁੱਝ ਹੋਵੇ ਹੀ ਮਾਇਆ ਦੇ ਇਸ਼ਾਰੇ ਤੇ, ਉਥੇ ਧਰਮ ਤਾਂ ਰਹਿ ਹੀ ਨਹੀਂ ਸਕਦਾ।

ਇਹੀ ਹਾਲ ਗੁਰਦਵਾਰਿਆਂ ਦਾ ਹੋ ਗਿਆ ਹੈ। ਮਾਇਆ ਦੇ ਢੇਰ ਉਤੇ ਅਪਣਾ ਨੋਟ ਰੱਖ ਕੇ ਫਿਰ ਤੁਸੀ ਮੱਥਾ ਟੇਕਦੇ ਹੋ। ਗੋਲਕ ਜਾਂ ਖੁਲ੍ਹੀ ਮਾਇਆ, ਤੁਹਾਡਾ ਮੱਥਾ ਅਪਣੇ ਤੋਂ ਅੱਗੇ ਜਾਣ ਹੀ ਨਹੀਂ ਦੇਂਦੀ। ਤੁਸੀ ਕਿਸੇ  ਬਾਬੇ ਜਾਂ ਬਜ਼ੁਰਗ ਨੂੰ ਦੂਰੋਂ ਮੱਥਾ ਟੇਕ ਸਕਦੇ ਹੋ? ਜੇ ਤੁਸੀ ਅਜਿਹਾ ਕਰੋਗੇ ਵੀ ਤਾਂ ਤੁਹਾਨੂੰ ਕਿਹਾ ਜਾਏਗਾ ਕਿ ਨਾ ਭਾਈ, ਕੋਲ ਜਾ ਕੇ ਪੈਰ ਛੂਹ, ਸਿਰ ਨਿਵਾ ਤੇ ਆਸ਼ੀਰਵਾਦ ਲੈਣ ਸਮੇਂ ਕਿਸੇ ਚੀਜ਼ ਨੂੰ ਵਿਚ ਨਾ ਆਉਣ ਦੇਵੀਂ ਨਹੀਂ ਤਾਂ ਮੱਥਾ, ਜਿਹਾ ਟੇਕਿਆ, ਜਿਹਾ ਨਾ ਟੇਕਿਆ ਇਕ ਬਰਾਬਰ ਹੀ ਮੰਨਿਆ ਜਾਵੇਗਾ।

ਗੁਰਦਵਾਰੇ, ਮੰਦਰ, ਮਸਜਿਦ ਵਿਚ, ਮਾਇਆ ਨੂੰ ਮੱਥਾ ਟੇਕ ਕੇ ਹੀ ਤੁਸੀ ਸਮਝਦੇ ਹੋ ਕਿ ਮੱਥਾ ਟੇਕਿਆ ਗਿਆ। ਪੁਜਾਰੀ ਸ਼੍ਰੇਣੀ ਨੂੰ ਕੋਈ ਪੁੱਛ ਲਵੇ ਤਾਂ ਉਹ ਜਵਾਬੀ ਸਵਾਲ ਕਰ ਦੇਂਦੀ ਹੈ ਕਿ, ''ਤੁਸੀ ਸਪੋਕਸਮੈਨੀਏ ਹੋ?''
