Poem: ਮਿੱਟੀ ਵਿਚੋਂ ਪੈਦਾ ਹੋਏ...
Poem: ਮਿੱਟੀ ਵਿਚੋਂ ਪੈਦਾ ਹੋਏ ਸੋਨਾ ਪਿੱਤਲ ਹੀਰੇ, ਮਿੱਟੀ ਦੇ ਸੱਭ ਰਿਸ਼ਤੇ ਨਾਤੇ ਭੂਆ ਮਾਸੀ ਵੀਰੇ,
Poem: ਮਿੱਟੀ ਵਿਚੋਂ ਪੈਦਾ ਹੋਏ ਸੋਨਾ ਪਿੱਤਲ ਹੀਰੇ,
ਮਿੱਟੀ ਦੇ ਸੱਭ ਰਿਸ਼ਤੇ ਨਾਤੇ ਭੂਆ ਮਾਸੀ ਵੀਰੇ,
ਇਹ ਕੁਦਰਤ ਦੀਆਂ ਖੇਡਾਂ ਤੈਨੂੰ ਸਮਝ ਨਈ ਅਣਜਾਣਾ,
ਮਿੱਟੀ ਵਿਚੋਂ ਪੈਦਾ ਹੋ ਕੇ ਮਿੱਟੀ ਵਿਚ ਮਿਲ ਜਾਣਾ।
ਇਕ ਮਿੱਟੀ ਤੋਂ ਘੜਾ ਬਣ ਗਿਆ ਇਕ ਤੋਂ ਇੱਟਾਂ ਪੱਥਰ,
ਇਕ ਮਿੱਟੀ ਬਣੀ ਚਿਖਾ ਦਾ ਬਾਲਣ ਇਕ ਤੋਂ ਬਣਿਆ ਸੱਥਰ,
ਮਿੱਟੀ ਨੂੰ ਹੈ ਮਿੱਟੀ ਰੋਂਦੀ ਧਾਰ ਕੇ ਰੂਪ ਮਕਾਣਾ,
ਮਿੱਟੀ ਵਿਚੋਂ ਪੈਦਾ ਹੋ ਕੇ ਮਿੱਟੀ ਵਿਚ ਮਿਲ ਜਾਣਾ।
ਮਿੱਟੀ ਖਾਈਏ ਮਿੱਟੀ ਪੀਏ, ਮਿੱਟੀ ਉਤੇ ਬਹਿ ਕੇ,
ਇਕ ਮਿੱਟੀ ਦੀ ਸੇਜ ਬਣਾਲੀ, ਅਨੰਦ ਮਾਣਦੈ ਪੈ ਕੇ,
ਇਕ ਮਿੱਟੀ ਨਾਲ ਪਰਦਾ ਕਜਦੈ, ਇਕ ਮਿੱਟੀ ਲਾ ਸਿਰਾਣਾ,
ਮਿੱਟੀ ਵਿਚੋਂ ਪੈਦਾ ਹੋ ਕੇ ਮਿੱਟੀ ਵਿਚ ਮਿਲ ਜਾਣਾ।
ਮਿੱਟੀ ਦੇ ਸੱਭ ਤਖ਼ਤ ਤਾਜ ਨੇ, ਮਿੱਟੀ ਦੌਲਤ ਸਾਰੀ,
ਮਿੱਟੀ ਪਿੱਛੇ ਲੜ ਲੜ ਮਰਦੈ, ਬਣਿਆ ਫਿਰੇ ਹੰਕਾਰੀ,
ਮਿੱਟੀ ਦਾ ਹੈ ਪਿੰਜਰ ਛੱਡ ਕੇ, ਭੌਰ ਤੇਰਾ ਉਡ ਜਾਣਾ,
ਮਿੱਟੀ ਵਿਚੋਂ ਪੈਦਾ ਹੋ ਕੇ ਮਿੱਟੀ ਵਿਚ ਮਿਲ ਜਾਣਾ।
ਇਕ ਮਿੱਟੀ ਹੈ ਮਾਖਿਉ ਮਿੱਟੀ ਇਕ ਜ਼ਹਿਰ ਬਣ ਜਾਵੇ,
ਮਿੱਟੀ ਦੇ ਇਹ ਬਾਗ਼ ਬਗ਼ੀਚੇ ਵਿਚੋਂ ਸੁਗੰਧੀ ਆਵੇ,
ਸਰੂਪ ਮਿੱਟੀ ਦੀ ਕਲਮ ਤੂੰ ਫੜ ਕੇ ਬਣਦੈ ਵੱਡਾ ਸਿਆਣਾ,
ਮਿੱਟੀ ਵਿਚੋਂ ਪੈਦਾ ਹੋ ਕੇ ਮਿੱਟੀ ਵਿਚ ਮਿਲ ਜਾਣਾ।
-ਸਰੂਪ ਚੰਦ ਹਰੀਗੜ੍ਹ। 99143-85202