India
ਪੈਂਦੇ ਰਹਿੰਦੇ ਪੰਗੇ ਮੇਰੇ ਭਾਰਤ ਵਿਚ,
ਹੋਣ ਰੋਜ਼ਾਨਾ ਦੰਗੇ ਮੇਰੇ ਭਾਰਤ ਵਿਚ।
ਮੁਜਰਿਮ ਲੋਕੀਂ ਗੱਦੀ ਉਪਰ ਬੈਠੇ ਨੇ,
ਬੇਦੋਸ਼ੇ ਫਾਹੇ ਟੰਗੇ ਮੇਰੇ ਭਾਰਤ ਵਿਚ।
ਠੱਗਾਂ ਵੇਖੋ ਭੇਖ ਬਣਾ ਲਏ ਸੰਤਾਂ ਦੇ,
ਕਰਦੇ ਹਰ-ਹਰ ਗੰਗੇ ਮੇਰੇ ਭਾਰਤ ਵਿਚ।
ਭੈੜੇ ਫ਼ੈਸ਼ਨ ਲੋਕਾਂ ਦੀ ਮਤ ਮਾਰ ਲਈ,
ਫਿਰਦੇ ਨੇ ਅਧ-ਨੰਗੇ ਮੇਰੇ ਭਾਰਤ ਵਿਚ।
ਧੱਕੇ ਧੌੜੇ ਪੱਲੇ ਦੇ ਵਿਚ ਪਾ ਦਿਤੇ,
ਹੱਕ ਕਿਸੇ ਜਦ ਮੰਗੇ ਮੇਰੇ ਭਾਰਤ ਵਿਚ।
ਜੁੱਤੀ ਸੁੱਟੀ ਲੋਕਾਂ ਫ਼ਰਜ਼ ਨਿਭਾ ਦਿਤਾ,
ਪਰ ਆਗੂ ਕਦੇ ਨਾ ਸੰਗੇ ਮੇਰੇ ਭਾਰਤ ਵਿਚ।
ਦੇਸ਼ ਮੇਰੇ ਨੂੰ ਜਿਹੜੇ ਵੇਚੀ ਜਾਂਦੇ ਨੇ,
ਉਹ ਨੇ ''ਪੱਖੋ'' ਚੰਗੇ ਮੇਰੇ ਭਾਰਤ ਵਿਚ।
- ਜਗਤਾਰ ਪੱਖੋ,
ਪਿੰਡ ਤੇ ਡਾਕ: ਪੱਖੋ ਕਲਾਂ, ਬਰਨਾਲਾ। ਮੋਬਾਈਲ: 94651-96946