ਉਪਰੋਂ, ਗੁਰਦਵਾਰਿਆਂ ਦੇ ਪ੍ਰਬੰਧ ਵਿਚ ਵੋਟਾਂ ਤੇ ਚੋਣਾਂ ਦੇ ਦਾਖ਼ਲੇ ਨੇ, ਗੁਰਦਵਾਰੇ ਅੰਦਰ, ਸਿਆਸਤਦਾਨ ਤੇ ਉਨ੍ਹਾਂ ਦੇ ਡਾਂਗ-ਮਾਰੂ ਟੋਲੇ ਵੀ ਲਿਆ ਬਿਠਾਏ ਹਨ। ਸਿਆਸਤਦਾਨ, ਵੋਟਾਂ ਅਤੇ ਅਪਣੇ ਫ਼ਾਇਦੇ ਲਈ, ਧਰਮ-ਅਸਥਾਨ ਅਤੇ ਧਰਮ ਨੂੰ ਕੋਈ ਵੀ ਰੂਪ ਦੇਣ ਲਈ ਤਿਆਰ ਹੋ ਜਾਂਦਾ ਹੈ। ਨਿਜ ਨੂੰ ਫ਼ਾਇਦਾ ਆਰ.ਐਸ.ਐਸ ਤੋਂ ਹੁੰਦਾ ਹੋਵੇ ਤਾਂ ਉਸ ਅੱਗੇ ਸਿਰ ਨਿਵਾ ਦਿਤਾ ਜਾਂਦਾ ਹੈ, ਨਿਜੀ ਲਾਭ ਆਸਾ ਰਾਮ ਤੋਂ ਹੁੰਦਾ ਹੋਵੇ, ਸ੍ਰੀ ਸ੍ਰੀ ਰਵੀ ਸ਼ੰਕਰ ਜਾਂ ਸੌਧਾ ਸਾਧ, ਰਾਧਾ ਸਵਾਮੀਆਂ, ਨੂਰਮਹਿਲੀਆਂ ਜਾਂ ਕਿਸੇ ਵੀ ਹੋਰ ਤੋਂ ਹੁੰਦਾ ਹੋਵੇ, ਉਸ ਨੂੰ ਵੀ ਅਪਣਾ 'ਰੱਬ' ਬਣਾ ਲਿਆ ਜਾਂਦਾ ਹੈ ਤੇ ਅਕਾਲ ਤਖ਼ਤ ਦਾ ਨਾਂ ਲੈ ਕੇ ਬਿਠਾਏ ਤੇ ਸਜਾਏ ਗਏ ਅਪਣੀ ਮਾਤਹਿਤੀ ਮੰਨਦੇ ਜਥੇਦਾਰਾਂ ਨੂੰ ਉਨ੍ਹਾਂ 'ਰੱਬਾਂ' ਦੇ ਹੁਕਮ ਮੰਨਣ ਲਈ ਕਹਿ ਦਿਤਾ ਜਾਂਦਾ ਹੈ।

ਇਸ ਪੁਜਾਰੀ ਜਮ੍ਹਾਂ ਸਿਆਸਤਦਾਨ ਦੀ, ਗੁਰਦਵਾਰਾ ਪ੍ਰਬੰਧ ਵਿਚ ਸਥਾਪਤ ਹੋ ਚੁੱਕੀ ਸਰਦਾਰੀ ਨੇ, ਗੁਰਦਵਾਰਿਆਂ ਵਿਚੋਂ ਧਰਮ ਨੂੰ ਤਾਂ ਪੂਰੀ ਤਰ੍ਹਾਂ ਹੀ ਬਾਹਰ ਕੱਢ ਕੇ ਰੱਖ ਦਿਤਾ ਹੈ।
ਇਸ ਭਿਆਨਕ ਸਥਿਤੀ ਨੂੰ ਬਦਲਣ ਲਈ ਹੀ 'ਉੱਚਾ ਦਰ ਬਾਬੇ ਨਾਨਕ ਦਾ' ਦੀ ਕਾਇਮੀ ਵਿਉਂਤੀ ਗਈ ਸੀ। ਹੱਲ ਇਹੀ ਸੋਚਿਆ ਗਿਆ ਸੀ ਕਿ ਬਾਬੇ ਨਾਨਕ ਦੇ ਚਰਨਾਂ ਤੇ ਢਹਿ ਜਾਣ ਤੋਂ ਬਿਨਾਂ ਕੁੱਝ ਨਹੀਂ ਬਣਨਾ। ਚਰਨਾਂ ਤੇ ਢਹਿਣ ਦਾ ਮਤਲਬ ਹੈ, ਨਾਨਕ-ਵਿਚਾਰਧਾਰਾ ਦੀ ਸਵੱਛ, ਮਿਲਾਵਟ-ਰਹਿਤ ਅਤੇ 100 ਫ਼ੀ ਸਦੀ ਸੱਚੀ ਝਲਕ ਸਾਰੀ ਦੁਨੀਆਂ ਨੂੰ ਵਿਖਾਈ ਜਾਏ। ਇਕੱਲੇ ਭਾਰਤ ਵਿਚ ਗੱਲ ਨਹੀਂ ਬਣਨੀ ਕਿਉਂਕਿ ਇਥੇ ਬ੍ਰਾਹਮਣਵਾਦ, ਸੌ ਰੂਪ ਧਾਰ ਕੇ, ਸਾਡੇ ਅੰਦਰ, ਪੁਜਾਰੀ ਬਣ ਕੇ ਆ ਵੜਦਾ ਹੈ ਤੇ ਅੰਦਰੋਂ-ਢਾਹ ਲਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਬੁਧ ਧਰਮ, ਇਕੱਲਾ ਭਾਰਤੀ ਧਰਮ ਹੀ ਇਸ ਤੋਂ ਬੱਚ ਸਕਿਆ ਹੈ ਕਿਉਂਕਿ ਉਹ 'ਸੱਤ ਸਮੁੰਦਰ ਪਾਰ' ਅਥਵਾ ਭਾਰਤ ਤੋਂ ਬਾਹਰ ਚਲਾ ਗਿਆ ਜਿਥੇ ਬ੍ਰਾਹਮਣਵਾਦ ਇਸ ਦਾ ਕੁੱਝ ਨਹੀਂ ਸੀ ਵਿਗਾੜ ਸਕਦਾ। ਬਾਬੇ ਨਾਨਕ ਦੀ ਨਿਰਮਲ ਸਿੱਖੀ ਵੀ ਸਾਰੀ ਦੁਨੀਆਂ ਨੂੰ ਖਿੱਚ ਪਾਉਣ ਵਾਲੀ ਫ਼ਿਲਾਸਫ਼ੀ ਹੈ ਪਰ ਇਸ ਉਤੇ ਝੂਠ ਦੇ ਕਈ ਗਲਾਫ਼ ਚੜ੍ਹਾ ਦਿਤੇ ਗਏ ਹਨ ਤੇ ਸਿੱਖਾਂ ਨੂੰ ਵੀ ਪੂਰੀ ਤਰ੍ਹਾਂ ਨਜ਼ਰ ਨਹੀਂ ਆਉਂਦੀ। ਸੋ ਅੰਤਰਰਾਸ਼ਟਰੀ ਪੱਧਰ ਦਾ ਅਜੂਬਾ, ਆਮ ਸਾਧਾਰਣ ਸਿੱਖਾਂ (ਸਪੋਕਸਮੈਨ ਦੇ ਪਾਠਕਾਂ) ਨੇ ਸਿਰਜ ਵਿਖਾਇਆ ਹੈ ਤਾਕਿ ਉਹ ਲੋਕ ਵੀ ਇਸ ਦੀ ਪਿਉਂਦ ਅਪਣੇ ਹਿਰਦੇ ਵਿਚ ਲਾ ਲੈਣ ਜਿਨ੍ਹਾਂ ਤਕ ਬ੍ਰਾਹਮਣਵਾਦ ਅਪਣੇ ਕਿਸੇ ਵੀ ਰੂਪ ਵਿਚ ਨਹੀਂ ਜਾ ਸਕਦਾ।.... ਏਨੇ ਵੱਡੇ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਦੇ ਹੱਕ ਵਿਚ ਹੱਥ ਤਾਂ ਬੜਿਆਂ ਨੇ ਖੜੇ ਕਰ ਦਿਤੇ ਪਰ ਪੈਸੇ ਲਈ ਅਪੀਲਾਂ ਅਸੀ ਅੱਜ ਤਕ ਕਰੀ ਜਾ ਰਹੇ ਹਾਂ। ਜੇ ਕੌਮ ਨੇ ਸੱਚਮੁਚ ਖ਼ਤਮ ਹੋਣ ਦਾ ਮਨ ਨਹੀਂ ਬਣਾ ਲਿਆ ਤੇ ਦੁਨੀਆਂ ਵਿਚ ਅਪਣਾ ਸਿੱਕਾ ਕਾਇਮ ਕਰਨਾ ਚਾਹੁੰਦੀ ਹੈ ਤਾਂ 'ਉੱਚਾ ਦਰ' ਵਰਗੀਆਂ ਸੰਸਥਾਵਾਂ ਲਈ ਆਪ ਅੱਗੇ ਹੋ ਕੇ ਬਾਕੀ ਬਚਦੇ 12% ਕੰਮ ਨੂੰ ਅਪਣੀ ਜ਼ਿੰਮੇਵਾਰੀ ਐਲਾਨੇ। ਇਥੇ ਤਾਂ 10-10 ਹਜ਼ਾਰ ਦੇਣ ਦੀ ਅਪੀਲ ਦੇ ਜਵਾਬ ਵਿਚ ਵੀ ਅਜੇ 100 ਪਾਠਕ ਨਹੀਂ ਨਿਤਰੇ।

ਮੈਨੂੰ ਯਾਦ ਆਉਂਦਾ ਹੈ ਕਿ ਜਦ ਅਸੀ 'ਉੱਚਾ ਦਰ' ਉਸਾਰਨ ਦਾ ਫ਼ੈਸਲਾ ਕੀਤਾ ਸੀ ਤਾਂ ਸਾਡੇ ਕੋਲ ਪੈਸਾ ਕੋਈ ਨਹੀਂ ਸੀ ਕਿਉਂਕਿ ਜੋ ਕੁੱਝ ਸਾਡੇ ਕੋਲ ਸੀ, ਅਸੀ ਅਖ਼ਬਾਰ ਸ਼ੁਰੂ ਕਰਨ ਲਈ ਦੇ ਚੁੱਕੇ ਸੀ ਤੇ ਅਖ਼ਬਾਰ ਨੂੰ ਬੰਦ ਕਰਾਉਣ ਲਈ, ਹੋਰਨਾਂ ਤੋਂ ਬਿਨਾਂ ਸਰਕਾਰ ਵੀ ਲੰਗਰ ਲੰਗੋਟੇ ਕੱਸ ਕੇ ਡਟੀ ਹੋਈ ਸੀ। ਫਿਰ ਵੀ ਅਸੀ ਫ਼ੈਸਲਾ ਕੀਤਾ ਕਿ ਅੱਧਾ ਹਿੱਸਾ ਪਾ ਦੇਣ ਦਾ ਜੋ ਐਲਾਨ ਅਸੀ ਕਰ ਦਿਤਾ ਹੈ, ਉਹ ਕਰਜ਼ਾ ਚੁੱਕ ਕੇ ਸੱਭ ਤੋਂ ਪਹਿਲਾਂ ਪਾ ਦਿਤਾ ਜਾਏ। ਸੋ ਅਸੀ ਬੈਂਕਾਂ ਕੋਲੋਂ ਵੀ ਕਰਜ਼ਾ ਲਿਆ, ਦੋਸਤਾਂ ਮਿੱਤਰਾਂ ਕੋਲੋਂ ਵੀ ਤੇ ਪਾਠਕਾਂ ਕੋਲੋਂ ਵੀ। 100 ਕਰੋੜੀ ਪ੍ਰਾਜੈਕਟ ਵਿਚ, ਪਾਠਕਾਂ ਨੇ ਵੀ, ਮੈਂਬਰਸ਼ਿਪ ਲੈ ਕੇ ਅੱਜ ਤਕ 16 ਕਰੋੜ ਦਾ ਹਿੱਸਾ ਪਾਇਆ ਹੈ ਪਰ ਮੈਨੂੰ ਇਸ ਸਾਰੇ ਸਮੇਂ ਵਿਚ ਦੋ ਹੀ ਵਿਅਕਤੀ ਮਿਲੇ ਹਨ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਅਪਣਾ ਸੱਭ ਕੁੱਝ ਜਾਂ ਵੱਧ ਤੋਂ ਵੱਧ ਉੱਚਾ ਦਰ ਨੂੰ ਦੇਣ ਲਗਿਆਂ ਇਕ ਮਿੰਟ ਲਈ ਵੀ ਨਾ ਸੋਚਿਆ ਕਿ ਉਹ ਕੋਈ ਬਹੁਤ ਵੱਡੀ ਕੁਰਬਾਨੀ ਕਰ ਰਹੇ ਹਨ ¸ ਪਹਿਲੇ ਸਨ ਸ. ਪਿਆਰਾ ਸਿੰਘ ਜਿਨ੍ਹਾਂ 50 ਲੱਖ ਦਾ ਚੈੱਕ ਇਕ ਮਿੰਟ ਵਿਚ ਦੇ ਦਿਤਾ ਤੇ ਮਗਰੋਂ ਵੀ ਥੋੜਾ-ਥੋੜਾ ਕਰ ਕੇ ਦੇਂਦੇ ਰਹੇ।

ਉਹ ਅਮੀਰ ਨਹੀਂ ਸਨ, ਸਾਬਕਾ ਫ਼ੌਜੀ ਸਨ ਤੇ ਫਿਰ ਚੰਡੀਗੜ੍ਹ ਵਿਚ ਬੱਸ ਦੀ ਡਰਾਈਵਰੀ ਕਰਦੇ ਰਹੇ ਹਨ। ਦੂਜੇ ਹਨ ਸ. ਮਨਜੀਤ ਸਿੰਘ ਜਗਾਧਰੀ। ਇਹ ਵੀ ਸਾਬਕਾ ਫ਼ੌਜੀ ਹਨ ਤੇ ਬਹੁਤੇ ਅਮੀਰ ਨਹੀਂ ਪਰ ਇਨ੍ਹਾਂ ਨੇ ਵੀ ਇਕ ਕਰੋੜ ਰੁਪਿਆ, ਬਿਨਾਂ ਮੰਗੇ, ਉੱਚਾ ਦਰ ਨੂੰ ਮੁਕੰਮਲ ਕਰਨ ਲਈ ਦੇ ਦਿਤਾ। ਇਨ੍ਹਾਂ ਦੁਹਾਂ ਨੇ, ਬਿਨਾਂ ਮੰਗੇ, ਪਹਿਲੀ ਸੱਟੇ ਏਨੀਆਂ ਵੱਡੀਆਂ-ਵੱਡੀਆਂ ਰਕਮਾਂ 'ਉੱਚਾ ਦਰ' ਲਈ ਅਪਣੇ ਆਪ ਭੇਟ ਕਰ ਦਿਤੀਆਂ। ਮੇਰਾ ਦਿਲ ਕਰਦਾ ਹੈ, ਹੁਣ ਸਪੋਕਸਮੈਨ ਦੇ ਪਾਠਕਾਂ ਵਿਚੋਂ 8-10 ਸੱਜਣ ਨਿਤਰਨ ਜੋ ਆਖਣ, ''ਸਾਰੀ ਕੌਮ ਦੀ ਸਾਂਝੀ ਜਾਇਦਾਦ ਦਾ 88% ਕੰਮ ਮੁਕੰਮਲ ਕਰਨ ਵਾਲੇ ਹੁਣ ਟੀ.ਵੀ. ਚੈਨਲ ਸ਼ੁਰੂ ਕਰਨ ਵਲ ਲੱਗ ਜਾਣ, 'ਉੱਚਾਦਰ' ਦਾ ਬਾਕੀ ਰਹਿੰਦਾ 12 % ਕੰਮ ਅਸੀ ਆਪ ਪੂਰਾ ਕਰਾਂਗੇ।''

ਕੇਵਲ ਦਿਲ ਗੁਰਦੇ ਵਾਲੇ ਹੀ ਅਜਿਹੀਦਲੇਰੀ ਵਿਖਾ ਸਕਦੇ ਹਨ। ਕੀ ਮੈਂ ਸਪੋਕਸਮੈਨ ਦੇ ਲੱਖਾਂ ਪਾਠਕਾਂ ਵਿਚੋਂ, ਇਸ ਆਖ਼ਰੀ ਪੜਾਅ ਤੇ, 8-10 ਦਿਲ ਗੁਰਦੇ ਵਾਲੇ ਨਾਨਕ-ਪ੍ਰੇਮੀ ਸੱਜਣਾਂ ਦੇ ਨਿਤਰਨ ਦੀ ਆਸ ਕਰ ਸਕਦਾ ਹਾਂ?