ਨਵਾਂ ਵਰ੍ਹਾ ਦੋ ਹਜ਼ਾਰ ਤੇਈ: ਗਿਆਨ ਦਾ ਛੱਟਾ ਦੇ ਦਈਂ ਦੋ ਹਜ਼ਾਰ ਤੇਈ ਯਾਰਾ ਤੂੰ, ਜੀ ਆਇਆਂ ਨੂੰ ਕਹਿੰਦੇ ਆਂ ਗਲ ਲਾਵੀਂ ਸਾਲ ਸਾਰਾ ਤੂੰ...
ਪੜ੍ਹ ਲਿਖ ਕੇ ਵੀ ਕਰਨ ਦਿਹਾੜੀ ਚੌਂਕਾਂ ਵਿਚ ਖਲੋਂਦੇ ਆ, ਦੇ ਪੱਕਾ ਰੁਜ਼ਗਾਰ ਜਵਾਨੀ ਰੌਸ਼ਨ ਕਰੀਂ ਸਿਤਾਰਾ ਤੂੰ।
ਗਿਆਨ ਦਾ ਛੱਟਾ ਦੇ ਦਈਂ ਦੋ ਹਜ਼ਾਰ ਤੇਈ ਯਾਰਾ ਤੂੰ,
ਜੀ ਆਇਆਂ ਨੂੰ ਕਹਿੰਦੇ ਆਂ ਗਲ ਲਾਵੀਂ ਸਾਲ ਸਾਰਾ ਤੂੰ।
ਕੂੜ ਦੀ ਤੂਤੀ ਚਹੁੰ ਦਿਸ਼ਾਈਂ ਜਗਤ ਕੁਰਾਹੇ ਪੈ ਚਲਿਆ,
ਚੀਰ ਹਨੇਰੇ ਬਣ ਕੇ ਸੂਰਜ ਸੱਚ ਦਾ ਕਰ ਉਜਿਆਰਾ ਤੂੰ।
ਆਉਣ ਤੇਰੇ ਦਾ ਅਰਥ ਨਾ ਕੋਈ ਹੱਕਾਂ ਤੋਂ ਜੋ ਵਾਂਝੇ ਨੇ,
ਫੁੱਟਪਾਥਾਂ ’ਤੇ ਸੁਤਿਆਂ ਦਾ ਵੀ ਬਣ ਤਾਂ ਕਦੇ ਸਹਾਰਾ ਤੂੰ।
ਪੜ੍ਹ ਲਿਖ ਕੇ ਵੀ ਕਰਨ ਦਿਹਾੜੀ ਚੌਂਕਾਂ ਵਿਚ ਖਲੋਂਦੇ ਆ,
ਦੇ ਪੱਕਾ ਰੁਜ਼ਗਾਰ ਜਵਾਨੀ ਰੌਸ਼ਨ ਕਰੀਂ ਸਿਤਾਰਾ ਤੂੰ।
ਪੜ੍ਹ ਲਿਖ ਬਹੁਤੇ ਬਣੇ ਵਲਾਇਤੀ ਮਾਂ ਬੋਲੀ ਨੂੰ ਵਿਸਰੇ ਨੇ,
ਮਾਂ ਬੋਲੀ ਨੂੰ ਕਰ ਪ੍ਰਫੁੱਲਤ ਬਣ ਸੇਵਕ ਹਰਕਾਰਾ ਤੂੰ।
’ਗਾਂਹ ਲੰਘਣ ਦੇ ਯਤਨਾਂ ਵਿਚ ਬੜੀ ਕੁਤਾਹੀ ਕਰ ਬੈਠੇ,
ਕੁਦਰਤ ਰਾਣੀ ਗੋਦ ਖਿਡਾਵੇ ਐਸਾ ਦਵੀਂ ਨਜ਼ਾਰਾ ਤੂੰ।
ਦੁੱਖ ਇਕਲਾਪੇ ਹੱਡੀਂ ਰਚ ਗਏ ਨਿੱਤ ਸੰਤਾਪ ਹੰਢਾਉਂਦੇ ਹਾਂ,
ਖ਼ੁਸ਼ੀਆਂ ਦੀ ਹੁਣ ਕਿਣ ਮਿਣ ਕਰਦੇ ਸੁੱਖ ਦਾ ਖੋਲ੍ਹ ਪਿਟਾਰਾ ਤੂੰ।
- ਨਿਰਮਲ ਸਿੰਘ ਰੱਤਾ, ਅੰਮ੍ਰਿਤਸਰ। ਮੋਬਾਈਲ : 8427007623