Poems : ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ। ਸਾਉਣ ਮਹੀਨੇ ਲਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poems : Mahi Ve come in the month of sowing. For the month of June

Mahi Ve come in the month of sowing. For the month of June

ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਸਾਉਣ ਮਹੀਨੇ ਲਈ
    ਬਿੰਦੀ ਅਤੇ ਮਾਂਗ ਵਿਚ ਰਖ ਲਏ ਨੇ ਚਾਅ।
    ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਠੰਢੀਆਂ ਹਵਾਵਾਂ ਵਿਚ ਉਮੰਗ ਤੇ ਪ੍ਰੀਤ ਹੈ।
ਟਹਿਣੀਆਂ ਦੇ ਫੁੱਲਾਂ ਵਿਚ ਖ਼ੁਸ਼ਬੂ ਦਾ ਗੀਤ ਹੈ।
    ਹਉਕਾ ਸਾਹਾਂ ਵਾਲਾ ਗਿਆ ਤਰਸਾਅ।
    ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਬੱਦਲਾਂ ਦੇ ਝੁੰਡ ਵਿਚ ਬਿਜਲੀ ਦੀ ਲੀਕ ਹੈ।
ਅੱਖਾਂ ਦੀ ਲਾਲੀ ਵਿਚ ਤੇਰੀ ਹੀ ਉਡੀਕ ਹੈ।
    ਬੁੱਲਾ ਯਾਦਾਂ ਵਾਲਾ ਗਿਆ ਤੜਪਾ।
    ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਅੱਖੀਆਂ ਵਿਚ ਖਿੜ੍ਹ ਗਏ ਗੁਲਾਬ ਸੂਹੇ-ਸੂਹੇ ਵੇ।
ਤਨ ਉਤੇ ਉਕਰੇ ਸ਼ਬਾਬ ਸੂਹੇ-ਸੂਹੇ ਵੇ।
    ਆਸਾਂ ਟੁੱਟੀਆਂ ਨੂੰ ਆ ਕੇ ਸੁਲਝਾ।
    ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਸੱਤ ਰੰਗੀ ਪੀਂਘ ਨੇ ਪੁਆੜੇ ਪਾ ਦਿਤੇ ਨੇ।
ਉਡੀਕ ਤੇਰੀ ਵਾਲੇ ਰੰਗ ਗਾੜੇ੍ਹ ਪਾ ਦਿਤੇ ਨੇ।
ਧੁੱਪਾਂ ਛਾਵਾਂ ਵਿਚ ਦਿਲ ਜਾਵੇ ਘਬਰਾ।
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਲੱਗੇ ਨੇ ਚੁਮਾਸੇ ਅਤੇ ਰੁੱਤਾਂ ਕੰਡਿਆਲੀਆਂ।
    ਖੇਤਾਂ ਲਈ ਤਾਂ ਇਹ ਰੁੱਤਾਂ ਕਰਮਾਂ ਨੇ ਵਾਲੀਆਂ।
    ਫ਼ਸਲਾਂ ਦੇ ਰੂਪ ਵਿਚ ਸੋਨੇ ਜਿਹਾ ਭਾਹ
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਬਾਪੂ ਕਹਿੰਦਾ ਪੱਗ ਵਾਲੀ ਰੱਖ ਲਈ ਤੂੰ ਲਾਜ ਵੇ।
    ਸੱਪਾਂ ਦੀਆਂ ਸਿਰੀਆਂ ਤੂੰ ਸੁੱਟੀ ਪਾੜ-ਪਾੜ ਵੇ।
    ਤੈਨੂੰ ਦਿਤੀਆਂ ਦੁਆਵਾਂ ਲੱਖਾਂ ਜਾ।
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
ਕਰ ਸਰਹੱਦਾਂ ਦੀ ਤੂੰ ਰਾਖੀ ਦਿਲ ਜਾਨੀਆਂ।
    ਡਰ ਨਾ ਤੂੰ ਜਾਣੀ ਦੇ ਦਈ ਕੁਰਬਾਨੀਆਂ।
    ਤੇਰੇ ਪੁੱਤ ਨੂੰ ਵੀ ਫ਼ੌਜ ਦਾ ਹੈ ਚਾਅ।
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
‘ਬਾਲਮ’ ਦੇ ਇਕ ਗੱਲ ਦਿਲ ਵਿਚ ਰੱਖ ਲੈ।
    ਤਾਜ਼ਾ ਸੋਹਣਾ ਸ਼ਹਿਦ ਘਰ ਆ ਕੇ ਤੂੰ ਚੱਖ ਲੈ।
    ਆਪਾਂ ਦੋਵੇਂ ਤੈਨੂੰ ਦਿੰਦੇ ਹਾਂ ਸਲਾਹ।
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ।
-ਬਲਵਿੰਦਰ ਬਾਲਮ ਗੁਰਦਾਸਪੁਰ, ਉਂਕਾਰ ਨਗਰ ਗੁਰਦਾਸਪੁਰ। 98156-25409
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