Poem In Punjabi: ਕਿਧਰੇ ਵੱਜਿਆ ਢੋਲ ਆਵਾਜ਼ ਆਈ,
ਸੁਰਤ ਭੱਜ ਚਲੀ ਪਿੰਡ ਨੂੰ ਭਾਈ,
ਰੁੱਤ ਭਾਦੋਂ ਉਤੋਂ ਚੌਦੇਂ ਚੜ੍ਹ ਆਈ,
ਝੋਲੇ ਭਰ-ਭਰ ਖੇਡਾਂ ਲਿਆਵਾਂਗੇ,
ਮਾਏਂ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ
ਨੌਂ ਵਾਲੀ ਬੱਸ ਤੇ ਸੱਭ ਆਉਣਗੇ ਜੀ,
ਅੱਜ ਵਿਹੜੇ ਰੌਣਕ ਲਾਉਣਗੇ ਜੀ,
ਸੁੱਖ ਦਾ ਦਿਨ ਇਕੱਠੇ ਬਿਤਾਵਾਂਗੇ,
ਭਰ ਪਤੀਲਾ ਕੜ੍ਹੀ-ਚੌਲ ਬਣਾਵਾਂਗੇ,
ਮਾਏਂ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ
ਲੈ ਦੇਈਂ ਤਾਸ਼ ਖੇਡਣ ਲਈ ਸੀਪ,
ਨਾਲੇ ਫ਼ੌਜੀਆਂ ਵਾਲੀ ਜੀਪ,
ਇਕ ਬੱਸ ਵੱਡੀ ਹੋਵੇ ਖੁਲ੍ਹਦੀ ਬਾਰੀ,
ਮੂਹਰੇ ਸ਼ੀਸ਼ਾ ਲੱਗੀ ਅਲਮਾਰੀ,
ਹਾੜ੍ਹਾ ਇਕ ਮੱਝ ਨਾਲੇ ਹੋਵੇ ਕੱਟੀ,
ਸਮੋਸੇ ਨਾਲ ਖਾਵਾਂਗੇ ਚਟਣੀ ਖੱਟੀ,
ਪਕੌੜੇ-ਬਰਫ਼ੀ ਘਰ ਲਈ ਵੀ ਲੈ ਆਵਾਂਗੇ,
ਮਾਏਂ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ
ਸਕੂਲੋਂ ਛੁੱਟੀ ਬਾਅਦ ਬਾਪੂ ਜਾਊ,
ਚੇਤੇ ਹੁਣ ਬੈਠ ਸਕੀਮ ਲੜਾਊ,
ਟਰੈਕਟਰ-ਟਰਾਲੀ ਬਾਪੂ ਨਾਲ ਲੈ ਆਊ,
ਭਾਵੇਂ ਕਿੰਨੀਆਂ ਚੀਜ਼ਾਂ ਬੇਬੇ ਨਾਲ ਲੈ ਆਇਆ,
ਚੰਦਰੇ ਨੂੰ ਸਬਰ ਹਾਲੇ ਨਾ ਆਇਆ,
ਬਚੀ ਕਸਰ ਅੱਥਣੇ ਕੱਢ ਆਵਾਂਗੇ,
ਮਾਏਂ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ
- ਚੇਤਨ ਬਿਰਧਨੋ, 9617119111