ਕਾਵਿ ਵਿਅੰਗ : ਸਮੇਂ ਦੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪਤਾ ਨਹੀਂ ਕਿਹੜਾ ਵਿਕਾਸ ਹਾਕਮ ਕਰੀ ਜਾਵੇ, ਸਮਝ ਰਤਾ ਨਾ ਵਿਕਾਸ ਦੀ ਆਂਵਦੀ ਏ।

Representational

ਪਤਾ ਨਹੀਂ ਕਿਹੜਾ ਵਿਕਾਸ ਹਾਕਮ ਕਰੀ ਜਾਵੇ,
ਸਮਝ ਰਤਾ ਨਾ ਵਿਕਾਸ ਦੀ ਆਂਵਦੀ ਏ।


ਮਹਿੰਗਾਈ ਡੈਣ ਸੂਰਜ ਚੜ੍ਹਦਿਆਂ ਮਾਰੇ ਗੇੜੇ,
ਮਾਸੂਮ ਸੁਪਨੇ ਗ਼ਰੀਬਾਂ ਦੇ ਨਿੱਤ ਖਾਂਵਦੀ ਏ।

ਕਿਸਾਨ ਰੋਵੇ ਵਿਛੀ ਹੋਈ ਫ਼ਸਲ ਤੱਕ ਕੇ,
ਕਿੱਦਾਂ ਬਚਾਵੇ ਪੱਕੀ ਨੂੰ ਕੁਦਰਤੀ ਕਹਿਰ ਕੋਲੋਂ। 

ਸ਼ਮਸ਼ਾਨਘਾਟ ਵਿਚ ਰੋਣ ਮਾਵਾਂ ਕੁੱਖ ਨੂੰ,
ਲਹਿਰ ਚਿੱਟੇ ਦੀ ਪੁੱਤਾਂ ਨੂੰ ਨਿਗਲੀ ਜਾਂਵਦੀ ਏ।

ਚੜ੍ਹ ਆਇਆ ਹੈ ਬਾਬਰ ਇਕ ਹੋਰ ਦਿੱਲੀਉਂ,
ਕਹਿੰਦਾ ਨਾਸ ਕਰਨਾ, ਪੰਜਾਬ-ਪੰਜਾਬੀਆਂ ਦਾ।

ਲਗਦਾ ਇਤਿਹਾਸ ਨਹੀਂ ਪੜਿ੍ਹਆ ਉਸ ਨੇ,
ਇਹ ਕੌਮ ਇੱਕੀਆਂ ਦੀ ਇਕੱਤੀ ਪਾਂਵਦੀ ਏ।

ਗੱਲ ਗਿਆਨ ਵਿਗਿਆਨ ਦੀ ਨਹੀਂ ਕਰਨੀ,
ਕਹਿਣ ਝੂਠਾ ਪ੍ਰਚਾਰ ਲੱਖ ਕਰੀ ਜਾਵੋ। 

ਲੋਕੀ ਨਿਕਲਣ ਨਾ ਕਰਮਕਾਂਡਾਂ ਦੀ ਦਲਦਲ ਅੰਦਰੋਂ,
ਅੰਧ-ਵਿਸ਼ਵਾਸ ਦੀ ਪੀਪਣੀ ਰਾਗ ਗਾਂਵਦੀ ਏ।

ਸਿਹਤ ਸਹੂਲਤਾਂ ਮਹਿੰਗੀਆਂ ਕਰੀ ਜਾਂਦੈ,
ਅਧਿਆਪਕ ਸਕੂਲਾਂ ਦੇ ਹੋਰ ਡਿਊਟੀ ਨਿਭਾਉਂਦੇ ਨੇ।

ਮੁਫ਼ਤ ਡਾਟਾ ਨੈੱਟ ਤੇ ਮੋਬਾਈਲ ਫ਼ੋਨ ਵੰਡ ਕੇ,
ਧਿਆਨ ਜਵਾਨੀ ਦਾ ਹੋਰ ਪਾਸੇ ਲਾਂਵਦੀ ਏ।

ਸਮੇਂ ਦੀ ਸਰਕਾਰ ਤੋਂ ਵੀ ਸਮਾਂ ਨਾ ਬਦਲਿਆ ਗਿਆ,
ਮਾੜੇ ਹਲਾਤ ਨੇ ਦਿਨੋਂ ਦਿਨ ਹੋਈ ਜਾਂਦੇ। 

ਲੋਕ ਹੱਕਾਂ ਖ਼ਾਤਰ ਸੜਕਾਂ ’ਤੇ ਆ ਪਹੁੰਚੇ,
ਇਹ ਯਾਰੀਆਂ ਗਿੱਲ ਅਮੀਰਾਂ ਸੰਗ ਨਿਭਾਂਵਦੀ ਏ।

- ਜਸਵੰਤ ਗਿੱਲ ਸਮਾਲਸਰ
ਮੋਬਾਈਲ : 97804-51878