Poem in punjabi: ਚਿਹਰੇ ’ਤੇ ਸੱਜਣ ਦੇ ਨੇ...
ਚਿਹਰੇ ’ਤੇ ਸੱਜਣ ਦੇ ਨੇ ਗੁੱਸੇ ਦੇ ਬੱਦਲ ਹਲਕੇ।
ਨੈਣਾਂ ਵਿਚ ਹੰਝੂ ਏਦਾਂ ਪਿਆਲੇ ਜਿਉਂ ਛਲਕੇ-ਛਲਕੇ।
ਦਿਨ ਤੋਂ ਜਿਉਂ ਰਾਤ ਵਿਛੜਦੀ ਆਪਾਂ ਵੀ ਵਿਛੜ ਜਾਈਏ,
ਇਥੇ ਹੀ ਫੇਰ ਮਿਲਾਂਗੇ ਖ਼ੁਸ਼ੀਆਂ ਦੀ ਛਾਂਵੇਂ ਭਲਕੇ।
ਇਹ ਵੀ ਕੀ ਸ਼ੋਖ਼ ਅਦਾ ਹੈ, ਰੁਸਣਾ ਤੇ ਮੰਨ ਵੀ ਜਾਣਾ,
ਮਿੰਟਾਂ ਵਿਚ ਸ਼ਾਂਤ ਹੋ ਜਾਣਾ ਗੁੱਸੇ ਦਾ ਸੂਰਜ ਢਲ ਕੇ।
ਨਾ ਤਾਂ ਮੈਂ ਤੈਨੂੰ ਸਦਿਆ ਨਾ ਹੀ ਤੂੰ ਮੈਨੂੰ ਸਦਿਆ,
ਆਪੇ ਹੀ ਹੁਸਨ ਇਸ਼ਕ ਇਹ ਮੰਜ਼ਲਾਂ ’ਤੇ ਆ ਗਏ ਚਲ ਕੇ।
ਐਵੇਂ ਨਹੀਂ ਐ ਦਿਲ ਮੰਜ਼ਲ ਸੁਤੇ ਸਿੱਧ ਮਿਲਦੀ ਕੋਈ,
ਖਰਿਆਂ ਦੀ ਸਨਦ ਹੈ ਮਿਲਦੀ ਪਰਖਾਂ ਦੀ ਭੱਠੀ ਜਲ ਕੇ।
ਕਹਿੰਦੀ ਹੈ ਰਾਤ ਦੀ ਰਾਣੀ ਕਾਲਖ਼ ਵਿਚ ਖਿੜ ਕੇ ਰਹੀਏ,
ਕਿਉਂਕਿ ਗ਼ਮ-ਰਾਤ ਦੇ ਪਿੱਛੋਂ ਸੁੱਚਾ ਦਿਨ ਮੋਤੀ ਡਲਕੇ।
ਨਾਜ਼ੁਕ ਨੇ ਚਰਨ ਤੇਰੇ ਇਹ, ਜ਼ਿੰਦਗੀ ਦੇ ਬਿਖੜੇ ਪੈਂਡੇ,
ਸੰਭਲ ਕੇ ਤੁਰ ਓ ਸੱਜਣਾ, ਧਰ ਕੇ ਪੱਬ ਹਲਕੇ ਹਲਕੇ।
ਮੈਂ ਤਾਂ ਨਾ ਜਨਮ ਮੇਰੇ ਤੋਂ ਇਸ ਨੂੰ ਮੂੰਹ ਲਾਇਆ ਸੱਜਣਾ,
ਧੱਕੇ ਨਾਲ ਗੱਭਰੂ ਹੋਇਐ ਮੇਰਾ ਗ਼ਮ ਸੀਨੇ ਪਲ ਕੇ।
ਬਾਵਾ ਬਲਵੰਤ ਦੇ ਵਾਂਗੂੰ ਅੱਜ ਹੈ ਜਗਦੀਸ਼ ਤੇਰੇ ਨੇ,
ਮਛਲੀ ਦੋ-ਚਿੱਤੀ ਵਾਲੀ ਪਾਣੀ ਵਿਚ ਦੇਖੀ ਤਲ ਕੇ।
-ਜਗਦੀਸ਼ ਬਹਾਦਰਪੁਰੀ, 94639-85934
Poem in punjabi