ਤੇਰਾ ਗਰਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸੱਭ ਥਾਵਾਂ ਤੋਂ ਸੋਹਣਾ ਤੇਰਾ ਗਰਾਂ ਵੇ ਸੱਜਣਾ।

ਤੇਰਾ ਗਰਾਂ

ਸੱਭ ਥਾਵਾਂ ਤੋਂ ਸੋਹਣਾ ਤੇਰਾ ਗਰਾਂ ਵੇ ਸੱਜਣਾ।

ਜਦ ਇੱਥੋਂ ਮੈਂ ਲੰਘਾਂ ਸਿਜਦਾ ਕਰਾਂ ਵੇ ਸੱਜਣਾ।

ਜਿੰਨੇ ਵੀ ਰੁੱਖ ਲੱਗੇ ਹੋਏ ਨੇ ਇਸਦੀ ਜੂਹ 'ਚ,

ਦਿੰਦੇ ਨੇ ਸੱਭ ਰੁੱਖਾਂ ਤੋਂ ਠੰਢੀ ਛਾਂ ਵੇ ਸੱਜਣਾ।

ਵਖਰੀ ਤੇ ਨਿਵੇਕਲੀ ਦਿੱਖ ਬਣੀ ਏ ਇਸ ਦੀ,

ਹੁੰਦਾ ਏ ਕੋਈ ਅਜੂਬਾ ਜਿਸ ਤਰ੍ਹਾਂ ਵੇ ਸੱਜਣਾ।

ਪੈਦਾ ਹੋਣ ਲੱਗਣ ਉਦੋਂ ਖ਼ੁਸ਼ੀ ਦੀਆਂ ਤਰੰਗਾਂ,

ਪੈਰ ਤੇਰੀ ਦਹਿਲੀਜ਼ ਤੇ ਜਦ ਧਰਾਂ ਵੇ ਸੱਜਣਾ।

ਜੀਅ ਕਰਦਾ ਪਰ ਚੱਲਦਾ ਨਹੀਂ ਕੋਈ ਵੱਸ ਮੇਰਾ,

ਇੱਥੇ ਮੈਂ ਜੀਵਾਂ ਤੇ ਇੱਥੇ ਹੀ ਮਰਾਂ ਵੇ ਸੱਜਣਾ।

ਪਿਆਰ ਤੇ ਮੁਹੱਬਤ ਦੇ ਵਹਿੰਦੇ ਨੇ ਇੱਥੇ ਚਸ਼ਮੇ,

ਵਾਂਗ 'ਨਾਗਰਾ' ਮੈਂ ਇਨ੍ਹਾਂ ਵਿਚ ਤਰਾਂ ਵੇ ਸੱਜਣਾ।

-ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀਆ',

ਸੰਪਰਕ : 001-360-448-1989