ਬੱਬਰ ਸ਼ੇਰ ਦਾ ਵਿਆਹ
ਬੱਬਰ ਸ਼ੇਰ ਨੇ ਸ਼ੇਰਨੀ ਨਾਲ ਵਿਆਹ ਕਰਵਾਇਆ ਜੰਗਲ 'ਚ। ਊਠ, ਜਿਰਾਫ਼, ਹਾਥੀ, ਝੋਟੇ, ਮਜਮਾ ਲਾਇਆ ਜੰਗਲ 'ਚ।...............
ਬੱਬਰ ਸ਼ੇਰ ਨੇ ਸ਼ੇਰਨੀ ਨਾਲ ਵਿਆਹ ਕਰਵਾਇਆ ਜੰਗਲ 'ਚ।
ਊਠ, ਜਿਰਾਫ਼, ਹਾਥੀ, ਝੋਟੇ, ਮਜਮਾ ਲਾਇਆ ਜੰਗਲ 'ਚ।
ਚੀਤੇ, ਬਾਘਾਂ ਪਾਏ ਚਾਦਰੇ ਨਾਲ ਖੋਸਾ ਜੁੱਤੀ,
ਰਿਛਣੀ, ਬਿੱਲੀ, ਕਾਟੋ, ਬਤਖ਼, ਨੱਚੇ ਹੁਜਕ ਤੇ ਕੁੱਤੀ,
ਚੂਹੇ, ਸੱਪ, ਬੀਂਡੇ ਤੇ ਬਿੱਛੂ, ਸਾਜ ਵਜਾਇਆ ਜੰਗਲ 'ਚ,
ਬੱਬਰ ਸ਼ੇਰ ਨੇ...।
ਪਾਂਡੇ, ਲੱਕੜਬੱਗੇ, ਕੀਵੀ, ਚੂਹਮਾਰ ਗੋਲ੍ਹੀਏ ਛਾਏ,
ਹਿਰਨ, ਰੋਝ ਤੇ ਬਾਰਾਂਸਿੰਗੀਆ ਪੈਰ ਨਾ ਥੱਲੇ ਟਿਕਾਏ,
ਸ਼ਤਰਮੁਰਗ ਤੇ ਈਗੂੰ, ਮੁਰਗਿਆਂ ਸ਼ੋਰ ਮਚਾਇਆ ਜੰਗਲ 'ਚ,
ਬੱਬਰ ਸ਼ੇਰ ਨੇ...।
ਉੱਲੂ ਤੇ ਚਮਗਿੱਦੜ, ਕੋਚਰ, ਰਾਤੀਂ ਉਡਾਰੀਆਂ ਲਾਈਆਂ,
ਗਿੱਦੜ, ਲੰਗੂਰਾਂ, ਬਾਂਦਰ, ਲੂੰਗੜ ਕਰਦੇ ਰਹੇ ਮਨਆਈਆਂ,
ਨਿਉਲੇ, ਸ਼ੇਰਾਂ, ਝੰਡਾਂ, ਗੋਹਾਂ, ਝਹਾ ਬੁਲਾਇਆ ਜੰਗਲ 'ਚ,
ਬੱਬਰ ਸ਼ੇਰ ਨੇ...।
ਚਕੂੰਦਰ ਤੇ ਤੋਤਾ ਵਿਚੋਲਾ, ਗਧਾ ਘੋੜਾ ਸਦਵਾਇਆ,
ਬਿਜੜੇ, ਕਿਰਲੇ, ਜੁਗਨੂੰ ਆਖਣ, ਸਾਦਾ ਵਿਆਹ ਕਰਵਾਇਆ,
ਇੱਲਾਂ, ਗਿਰਝਾਂ, ਬਾਜਾਂ, ਸ਼ਿਕਰੇ, ਮਨ ਲਲਚਾਇਆ ਜੰਗਲ 'ਚ,
ਬੱਬਰ ਸ਼ੇਰ ਨੇ...।
ਚਿੜੀਆਂ, ਘੁੱਗੀਆਂ, ਗੁਟਾਰਾਂ, ਕਬੂਤਰ, ਕਾਂ, ਚੱਕੀਰਾਹੇ ਭਾਉਂਦੇ,
ਕੋਇਲਾਂ, ਤਿੱਤਰ, ਬਟੇਰੇ, ਤਿਲੀਅਰ, ਹਰੀਅਲ, ਪਪੀਹੇ ਗਾਉਂਦੇ,
ਬਿੱਜੂ, ਘੋਗੜ, ਮੋਰ, ਮੱਖੀਆਂ ਸੱਦਾ ਆਇਆ ਜੰਗਲ 'ਚ,
ਬੱਬਰ ਸ਼ੇਰ ਨੇ...।
ਬਗਲੇ, ਹੰਸਾਂ, ਡੱਡੂਆਂ, ਭੌਰਾਂ, ਤਿਤਲੀਆਂ ਟੌਹਰ ਜਮਾਈ,
ਸੱਪ, ਸੀਹਣਾਂ, ਗੁਰੀਲੇ, ਗਿਰਗਿਟਾਂ, ਜੋੜੀ ਨੂੰ ਦਿਤੀ ਵਧਾਈ,
'ਅਸਮਾਨੀ' ਕਿਸ਼ਨਗੜ੍ਹ ਵਾਲੇ ਨੂੰ ਵੀ ਨਾਲ ਨਚਾਇਆ ਜੰਗਲ'ਚ,
ਬੱਬਰ ਸ਼ੇਰ ਨੇ..।
-ਜਸਵੰਤ ਸਿੰਘ ਅਸਮਾਨੀ, ਸੰਪਰਕ : 98720-67104