Poem: 26 ਜਨਵਰੀ ’ਤੇ ਵਿਸ਼ੇਸ਼ ਗੀਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

26 January

Poem: ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

  ਸੀਸ ਤਲੀ ਦੇ ਉਪਰ ਧਰ ਕੇ, ਜਗਦਾ ਸੋਹਣਾ ਭਾਰਤ।

ਗਣਤੰਤਰ ਦੀ ਇਤਿਹਾਸ ਅਵਸਥਾ ਵਿਚੋਂ ਸੰਵਿਧਾਨ ਬਣਾਇਆ।

  ਅਮਰ ਸਪੂਤਾਂ ਕਰ ਕੇ ਹੀ ਆਜ਼ਾਦੀ ਦਿਵਸ ਕਹਾਇਆ।

ਤਾਂ ਹੀ ਸੂਰਜ ਵਾਂਗੂੰ ਮਰ ਕੇ ਜਗਦਾ ਸੋਹਣਾ ਭਾਰਤ।

  ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

ਜਾਤ ਧਰਮ ਤੋਂ ਉਪਰ ਉਠਿਆ ਸਮਾਜਕ ਨਵ ਨਿਰਮਾਣ।

  ਮਾਨਵਵਾਦੀ ਆਦਰਸ਼ਾਂ ਦੀ ਫਿਰ ਬਣਿਆ ਪਹਿਚਾਣ।

ਉਨਤੀ ਵਾਲੇ ਦੁਖ ਸੁਖ ਜਰ ਕੇ ਜਗਦਾ ਸੋਹਣਾ ਭਾਰਤ।

  ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

ਮਮਤਾ ਸਮਤਾ ਭਾਈਚਾਰਾ ਸੀਨੇ ਵਿਚ ਛੁਪਾਇਆ।

  ਬਲੀਦਾਨਾਂ ਦੀ ਨੀਤੀ ਉਤੇ ਫਿਰ ਤਿਰੰਗਾ ਲਹਿਰਾਇਆ।

ਸਵਰਾਜ ਸਥਾਪਨ ਵਿਚ ਵਰ੍ਹ ਕੇ ਜਗਦਾ ਸੋਹਣਾ ਭਾਰਤ।

  ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

ਪਛਮੀ ਰੰਗਾਂ ਢੰਗਾਂ ਨੂੰ ਫਿਰ ਦੇਸ਼ ਨਿਕਾਲਾ ਦੇ ਕੇ।

  ਦੈਹਿਕ ਵੈਦਿਕ ਭੌਤਿਕਤਾ ਦਾ ਇਕ ਸ਼ਿਵਾਲਾ ਦੇ ਕੇ।

ਚਿੰਤਨ ਵਿਚ ਉੱਚਾਈ ਭਰ ਕੇ ਜਗਦਾ ਸੋਹਣਾ ਭਾਰਤ।

  ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

ਆਧੁਨਿਕਤਾ ਵਿਚ ਉਨਤੀ ਦੇ ਫਿਰ ਹੋਰ ਕਿਨਾਰੇ ਲੱਭੇ।

  ਕੁਸ਼ਲ ਮਨੋਰਥ ਦੀ ਬੇੜੀ ਦੇ ਖੇਵਨਹਾਰੇ ਲੱਭੇ।

ਨੈਤਿਕਤਾ ਦਾ ਸਾਗਰ ਤਰ ਕੇ ਜਗਦਾ ਸੋਹਣਾ ਭਾਰਤ।

  ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

ਬਾਲਮ, ਇਸ ਦੇ ਸਿਰ ਦੇ ਉਪਰ ਮੁਕਟ ਕ੍ਰਾਂਤੀਕਾਰੀ ਦਾ।

  ਤੜਕ ਸਵੇਰੇ ਜਿੱਦਾਂ ਸੂਰਜ ਰੂਪ ਲਵੇ ਸਰਦਾਰੀ ਦਾ।

ਪਿਆਰ ਮੁਹੱਬਤ ਵਿਚ ਸੰਵਰ ਕੇ ਜਗਦਾ ਸੋਹਣਾ ਭਾਰਤ।

  ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।

-ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ। 9815625409