Poem : ਆਪੇ ਰੁਸਦੇ ਆਪੇ ਮੰਨਦੇ ਆਪੇ ਦੇਣ ਦਿਲਾਸੇ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem : ਆਪੇ ਰੁਸਦੇ ਆਪੇ ਮੰਨਦੇ ਆਪੇ ਦੇਣ ਦਿਲਾਸੇ।

file photo

ਆਪੇ ਰੁਸਦੇ ਆਪੇ ਮੰਨਦੇ ਆਪੇ ਦੇਣ ਦਿਲਾਸੇ।
 
  ਕਿੰਨਾ ਕੁ ਚਿਰ ਰਹਿ ਸਕਦੇ ਨੇ ਪਾਣੀ ਵਿਚ ਪਤਾਸੇ। 
ਲੱਖਾਂ ਹੀ ਸਤਰੰਗੀਆਂ ਪੀਂਘਾਂ ਅੰਬਰ ਦੇ ਵਿਚ ਪਈਆਂ, 
  ਨਿੱਕੀ ਨਿੱਕੀ ਬਾਰਿਸ਼ ਦੇ ਵਿਚ ਘੁਲ ਗਏ ਤੇਰੇ ਹਾਸੇ।
ਮੰਗਣ ਦੀ ਮਰਿਆਦਾ ਦਾ ਵੀ ਨਿਯਮ ਬਣਾ ਕੇ ਰੱਖੀ,
  ਉਧਾਰ ਕਿਸੇ ਤੋਂ ਮੰਗੀ ਦੇ ਨਹੀਂ ਟੁੱਟੇ ਹੋਏ ਕਾਸੇ। 
ਉਸ ਦੇ ਚੱਜ ਆਚਾਰ ’ਚ ਚੜ੍ਹਦੇ ਸੂਰਜ ਚੰਨ ਸਿਤਾਰੇ, 
 ਜਿਹੜਾ ਬੰਦਾ ਸੱਚੇ ਦਿਲ ਤੋਂ ਖੜ ਜਾਂਦਾ ਇਕ ਪਾਸੇ। 
ਮੁੰਦਰੀ ਦੇ ਨਗ ਵਾਂਗੂੰ ਸਾਡੇ ਕੋਲ ਕਦੀ ਸੀ ਰਹਿੰਦਾ, 
  ਕਿਥੇ ਅੱਜਕਲ ਰਹਿੰਦਾ ਏ ਤੂੰ ਕਿਥੇ ਤੇਰੇ ਵਾਸੇ। 
ਰਿਸ਼ਤੇਦਾਰੀ ਸੱਜਣਤਾਈ ਸੁਖ ਵਿਚ ਸਾਥ ਨਿਭਾਂਦੇ, 
  ਅਪਣੇ ਘਰ ਦੇ ਜੀਆਂ ਬਾਝੋਂ ਦਿੰਦਾ ਕੌਣ ਦਿਲਾਸੇ। 
ਖ਼ਬਰੇ ਕਿਥੇ ਜਾ ਬੈਠਾ ਏ ਡੁੱਬੇ ਸੂਰਜ ਵਾਂਗੂੰ, 
  ਦੀਦ ਤਿਰੀ ਲਈ ਇਕ ਮੁਦਤ ਤੋਂ ਸਾਡੇ ਨੈਣ ਪਿਆਸੇ। 
ਮਾਰੂਥਲ ਦੀ ਨੀਅਤ ਦੇ ਵਿਚ ਕੋਈ ਨਾ ਹੋਈ ਤਬਦੀਲੀ, 
  ਸ਼ਾਇਦ ਕੋਈ ਫੁੱਲ ਖਿੜ ਜਾਏ ਲਾਏ ਰੋਜ਼ ਕਿਆਸੇ। 
ਮਾਝੀ ਨਾਲੋਂ ਕਿਧਰੇ ਚੰਗੇ ਸਾਹਿਲ ਤਕ ਪਹੁੰਚਾਇਆ, 
  ਬੇੜੀ ਆਪਾਂ ਠੇਲੀ ਸੀ ਤੂਫ਼ਾਨਾਂ ਦੇ ਭਰਵਾਸੇ। 
ਜਦ ਵੀ ਪੱਤੇ ਸੁੱਕੇ ਇਨ੍ਹਾਂ ਪਾਸਾ ਝੱਟ ਵੱਟ ਲੈਣਾ, 
  ਠੰਢੀਆਂ ਛਾਵਾਂ ਦੇ ਤੂੰ ਕਿਧਰੇ ਆ ਨਾ ਜਾਵੀਂ ਝਾਂਸੇ। 
ਸੁਣਿਆ ਹੈ ਅੱਜ ਬਾਰਸ਼ ਦੇ ਵਿਚ ਰਸਦਾਰ ਮਸਾਲੇ ਡਿਗਣੇ, 
  ਬਾਰਿਸ਼ ਨਾ ਆਵਣ ਦੇ ‘ਬਾਲਮ’ ਝੂਠੇ ਹੋਣ ਖ਼ੁਲਾਸੇ। 
-ਬਲਵਿੰਦਰ ਬਾਲਮ ਗੁਰਦਾਸਪੁਰ, 
98156-25409