Poem: ਚਿੜੀਆਂ ਕਿਥੇ ਨੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem: ਸ਼ਾਮ ਸਵੇਰੇ ਆਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?

Sparrows

Poem: ਸ਼ਾਮ ਸਵੇਰੇ ਆਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
  ਰਿਸ਼ਤੇ ਕੀ ਸਮਝਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
ਅਨੁਸ਼ਾਸਤ ਪੰਗਤੀ ਦੇ ਵਿਚ ਉਡਦੀਆਂ ਲਹਿਰਾਂ ਵਾਂਗੂੰ,
  ਏਕੇ ਦੇ ਬਿੰਬ ਬਣਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
ਫੁਦਕਣ, ਚਹਿਕਣ ਝੁੰਡ ’ਚ ਆ ਕੇ, ਸੁਰ ਸੰਗੀਤ ਬਣਾ ਕੇ,
  ਗੀਤ ਇਲਾਹੀ ਗਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
ਖਵਰੇ ਕਿਹੜਾ ਰਿਸ਼ਤਾ ਸੀ ਉਨ੍ਹਾਂ ਦੀ ਮਮਤਾ ਅੰਦਰ,
  ਨਾ ਦਿਸਣ ਤਾਂ ਤੜਪਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
ਇਕ ਕਟੋਰੀ ਪਾਣੀ ਪੀ ਕੇ ਫਿਰ ਧਨਵਾਦ ਕਰਦੀਆਂ,
  ਸ਼ੁਭ ਅਸ਼ੀਸਾਂ ਪਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
ਫੜ-ਫੜ ਕਰਦੇ ਤੇਤਰੇ ਮੇਤਰੇ ਕੋਮਲ ਖੰਭਾਂ ਨਾਲ,
  ਬਾਰਸ਼ ਵਿਚ ਨੁਹਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
ਨੂੰਹਾਂ-ਧੀਆਂ ਵਾਂਗੂੰ ਅਪਣੇ ਚਾਅ ਉਮੰਗਾਂ ਲੈ ਕੇ,
  ਘਰ ਵਿਚ ਫੇਰਾ ਪਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
ਕੱਚੇ ਕੋਠੇ ਵਾਲੀਆਂ ਨੁਕਰਾਂ ਦੇ ਵਿਚ ਆਲ੍ਹਣੇ ਪਾ ਕੇ,
ਸੁਖ ਦੀ ਨੀਂਦਰ ਸਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
  ਠੀਕ ਸਮੇਂ ’ਤੇ ਜੇਕਰ ਫੇਰਾ ਪਾਉਣਾ ਭੁਲ ਜਾਵਣ,
ਕਿੰਨਾ ਫੇਰ ਸਤਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
  ਭੋਰਾ-ਭੋਰਾ ਚੋਗਾ ਚੁਗ ਕੇ ਬੋਟਾਂ ਦੇ ਮੂੰਹ ਪਾਉਣਾ,
ਸੁਹਿਰਦ ਫ਼ਰਜ਼ ਨਿਭਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
  ਜਨਤ ਦੀ ਪ੍ਰੀਭਾਸ਼ਾ ਦਸਣ ਉਲਟ ਬਾਜ਼ੀਆਂ ਪਾ ਕੇ,
ਸੁੰਦਰ ਦ੍ਰਿਸ਼ ਬਣਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
  ਚੂੰ-ਚੂੰ, ਚੀਂ-ਚੀਂ ਲੈਅ ਅੰਦਰ ਸੂਰਜ ਨਿਤ ਹੀ ਨਿਕਲੇ,
ਨਿਤ ਸੁਬਹ ਜਗਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
  ਅਰਧ ਵਲੇਵੇਦਾਰ ਦ੍ਰਿਸ਼ ਝੁੰਡਾਂ ਦੇ ਵਿਚ ਬਣਾਵਟ,
ਬੱਚਿਆਂ ਦੇ ਮਨ ਨੂੰ ਭਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
  ‘ਬਾਲਮ’ ਮਾਲਕ ਦੇ ਜੀਵਨ ਨੂੰ ਮਹਿਸੂਸਣ ਤੇ ਸਮਝਣ,
ਦੁਖ-ਸੁਖ ਦਰਦ ਵੰਡਾਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
-ਬਲਵਿੰਦਰ ‘ਬਾਲਮ’ ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
98156-25409