ਬਾਪੂ ਤੇ ਕੈਨੇਡਾ: ਪੋਤੇ -ਪੋਤੀਆਂ ਉਡੀਕਣ ਤੈਨੂੰ, ਛੇਤੀ-ਛੇਤੀ ਕੈਨੇਡਾ ਆ ਬਾਪੂ...
ਪੰਜਾਬ ’ਖ ਰਹਿ ਕੇ ਕੀ ਕਰਨਾ, ਪੈਲੀ ਠੇਕੇ ’ਤੇ ਛੇਤੀ ਚੜ੍ਹਾ ਬਾਪੂ।...
ਪੋਤੇ -ਪੋਤੀਆਂ ਉਡੀਕਣ ਤੈਨੂੰ, ਛੇਤੀ-ਛੇਤੀ ਕੈਨੇਡਾ ਆ ਬਾਪੂ।
ਪੰਜਾਬ ’ਖ ਰਹਿ ਕੇ ਕੀ ਕਰਨਾ, ਪੈਲੀ ਠੇਕੇ ’ਤੇ ਛੇਤੀ ਚੜ੍ਹਾ ਬਾਪੂ।
ਹੁਣ ਪੈਸੇ ਧੇਲੇ ਦੀ ਕਮੀ ਨਹੀਂ, ਲਏ ਡਾਲਰ ਬੜੇ ਕਮਾ ਬਾਪੂ।
ਬਾਪੂ ਆਇਆ ਜਾਪੇ ਉਹਨੂੰ, ਸੁਰਗ ’ਚ ਪਹੁੰਚ ਗਿਆ ਬਾਪੂ।
ਆ ਕੰਮ ਤੋਂ ਨੂੰਹ ਨੇ ਆਖਿਆ, ਗੱਦਾ ਬੇਸਮੈਂਟ ’ਚ ਡਾਹ ਬਾਪੂ।
ਚਾਹ ਪਾਣੀ ਪੀਣ ਤੋਂ ਪਹਿਲਾਂ, ਸਵੇਰੇ ਛੇਤੀ ਦਿਤਾ ਜਗਾ ਬਾਪੂ।
ਬੱਚਿਆਂ ਨਾਲ ਪਾਰਕ ਜਾ ਕੇ, ਉਹਨਾਂ ਨੂੰ ਲਿਆ ਘੁਮਾ ਬਾਪੂ।
ਗੁਰਦੁਆਰੇ ਫਿਰ ਛੱਡਾਂਗੇ ਤੈਨੂੰ, ਬਹਿ ਲੰਮੀ ਬਿਰਤੀ ਲਾ ਬਾਪੂ।
ਰੋਟੀ ਜੋਗਾ ਹੁਣ ਵਕਤ ਨਹੀਂ, ਗੁਰੂ ਘਰੋਂ ਹੀ ਲੰਗਰ ਖਾ ਬਾਪੂ।
ਤੁਰਨਾ ਸਿਹਤ ਲਈ ਚੰਗਾ ਹੁੰਦਾ, ਉਥੋਂ ਤੁਰ ਕੇ ਘਰਾਂ ਨੂੰ ਆ ਬਾਪੂ।
ਬਾਹਰ ਨਿਕਲਿਆ ਫਲੂ ਹੋ ਜਾਊ, ਘਰ ਰਹਿਣ ਦੀ ਆਦਤ ਪਾ ਬਾਪੂ।
ਬੱਚੇ ਮੈਂ ਬਾਹਰ ਘੁਮਾ ਲਿਆਵਾਂ, ਤੂੰ ਡਰਾਈਵ ਵੇ ਤੋਂ ਬਰਫ ਹਟਾ ਬਾਪੂ।
ਦਾਰੂ ਪੀ ਕੇ ਨੀਂਦਰ ਚੰਗੀ ਆਊ, ਵਾਪਸ ਜਾਣਾ ਕਦੇ ਸੋਚੀਂ ਨਾ ਬਾਪੂ।
ਚੰਗੀ ਭਲੀ ਉਥੇ ਐਸ਼ ਸੀ ਕਰਦਾ, ਕਿੱਥੇ ਵੇਲਣੇ ਬਾਂਹ ਲਈ ਫਸਾ ਬਾਪੂ।
- ਸੱਤਪਾਲ ਸਿੰਘ ਦਿਓਲ, ਮੋਬਾਈਲ : 98781-70771