ਲਾੜੀ ਮੌਤ ਵਿਆਹਵਣ ਜਾਣਾ ਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੇਰੇ ਸੋਹਣੇ ਲਾਲਾਂ ਨੇ ਲਾੜੀ ਮੌਤ ਵਿਆਹਵਣ ਜਾਣਾ ਏ...

Sahibzaade and Mata Gujar Kaur Ji

ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ


ਮੈਂ ਰਹੀ ਘੋੜੀਆਂ ਗਾ
ਕਲ ਨੂੰ ਧਰਮ ਨਿਭਾਵਣ ਜਾਣਾ ਏ।

ਮੇਰੇ ਜਿਗਰ ਦੇ ਟੋਟੇ ਨੇ
ਦੋਵੇਂ ਚੰਨ ਅਰਸ਼ ਦੇ ਲਗਦੇ

ਪਾ ਸੁੰਦਰ ਬਸਤਰ ਉਹ
ਬੰਨ੍ਹ ਦਸਤਾਰਾਂ ਬੜੇ ਹੀ ਫਬਦੇ

ਇਨ੍ਹਾਂ ਛੋਟੀ ਉਮਰੇ ਹੀ
ਵੱਡੜੇ ਕਰਮ ਕਮਾਵਣ ਜਾਣਾ ਏ

ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ।

ਸਿਰ ਵਾਰ ਗਿਆ ਦਾਦਾ
ਧਰਮ ਦੀ ਆਜ਼ਾਦੀ ਬਚਾਵਣ ਤਾਈਂ

ਹੁਣ ਪੋਤੇ ਤੁਰ ਪਏ ਨੇ
ਉਸੇ ਰਾਹ ’ਤੇ ਚਾਈਂ ਚਾਈਂ

ਹੱਕ ਸੱਚ ਦੀ ਅਲਖ ਜਗਾ
ਸ਼ਹੀਦੀ ਰੀਤ ਪੁਗਾਵਣ ਜਾਣਾ ਏ

ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ।

ਧਰਮਾਂ ਦੀ ਰਾਖੀ ਲਈ
ਡਟ ਗਏ ਸੂਬੇ ਨਾਲ ਨਿਆਣੇ

ਕਾਰਜ ਉਹ ਕਰ ਚੱਲੇ
ਸੋਚਾਂ ਵਿਚ ਪਏ ਸਿਆਣੇ

ਕੀ ਜਜ਼ਬਾ ਧਰਮ ਦਾ ਹੈ
ਸਿੱਖੀ ਸਿਦਕ ਵਿਖਾਵਣ ਜਾਣਾ ਏ

ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ।

ਅੱਜ ਖਲਕਤ ਬਹਿ ਗਈ ਏ
ਜ਼ਾਲਮ ਦੇ ਜ਼ੁਲਮਾਂ ਤੋਂ ਡਰ ਕੇ

ਹਿੱਕ ਤਾਣ ਕੇ ਖੜ ਗਏ ਨੇ
ਨਿੱਕੇ ਬਾਲ ਕਚਹਿਰੀ ਵੜ ਕੇ

ਨਾ ਮੰਨਣੀ ਈਨ ਕੋਈ
ਮੁਗ਼ਲੇ ਚਿਤ ਕਰਾਵਣ ਜਾਣਾ ਏ

ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ

ਮੈਂ ਰਹੀ ਘੋੜੀਆਂ ਗਾ
ਕਲ ਨੂੰ ਧਰਮ ਨਿਭਾਵਣ ਜਾਣਾ ਏ।

-ਨਿਰਮਲ ਸਿੰਘ ਰੱਤਾ,
ਅੰਮ੍ਰਿਤਸਰ। 8427007623