ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..

Farmers Protest

ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ
ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..

ਕਿੱਥੇ ਬਜ਼ੁਰਗਾਂ ਆਪਣੇ ਪੋਤੇ-ਪੋਤੀਆਂ ਨਾਲ ਹੋਣਾ ਸੀ
ਨਿੱਘ ਮਾਣਦੇ, ਗੁਰੂ ਘਰ ਜਾ ਨਵਾਂ ਸਾਲ ਚੜ੍ਹਾਉਣਾ ਸੀ

ਕੱਚੀ ਗੜ੍ਹੀ ਯਾਦ ਕਰਕੇ ਰੱਬ ਦਾ ਭਾਣਾ ਮਨਾ ਰਹੇ ਆ
ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ

ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..
ਕੁੰਡਲੀ, ਟਿਕਰੀ, ਗਾਜ਼ੀਪੁਰ, ਪਲਵਲ ਸਭ ਤੀਰਥ ਬਣੇ

ਬਜ਼ੁਰਗ, ਜਵਾਨ, ਬੱਚੇ, ਔਰਤਾਂ ਸਭ ਬਾਡਰਾਂ 'ਤੇ ਖੜੇ
ਰਾਤਾਂ ਠੰਡੀਆਂ, ਹਵਾਂਵਾਂ ਸ਼ੀਤ ਜਾਣ ਹੱਡ ਚੀਰਦੀਆਂ

ਪਰ ਹੈਨੀ ਥੋੜਾਂ ਲੰਗਰਾਂ, ਦੁੱਧ, ਪਿੰਨੀਆਂ ਤੇ ਖੀਰ ਦੀਆਂ
ਭੁੱਖੇ ਨਹੀਂ, ਅਸੀਂ ਤਾਂ ਰੱਜ-ਰੱਜ ਧਰਨੇ ਲਗਾ ਰਹੇ ਆ

ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ
ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..

ਤੇਰੇ ਕਾਨੂੰਨ ਰੱਦ ਕਰਵਾਉਣੇ ਸਾਡੀ ਇੱਕੋ ਅੜੀ ਏ
ਕਾਲੇ ਕਾਨੂੰਨਾਂ ਦੀ ਅਸੀਂ ਕੱਲੀ-ਕੱਲੀ ਨਬਜ਼ ਫੜੀ ਏ

ਤੂੰ ਦੱਬਦੀ ਰਹੀ ਏ ਹੋਰਾਂ ਨੂੰ ਤੇਰਾ ਕੱਢਣਾ ਭੁਲੇਖਾ ਏ
ਕਾਬਲ-ਕੰਧਾਰ ਦੇ ਜੇਤੂਆਂ ਨਾਲ ਤੇਰਾ ਮੁੜ ਤੋਂ ਪੇਚਾ ਏ

ਦਸਮ ਵਾਂਗ ਜ਼ੋਸ਼ੀਲੇ ਤੇ ਨਾਨਕ ਦੀ ਸ਼ਾਂਤੀ ਬਣਾ ਰਹੇ ਆ
ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ

ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..
ਤੂੰ ਸਾਨੂੰ ਹਿਲਾਉਣ ਲਈ ਹੁਣ ਤਕ ਵਰਤੇ ਕਈ ਦਾਅ ਨੇ

ਸੰਘਰਸ਼ 'ਚ ਪ੍ਰਦੇਸੋਂ ਪੁੱਤ-ਧੀਆਂ ਵੀ ਗਏ ਆ ਨੇ
ਜਿਵੇਂ-ਜਿਵੇਂ ਸਮਾਂ ਪਿਆ ਲੋਕ ਹੜ੍ਹ ਵੱਧਦਾ ਜਾਵੇਗਾ

ਇਹ ਜਨ ਅੰਦੋਲਨ ਤੇਰੀਆਂ ਜੜ੍ਹਾਂ ਨੂੰ ਧੁਰੋਂ ਹਿਲਾਵੇਗਾ
ਆਪਣੀ ਜਿੱਤ ਦਾ ਜਸ਼ਨ ਹਰ ਰੋਜ਼ ਮਨਾ ਰਹੇ ਆ

ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ
ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..

ਚੰਗਾ ਹੋਇਆ ਦਿੱਲੀਏ ਤੂੰ ਫੱਟ ਫੇਰ ਤੋਂ ਮਾਰੇ ਨੇ
ਤਾਹੀਂਓ ਮਹਾ ਪੰਜਾਬ ਦੇ ਟੁਕੜੇ ਇੱਕਠੇ ਹੋਏ ਸਾਰੇ ਨੇ

ਵਾਹ ਜਵਾਨੋਂ ਯਾਦ ਕਰਵਾ ਦਿੱਤੀ ਭਗਤ-ਸਰਾਭੇ ਦੀ
ਲਾਹਤੀ ਤੋਹਮਤ ਨਸ਼ੇ ਦੀ ਜੋ ਮੜ੍ਹੀ ਮੱਥੇ ਸਾਡੇ ਸੀ

ਨਵਾਂ ਸਿਆਸੀ ਪਿੜ ਬੰਨਣ ਦੀ ਜੁਗਤ ਵੀ ਲੜਾ ਰਹੇ ਆ
ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ

ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..
ਸੁਣੋ ਸੂਰਮਿਓਂ ਇਹ ਜੰਗ ਲਿਖ ਰਹੀ ਇਤਿਹਾਸ ਏ

ਸੰਘਰਸ਼ 'ਚ ਸ਼ਾਮਿਲ ਹਰ ਰੂਹ ਸਾਡੇ ਲਈ ਖ਼ਾਸ ਏ
ਯਾਦ ਰੱਖਣਾ ਸੰਘਰਸ਼ ਦੌਰਾਨ ਵਿੱਛੜ ਚੁੱਕੀਆਂ ਰੂਹਾਂ ਨੂੰ

ਭੁੱਲਿਓ ਨਾ ਸਾਡੇ ਵਿਰੁੱਧ ਦਿੱਤੀਆਂ ਗਈਆਂ ਸੂਹਾਂ ਨੂੰ
ਮਨ ਜਾ ਹਕੂਮਤੇ ਤੈਨੂੰ ਇੱਕੋ ਗੱਲ ਸਮਝਾ ਰਹੇ ਆ

ਦੇਖ ਦਿੱਲੀਏ ਅਸੀਂ ਸੰਤਾਪ ਹੰਢਾ ਰਹੇ ਆ
ਫੇਰ ਵੀ ਤੇਰੀਆਂ ਬਰੂਹਾਂ 'ਤੇ ਨਵਾਂ ਸਾਲ ਮਨਾ ਰਹੇ ਆ..

ਭੋਗਲ ਹਰਦੀਪ