ਗੋਦੀ ਵਾਲੀ ਨਿੱਘ ਨਹੀਂ ਮਿਲਦੀ,
ਹਾਸਾ ਵੀ ਕੋਈ ਫੁਰਦਾ ਨਹੀਂ,
ਭੁੱਖਿਆਂ ਦੀ ਕੋਈ ਜਾਤ ਨਹੀਂ ਪੁਛਦਾ,
ਔਖਿਆਂ ਨਾਲ ਵੀ ਤੁਰਦਾ ਨਹੀਂ,
ਇਥੇ ਅਪਣੇ ਵੀ ਕੀ ਅਪਣੇ ਹੁੰਦੇ,
ਹੱਸ ਹੱਸ ਕੇ ਮਜ਼ਾਕ ਉਡਾਉਂਦੇ ਨੇ,
ਮਾਵਾਂ ਤੁਰ ਜਾਂਦੀਆਂ ਜਦੋਂ,
ਬੱਚੇ ਮਾੜੇ ਹਾਲ ਜਿਉਂਦੇ ਨੇੇ।
ਲਾਉਂਦਾ ਨਾ ਕੋਈ ਗਲ ਨਾਲ ਆ ਕੇ,
ਨਿਕਲ ਦੁਨੀਆਂ ਦੇ ਝੰਮੇਲਿਆਂ ਵਿਚੋਂ,
ਤਿੱਥ ਤਿਉਹਾਰ ਨੂੰ ਇਹ ਟੁੱਟੇ ਵੇਖੇ,
ਰੋਂਦੇ ਮੁੜਦੇ ਨੇ ਮੇਲਿਆਂ ਵਿਚੋਂ,
ਦਿਲ ਦੇ ਵਿਹੜੇ ਬੜੇ ਵੈਣ ਪੈਂਦੇ ਨੇ,
ਜਦ ਸੱਭ ਲੋਕ ਘਰ ਸਜਾਉਂਦੇ ਨੇ,
ਮਾਵਾਂ ਤੁਰ ਜਾਂਦੀਆਂ ਜਦੋਂ,
ਬੱਚੇ ਮਾੜੇ ਹਾਲ ਜਿਉਂਦੇ ਨੇ।
ਭੁੱਖੇ ਜਾਂ ਪਿਆਸੇ ਸੁਤੇ ਜਾਂ ਫਿਰ ਜਾਗਦੇ,
ਲੈਣੀਆਂ ਕੀਹਨੇ ਬਿੜਕਾਂ ਨੇ,
ਲਾਡ ਵਾਲੀ ਤਾਂ ਰੁੱਤ ਹੀ ਮਰ ਗਈ,
ਪੈਂਦੀਆਂ ਹਰ ਦਰ ਤੋਂ ਹੀ ਝਿੜਕਾਂ ਨੇ,
ਰੀਝਾਂ ਚਾਅ ਸੁਪਨੇ ਮੋਏ ਹੀ ਜਾਪਦੇ,
ਇਹ ਹੌਸਲਾ ਨਿਤ ਢਾਉਂਦੇ ਨੇ,
ਮਾਵਾਂ ਤੁਰ ਜਾਂਦੀਆਂ ਜਦੋਂ,
ਬੱਚੇ ਮਾੜੇ ਹਾਲ ਜਿਉਂਦੇ ਨੇ।
ਮਰੇ ਨਾ ਕਿਸੇ ਵੀ ਮਾਂ ਦਾ ਬੱਚਾ
ਮਾਂ ਮਰੇ ਨਾ ਜਵਾਕਾਂ ਦੀ,
ਗਲੀਆਂ ਦੇ ਕੱਖਾਂ ਵਾਂਗ ਹੀ ਰੁਲਦੇ,
ਕੰਨੀ ਪੈਂਦੀਆਂ ਅਵਾਜ਼ ਹਾਕਾਂ ਦੀ,
ਮੱਖਣ ਪਿੰਡ ਸ਼ੇਰੋਂ ਵਾਲਾ ਆਖੇ,
ਜਾਣੇ ਉਹੀ ਜੀਹਤੇ ਦਿਨ ਆਉਂਦੇ ਨੇ,
ਮਾਵਾਂ ਤੁਰ ਜਾਂਦੀਆਂ ਜਦੋਂ,
ਬੱਚੇ ਮਾੜੇ ਹਾਲ ਜਿਉਂਦੇ ਨੇ।
- ਮੱਖਣ ਸ਼ੇਰੋਂ ਵਾਲਾ, ਸੰਗਰੂਰ।
98787-98726