Pome: ਕੌਣ ਬਣੇਗਾ ਸ਼ੇਰ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਟਿਕਟਾਂ ਲਈ ਟਪੂਸੀਆਂ ਮਾਰ ਲਈਆਂ,ਦਲ ਬਦਲਣ ਨੂੰ ਲਾਈ ਨਾ ਦੇਰ ਮੀਆਂ।

Pome in punjabi

ਟਿਕਟਾਂ ਲਈ ਟਪੂਸੀਆਂ ਮਾਰ ਲਈਆਂ,
            ਦਲ ਬਦਲਣ ਨੂੰ ਲਾਈ ਨਾ ਦੇਰ ਮੀਆਂ।
ਮਾਲਕ ਰਿਹਾ ਪੰਜਾਬ ਦਾ ‘ਦਲ’ ਜਿਹੜਾ,
            ਚਹੁੰ ਹੀ ਸੀਟਾਂ ਤੋਂ ਮੂੰਹ ਗਿਆ ਫੇਰ ਮੀਆਂ।
ਚੱਟੇ-ਵੱਟੇ ਇਕ ਥੈਲੀ ਦੇ ਕਹਿਣ ਲੋਕੀ,
            ਐਵੇਂ ਰਹੇ ‘ਇਕ-ਦੂਜੇ’ ਨੂੰ ‘ਘੇਰ’ ਮੀਆਂ।
ਖਰੇ ਲੋਕਾਂ ਦੀ ਪਰਖ ਵਿਚ ਉਤਰਦੇ ਨਹੀਂ,
            ਕੁਰਸੀ ਲਈ ਜਤਾਉਂਦੇ ਨੇ ‘ਮੇਰ’ ਮੀਆਂ।
ਚਾਰੇ ਸੀਟਾਂ ’ਤੇ ‘ਚੋਣ-ਬੁਖ਼ਾਰ’ ਚੜਿ੍ਹਆ,
            ਕਹਿੰਦੇ ‘ਇਕ’ ਨੂੰ ਟੀਸੀ ਦਾ ਬੇਰ ਮੀਆਂ।
‘ਪੰਜੇ ਕਮਲ ਤੇ ਝਾੜੂ’ ਨੇ ਟਿੱਲ ਲਾਇਆ,
            ਗਿੱਦੜਬਾਹੇ ਤੋਂ ਬਣਨ ਲਈ ‘ਸ਼ੇਰ’ ਮੀਆਂ!
-ਤਰਲੋਚਨ ਸਿੰਘ ‘ਦੁਪਾਲ ਪੁਰ’, ਫ਼ੋਨ ਨੰ : 001-408-915-1268