ਗ਼ਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮਨ ਦੇ ਅੰਬਰੀਂ ਯਾਦਾਂ ਤੇਰੀਆਂ ਛਾਈਆਂ ਬਣ ਘਨਘੋਰ ਘਟਾਵਾਂ।

File Photo

ਮਨ ਦੇ ਅੰਬਰੀਂ ਯਾਦਾਂ ਤੇਰੀਆਂ ਛਾਈਆਂ ਬਣ ਘਨਘੋਰ ਘਟਾਵਾਂ।

ਹਸਤੀ ਮੇਰੀ ਝੰਜੋੜ ਗਈਆਂ ਨੇ ਹਿਜਰ ਤੇਰੇ ਦੀਆਂ ਤੇਜ਼ ਹਵਾਵਾਂ।

ਉਪਰੋਂ ਜ਼ਿੰਦਗੀ ਸ਼ਾਂਤ ਹੈ ਦਿਸਦੀ ਅੰਦਰ ਪਰ ਤੂਫ਼ਾਨ ਬੜੇ ਨੇ,

ਨਾਲ ਹਨੇਰਿਆਂ ਲੜਨਾ ਵੀ ਹੈ ਰੂਹ ਦਾ ਕੀਕਣ ਦੀਪ ਬਚਾਵਾਂ।

ਇਸ ਮਿੱਟੀ ਦਾ ਜੰਮਿਆ ਹਾਂ ਮੈਂ, ਸਾਹਾਂ ਦੇ ਵਿਚ ਖ਼ੁਸ਼ਬੂ ਇਸ ਦੀ,

ਉਹ ਕਹਿੰਦੇ ਤੂੰ ਜੰਮਿਆ ਕਾਹਤੋਂ, ਜੇ ਜੰਮਿਆਂ ਕਾਗ਼ਜ਼ ਦਿਖਲਾਵਾਂ।

ਹੁਣ ਤਕ ਸਾਥੋਂ ਜ਼ਿੰਦਗੀ ਦੇ ਇਹ ਔਖੇ ਪਰਚੇ ਹਲ ਨਹੀਂ ਹੋਏ,

'ਹੋਣ' ਸਾਡੇ ਨੂੰ ਉਹ ਨਹੀਂ ਮੰਨਦੇ, ਤੂੰ ਹੀ ਦਸ ਮੈਂ ਕਿੱਧਰ ਜਾਵਾਂ।

ਜਿਸ ਦਿਨ ਤੇਰੀ ਦੀਦ ਹੋ ਜਾਵੇ, ਮੇਰੀ ਸਮਝੋ ਈਦ ਹੋ ਜਾਵੇ,

ਸਦਾ ਸਲਾਮਤ ਰਹਿ ਤੂੰ ਸੱਜਣਾ, ਹਰ ਸਾਹ ਤੇਰੀ ਖ਼ੈਰ ਮਨਾਵਾਂ।

-ਜਗਦੀਸ਼ ਬਹਾਦਰਪੁਰੀ , ਸੰਪਰਕ : 94639-85934