New Year 2026: ਨਵੇਂ ਵਰ੍ਹੇ ਦਿਆ ਸੂਰਜਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਰੀਝਾਂ ਜੋ ਵੀ ਲੰਘੇ ਸਾਲ, ਰਹਿਗੀਆਂ ਅਧੂਰੀਆਂ ਸੀ,  ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।

New Year 2026

ਨਵੇਂ ਵਰ੍ਹੇ ਸੂਰਜਾ ਵੇ, ਚੜ੍ਹ ਜਾਵੀਂ ਖ਼ੁਸ਼ੀ-ਖ਼ੁਸ਼ੀ,
ਆਸਾਂ ਨਾਲ ਭਰੀਆਂ ਜੋ, ਰਿਸ਼ਮਾਂ ਖਿੰਡਾਈਂ ਤੂੰ।
ਰੀਝਾਂ ਜੋ ਵੀ ਲੰਘੇ ਸਾਲ, ਰਹਿਗੀਆਂ ਅਧੂਰੀਆਂ ਸੀ, 
ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।
ਦਿਲਾਂ ’ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ, 
ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ਤੂੰ।
ਸੁੱਖ ਸਾਂਦ ਨਾਲ ਵਸੇ ਸਾਰਾ ਹੀ ਸੰਸਾਰ ਰੱਬਾ, 
ਚੰਦਰੀ ਬਿਮਾਰੀਆਂ ਦੀ ਮਾਰ ਤੋਂ ਬਚਾਈਂ ਤੂੰ।
ਲੰਘਿਆ ਪੁਰਾਣਾ ਸਾਲ, ਆ ਗਿਆ ਏ ਨਵਾਂ ਹੁਣ, 
ਦੋ ਹਜ਼ਾਰ ਛੱਬੀਵੇਂ ਦੀ, ਦੇਵਾਂ ਮੈਂ ਵਧਾਈ ਜੀ।
ਖ਼ੁਸ਼ੀਆਂ ਦੇ ਨਾਲ ਬਾਬਾ ਭਰ ਦੇਵੇ ਝੋਲੀਆਂ ਜੀ, 
ਸਭਨਾਂ ਦੇ ਦਿਲਾਂ ਵਿਚ ਹੋਵੇ ਰੁਸ਼ਨਾਈ ਜੀ।
ਈਰਖਾ ਦਵੈਤ ਭੈੜੀ ਮਿਟ ਜਾਵੇ ਮਨਾਂ ਵਿਚੋਂ, 
ਸ਼ਾਂਤੀ ਤੇ ਸਹਿਜ ਵਸੇ ਸਾਰੀ ਹੀ ਲੋਕਾਈ ਜੀ।
ਮੂੰਹ ਵਿਚੋਂ ਨਿਕਲੇ ਨਾ ਫਿੱਕਾ ਬੋਲ ਕਦੇ ‘ਸੈਦੋ’, 
ਕਹਿਣ ਸਿਆਣੇ ਪਹਾੜ ਬਣ ਜਾਂਦਾ ਰਾਈ ਜੀ
- ਕੁਲਵੰਤ ਸਿੰਘ ‘ਸੈਦੋਕੇ’ ਪਟਿਆਲਾ।
ਮੋਬਾ : 788917-20433