ਕਹਿਣਾ ਸੌਖਾ ਦਿਲ ’ਤੇ ਪੱਥਰ ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਹਿਣਾ ਸੌਖਾ ਦਿਲ ’ਤੇ ਪੱਥਰ ਧਰਿਆ ਨਹੀਂ ਜਾਂਦਾ

Image


ਕਹਿਣਾ ਸੌਖਾ ਦਿਲ ’ਤੇ ਪੱਥਰ ਧਰਿਆ ਨਹੀਂ ਜਾਂਦਾ
  ਗੁਜ਼ਰ ਗਿਆਂ ਦੇ ਨਾਲ ਕਦੇ ਪਰ ਮਰਿਆ ਨਹੀਂ ਜਾਂਦਾ।
ਅਣਸਰਦੇ ਨੂੰ ਪੱਥਰ ਵੀ ਤਾਂ ਹੋਣਾ ਪੈਂਦਾ ਏ
  ਹਰ ਵੇਲੇ ਹੀ ਲੂਣ ਦੇ ਵਾਂਗੂੰ ਖਰਿਆ ਨਹੀਂ ਜਾਂਦਾ।
ਤੁਪਕੇ ਤੁਪਕੇ ਨਾਲ ਸਮੁੰਦਰ ਭਰਦੇ ਹੋਣੇ ਆਂ
  ਤੇਰਾ ਖੱਪਾ ਮੇਰੇ ਕੋਲੋਂ ਭਰਿਆ ਨਹੀਂ ਜਾਂਦਾ।
ਹੱਕਾਂ ਖ਼ਾਤਰ ਆਖ਼ਰ ਲੋਕੀ ਉਠ ਹੀ ਖੜਦੇ ਨੇ
  ਹਰ ਵੇਲੇ ਤਾਂ ਧੱਕਾ ਵੀ ਫਿਰ ਜਰਿਆ ਨਹੀਂ ਜਾਂਦਾ।
ਇਸ਼ਕ ਸਮੁੰਦਰ ਵਿਚ ਇਕ ਵਾਰੀ ਡੁਬਣਾ ਪੈਂਦਾ ਹੈ
  ਐਵੇਂ ਤਾਂ ਫਿਰ ਕੱਚ ਉਤੇ ਤਰਿਆ ਨਹੀਂ ਜਾਂਦਾ।
ਮੰਜ਼ਲ ਪਾਉਣ ਲਈ ਤਾਂ ਹਰ ਪਲ ਵਹਿਣਾ ਪੈਂਦਾ ਹੈ
  ਤੂੰ ਕੀ ਜਾਣੇ ਤੇਰੇ ਪਿੰਡ ਵਿਚੋਂ ਦਰਿਆ ਨਹੀਂ ਜਾਂਦਾ।
ਠੇਡੇ ਖਾ ਕੇ ਆਖ਼ਰ ਜਦ ਸੰਭਲ ਕੋਈ ਜਾਵੇ
  ਜਿੱਤਿਆ ਨਹੀਂ ਜਾਂਦਾ ਉਸ ਤੋਂ ਕੁੱਝ ਹਰਿਆ ਨਹੀਂ ਜਾਂਦਾ।
ਇਕ ਬੱਦਲੀ ਮੰਡਰਾਉਂਦੀ ਫਿਰਦੀ ਮਾਰੂਥਲ ਉਤੇ
  ਉਸ ਤੋਂ ਵੀ ਲਗਦਾ ਹੈ ਏਥੇ ਵਰਿ੍ਹਆ ਨਹੀਂ ਜਾਂਦਾ।
ਇਕ ਵਾਰੀ ਜਦ ਸਾਂਝ ਦਿਲਾਂ ਵਿਚ ਪੈ ਜਾਵੇ ਕਿਧਰੇ
  ‘ਜਗਜੀਤ ਗੁਰਮ’ ਫੇਰ ਕਿਨਾਰਾ ਕਰਿਆ ਨਹੀਂ ਜਾਂਦਾ।
-ਜਗਜੀਤ ਗੁਰਮ, ਤਰਕਸ਼ੀਲ ਚੌਕ, ਬਰਨਾਲਾ।
9915264836