ਸ਼ੁਭ ਇੱਛਾਵਾਂ ਵਾਲੀ ਗੁੜ੍ਹਤੀ ਸਾਡਾ ਸਭਿਆਚਾਰ।
ਜੇਕਰ ਕਿਸਾਨ ਬਣੇ ਖ਼ੁਸ਼ਹਾਲ, ਕੁਸੈਲੇ ਮੌਸਮ ਛੱਡੇ।
ਦੂਰ ਰਵ੍ਹੇ ਮਾੜੀ ਸੰਗਤ ਤੋਂ ਕਰਜ਼ੇ ਦਾ ਗ਼ਮ ਛੱਡੇ।
ਭਾਰਤ ਮਾਂ ਦੇ ਸੁੱਖਾਂ ਅੰਦਰ ਭਰਦਾ ਰਹੇ ਭੰਡਾਰ।
ਧੀਆਂ ਖ਼ੁਸ਼ਬੂ ਫ਼ਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
ਵਿਕਸਤ ਦੇਸ਼ਾਂ ਵਾਂਗੂੰ ਇਥੇ ਮੁੱਕੇ ਬੇਰੁਜ਼ਗਾਰੀ।
ਬਾਜ਼ਾਰੀਕਰਨ ਦੇ ਮਸਤਕ ਤੇ ਨਾ ਹੋਵੇ ਫਿਰ ਸਰਦਾਰੀ।
ਅਲਬੱਤਾ ਮਿਹਨਤ ਦੇ ਸਿਰ ਤੇ ਹੋਵੇਗਾ ਸਤਿਕਾਰ।
ਧੀਆਂ ਖ਼ੁਸ਼ਬੂ ਫ਼ਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
ਉਠ ਜਵਾਨਾਂ, ਜਾਗ ਜਵਾਨਾਂ ਨਸ਼ਿਆਂ ਦਾ ਸੱਪ ਮਾਰ।
ਰਹਿਬਰ ਵਾਲੀ ਵਰਮੀ ਵਿਚੋਂ ਅਪਣੇ ਕੱਢ ਅਧਿਕਾਰ।
ਦੇਸ਼ ਕਦੋਂ ਦਾ ਲੱਭਦਾ ਫਿਰਦਾ ਤੇਰਾ ਸੱਚਾ ਪਿਆਰ।
ਧੀਆਂ ਖ਼ੁਸ਼ਬੂ ਫ਼ਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
ਸੂਹੇ ਸੁਰਖ਼ ਗੁਲਾਬੀ ਫੁੱਲਾਂ ਦਾ ਹੋਵੇ ਪ੍ਰਬੰਧ।
ਹਾਸੇ, ਖ਼ੁਸ਼ੀਆਂ,ਖੇੜੇ ਵਾਲੀ ਪੈਦਾ ਕਰ ਗੁਲਕੰਦ।
ਸੂਰਜ ਬਣ ਕੇ ਦੂਰ ਕਰੀ ਜਾ ਘਰ ਘਰ ਵਿਚੋਂ ਅੰਧਕਾਰ।
ਧੀਆਂ ਖ਼ੁਸ਼ਬੂ ਫ਼ਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
ਮੁਸਕਾਨ ਲਬਾਂ ਤੇ ਪੈਦਾ ਕਰ ਨੀਮ ਕਿਰਮਚੀ ਸੰਦਲੀ।
ਬਾਲਮ, ਵੇਖੀਂ ਮਰ ਜਾਣੀਂ ਏਂ ਸਾਰੀ ਨੀਤੀ ਗੰਦਲੀ।
ਖਿੜਣ ਸ਼ਗੂਫੇ ਮੰਗਲਕਾਰੀ ਗੁਲਸ਼ਨ ਦਾ ਵਪਾਰ।
ਧੀਆਂ ਖ਼ੁਸ਼ਬੂ ਫ਼ਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
-ਬਲਵਿੰਦਰ ਬਾਲਮ ਗੁਰਦਾਸਪੁਰ ਓਂਕਾਰ ਨਗਰ ਗੁਰਦਾਸਪੁਰ। 9815625409