ਨੀਂਹ ਪੱਥਰ ਦੀ ਦਾਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਇਹ ਪ੍ਰਸ਼ਾਸਨ ਦੀ ਨਾਕਾਮੀ ਏ, ਹੁੰਦੀ ਮੇਰੀ ਬਦਨਾਮੀ ਏ। ਪੰਜ ਰੁਪਏ ਦਾ ਰਿਬਨ ਆਉਂਦੈ, ਪੰਜ ਸੱਤ ਸੌ ਦੀ ਚਾਹ ਬਰਫ਼ੀ।.........

Foundation Stone

ਇਹ ਪ੍ਰਸ਼ਾਸਨ ਦੀ ਨਾਕਾਮੀ ਏ, ਹੁੰਦੀ ਮੇਰੀ ਬਦਨਾਮੀ ਏ।
ਪੰਜ ਰੁਪਏ ਦਾ ਰਿਬਨ ਆਉਂਦੈ, ਪੰਜ ਸੱਤ ਸੌ ਦੀ ਚਾਹ ਬਰਫ਼ੀ।
ਸਰਪੰਚ ਮੂੰਹੋਂ ਅਖਵਾ ਦਿਤਾ, ਲਉ ਮੰਗ ਤੁਹਾਡੀ ਮਨਜ਼ੂਰ ਕਰਤੀ।
ਆਦਰਸ਼ ਪਿੰਡ ਬਣਾਉਣਾ, ਤੁਹਾਡਾ ਫ਼ੈਸਲਾ ਕੀਤਾ ਸਰਕਾਰ ਨੇ। 

ਕਈ ਵਲੰਟੀਅਰ ਯੂਥ ਆਗੂ, ਹੋਏ ਫਿਰਦੇ ਆਪੇ ਤੋਂ ਬਾਹਰ ਨੇ। 
ਐਮ.ਐਲ.ਏ. ਨਾਲ ਫ਼ੋਟੋਆਂ ਕਈ ਉਤਰਾਉਣ ਲਈ ਬਾਹਲੇ ਹੀ ਤੱਤੇ ਨੇ। 
ਪਰ ਉਹ ਭਲੇ ਕੀ ਜਾਣਨ, ਦੱਸੋ ਭਲਾ ਇਹ ਕੀਹਦੇ ਸੱਕੇ ਨੇ। 
ਕਰ ਕਮਲ ਨੇਤਾਵਾਂ ਦੇ, ਲੋਕਾਂ ਦਾ ਪੈਸਾ ਲੋਕਾਂ ਲਈ। 

ਕਹਿਣੀ ਕਥਨੀ ਵਿਚ ਫ਼ਰਕ ਬੜਾ, ਇਹ ਸੱਭ ਖੇਖਣ ਨੇ ਵੋਟਾਂ ਲਈ। 
ਮੇਰੇ ਨਾਲ ਕਿਉਂ ਨਫ਼ਰਤ ਥੋਨੂੰ, ਬੇਬੱਸ ਤੇ ਲਾਚਾਰ ਹਾਂ ਮੈਂ। 
ਟੌਹਰ ਕੁੱਝ ਬਣੇ ਨਾ ਬਣੇ, ਮੈਂ ਹਰ ਪਿੰਡ ਹਰ ਚੌਕ 'ਚ ਹਾਂ। 
ਬੇਵੱਸ ਮੈਂ ਕੁੱਝ ਕਰ ਨਹੀਂ ਸਕਦਾ, ਪਰ ਸੱਚੀ ਅਫ਼ਸੋਸ 'ਚ ਹਾਂ। 

ਢੋਹ ਇੱਟਾਂ ਦਾ ਖੜਾ ਸੀ, ਸੋਨੀ ਹਰਬੀਆਂ ਜ਼ਰਬੀਆਂ ਝਲਦਾ ਹਾਂ। 
ਤੁਸੀ ਮੈਨੂੰ ਕੋਸੋ ਨਾ ਲੋਕੋ, ਮੈਂ ਤੇ ਤੁਹਾਡੇ ਹੀ ਵੱਲ ਹਾਂ। 
ਜੋ ਗਿਲਾ ਹੈ ਤੁਹਾਨੂੰ ਲਗਭਗ, ਮੈਨੂੰ ਵੀ ਹੈ ਉਹੀ ਗਿਲਾ। 
ਕਿਉਂ ਨਹੀਂ ਸਮਝਦੇ ਕਿੰਨੇ ਸਾਲਾਂ ਤੋਂ, ਝਲਣਾ ਪਿਆ ਇਹੀ ਸਿਲਸਿਲਾ। 

ਸੋਨੀ ਡੂੰਮਛੇੜੀ, ਸੰਪਰਕ : 94636-96740